ਬਾਹੋਵਾਲ, ਹੁਸ਼ਿਆਰਪੁਰ

ਬਾਹੋਵਾਲ ਪਿੰਡ ਦਾ ਨਾਂਅ ਉਹਨਾਂ ਦੇ ਇਕ ਵਡੇਰੇ ਬਾਹੋ ਦੇ ਨਾਂ 'ਤੇ ਪਿਆ। ਜੋ ਜਾਤ ਦਾ ਜੱਟ ਸੀ ਤੇ ਗੋਤ ਵਜੋਂ ਬੈਂਸ। ਪਰ; ਇਸਦਾ ਮਤਲਬ ਇਹ ਨਹੀਂ ਕਿ ਇਸ ਪਿੰਡ ਦੀ ਮੋੜ੍ਹੀ ਬਾਹੋ ਨੇ ਹੀ ਗੱਡੀ ਹੋਵੇ। ਬਾਹੋਵਾਲ[1]; ਜਿਸਦਾ ਨਾਂ ਪਹਲਾਂ ਬਾਗਾ ਵਾਲੀ ਸੀ, ਦਾ ਹਦਬਸਤ ਨੰ. 34 ਅਤੇ ਕੁੱਲ ਮਾਲਕੀ 1692 ਏਕੜ ਹੈ, ਲੋਅਰ ਸ਼ਿਵਾਲਕ ਪਹਾੜੀਆਂ ਦੇ ਪੈਰਾਂ ਵਿੱਚ ਹੁਸਿਆਰਪੁਰ ਤੋਂ 19 ਕਿ.ਮੀ. ਦੱਖਣ ਵੱਲ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹਮਾਰਗ ਉੱਤੇ ਮੈਲੀ ਵਾਲੇ ਚੌਅ ਕਿਨਾਰੇ ਘੁੱਗ ਵਸਦਾ ਹੈ। ਮਾਹਿਲਪੁਰ ਇਥੋਂ 3 ਕਿ.ਮੀ. ਹੈ।

ਇਤਿਹਾਸ ਸੋਧੋ

ਇਸੇ ਮਾਹਿਲਪੁਰ ਦੇ ਵਡੇਰਿਆਂ ਦੀ ਜ਼ਮੀਂ ਸੀ, ਇਹ ਕਦੇ। ਬਾਹੋਵਾਲ ਤੋਂ ਪਹਿਲਾ, ਇਸ ਖਿੱਤੇ ਜਾਂ ਆਰਜ਼ੀ ਵਸੋਂ ਨੂੰ ਉਥੇ ਮੌਜੂਦ ਘਣੇ ਅੰਬ ਦੇ ਬਾਗਾਂ ਕਾਰਨ ਬਾਗਾਂ ਵਾਲੀ  ਕਹਿੰਦੇ ਸਨ। ਮਾਹਿਲਪੁਰ ਬਾਰੇ ਜ਼ਿਕਰ ਮਸ਼ਹੂਰ ਚੀਨੀ ਯਾਤਰੀ 623 ਈਸਵੀ ਵਿੱਚ ਕਰਦਾ ਹੈ, ਜਦੋਂ ਉਹ ਥਾਨੇਸਰ (ਹਰਿਆਣਾ) ਵਿਖੇ ਮਹਾਰਾਜਾ ਹਰਸ਼ ਵਰਧਨ ਦਾ ਮਹਮਾਨ ਸੀ। ਇਸੇ ਮਹਾਰਾਜਾ ਦੇ ਪੁਰਖੇ ਵੀ ਮਾਹਿਲਪੁਰ ਦੇ ਜੰਮਪਲ ਸਨ, ਜਿਹਨਾਂ ਦੇ ਇੱਕ ਵੱਡ-ਵਡੇਰੇ ਨੇ 400 ਈਸਵੀਂ ਵਿੱਚ ਕੁਰੂਕਸ਼ੇਤਰ ਦੀ ਪਾਕ ਜ਼ਮੀਨ ਉੱਤੇ ਸਿਰੀ ਕੰਠ ਉਰਫ ਥਾਨੇਸਰ ਵਸਾਇਆ ਸੀ, ਨਾਂਅ ਸੀ ਉਸਦਾ ਬੈਂਸ ਬੰਸ ਪੁਸ਼ਭੂਪੀ।

ਬਾਹੋਵਾਲੀਏ ਬੈਂਸਾਂ ਦੇ ਕੁੱਲ-ਮਰਾਸੀ (ਪ੍ਰੋਹਿਤ) ਮੀਆਂ ਕੂੜਾਂ ਤੱਲ੍ਹਣ ਅਨੁਸਾਰ ਮਾਹਿਲਪੁਰ ਦੀ ਦਾਸੋ ਪੱਤੀ ਦੇ ਬਲੀ ਪੁਰਸ਼ ਬਾਹੋ ਬੈਂਸ, ਜਿਸ ਇਸ ਬਾਗਾਵਾਲੀ ਖਿੱਤੇ 'ਚ ਆਪਣੇ ਸਕੇ-ਸੋਧਰਿਆ ਅਤੇ ਟੱਬਰ-ਟੀਰ੍ਹ ਸਮੇਤ ਪੱਕੀ ਰਿਹਇਸ਼ ਕੀਤੀ ਦੀ ਸ਼ਾਖ ਇਵੇਂ ਤੁਰਦੀ ਹੈ: ਦਾਸੋ-ਵੀਰੋ-ਸੱਗਣ-ਉੱਦਰ-ਮੱਖਣ ਭੁਲਾ-'ਬਾਹੋ' (ਜਿਹੜਾ ਬਾਹੋਵਾਲ ਦਾ ਉਸਰੇਈਆ ਮੰਨਿਆ ਗਿਆ) ਮਹਿਮਦ-ਸਕਤਾ-ਦੁਰਗਾ-ਕਮਾਲ-ਫਤਿਹ-ਹੀਰਾ-ਭੂਪ ਸਿੰਘ-ਸੁੱਚਾ ਸਿੰਘ-ਖੁਸ਼ਹਾਲ ਸਿੰਘ ਵਗੈਰਾ (ਜਦ ਤੱਕ ਬਾਹੋਵਾਲ ਤਾਅ ਜਾਤਾਂ, ਕਿਰਤੀ-ਸ਼ਿਲਪੀ, ਸ਼ਾਹੂਕਾਰ-ਪ੍ਰੌਹਿਤ ਵੀ ਆ ਵਸੇ ਸਨ)। ਬਾਹੋ ਕਰੀਬ 17ਵੀਂ ਸਦੀ ਦੇ ਨੇੜੇ-ਤੇੜੇ ਹੋਇਆ ਅਤੇ ਖੁਸ਼ਹਾਲ ਸਿੰਘ 19ਵੀਂ ਸਦੀ ਨੇੜੇ। ਕਹਿੰਦੇ ਹਨ,ਕਿ; ਜਦ ਕਾਂਗੜੇ ਦੇ ਰਾਜਾ ਸੰਸਾਰ ਚੰਦ ਨੇ ਲੌਅਰ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਤਲੇ ਬਜਵਾੜੇ-ਜੈਜੋਂ ਤੱਕ ਮੱਲ ਮਾਰ ਲਈ ਤਾਂ ਮਾਹਿਲਪੁਰ ਖਿੱਤੇ ਦੀ ਰੱਖਿਆ ਲਈ ਇਸ ਗਿਰਦ ਤੁਰਤ ਹੋਰ ਮੋਰਚੇ-ਗੜ੍ਹੀਆ ਉਸਾਰੀਆਂ ਗਈਆਂ। ਸਮਾਂ ਪਾ ਕੇ ਇਹਨਾਂ ਗੜ੍ਹੀਆਂ ਨੂੰ ਕਿਲੇ ਕਿਹਾ ਜਾਣ ਲੱਗ ਪਿਆ। ਬਾਹੋਵਾਲ ਵੀ ਅਜਿਹਾ ਕਿਲਾ ਸੀ, ਮਗਰੋਂ; ਜਿਥੇ ਵਸੇਂਦਿਆ ਨੂੰ ਕਿਲੇ ਵਾਲੇ ਸਰਦਾਰ ਕਿਹਾ ਜਾਣ ਲੱਗ ਪਿਆ। ਇਹਨਾਂ ਕਿਲੇ ਵਾਲਿਆ ਵਿੱਚੋਂ ਹੀ, ਬਾਹੋਵਾਲ ਦੇ ਛੇ ਗ਼ਦਰੀ ਦੇਸ਼ ਭਗਤਾਂ ਸਣੇ, ਇੱਕ ਗ਼ਦਰੀ ਹਰਨਾਮ ਸਿੰਘ ਬੈਂਸ ਹੋਇਆ ਹੈ। ਇਸ ਪਿੰਡ ਦੇ ਹੋਰ ਜਿਹੜੇ ਉੱਘੇ  ਦੇਸ਼ ਭਗਤ ਹੋਏ ਹਨ, ਉਹ ਸਨ: ਲਿਖਾਰੀ ਸੰਤੋਖ ਸਿੰਘ ਕੂਕਾ (ਨਾਮਧਾਰੀ ਲਹਿਰ), ਸਰਵਣ ਸਿੰਘ, ਨਰੈਣ ਉਰਫ ਦਲੀਪ ਸਿੰਘ, ਜੀਤਾ ਉਰਫ ਨਰਿੰਦਰ ਸਿੰਘ, ਪਾਲਾ ਸਿੰਘ (ਸਾਰੇ ਗ਼ਦਰ/ਕਿਰਤੀ ਪਾਰਟੀ), ਜ. ਪੂਰਨ ਸਿੰਘ, ਕਰਤਾਰ ਸਿੰਘ, ਚੰਨਣ ਸਿੰਘ, ਬੰਤਾ ਸਿੰਘ (ਸਾਰੇ ਗੁਰਦਵਾਰਾ ਸੁਧਾਰ ਲਹਿਰ) ਤੇ ਦੀਵਾਨ ਸਿੰਘ, ਸੰਤਾ ਸਿੰਘ (ਬੱਬਰ ਅਕਾਲੀ ਲਹਿਰ) ਅਤੇ ਚੌਧਰੀ ਰੁਲੀਆਂ ਰਾਮ, ਚੌ. ਸ਼ਰਨ ਦਾਸ, ਪੰਡਿਤ ਵਿਦਿਆ ਸਾਗਰ, ਕਿਸ਼ਨ ਸਿੰਘ, ਕਰਤਾਰ ਸਿੰਘ, ਚੈਂਚਲ ਸਿੰਘ, ਮਈਆਂ ਸਿੰਘ, ਕਰਮ ਸਿੰਘ, ਗੁਰਬਖਸ਼ ਸਿੰਘ ਆਦਿ (ਸਾਰੇ ਕਿਸਾਨ-ਮਜ਼ਦੂਰ ਫਰੰਟ ਤੇ ਕੌਮੀ ਲਹਿਰਾ)।[2]

ਹਵਾਲੇ ਸੋਧੋ

  1. Singh, Gurjit (2021-03-08). "ਪਿੰਡ ਬਾਹੋਵਾਲ, ਡਾਡਾ, ਹਾਰਟਾ ਅਤੇ ਚੱਗਰਾਂ ਨੂੰ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ". The Stellar News (in ਅੰਗਰੇਜ਼ੀ (ਅਮਰੀਕੀ)). Retrieved 2024-03-28.
  2. ਪਿੰਡ ਬਾਹੋਵਾਲ ਦਾ ਇਤਿਹਾਸ। History Of Village Bahowal, retrieved 2024-03-28