ਬੋਹੀਮੀਅਨਵਾਦ
ਬੋਹੀਮੀਅਨਵਾਦ ਦਾ ਮੰਤਵ ਗੈਰ-ਰਵਾਇਤੀ ਜੀਵਨ ਸ਼ੈਲੀ ਦਾ ਅਭਿਆਸ ਕਰਨ ਵਾਲਿਆਂ ਤੋਂ ਹੈ। ਅਜਿਹਾ ਅਕਸਰ ਸਮਾਨ ਵਿਚਾਰਧਾਰਾ ਦੇ ਉਹ ਲੋਕ ਕਰਦੇ ਹਨ ਜੋ ਸਾਹਿਤ, ਸੰਗੀਤ ਜਾਂ ਕਲਾਤਮਕ ਗਤੀਵਿਧੀਆਂ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਜਿਹਨਾਂ ਦੇ ਕੁੱਝ ਹੀ ਸਥਾਈ ਸੰਬੰਧ ਹੁੰਦੇ ਹਨ। ਬੋਹੇਮੀਅਨ ਲੋਕ ਘੁਮੱਕੜ, ਸਾਹਸੀ ਜਾਂ ਬਣਜਾਰੇ ਵੀ ਹੋ ਸਕਦੇ ਹਨ।
ਵਾਸਤਵ ਵਿੱਚ ਬੋਹੇਮੀਅਨ ਸ਼ਬਦ ਦਾ ਅਰਥ ਪੂਰਬੀ ਯੂਰਪੀ ਅਤੇ ਸਲਾਵਿਕ ਭਾਸ਼ਾ ਬੋਲਣ ਵਾਲੇ ਬੋਹੇਮੀਆ ਦੇਸ਼ ਵਿੱਚ ਪੈਦਾ ਹੋਈ ਚੀਜ਼ ਤੋਂ ਹੈ, ਪਰ ਹੌਲੀ-ਹੌਲੀ ਇਸ ਸ਼ਬਦ ਦਾ ਪ੍ਰਯੋਗ ਉਨੀਵੀਂ ਸਦੀ ਵਿੱਚ ਫ਼ਰਾਂਸੀਸੀ ਅਤੇ ਅੰਗਰੇਜ਼ੀ ਦੀ ਬੋਲ-ਚਾਲ ਦੀ ਭਾਸ਼ਾ ਵਿੱਚ ਉਹਨਾਂ ਲੋਕਾਂ ਲਈ ਕੀਤਾ ਜਾਣ ਲਗਾ ਜੋ ਅਪਰੰਪਰਿਕ ਤਰੀਕੇ ਨਾਲ ਰਹਿੰਦੇ ਹਨ ਅਤੇ ਗਰੀਬੀ ਅਤੇ ਅਧਿਕਾਰਹੀਨਤਾ ਦਾ ਜੀਵਨ ਜਿਉਂਦੇ ਹਨ ਜਿਵੇਂ ਕਲਾਕਾਰ, ਲੇਖਕ, ਪੱਤਰਕਾਰ, ਸੰਗੀਤਕਾਰ ਅਤੇ ਮੁੱਖ ਯੂਰਪੀ ਸ਼ਹਿਰਾਂ ਵਿੱਚ ਰਹਿਣ ਵਾਲੇ ਐਕਟਰ। ਬੋਹੇਮੀਅਨ ਸ਼ਬਦ ਦਾ ਪ੍ਰਯੋਗ, ਬੋਲ-ਚਾਲ ਦੀ ਭਾਸ਼ਾ ਵਿੱਚ, ਗੈਰ-ਰਵਾਇਤੀ ਅਤੇ ਸਮਾਜਕ ਅਤੇ ਰਾਜਨੀਤਕ ਤੌਰ 'ਤੇ ਮੁੱਖ ਵਿਚਾਰਧਾਰਾ ਤੋਂ ਹਟਕੇ, ਸੋਚਣ ਵਾਲਿਆਂ ਲਈ ਕੀਤਾ ਜਾਂਦਾ ਸੀ, ਜਿਸ ਨੂੰ ਉਹ ਲੋਕ ਮੁਕਤ ਪ੍ਰੇਮ, ਸੰਜਮ ਅਤੇ ਇੱਛਕ ਗਰੀਬੀ ਰਾਹੀਂ ਵਿਅਕਤ ਕਰਦੇ ਸਨ।