ਬਿਰਤਾਂਤ-ਸ਼ਾਸਤਰ (ਅੰਗਰੇਜ਼ੀ: narratology) ਬਿਰਤਾਂਤ ਅਤੇ ਬਿਰਤਾਂਤ-ਸੰਰਚਨਾ ਦੇ ਸਿਧਾਂਤ ਅਤੇ ਅਧਿਐਨ ਨਾਲ ਅਤੇ ਉਹਨਾਂ ਤਰੀਕਿਆਂ ਨਾਲ ਸੰਬੰਧਿਤ ਅਨੁਸ਼ਾਸਨ ਹੈ, ਜਿਹਨਾਂ ਰਾਹੀਂ ਇਹ ਦੋਵੇਂ ਸਾਡੇ ਪ੍ਰਤੱਖਣ ਤੇ ਪ੍ਰਭਾਵ ਪਾਉਂਦੇ ਹਨ।[1] ਸ਼ੁਰੂ ਵਿੱਚ ਇਹ ਸੰਰਚਨਾਤਮਕ ਦ੍ਰਿਸ਼ਟੀਕੋਣ ਦੇ ਪ੍ਰਭੁਤਵ ਹੇਠ ਸੀ ਅਤੇ ਪਰ ਫਿਰ ਇਹ ਸਿੱਧਾਂਤਾਂ, ਸੰਕਲਪਾਂ, ਅਤੇ ਵਿਸ਼ਲੇਸ਼ਣਾਤਮਕ ਪ੍ਰਕਰਿਆਵਾਂ ਦੀਆਂ ਅਨੇਕ ਕਿਸਮਾਂ ਦੇ ਰੂਪ ਵਿੱਚ ਵਿਕਸਿਤ ਹੋ ਗਿਆ। ਇਸ ਦੇ ਸੰਕਲਪਾਂ ਅਤੇ ਮਾਡਲਾਂ ਦੀ ਅਨੁਮਾਨੀ ਸਮੱਗਰੀ ਦੇ ਰੂਪ ਵਿੱਚ ਵਿਆਪਕ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ, ਅਤੇ ਅਨੇਕ ਰੂਪਾਂ ਦੇ, ਮੀਡੀਆ, ਸੰਦਰਭਾਂ ਅਤੇ ਸੰਚਾਰ ਪਰਿਕਿਰਿਆ ਦੇ ਬਿਰਤਾਂਤਾਂ ਨੂੰ ਸਿਰਜਣ ਤੇ ਸੋਧਣ ਦੀ ਸਾਡੀ ਸਮਰਥਾ ਨੂੰ ਲਭਣ ਅਤੇ ਢਾਲਣ ਵਿੱਚ ਬਿਰਤਾਂਤ-ਸ਼ਾਸਤਰੀ ਪ੍ਰਮੇਯ ਕੇਂਦਰੀ ਭੂਮਿਕਾ ਨਿਭਾਉਂਦੇ ਹਨ।

ਇਤਿਹਾਸ

ਸੋਧੋ

ਵੀਹਵੀਂ ਸਦੀ ਦੌਰਾਨ ਸਾਹਿਤ-ਚਿੰਤਨ ਦੇ ਖੇਤਰ ਵਿੱਚ ਵਿੱਚ ਅਮਰੀਕੀ ਨਵ ਆਲੋਚਨਾ, ਰੂਸੀ ਰੂਪਵਾਦ, ਸੰਰਚਨਾਵਾਦ, ਚਿਹਨ ਵਿਗਿਆਨ, ਉੱਤਰ-ਸੰਰਚਨਾਵਾਦ, ਮਾਰਕਸਵਾਦ ਅਤੇ ਉੱਤਰ-ਮਾਰਕਸਵਾਦ, ਉਤਰ ਬਸਤੀਵਾਦ ਵਰਗੀਆਂ ਧਾਰਾਵਾਂ ਦਾ ਨਾਮ ਲਿਆ ਜਾ ਸਕਦਾ ਹੈ। ਇਸ ਦੌਰ ਦੇ ਸਾਹਿਤ-ਚਿੰਤਕਾਂ ਨੇ ਕਵਿਤਾ ਅਤੇ ਨਾਟਕ ਨਾਲੋਂ ਵਧੇਰੇ ਕਥਾ-ਸਾਹਿਤ ਨੂੰ ਫੋਕਸ ਕੀਤਾ ਹੈ।ਇਸ ਤਰ੍ਹਾਂ ਬਿਰਤਾਂਤ-ਸ਼ਾਸਤਰ ਨੇ ਰੂਪ ਧਾਰਿਆ। ਇਹ ਠੀਕ ਹੈ ਕਿ ਬਿਰਤਾਂਤ ਦੇ ਵਿਭਿੰਨ ਤੱਤਾਂ ਬਾਰੇ ਪੁਰਾਣੇ ਜ਼ਮਾਨੇ ਤੋਂ (ਮਿਸਾਲ ਵਜੋਂ ਪ੍ਰਾਚੀਨ ਭਾਰਤੀ ਅਤੇ ਯੂਨਾਨੀ ਕਾਵਿ ਸ਼ਾਸਤਰ ਵਿੱਚ ਕਥਾਨਕੀ ਵਿਉਂਤ ਅਤੇ ਪਾਤਰਾਂ ਬਾਰੇ ਵਿਆਖਿਆਤਮਕ ਵੇਰਵੇ ਮਿਲਦੇ ਹਨ) ਪਰ ਬਾਕਾਇਦਾ ਬਿਰਤਾਂਤ-ਸ਼ਾਸਤਰ ਵੀਹਵੀਂ ਸਦੀ ਦੌਰਾਨ ਹੀ ਨਮੂਦਾਰ ਹੋਇਆ ਹੈ। ਆਧੁਨਿਕ ਬਿਰਤਾਂਤ-ਸ਼ਾਸਤਰ ਦਾ ਆਰੰਭ ਰੂਸੀ ਰੂਪਵਾਦੀਆਂ, ਵਿਸ਼ੇਸ਼ ਕਰ ਵਲਾਦੀਮੀਰ ਪ੍ਰਾੱਪ ਤੋਂ ਹੋਣ ਬਾਰੇ ਆਮ ਸਹਿਮਤੀ ਮਿਲਦੀ ਹੈ।

ਰੂਸੀ ਰੂਪਵਾਦੀਆਂ ਦੀਆਂ ਕਥਾ-ਸਾਹਿਤ ਨਾਲ ਸੰਬੰਧਿਤ ਅੰਤਰ-ਦ੍ਰਿਸ਼ਟੀਆਂ ਨੇ ਬਿਰਤਾਂਤ-ਸ਼ਾਸਤਰ ਦੇ ਨਿਰਮਾਣ ਲਈ ਮੁੱਢਲਾ ਆਧਾਰ ਪ੍ਰਦਾਨ ਕੀਤਾ। ਪਰ ਇਸ ਦਾ ਇੱਕ ਸੁਤੰਤਰ ਅਨੁਸ਼ਾਸਨ ਵਜੋਂ ਵਿਕਾਸ 1960 ਦੇ ਲਾਗੇ ਚਾਗੇ ਹੋਇਆ ਜਿਸ ਦੀ ਬੁਨਿਆਦ ਸੋਸਿਊਰ ਦਾ ਭਾਸ਼ਾ-ਵਿਗਿਆਨ ਸੀ। ਉਸ ਦੇ ਅਨੁਸਾਰ ਭਾਸ਼ਾ ਦਾ ਵਿਗਿਆਨਕ ਅਧਿਐਨ ਉਸ ਦੀ ਇਕਾਲਕ ਸੰਰਚਨਾ ਨੂੰ ਮੁੱਖ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਇਸ ਮੰਤਵ ਲਈ ਉਸਨੇ ਭਾਸ਼ਾ ਦੀ ਵਿਹਾਰਕ ਵਰਤੋਂ (parole) ਨਾਲੋਂ ਭਾਸ਼ਾਈ ਪ੍ਰਬੰਧ (langue) ਦੇ ਅਧਿਐਨ ਨੂੰ ਵਧੇਰੇ ਮਹੱਤਵ ਪ੍ਰਦਾਨ ਕੀਤਾ। ਸੰਰਚਨਾਵਾਦੀਆਂ ਨੇ ਕਥਾ ਨੂੰ ਚਿਹਨ ਅਤੇ ਚਿਹਨਿਤ ਦੇ ਸੰਕਲਪਾਂ ਰਾਹੀਂ ਸਮਝਣ ਦਾ ਜਤਨ ਕੀਤਾ। ਉਹਨਾਂ ਅਨੁਸਾਰ ਕਥਾ (story, fabula, narrative) ਤੋਂ ਭਾਵ ਬਿਰਤਾਂਤ ਵਿੱਚ ਪੇਸ਼ ਘਟਨਾਵਾਂ ਦੀ ਕਾਲ-ਕ੍ਰਮਿਕ ਤਰਤੀਬ ਹੈ ਜਿਸ ਨੂੰ ਬਿਰਤਾਂਤ ਦਾ ਚਿਹਨਿਤ ਆਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕਥਾਕਾਰੀ (plot, sjuzhet, narration, narrative-discourse) ਨੂੰ ਬਿਰਤਾਂਤ ਦਾ ਚਿਹਨਕ ਆਖਿਆ ਜਾ ਸਕਦਾ ਹੈ। ਬਿਰਤਾਂਤ-ਸ਼ਾਸਤਰ ਦੇ ਇਸ ਸੰਰਚਨਾਵਦੀ ਦੌਰ ਨੂੰ ਇਸ ਦੇ ਵਿਕਾਸ ਦੀ ਸਿਖਰ ਆਖਿਆ ਜਾ ਸਕਦਾ ਹੈ। ਇਸ ਸਮੇਂ ਰੋਲਾਂ ਬਾਰਤ, ਲੇਵੀ ਸਤ੍ਰਾਸ, ਯੇਰਾਦ ਯੇਨੇਟ, ਗ੍ਰੇਮਾਸ ਅਤੇ ਤੋਦੋਰੋਵ ਆਦਿ ਚਿੰਤਕਾਂ ਦਾ ਨਾਮ ਲਿਆ ਜਾ ਸਕਦਾ ਹੈ। ਰੋਲਾਂ ਬਾਰਤ ਨੇ ਕਥਾਨਕ-ਆਧਾਰਿਤ ਬਿਰਤਾਂਤਕ ਵਿਸ਼ਲੇਸ਼ਣ ਦੀ ਬਿਹਤਰੀਨ ਮਿਸਾਲ ਆਪਣੇ ਨਿਬੰਧ “An Introduction to the Structural Analysis of Narratives” ਵਿੱਚ ਪੇਸ਼ ਕੀਤੀ। ਇਸ ਵਿੱਚ ਸੰਰਚਨਾਵਾਦੀ ਬਿਰਤਾਂਤ-ਸ਼ਾਸਤਰ ਦੀ ਰੂਪਰੇਖਾ ਮਿਲਦੀ ਹੈ। ਫਿਰ ਯੇਰਾਦ ਯੇਨੇਟ ਨੇ ਬਿਰਤਾਂਤ ਦੀ ਟੈਕਨਲੋਜੀ ਵਿੱਚ ਬਿਰਤਾਂਤਕਾਰ ਦਾ ਤੀਸਰਾ ਪ੍ਰਵਰਗ ਜੋੜ ਕੇ ਇਸ ਦੇ ਅਧਿਐਨ ਨੂੰ ਇੱਕ ਹੋਰ ਦਿਸ਼ਾ ਪ੍ਰਦਾਨ ਕੀਤੀ।

ਲੇਵੀ ਸਟ੍ਰਾਸ ਦਾ ਮਾਡਲ

ਸੋਧੋ

ਮਾਨਵ-ਵਿਗਿਆਨੀ ਲੇਵੀ ਸਟ੍ਰਾਸ ਨੇ ਇੱਕ ਆਪਣੇ ਸਿਰਜੇ ਬਿਰਤਾਂਤ-ਸ਼ਾਸਤਰੀ ਮਾਡਲ ਰਾਹੀਂ ਆਪਣੀ ਪੁਸਤਕ ਵਿੱਚ ਮਿਥ ਦੇ ਸਰਬਵਿਆਪੀ ਵਰਤਾਰੇ ਨੂੰ ਭਾਸ਼ਾਈ ਵਿਆਕਰਨ ਵਾਂਗ ਸਮਝਣ ਦਾ ਜਤਨ ਕੀਤਾ। ਇਸ ਦੇ ਤਹਿਤ ਮਿਥਕ ਕਥਾ ਦੇ ਸਿਨਟੈਗਮੈਟਿਕ ਪਾਸਾਰ ਦੀ ਥਾਂ ਉਸ ਦੇ ਪੈਰਾਡਿਗਮੈਟਿਕ ਪਾਸਾਰ ਨੂੰ ਅਧਿਐਨ ਦਾ ਆਧਾਰ ਬਣਾਇਆ ਗਿਆ ਸੀ।

ਉੱਤਰ ਆਧੁਨਿਕਤਾਵਾਦੀ 'ਪ੍ਰਵਚਨ' ਆਧਾਰਿਤ ਮਾਡਲ

ਸੋਧੋ

1980 ਵਿਆਂ ਵਿੱਚ ਉੱਤਰ-ਆਧੁਨਿਕਤਾਵਾਦੀਆਂ ਨੇ ਕਲਾਸੀਕਲ ਸੰਰਚਨਾਵਾਦ ਦੀਆਂ ਅਹਿਮ ਸਥਾਪਨਾਵਾਂ ਨੂੰ ਵੰਗਾਰਿਆ ਅਤੇ ਇਸ ਦੀ ਅਖੌਤੀ ਬਾਹਰਮੁਖੀ ਪਹੁੰਚ ਉੱਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ। ਇਨ੍ਹਾਂ ਚਿੰਤਕਾਂ ਨੇ ਸੰਰਚਨਾ ਦੀ ਥਾਵੇਂ ਸੰਰਚਨਾਤਮਕ ਪ੍ਰਕਿਰਿਆ ਦਾ ਨਵਾਂ ਸੰਕਲਪ ਪੇਸ਼ ਕੀਤਾ ਜੋ ਕਿਸੇ ਰਚਨਾ ਨੂੰ ਬੰਦ ਦੀ ਬਜਾਏ ਖੁੱਲ੍ਹਾ-ਪ੍ਰਬੰਧ ਸੀ। ਇਨ੍ਹਾਂ ਦੇ ਮਤ ਅਨੁਸਾਰ ਸੰਰਚਨਾ ਕਿਸੇ ਰਚਨਾ ਦਾ ਕੁਦਰਤੀ ਤੱਤ ਨਹੀਂ ਹੁੰਦੀ ਸਗੋਂ ਹਮੇਸ਼ਾ ਬਾਹਰੋਂ ਆਰੋਪਿਤ ਹੁੰਦੀ ਹੈ। ਉੱਤਰ-ਸੰਰਚਨਾਵਾਦੀਆਂ ਨੇ ਬਿਰਤਾਂਤ ਦੇ ਅਧਿਐਨ ਲਈ 'ਵਾਕ' ਆਧਾਰਿਤ ਮਾਡਲ ਦੀ ਥਾਂ 'ਪ੍ਰਵਚਨ' ਆਧਾਰਿਤ ਮਾਡਲ ਵਿਕਸਿਤ ਕੀਤਾ। 'ਵਾਕ' ਇੱਕ ਬੰਦ ਸੰਰਚਨਾ ਹੈ ਜਿਸਦਾ ਪ੍ਰਸੰਗ-ਰਹਿਤ ਅਧਿਐਨ ਸੰਭਵ ਹੈ ਪਰ ਪ੍ਰਵਚਨ ਹਮੇਸ਼ਾ ਸੱਭਿਆਚਾਰ ਅਤੇ ਇਤਿਹਾਸ ਵਿੱਚ ਸਥਿਤ ਹੁੰਦਾ ਹੈ ਅਤੇ ਇਨ੍ਹਾਂ ਸੰਦਰਭਾਂ ਵਿੱਚ ਹੀ ਅਰਥ ਗ੍ਰਹਿਣ ਕਰਦਾ ਹੈ।

ਜੇਮਸਨ ਦੀ ਤਿੰਨ ਧਰਾਤਲੀ ਧਾਰਨਾ

ਸੋਧੋ

ਫ਼੍ਰੈਡਰਿਕ ਜੇਮਸਨ ਨੇ ਆਪਣੀ ਪੁਸਤਕ “The Political Unconscious” ਵਿੱਚ ਬਿਰਤਾਂਤ ਨੂੰ ਸਾਮਾਜਿਕ-ਪ੍ਰਤੀਕਤਮਕ ਕਾਰਜ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਿਆਂ ਉਸ ਦੇ ਬਹੁ-ਪਰਤੀ ਵਿਸ਼ਲੇਸ਼ਣ ਉੱਤੇ ਜ਼ੋਰ ਦਿੱਤਾ ਹੈ। ਉਸ ਦੇ ਅਨੁਸਾਰ ਬਿਰਤਾਂਤ ਦਾ ਸਿਰਜਣ ਨਿਰੋਲ ਸੁਚੇਤ ਕਾਰਜ ਨਹੀਂ ਸਗੋਂ ਇਸ ਦੇ ਪਿਛੋਕੜ ਵਿੱਚ ਅਵਚੇਤਨ ਪ੍ਰੇਰਣਾਵਾਂ ਵੀ ਹੁੰਦੀਆਂ ਹਨ ਜੋ ਸਮਕਾਲ ਨਾਲ ਜੁੜੀਆਂ ਹੁੰਦੀਆਂ ਹਨ। ਇਸ ਮੰਤਵ ਦੀ ਪੂਰਤੀ ਲਈ ਜੇਮਸਨ ਨੇ ਬਿਰਤਾਂਤਕ ਵਿਸ਼ਲੇਸ਼ਣ ਦੇ ਤਿੰਨ ਧਰਾਤਲਾਂ ਦੀ ਧਾਰਨਾ ਪੇਸ਼ ਕੀਤੀ ਹੈ। ਵਿਸ਼ਲੇਸਣ ਦਾ ਪਹਿਲਾ ਧਰਾਤਲ ਕਥਾ ਦਾ ਹੁੰਦਾ ਹੈ। ਇਹ ਪਾਤਰਾਂ ਅਤੇ ਘਟਨਾਵਾਂ ਦੇ ਮਾਧਿਅਮ ਰਾਹੀਂ ਹੋਂਦ ਵਿੱਚ ਆਏ ਉਸ ਸਾਮਾਜਿਕ ਪ੍ਰਤੀਕਾਤਮਕ ਕਾਰਜ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ ਜੋ ਬਿਰਤਾਂਤ ਦੀ ਅਰਥ-ਸਾਰਥਕਤਾ ਅਤੇ ਉਸ ਦੀ ਵਿਅਕਤੀਗਤ ਵਿਲੱਖਣਤਾ ਦਾ ਮੁੱਢਲਾ ਆਧਾਰ ਹੁੰਦਾ ਹੈ। ਵਿਸ਼ਲੇਸ਼ਣ ਦਾ ਦੂਸਰਾ ਧਰਾਤਲ ਰਚਨਾ ਨੂੰ ਸਾਮਾਜਿਕ ਆਰਥਕ ਬਣਤਰ ਨਾਲ ਜੋੜ ਕੇ ਵਾਚਣ ਦਾ ਸੁਝਾਉ ਪੇਸ਼ ਕਰਦਾ ਹੈ। ਜੇਮਸਨ ਦੇ ਮਤ ਅਨੁਸਾਰ ਬਿਰਤਾਂਤ-ਰਚਨਾ ਜਿਥੇ ਕਥਾ ਦੇ ਮਾਧਿਅਮ ਰਾਹੀਂ ਵਿਭਿੰਨ ਪਾਤਰਾਂ ਦੀ ਵਿਅਕਤੀਗਤ ਸਥਿਤੀ ਅਤੇ ਮਾਨਸਿਕਤਾ ਦਾ ਬਿੰਬ ਸਿਰਜਦੀ ਹੈ ਉਥੇ ਇਹ ਆਪਣੇ ਵੇਲੇ ਦੇ ਵਰਗ-ਸੰਘਰਸ਼ ਨੂੰ ਵੀ ਪੇਸ਼ ਕਰਦੀ ਹੈ ਪਰ ਇਹ ਪ੍ਰਵਚਨ ਅਤੇ ਵਿਚਾਰਧਾਰਾ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਜੇਮਸਨ ਇਨ੍ਹਾਂ ਆਧਾਰਾਂ ਉੱਤੇ ਰਚਨਾ ਦੇ ਸਿਆਸੀ ਅਵਚੇਤਨ ਦੀ ਤਲਾਸ਼ ਕਰਦਾ ਹੈ। ਜੇਮਸਨ ਦੀ ਵਿਸ਼ਲੇਸ਼ਣੀ ਵਿਧੀ ਦਾ ਅੰਤਿਮ ਧਰਾਤਲ ਉਸ ਇਤਿਹਾਸਕ ਯਥਾਰਥ ਦੀ ਨਿਸ਼ਾਨਦੇਹੀ ਕਰਨ ਨਾਲ ਜੁੜਿਆ ਹੈ ਜੋ ਵਿਭਿੰਨ ਚਿਹਨ-ਪ੍ਰਬੰਧਾਂ ਦੇ ਮਾਧਿਅਮ ਰਾਹੀਂ ਹੋਂਦ ਵਿੱਚ ਆਉਂਦਾ ਹੈ। ਉਹ ਰਚਨਾ ਦੀ ਸਿਨਫ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਸਨੂੰ ਇਤਿਹਾਸਕ ਯਥਾਰਥ ਦੇ ਹਵਾਲੇ ਨਾਲ ਪੁਨਰ-ਪਰਿਭਾਸ਼ਤ ਕਰਨ ਵਲ ਰੁਚਿਤ ਹੈ। ਉਸ ਅਨੁਸਾਰ ਵਿਭਿੰਨ ਸਾਹਿਤਕ ਸਿਨਫਾਂ ਇਤਿਹਾਸਕ ਵਿਕਾਸ ਦੀ ਉਪਜ ਹੁੰਦੀਆਂ ਹਨ। ਫ਼੍ਰੈਡਰਿਕ ਜੇਮਸਨ ਅਨੁਸਾਰ ਬਿਰਤਾਂਤ ਦੇ ਸਿਆਸੀ ਅਵਚੇਤਨ ਦੀ ਪਛਾਣ ਉਸ ਦੇ ਪਾਠਕੀ ਤੱਤਾਂ, ਉਸ ਦੀਆਂ ਚਿਹਨਕੀ ਜੁਗਤਾਂ ਅਤੇ ਉਸ ਦੀਆਂ ਸਿਨਫੀ ਵਿਸ਼ੇਸ਼ਤਾਵਾਂ ਰਾਹੀਂ ਹੁੰਦੀ ਹੈ।[2]

ਹਵਾਲੇ

ਸੋਧੋ
  1. General Introduction to Narratology Archived 2011-08-12 at the Wayback Machine., College of Liberal Arts, Purdue University
  2. "ਬਿਰਤਾਂਤ-ਸ਼ਾਸਤਰ: ਬਦਲਦੇ ਸਰੋਕਾਰ ਅਤੇ ਸੰਦਰਭ- ਜਗਬੀਰ ਸਿੰਘ". Archived from the original on 2013-12-06. Retrieved 2013-10-25. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ