ਬਾੜੀਆਂ ਕਲਾਂ ਹੁਸ਼ਿਆਰਪੁਰ ਜ਼ਿਲੇ ਦੇ ਹਦਬਸਤ ਨੰਬਰ 38 ਮਾਲਕੀ 790 ਏਕੜ ਵਾਲਾ ਪ੍ਰਾਚੀਨ ਪਿੰਡ ਜੋ ਵੱਸਦਾ ਤਾਂ ਭਾਵੇਂ ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹ-ਰਾਹ ਉੱਤੇ ਵਸੇ ਮਾਹਿਲਪੁਰ ਦੀ ਉੱਤਰੀ-ਪੱਛਮੀ ਗੁੱਠ 'ਤੇ ਹੈ ਪਰ ਭਲਿਆਂ-ਵੇਲੀਂ ਕਿਤੇ ਅੱਗੇ-ਪਿੱਛੇ ਗਿਆ ਇਧਰਲੇ ਲੋਕ ਦੱਸਦੇ, 'ਮੇਰਾ ਪਿੰਡ ਮਾਹਿਲਪੁਰ-ਬਾੜੀਆਂ ਕੋਲ ਪੈਂਦਾ।' ਇਹੀ ਨਹੀਂ, ਇਹਨਾਂ ਦੇ ਨੇੜਲੇ ਪਿੰਡਾਂ ਵਾਲੇ ਤਾਂ ਕੀ ਦੂਰ-ਦੁਰਾਡੇ ਵਾਲੇ ਵੀ ਇਹੀ ਬੋਲਦੇ,'ਜੀ; ਸਾਡਾ ਪਿੰਡ ਮਾਹਿਲਪੁਰ-ਬਾੜੀਆਂ ਖਿੱਤੇ 'ਚ ਹੈ।' ਭਾਵ; ਉਦੋਂ ਮਾਹਿਲਪੁਰ-ਬਾੜੀਆਂ, ਇੱਕ-ਦੂਜੇ ਦੇ ਪੂਰਕ ਸਨ, ਮਗਰੋਂ; ਮਾਹਿਲਪੁਰ ਦੀ ਬਜਾਏ ਬੂਟੀ ਰਾਮ ਹਾਂਡਾ ਬਾੜੀਆਂ ਦਾ ਪੂਰਕ ਬਣ ਗਿਆ।

ਇਤਿਹਾਸ  ਸੋਧੋ

ਮਾਹਿਲਪੁਰ; ਹੁਣ ਬੇਸ਼ੱਕ ਬਾੜੀਆਂ ਕਲਾਂ ਨਾਲੋ ਬਹੁਤ ਸਿਰ-ਕੱਢਵਾਂ ਹੈ,ਪਰ; ਪੁਰਾਣੇ ਵੇਲੀਂ ਤੂਤੀ ਮਾਹਿਲਪੁਰ ਦੀ ਨਹੀਂ ਬਾੜੀਆਂ ਦੀ ਬੋਲਦੀ ਸੀ,ਭਾਵੇਂ ਕਿ ਇਸਨੂੰ ਵਸਾਉਣ ਦਾ ਕਾਰਨ ਮਾਹਿਲਪੁਰ ਹੀ ਬਣਿਆ ਸੀ।ਜਿਥੇ ਬਾੜੀਆਂ ਦੇ ਵੱਸਣ ਦਾ ਸਬੱਬ ਮਾਹਿਲਪੁਰ ਦੇ ਸਰਬਸ਼ਾਹ ਬੈਂਸਾ ਦੀ ਇੱਕ ਕਮਜ਼ੋਰ ਕੜੀ ਬਣਦੀ ਹੈ,ਉਥੇ;ਮਗਰੋਂ,ਮੁੱਢ-ਕਦੀਮੀ ਮਾਹਿਲਪੁ੍ਰਰੀਆਂ ਦੀਆਂ ਹੱਟੀਆਂ-ਭੱਠੀਆਂ ਨਾਲੋਂ ਬਾੜੀਆਂ ਦਾ ਬਾਜ਼ਾਰ ਵੀ, ਕਾਮਾ-ਸ਼ਿਲਪੀ ਅਤੇ ਮਹਾਜਨ ਜਾਤਾਂ ਦੇ ਆ ਵੱਸਣ ਨਾਲ, ਐਨਾ ਤਰੱਕੀ ਕਰ ਗਿਆ ਕਿ ਸਿਰਫ ਆਲੇ-ਦੁਆਲੇ ਦੇ ਪਿੰਡ ਹੀ ਨਹੀਂ ਸਗੋਂ ਮਾਹਿਲਪੁਰੀਆਂ ਦੀਆਂ ਹੱਟੀਆਂ ਵੀ ਸੋਦੇ-ਪੱਤੇ ਲਈ ਬਾੜੀਆਂ 'ਤੇ ਹੀ ਨਿਰਭਰ ਹੋ ਗਈਆਂ।ਇੱਥੋਂ ਦੇ ਬੁਣੇ-ਉਣੇ ਕੱਪੜੇ-ਲੱਤੇ ਉਪਰਲੇ ਪਹਾੜਾਂ 'ਚ ਧੁਮਾਲਾਂ ਪਾਣ ਲੱਗੇ। ਸੂਤੀ ਕੱਪੜਾ ਰੰਗਣ ਵਿੱਚ ਮਾਹਰ ਮੁਸਲਮਾਨ ਕਾਰੀਗਰਾਂ ਸਮੇਤ ਪੁਰਾਣੇ ਵਕਤੀ ਐਂ ਲੱਗਦਾ ਸੀ ਕਿ ਜਿਵੇਂ ਪੂਰਾ ਬਾੜੀਆਂ ਹੀ ਜੁਲਾਹਿਆਂ, ਰੰਗਰੇਜ਼ਾ ਅਤੇ ਮਹਾਜਨਾ ਦੇ ਕਰਮ ਖੇਤਰ ਦਾ ਪਿੜ ਹੋਵੇ।ਪਹਿਲਾਂ ਕ੍ਰਿਸ਼ਨ ਲੀਲਾ[1] ਅਤੇ ਹਟਵਾਣੀਆਂ ਨੇ ਬਾੜੀਆਂ ਨੂੰ ਮਸ਼ਾਹੂਰੀ ਦਵਾਈ, ਮਗਰੋਂ ਬੂਟੀ ਰਾਮ ਹਾਂਡਾ ਨੇ।

ਹਾਂ; ਬਾੜੀਆਂ ਕਲਾਂ ਸਹੋਤੇ ਜੱਟਾਂ ਦਾ ਵਸਾਇਆ ਹੋਇਆ ਹੈ ਅਤੇ ਮਗਰੋਂ,ਇਸਦੀਆਂ ਅੱਡ-ਅੱਡ ਬੱਖੀਆਂ 'ਚ ਵਸੇ-ਰਸੇ ਬਾੜੀਆਂ ਖੁਰਦ,ਬੁੜੋ ਬਾੜੀ ਅਤੇ ਭੂੰਨੋ ਬਾੜੀ ਵੀ। ਇਹ ਨਗਰ ਕਦੋਂ ਵਸਿਆ/ਪੱਕ ਨਾਲ ਨਹੀਂ ਕਿਹਾ ਜਾ ਸਕਦਾ।ਮਾਲ ਰਿਕਾਰਡ ਕੁੱਝ ਨਹੀਂ ਬੋਲਦਾ ਪਰ;ਦੋ ਕੁ ਦਹਾਕਾ ਪਹਿਲਾਂ ਸ. ਕਰਮ ਸਿੱਘ ਸਹੋਤਾ ਦੀ ਹਰਿਦਵਾਰ ਤੋਂ ਪ੍ਰਾਪਤ ਬੰਸਾਵਲੀ ਘੂਨੋ (ਪਹਿਲਾਂ ਸਖਸ਼, ਜਿਹੜਾ ਪਹਿਲ-ਪਲੱਕੜੇ ਪੂਰ ਨਾਲ ਇਥੇ ਆਇਆ ਸੀ)-ਉਧੋ-ਭੈਲੂ-ਬੇਗਾ-ਜੀਣਾਂ-ਜਸਪਾਲ-ਸ਼ਾਹ-ਬਹਾਦਰ-ਹੰਸਾ-ਘਨੇਈਆਂ-ਮੈਂਹਗਾ-ਗੁਲਾਬਾ-ਵੀਰਭਾਨ-ਰਾਮਦਿਆਲ-ਡਾਲਾ/ਨੱਥੂਆਂ-ਲਾਭ ਸਿੰਘ,ਗੰਗਾ ਸਿੰਘ ਤੇ ਅਠਾਰਵੀਂ ਪੀੜ੍ਹੀ ਦੇ ਕਰਮ ਸਿੰਘ (ਉਮਰ 80 ਵਰਸ) ਵਾਚਣ-ਗਿਣਨ ਮੁਤਬਿਕ,ਇਸ ਪਿੰਡ ਦੇ ਮੋੜ੍ਹੀ ਗੱਡਣ ਦਾ ਅਰਸਾ ਸਾਢੇ ਪੰਜ ਕੁ ਸਦੀਆਂ (18 x 25+80+ ਦੋ ਦਹਾਕੇ) ਬਣਦਾ ਹੈ।

ਹੋਇਆਂ ਇਂਓ ਕਿ ਮਾਹਿਲਪੁਰੀਏ ਹੀ ਆਪਣੀ ਕਿਸੀ ਮਜ਼ਬੂਰੀ/ਲੋੜ ਤਹਿਤ ਆਪਣੀਆਂ ਬਾਗ-ਬਾੜਿਆਂ ਵਿੱਚ, ਬਾੜੀਆਂ ਦਾ ਮੁੱਢ ਬੰਨਣ ਵਾਲੇ, ਸਹੋਤੇ ਜੱਟਾਂ ਦੇ ਸਦੀਵੀ ਬੈਠਣ ਦਾ ਸਬੱਬ ਬਣੇ। ਪਰੰਤੂ; ਰਾਮ ਪਿਆਂਰਾ ਬੈਂਸ ਰਚਿਤ ਸੰਨ 1886 ਦੀ ਕ੍ਰਿਤ,ਜਿਹੜੀ ਕਿ ਲੰਡਨ ਦੀ ਲਾਇਬ੍ਰੇਰੀ 'ਚ ਪਈ ਹੋਈ ਹੈ,ਇਸ ਦੇ ਕਾਫੀ ਪੁਰਾਣਾ ਪਿੰਡ ਹੋਣ ਦੀ ਸ਼ਾਹਦੀ ਭਰਦੀ ਹੈ।ਇੱਕ ਮਿੱਥ; ਜਿਹੜੀ ਜ਼ਿਆਦਾ ਪ੍ਰਚੱਲਤ ਹੈ, ਮੁਤਾਬਿਕ ਸਮਰਾਟ ਅਕਬਰ (1542-1605), ਜਦ ਚੌਧਰੀ ਰਾਮ ਰਾਏ ਬੈਂਸ ਮਾਹਿਲਪੁਰ ਦਾ ਆਹਲਾ ਜਗੀਰਦਾਰ ਸੀ, ਵੇਲੇ ਜੇਜੋਂ-ਲਸਾੜਾ ਦੇ ਜਸਵਾਲ ਰਾਜਪੂਤਾਂ ਨੇ ਜਦ ਮਾਹਿਲਪੁਰ ਦੇ ਨਾਸੀਂ ਧੂੰ ਲਿਆ ਦਿੱਤਾ ਤਾਂ ਜੈਜੋਂ ਦੀ ਚੜ੍ਹਦੀ ਬਾਹੀ ਪੁਬੋਵਾਲ-ਪੋਲੀਆਂ, ਬੀਤ, ਦੇ ਜੱਟ, ਬਸੀ ਕਲਾਂ ਦੇ ਪਠਾਣ ਅਤੇ ਬੜੇ ਪਿੰਡ (ਗੋਰਾਇਆਂ) ਦੇ ਸਹੋਤੇ ਮਾਹਿਲਪੁਰ ਦੀ ਸੁਰੱਖਿਆਂ ਢਾਲ ਬਣੇ ਸਨ।

ਬੜੇ ਪਿੰਡੀਏ; ਉਦੋਂ ਬੜੇ ਮਾਰ-ਖੋਰੇ ਮੰਨੇ ਜਾਂਦੇ ਸਨ।ਉਂਜ ਵੀ ਬੈਸਾਂ ਦੀਆਂ ਬਹੁਤੀਆਂ ਸਕੀਰੀਆਂ ਗੋਰਾਇਆ (ਮੰਝਕੀ) ਦੇ ਇਲਾਕੇ ਵੱਲ ਹੀ ਸਨ, ਜਿਸ ਕਾਰਨ ਵੀ ਉਹ ਮਦਦ ਲਈ ਆਏ/ਸੱਦੇ ਹੋ ਸਕਦੇ ਹਨ।ਸ਼ਾਇਦ; ਇਸੇ ਅਹਿਸਾਨ ਜਾਂ ਡਰ ਤਹਿਤ ਮਾਹਿਲਪੁਰੀਆਂ ਨੇ, ਜਿਧਰ ਉਹਨਾਂ ਦੇ ਬਾਗ-ਬਾੜੇ ਸਨ, ਉਹਨਾਂ ਨੂੰ ਪੱਕੇ ਤੌਰ ਤੇ ਹੀ ਮੁਕਾਮ ਕਰਨ ਦੀ ਅਰਜੋਈ ਕੀਤੀ ਹੋਵੇਗੀ।ਇਹਨਾਂ ਬਾੜਿਆਂ ਜਾਂ ਪਿਛਲੇ ਗਰਾਂ ਬੜੇ ਪਿੰਡ ਦੇ ਨਾਂ ਉੱਤੇ ਹੀ ਧਰੇ ਇਸ ਰੈਣ-ਵਸੇਰੇ ਦਾ ਨਾਂ ਵੀ ਵਿਗੜਦਾ-ਸੰਵਰਦਾ ਬਾੜੀਆਂ ਪੈ ਗਿਆ ਹੋਵੇਗਾ ਅਤੇ 'ਕਲਾਂ' (ਵੱਡਾ ਪਿੰਡ) ਦੀ ਉਪਾਧੀ ਇਸਨੂੰ, ਆਪਣੇ ਸਕੇ-ਸੋਧਰੇ ਤਿੰਨ ਪਿੰਡਾਂ 'ਬਾੜੀਆਂ ਖੁਰਦ (ਕਲਾਂ ਤੋਂ ਛੋਟਾ) ਅਤੇ ਬੂੜੋ ਬਾੜੀ ਤੇ ਭੂੰਨੋ ਬਾੜੀ' ਜਿਹਨਾਂ ਦਾ ਮੁੱਢ ਕ੍ਰਮਵਾਰ ਸਕੇ ਭਰਾਵਾਂ ਬੂੜੇ ਅਤੇ ਭੂੰਨਾ ਸਹੋਤਾ ਨੇ ਬੰਨਿਆ ਸੀ, ਤੋਂ ਫੈਲਰਵਾਂ ਹੋਣ ਕਾਰਨ ਹੀ ਨਹੀਂ ਕਈ ਗੱਲਾਂ 'ਚ ਵੱਡਾ ਤੇ ਉੱਘਾ ਹੋਣ ਕਾਰਨ ਮਿਲੀ ਸੀ।[2]

ਹਵਾਲੇ ਸੋਧੋ

  1. "ਬਾੜੀਆਂ ਕਲਾਂ ਦਾ ਇਤਿਹਾਸਕ ਕਿ੍ਰਸ਼ਨ ਲੀਲਾ ਮੇਲਾ ਸ਼ਰਧਾ ਨਾਲ ਸ਼ੁਰੂ ਕਰਵਾਇਆ".
  2. ਜੈ ਬਾਬੇ ਦੀ, ਜੈ ਬਾਬੇ ਦੀ ਸਲਾਨਾ ਭੰਡਾਰਾ ਬਾਬਾ ਬਾਲਕ ਨਾਥ ਜੀ ਦਾ ਪਿੰਡ ਸਿੰਘਪੁਰ (ਹੁਸ਼ਿਆਰਪੁਰ), retrieved 2024-03-28