ਬਾਜ਼ੀਗਰ ਕਬੀਲੇ ਦੀਆਂ ਲੋਕ-ਖੇਡਾਂ

ਬਾਜ਼ੀਗਰ ਕਬੀਲੇ ਦੀਆਂ ਲੋਕ - ਖੇਡਾਂ                                                 ਬਾਜ਼ੀਗਰ ਕਬੀਲੇ ਵਿੱਚ ਲੋਕ ਖੇਡਾਂ ਦੀ ਰਵਾਇਤ ਆਦਿ ਕਾਲ ਤੋਂ ਹੀ ਚਲਦੀ ਆਈ ਹੈ ।ਬਾਜ਼ੀਗਰ ਕਬੀਲੇ ਦੇ ਲੋਕ ਬਾਰ ਦੇ ਜੰਗਲੀ ਇਲਾਕੇ ਵਿਚ ਜੋਰ ਅਜਮਾਈ ਵਾਲੀਆਂ ਖੇਡਾਂ ਖੇਡਦੇ ਹੋਏ ਢੋਲੇ ਮਾਹੀਏ ਗਾ ਕੇ ਆਪਣਾ ਜੀਵਨ ਬਤੀਤ ਕਰਦੇ ਆਏ ਹਨ ।ਕਬੀਲੇ ਵਿੱਚ ਲੋਕ ਖੇਡਾਂ ਦੀ ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀ ਆਈ ਹੈ ।ਲੋਕ ਖੇਡਾਂ ਜਿੱਥੇ ਇੱਕ ਸਮਾਜਿਕ ਸਮੂਹ ਦੇ ਮਨੋਰੰਜਨ ਦਾ ਸਾਧਨ ਹੁੰਦੀਆਂ ਹਨ ਉੱਥੇ ਨਾਲ ਹੀ ਉਸਦੇ ਸ਼ਕਤੀ ਪ੍ਰਦਰਸ਼ਨ ਨਾਲ ਵੀ ਜੁੜੀਆਂ ਹੁੰਦੀਆਂ ਹਨ ।ਲੋਕ ਖੇਡਾਂ ਜਿੱਥੇ ਸਮਾਜਿਕ ਸਾਂਝ ਦੀ ਆਪਸੀ ਭਾਵਨਾ ਨੂੰ ਪੱਕਾ ਕਰਦੀਆਂ ਹਨ, ਉੱਥੇ ਖਿਡਾਰੀਆਂ ਦੇ ਵਾਧੇ ਤੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ ।ਲੋਕ ਖੇਡਾਂ ਅਨੁਸ਼ਾਸ਼ਨ ਦਾ ਵਾਹਕ ਹੋਣ ਦੇ ਨਾਲ ਨਾਲ ਖਿਡਾਰੀਆਂ ਅਤੇ ਦਰਸ਼ਕਾਂ ਦਾ ਕਥਾਰਸਿਸ ਵੀ ਕਰਦੀਆਂ ਹਨ ।ਲੋਕ ਖੇਡਾਂ ਵਿਚ ਲੋਕਾਚਾਰ ਅਤੇ ਨੈਤਿਕਤਾ ਦੀ ਪ੍ਰਵਿਰਤੀ ਪ੍ਰਬਲ ਹੁੰਦੀ ਹੈ ।ਲੋਕ ਖੇਡਾਂ ਲੋਕ ਮਨ ਨਾਲ ਗਹਿਰਾਈ ਨਾਲ ਜੁੜੀਆਂ ਹੁੰਦੀਆਂ ਹਨ ।ਇਸ ਤਰ੍ਹਾਂ ਲੋਕ ਖੇਡਾਂ ਕਿਸੇ ਵੀ ਸਭਿਆਚਾਰਕ ਸਮਾਜਿਕ ਸਮੂਹ ਦਾ ਅਟੁੱਟ ਅੰਗ ਹੁੰਦੀਆਂ ਹਨ ।     ਬਾਜ਼ੀਗਰ ਕਬੀਲਾ ਜਿਥੇ ਬਾਜ਼ੀ ਪਾਉਣ ਦੀ ਕਲਾ ਵਿੱਚ ਵਿਸ਼ੇਸ਼ ਮੁਹਾਰਤ ਰੱਖਦਾ ਹੈ ਉੱਥੇ ਨਾਲ ਹੀ ਜ਼ੋਰ ਵਾਲੀਆਂ ਖੇਡਾਂ ਵਿੱਚ ਵੀ ਵਿਸ਼ੇਸ਼ ਰੁਚੀ ਰੱਖਦਾ ਹੈ ।ਬਾਜ਼ੀਗਰ ਕਬੀਲੇ ਦੀਆਂ ਮੁੱਖ ਖੇਡਾਂ ਇਸ ਪ੍ਰਕਾਰ ਹਨ-               

1.ਬਾਜ਼ੀ ਪਾਉਣੀ:

ਬਾਜ਼ੀ ਪਾਉਣ ਦੀ ਕਲਾ ਜਿੱਥੇ ਬਾਜ਼ੀਗਰ ਕਬੀਲੇ ਦਾ ਰੋਜ਼ੀ ਰੋਟੀ ਕਮਾਉਣ ਦਾ ਮੁੱਖ ਕਿੱਤਾ ਹੈ , ਉੱਥੇ ਨਾਲ ਹੀ ਮਨੋਰੰਜਨ ਦਾ ਸਾਧਨ ਵੀ ਹੈ ।ਬਾਜ਼ੀਗਰ ਲੋਕ ਸ਼ਾਮ ਨੂੰ ਆਪਣੇ ਕੰਮਕਾਰ ਅਤੇ ਕਾਰ ਵਿਹਾਰ ਤੋਂ ਵਿਹਲੇ ਹੋ ਕੇ ਆਪਣੇ ਡੇਰਿਆਂ ਵਿੱਚ ਬਾਜ਼ੀ ਕਲਾ ਦਾ ਅਭਿਆਸ ਕਰਦੇ ਹਨ ।ਇਸ ਸਮੇਂ ਬਾਜ਼ੀਗਰ ਕਬੀਲੇ ਦੇ ਲੋਕ ਢੋਲ ਦੀ ਤਾਲ ਤੇ ਵਜਦ ਵਿੱਚ ਆ ਕੇ ਬੜੇ ਜੋਸ਼ ਅਤੇ ਜਾਹੋ ਜਲਾਲ ਨਾਲ ਬਾਜ਼ੀ ਪਾਉਂਦੇ ਹਨ ।ਕਬੀਲੇ ਦੀਆਂ ਔਰਤਾਂ ਅਤੇ ਬੱਚੇ ਇਸ ਸਮੇਂ ਬਾਜ਼ੀ ਦੀ ਕਲਾ ਦਾ ਆਨੰਦ ਮਾਣਦੇ ਹਨ ।ਬਾਜ਼ੀਗਰ ਔਰਤਾਂ ਆਪਣੇ ਬਾਜ਼ੀਗਰ ਮਰਦਾਂ ਦੀ ਕਲਾ ਤੇ ਮਾਣ ਕਰਦੀਆਂ ਹਨ ਅਤੇ ਬੱਚੇ ਬਾਜ਼ੀ ਦੇ ਪੈਂਤੜੇ ਵੇਖ ਕੇ ਉੱਚੀ ਉੱਚੀ ਕਿਲਕਾਰੀਆਂ ਮਾਰਦੇ ਹਨ ।ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਇਹ ਚੇਟਕ ਲਗਭਗ ਅਲੋਪ ਹੋਣ ਦੇ ਕਿਨਾਰੇ ਹੈ ।   

   2.ਵੀਣੀ ਫੜਨਾ:

ਬਾਜ਼ੀਗਰ ਕਬੀਲੇ ਵਿੱਚ ਵੀਣੀ ਫੜਨਾ ਤੇ ਛੁਡਾਉਣਾ ਬਹੁਤ ਹੀ ਮਹੱਤਵਪੂਰਨ ਖੇਡ ਰਹੀ ਹੈ ।ਬਾਜ਼ੀਗਰ ਕਬੀਲੇ ਵਿੱਚ ਵੀਣੀ ਫੜਨਾ

  ਕਬੀਲੇ ਦਾ ਮੁੱਖ ਮਨੋਰੰਜਨ ਰਿਹਾ ਹੈ ।ਬਾਜ਼ੀਗਰ ਕਬੀਲੇ ਵਿੱਚ ਹਰ ਤਿਉਹਾਰ , ਮੇਲੇ ਅਤੇ ਵਿਆਹ ਮੰਗਣੀ ਦੀ ਰਸਮ ਸਮੇਂ ਵੀਣੀ ਫੜੀ ਜਾਂਦੀ ਹੈ ।ਵੀਣੀ ਫੜਨ ਦਾ ਸ਼ੌਕ ਨੌਜਵਾਨਾਂ ਤੋਂ ਲੈ ਕੇ ਬੱਚਿਆਂ ਤੱਕ ਵੀ ਪ੍ਰਚਲਤ ਹੈ ।ਬਾਜ਼ੀਗਰ ਕਬੀਲੇ ਦੇ ਲੋਕਾਂ ਵਲੋਂ ਵੀਣੀ ਨੂੰ ਜ਼ੋਰ ਨਾਲ ਇਸ ਢੰਗ ਨਾਲ ਫੜਿਆ ਜਾਂਦਾ ਹੈ ਜਿਵੇਂ ਹੱਥ ਤੇ ਹੱਥਕੜੀ ਬੰਨ੍ਹ ਕੇ ਜੰਦਰਾ ਲਾ ਦਿੱਤਾ ਹੋਵੇ ।ਕਬੀਲੇ ਵਿੱਚ ਵੀਣੀ ਫੜਨ ਦਾ ਇੱਕ ਅਕੀਦਾ ਪ੍ਰਚਲਤ ਹੈ ਵੀਣੀ ਫੜਨ ਤੋਂ ਬਾਅਦ ਵੀਣੀ ਛੁਡਾਉਣ ਵਾਲੇ ਨੂੰ ਇਕ ਦੋ ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ।ਵੀਣੀ ਫੜਨ ਅਤੇ ਛੁਡਾਉਣ ਵਾਲੇ ਜਦੋਂ ਤਿਆਰ - ਬਰ - ਤਿਆਰ ਹੋ ਜਾਂਦੇ ਹਨ ਤਾਂ ਸੰਕੇਤ ਵਜੋਂ ਰੁਮਾਲ  ਸੁੱਟ ਕੇ ਉਨ੍ਹਾਂ ਨੂੰ ਵੀਣੀ ਫੜਨ ਤੇ ਛੁਡਾਉਣ ਸਬੰਧੀ ਇਸ਼ਾਰਾ ਕੀਤਾ ਜਾਂਦਾ ਹੈ ।ਵੀਣੀ ਛੁਡਾਉਣ ਵਾਲਾ ਇਸ ਸਮੇਂ ਜ਼ੋਰ ਨਾਲ ਇੱਕ ਝਟਕਾ ਮਾਰ ਕੇ ਵੀਣੀ ਛੁਡਾ ਲੈਂਦਾ ਹੈ ।ਜੇਕਰ ਉਹ ਵੀਣੀ ਛੁਡਾ ਲੈਂਦਾ ਤਾਂ ਜੇਤੂ ਘੋਸ਼ਿਤ ਕਰ ਦਿੱਤਾ ਜਾਂਦਾ ਹੈ , ਜੇ ਹਾਰ ਜਾਂਦਾ ਤਾਂ ਵੀਣੀ ਫੜਨ ਵਾਲਾ ਤਾਕਤਵਰ ਅਤੇ ਜੇਤੂ ਘੋਸ਼ਿਤ ਕਰ ਦਿੱਤਾ ਜਾਂਦਾ ਹੈ ।ਵੀਣੀ ਦੀ ਖੇਡ ਵਿੱਚ ਜਿੱਤਣ ਵਾਲੇ ਨੂੰ ਕਬੀਲੇ ਵਿੱਚ ਮਾਣ ਮਰਿਆਦਾ ਨਾਲ ਜੋੜਕੇ ਵੇਖਿਆ ਜਾਂਦਾ ਹੈ ।ਅੱਜ ਵੀ ਕਬੀਲੇ ਵਿਚ ਵੀਣੀ ਫੜਨ ਤੇ ਛੁਡਾਉਣ ਦੀ ਕਲਾ ਵਿੱਚ ਮੁਹਾਰਤ ਰੱਖਣ ਵਾਲੇ ਲੋਕਾਂ ਦੀਆਂ ਘਰ ਘਰ ਗੱਲਾਂ ਹੁੰਦੀਆਂ ਹਨ।            3 ਕੁਸ਼ਤੀ : ਬਾਜ਼ੀਗਰ ਕਬੀਲੇ ਵਿੱਚ ਸਿੱਧੀ ਕੁਸ਼ਤੀ ਦੀ ਖੇਡ ਪ੍ਰਚਲਤ ਹੈ ।ਕਬੀਲੇ ਦੇ ਲੋਕਾਂ ਵਲੋਂ ਕੁਸ਼ਤੀ ਨੂੰ ਘੋਲ ਕਿਹਾ ਜਾਂਦਾ ਹੈ ।ਕਬੀਲੇ ਵਿੱਚ ਮੁਹਤਬਰ ਬੰਦਿਆਂ ਅਤੇ ਕਬੀਲੇ ਦੇ ਸਰਦਾਰਾਂ ਵਲੋਂ ਆਪਣੇ ਆਪਣੇ ਡੇਰਿਆਂ ਵਿੱਚ ਸਮੇਂ ਸਮੇਂ ਸਿਰ ਘੋਲ ਕਰਵਾਏ ਜਾਂਦੇ ਹਨ । ਘੋਲ ਦਾ ਮੁੱਖ ਟੀਚਾ ਜਿੱਤਣ ਵਾਲੇ ਭਲਵਾਨ ਨੂੰ ਹਾਰਨ ਵਾਲੇ ਭਲਵਾਨ ਦੀ ਪਿੱਠ ਜ਼ਮੀਨ ਨਾਲ ਲਾਉਣੀ ਹੁੰਦੀ ਹੈ ।ਇਸ ਤਰਾਂ ਕਬੀਲੇ ਵਿੱਚ ਭਲਵਾਨ ਕੁਸ਼ਤੀ ਕਰਦੇ ਸਮੇਂ ਇੱਕ ਦੂਜੇ ਦੀ ਪਿੱਠ ਲਾਉਣ ਲਈ ਸੰਘਰਸ਼ ਕਰਦੇ ਹਨ ।ਕੁਸ਼ਤੀ ਕਬੀਲੇ ਦੇ ਲੋਕਾਂ ਵਲੋਂ ਵੰਗਾਰਨ ਤੇ ਬਾਹਰਲੇ ਲੋਕਾਂ ਨਾਲ ਵੀ ਬੰਨ ਲਈ ਜਾਂਦੀ ਹੈ ।ਕੁਸ਼ਤੀ ਕਰਨ ਅਤੇ ਬਾਜ਼ੀ ਪਾਉਣ ਸਮੇਂ ਢੋਲ ਦੀ ਤਾਲ ਵੀ ਮੁੱਖ ਆਕਰਸ਼ਣ ਹੁੰਦਾ ਹੈ ।ਢੋਲ ਕਬੀਲੇ ਦੇ ਪਹਿਲਵਾਨਾਂ ਅਤੇ ਦਰਸ਼ਕਾਂ ਵਿੱਚ ਅਜਬ ਜੋਸ਼ ਦਾ ਸੰਚਾਰ ਕਰਦਾ ਹੈ ।                      4 ਭਾਜ : ਭਾਜ ਬਾਜ਼ੀਗਰ ਕਬੀਲੇ ਦੀ ਮੁੱਖ ਖੇਡ ਹੈ । ਭਾਜ ਤੋਂ ਭਾਵ ਦੌੜ ਹੈ ।ਇਹ ਖੇਡ ਬਾਜ਼ੀਗਰ ਕਬੀਲੇ ਦੇ ਨੌਜਵਾਨਾਂ ਦੀ ਹਰਮਨ ਪਿਆਰੀ ਖੇਡ ਰਹੀ ਹੈ ।ਬਾਜ਼ੀਗਰ ਕਬੀਲੇ ਦੇ ਨੌਜਵਾਨ ਖੁੱਲੇ ਜੰਗਲ ਬੇਲਿਆਂ ਅਤੇ ਰੋਹੀਆਂ ਵਿੱਚ ਸ਼ਰਤ ਲਾ ਕੇ ਭਾਜ ਲਾਇਆ ਕਰਦੇ ਸਨ ।ਇਸ ਤਰ੍ਹਾਂ ਭਾਜ ਜਿੱਤਣ ਵਾਲੇ ਨੂੰ ਜਿੱਥੇ ਬਾਜ਼ੀਗਰ ਕਬੀਲੇ ਵਿਚ ਮਾਣ ਮਰਿਆਦਾ ਮਿਲਦੀ ਹੈ ਉੱਥੇ ਉਸਦਾ ਘਿਓ, ਸ਼ਕਰ,ਪੈਸੇ ਅਤੇ ਗੁੜ ਆਦਿ ਦੇ ਕੇ ਸਨਮਾਨ ਵੀ ਕੀਤਾ ਜਾਂਦਾ ਹੈ।

5- ਡਾਂਗ ਨਾਲ ਲੜਨਾ:ਕਬੀਲੇ ਦੇ ਲੋਕਾਂ ਨੂੰ ਖਾਨਾਬਦੋਸ਼ ਹੋਣ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਆਪਣੇ ਜਾਨ ਮਾਲ ਦੀ ਰੱਖਿਆ ਲਈ ਲੜਨ ਦਾ ਅਭਿਆਸ ਕਰਦੇ ਸਨ।ਡਾਂਗ ਨਾਲ ਲੜਾਈ ਕਰਨੀ ਹੌਲੀ ਹੌਲੀ ਕਬੀਲੇ ਦੇ ਮਨੋਰੰਜਨ ਅਤੇ ਹਰਮਨ ਪਿਆਰੀ ਖੇਡ ਵਿਚ ਤਬਦੀਲ ਹੋ ਗਈ ।ਡਾਂਗ ਨਾਲ ਲੜਨ ਵਾਲੀ ਖੇਡ ਵਿੱਚ ਇੱਕ ਬਾਜ਼ੀਗਰ ਨੌਜਵਾਨ ਨਾਲ ਇਕ ਤੋਂ ਲੈ ਕੇ ਛੇ ਨੌਜਵਾਨ ਲਗਦੇ ਹਨ ।ਨੌਜਵਾਨ ਉਹਦਾ ਟੀਚਾ ਡਾਂਗ ਦਾ ਵਾਰ ਰੋਕ ਕੇ ਆਪਣੇ ਆਪ ਨੂੰ ਬਚਾਉਣਾ ਹੁੰਦਾ ਹੈ ।ਬਾਜ਼ੀਗਰ ਕਬੀਲੇ ਦੇ ਲੋਕ ਰਾਤ ਨੂੰ ਆਪਣੇ ਡੇਰਿਆਂ ਵਿੱਚ ਡਾਂਗਾਂ ਨਾਲ ਲੜਨ ਦਾ ਅਭਿਆਸ ਕਰਦੇ ਸਨ ।ਡੇਰਿਆ ਦੇ ਅਰਧ ਸਥਾਈ ਅਤੇ ਸਥਾਈ ਰੂਪ ਗ੍ਰਹਿਣ ਕਰਨ ਨਾਲ ਇਹ ਚੇਟਕ ਵੀ ਲਗਭਗ ਖਤਮ ਹੋ ਚੁੱਕਾ ਹੈ ।           6 ਭਿੰਡੀ : ਇਹ ਖੇਡ ਲੱਕੜ ਦੀਆਂ ਮਜ਼ਬੂਤ ਖੂੰਡੀਆਂ ਨਾਲ ਖੇਡੀ ਜਾਂਦੀ ਹੈ ।ਇਸ ਖੇਡ ਵਿੱਚ ਖਿਦੋ ਅੱਕ ਦੀ ਜੜ ਨੂੰ ਸਾੜਕੇ ਬਣਾਈ ਜਾਂਦੀ ਹੈ ।ਇਸ ਖੇਡ ਵਿਚ ਬਾਜ਼ੀਗਰ ਜਵਾਨ ਦੋ ਟੋਲੀਆਂ ਬਣਾ ਕੇ ਇਕ ਹੱਦ ਮਿੱਥ ਲੈਂਦੇ ਹਨ ।ਇਸ ਖੇਡ ਵਿਚ ਸਬੰਧਤ ਟੋਲੀਆਂ ਖਿਦੋ ਨੂੰ ਇਕ ਦੂਜੇ ਦੀ ਹੱਦ ਪਾਰ ਕਰਾਉਣ ਲਈ ਸੰਘਰਸ਼ ਕਰਦੀਆਂ ਹਨ ।ਜਿਹੜੀ ਟੋਲੀ ਖਿੱਦੋ ਨੂੰ ਵਿਰੋਧੀ ਧਿਰ ਦੀ ਹੱਦ ਟੱਪਾ ਦੇਵੇ ਉਸ ਧਿਰ ਨੂੰ ਇੱਕ ਨੰਬਰ ਮਿਲ ਜਾਂਦਾ ਹੈ ।ਜਿਸਨੂੰ ਕਬੀਲੇ ਦੇ ਲੋਕ ਪਾਲਾ ਕਹਿੰਦੇ ਹਨ ।ਪਾਲਿਆਂ ਦੀ ਗਿਣਤੀ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਇਹ ਖੇਡ ਦੇ ਸਮੇਂ ਤੇ ਨਿਰਭਰ ਕਰਦਾ ਹੈ ।ਇਸ ਖੇਡ ਵਿੱਚ ਵਧ ਪਾਲੇ ਕਰਨ ਵਾਲੀ ਟੀਮ ਜੇਤੂ ਹੁੰਦੀ ਹੈ ।ਇਹ ਖੇਡ ਹਾਕੀ ਨਾਲ ਕਾਫ਼ੀ ਮਿਲਦੀ ਜੁਲਦੀ ਹੈ ।ਇਸ ਖੇਡ ਵਿੱਚ ਖੂੰਡੀਆਂ ਦੀ ਬਣਤਰ ਬਿਲਕੁਲ ਹਾਕੀ ਵਰਗੀ ਹੁੰਦੀ ਹੈ । 7- ਕੋਟਲਾ: ਬਾਜ਼ੀਗਰ ਕਬੀਲੇ ਵਿਚ ਕੋਟਲਾ ਇੱਕ ਕਠਿਨ ਖੇਡ ਹੈ ।ਇਸ ਖੇਡ ਵਿਚ ਕੱਪੜੇ ਦਾ ਇੱਕ ਕੋਟਲਾ ਬਣਾ ਲਿਆ ਜਾਂਦਾ ਹੈ ।ਕੋਟਲਾ ਖੇਡਣ ਵਾਲੇ ਨੌਜਵਾਨ ਇੱਕ ਗੋਲਾਕਾਰ ਵਿੱਚ ਖੜ ਜਾਂਦੇ ਹਨ ।ਕੋਟਲਾ ਵਾਰੀ ਸਿਰ ਇੱਕ ਨੌਜਵਾਨ ਨੂੰ ਦੇ ਦਿੱਤਾ ਜਾਂਦਾ ਹੈ ।ਨੌਜਵਾਨ ਕੋਟਲਾ ਆਪਣੇ ਕਿਸੇ ਸਾਥੀ ਵੱਲ ਸੁਣਦਾ ਹੈ ਅਤੇ ਉਹ ਉਸ ਨੂੰ ਪੈਰਾਂ ਨਾਲ ਬੁਚਦਾ ਹੈ ।ਕੋਟਲਾ ਪੈਰਾਂ ਰਾਹੀਂ ਬੁੱਚਕੇ ਫਿਰ ਹੱਥ ਨਾਲ ਦੂਜੇ ਨੌਜਵਾਨ ਵੱਲ ਸੁੱਟਣਾ ਹੁੰਦਾ ਹੈ ।ਇਸ ਤਰ੍ਹਾਂ ਵਾਰੀ ਸਿਰ ਇਹ ਖੇਡ ਚਲਦੀ ਰਹਿੰਦੀ ਹੈ ।ਜੇਕਰ ਕੋਟਲਾ ਸਬੰਧਤ ਨੌਜਵਾਨ ਵਲੋਂ ਪੈਰਾਂ ਰਾਹੀਂ ਨਾ ਬੁਚਿਆ ਜਾਵੇ ਤਾਂ ਉਸਨੂੰ ਕੋਟਲਾ ਸੁੱਟਣ ਵਾਲੇ ਨੌਜਵਾਨ ਨੂੰ ਆਪਣੀ ਪਿੱਠ ਤੇ ਬਿਠਾ ਕੇ ਕੋਟਲਾ ਡਿੱਗਣ ਵਾਲੀ ਥਾਂ ਤੱਕ ਲੈ ਕੇ ਜਾਣਾ ਪੈਂਦਾ ਹੈ ।ਪੰਜਾਬ ਤੇ ਹਰਿਆਣੇ ਦੇ ਬਾਜ਼ੀਗਰ ਕਬੀਲੇ ਵਿਚੋਂ ਇਹ ਖੇਡ ਲਗਭਗ ਅਲੋਪ ਹੋ ਚੁੱਕੀ ਹੈ ।                  8-ਸੌਂਚੀ: ਸੌਂਚੀ ਬਾਜ਼ੀਗਰ ਕਬੀਲੇ ਦੀ ਮੁੱਖ ਖੇਡ ਹੈ।ਇਹ ਇਕ ਕਿਸਮ ਦੀ ਕਬੱਡੀ ਹੀ ਹੈ । ਸੌਂਚੀ ਸਿਰਫ਼ ਦੋ ਜਣਿਆਂ ਵਿੱਚ ਖੇਡੀ ਜਾਂਦੀ ਹੈ । ਸੌਂਚੀ ਖੇਡਣ ਵਾਲੇ ਬਾਜ਼ੀਗਰਾਂ ਵਲੋਂ ਆਪਣੇ ਜੁੱਸਿਆਂ ਨੂੰ ਚੰਗੀ ਤਰ੍ਹਾਂ ਸਰੋਂ ਦਾ ਤੇਲ ਲਾ ਲਿਆ ਜਾਂਦਾ ਹੈ।ਮੈਦਾਨ ਵਿੱਚ ਇੱਕ ਲਕੀਰ ਖਿਚ ਕੇ ਪਾਲਾ ਮਿੱਥ ਲਿਆ ਜਾਂਦਾ ਹੈ ।ਇਸ ਖੇਡ ਵਿਚ ਬਾਜ਼ੀਗਰਾਂ ਵਲੋਂ ਸੌਂਚੀ ਪਾਉਂਦੇ ਸਮੇਂ ਮੂੰਹ ਚੋਂ ਕੋਈ ਵੀ ਧੁਨੀ ਨਹੀਂ ਉਚਾਰੀ ਜਾਂਦੀ ।ਸੋਚੀ ਪਾਉਣ ਵਾਲਾ ਬਾਜ਼ੀਗਰ ਚੁੱਪਚਾਪ ਕਬੱਡੀ ਦੀ ਤਰ੍ਹਾਂ ਕੱਦਦਾ ਮਚਲਦਾ ਹੋਇਆ ਸੌਂਚੀ ਪਾਉਣ ਜਾਂਦਾ ਹੈ ।ਉਸਨੂੰ ਸੋਚੀਂ ਪਾਉਂਦਿਆਂ ਜੇਕਰ ਦੂਜਾ ਬਾਜ਼ੀਗਰ ਜੱਫਾ ਮਾਰਕੇ ਰੋਕ ਲਵੋ ਤਾਂ ਸਮਝੋ ਸੋਚੀਂ ਪਾਉਣ ਵਾਲੇ ਦੀ ਹਾਰ ਹੋ ਜਾਂਦੀ ਹੈ ।ਜੇਕਰ ਉਹ ਮਿੱਥੀ ਹੋਈ ਲਕੀਰ ਪਾਰ ਕਰ ਜਾਵੇ ਤਾਂ ਉਹ ਜੇਤੂ ਸਮਝਿਆ ਜਾਂਦਾ ਹੈ ।ਇਹ ਖੇਡ ਇਸੇ ਤਰਾਂ ਚਲਦੀ ਰਹਿੰਦੀ ਹੈ ।ਇਹ ਖੇਡ ਖੇਡਦਿਆਂ ਬਾਜ਼ੀਗਰ ਨੌਜਵਾਨਾਂ ਵਲੋਂ ਆਪਣੇ ਆਪ ਨੂੰ ਜੱਫੇ ਤੋਂ ਬਚਾਉਣਾ ਹੁੰਦਾ ਹੈ।              9-ਗਾਂ ਚੁੰਘਣਾ : ਗਾਂ ਚੁੰਘਣਾ ਬਾਜ਼ੀਗਰ ਕਬੀਲੇ ਦੀ ਬਹੁਤ ਹੀ ਹਰਮਨ ਪਿਆਰੀ ਖੇਡ ਰਹੀ ਹੈ ।ਇਸ ਖੇਡ ਵਿਚ ਬਾਜ਼ੀਗਰਾਂ ਵਲੋਂ ਕਿਸੇ ਉੱਚੀ ਥਾਂ ਤੇ ਇੱਕ ਮੋਟਾ ਸਾਰਾ ਰੱਸਾ ਬੰਨ੍ਹ ਲਿਆ ਜਾਂਦਾ ਹੈ ।ਇਸ ਖੇਡ ਵਿੱਚ ਬਾਜ਼ੀਗਰਾਂ ਵਲੋਂ ਬੰਨੀ ਹੋਈ ਰੱਸੀ ਨੂੰ ਹੇਠਲੇ ਸਿਰੇ ਤੇ ਗੰਢ ਮਾਰ ਦਿੱਤੀ ਜਾਂਦੀ ਹੈ ।ਇਹ ਖੇਡ ਖੇਡਣ ਵਾਲੇ ਹਰ ਇਕ ਬਾਜ਼ੀਗਰ ਨੂੰ ਆਪਣਾ ਪੈਰ ਰੱਸੀ ਵਿਚ ਅੜਾ ਕੇ ਰੱਸੀ ਨੂੰ ਉੱਪਰੋਂ ਹੱਥਾਂ ਨਾਲ ਫੜਕੇ ਉਚਾਈ ਤੇ ਬੰਨੀ ਰੱਸੀ ਦੀ ਸਿਖਰ ਨੂੰ ਚੁੰਮਣਾ ਹੁੰਦਾ ਹੈ ।ਬਾਜ਼ੀਗਰ ਕਬੀਲੇ ਵਿੱਚ ਇਹ ਖੇਡ ਗਾਂ ਚੁੰਘਣ ਦੇ ਨਾਂ ਨਾਲ ਪ੍ਰਚਲਿਤ ਹੈ । 10- ਤੀਰ ਤੁੱਕਾ : ਤੀਰ ਤੁੱਕਾ ਬਾਜ਼ੀਗਰ ਕਬੀਲੇ ਦੀ ਮਨਭਾਉਂਦੀ ਖੇਡ ਹੈ ।ਇਹ ਖੇਡ ਜ਼ਿਆਦਾਤਰ ਜੰਗਲੀ ਇਲਾਕਿਆਂ ਵਿੱਚ ਖੇਡੀ ਜਾਂਦੀ ਹੈ ।ਇਸ ਖੇਡ ਵਿਚ ਬਾਜ਼ੀਗਰਾਂ ਵਲੋਂ ਜਾਨਵਰਾਂ ਦੀਆਂ ਆਵਾਜ਼ਾਂ ਕੱਢਕੇ ਜੰਗਲੀ ਜਾਨਵਰਾਂ ਨੂੰ ਜੰਗਲ ਤੋਂ ਬਾਹਰ ਬੁਲਾ ਲਿਆ ਜਾਂਦਾ ਹੈ ।ਜਾਨਵਰਾਂ ਦੇ ਜੰਗਲ ਚੋਂ ਬਾਹਰ ਆਉਂਦਿਆਂ ਹੀ ਬਾਜ਼ੀਗਰਾਂ ਵਲੋਂ ਜਾਨਵਰਾਂ ਤੇ ਹੱਲਾ ਬੋਲ ਦਿੱਤਾ ਜਾਂਦਾ ਹੈ ।ਇਸ ਖੇਡ ਵਿਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਦੇ ਨਾਲ ਨਾਲ ਉਨਾਂ ਨੂੰ ਜਿਉਂਦਾ ਵੀ ਫੜਿਆ ਜਾਂਦਾ ਹੈ ।ਇਸ ਖੇਡ ਦਾ ਸਬੰਧ ਸ਼ਿਕਾਰ ਨਾਲ ਹੈ ਅਤੇ ਬਾਜ਼ੀਗਰ ਕਬੀਲੇ ਵਿੱਚ ਇਹ ਖੇਡ ‘ ਤੀਰ ਤੁੱਕਾ ਨਾਂ ਤੇ ਪ੍ਰਚਲਿਤ ਹੈ ।

[1]

  1. {{cite book}}: Empty citation (help)