ਭਲਾਣ

ਭਾਰਤੀ ਪੰਜਾਬ ਦਾ ੲਿੱਕ ਪਿੰਡ

ਭਲਾਣ ਰੂਪਨਗਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੋ ਨੰਗਲ ਸ਼ਹਿਰ ਤੋਂ 15 ਕਿਲੋਮੀਟਰ ਦੂਰ ਨੰਗਲ-ਨੂਰਪੁਰ ਬੇਦੀ ਸੜਕ ’ਤੇ ਸਥਿਤ ਹੈ। ਸਤਲੁਜ ਦਰਿਆ ਇਸ ਪਿੰਡ ਦੇ ਕੋਲੋਂ ਹੀ ਲੰਘਦਾ ਹੈ ਜਿਸ ਕਾਰਨ ਇਹ ਪਿੰਡ ਕਈ ਵਾਰ ਹੜ੍ਹਾਂ ਦਾ ਸ਼ਿਕਾਰ ਹੋ ਚੁੱਕਾ ਹੈ ਤੇ ਅਕਸਰ ਫਸਲਾਂ ਵੀ ਦਰਿਆ ਦੀ ਲਪੇਟ ਵਿੱਚ ਆਕੇ ਬਰਬਾਦ ਹੋ ਜਾਂਦੀਆਂ ਹਨ। ਇਸ ਪਿੰਡ ਦੀ ਆਬਾਦੀ 3372 ਦੇ ਲਗਪਗ ਅਤੇ ਵੋਟਾਂ ਦੀ ਗਿਣਤੀ 2618 ਦੇ ਕਰੀਬ ਹੈ। ਪਿੰਡ ਦਾ ਕੁੱਲ ਰਕਬਾ 867 ਹੈਕਟਅਰ ਹੈ। ਪਿੰਡ ਵਿੱਚ ਪੰਡਿਤ, ਰਾਜਪੂਤ, ਮੁਸਲਮਾਨ, ਜੱਟ, ਤਰਖਾਣ ਅਤੇ ਝਿਊਰ ਲੋਕ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਬਹੁਗਿਣਤੀ ਸੈਣੀਆਂ ਦੀ ਹੈ। ਪਿੰਡ ਵਿੱਚ 1974 ਤੋਂ ਪਹਿਲਾਂ ਦਾ ਪ੍ਰਾਚੀਨ ਸ਼ਿਵ ਮੰਦਿਰ, ਬਖ਼ਤਿਆਰ ਕਾਕੀ ਦੀ ਦਰਗਾਹ, ਮਸੀਤ, ਲੱਖਦਾਤਾ ਮੰਦਰ, ਸ਼ਨੀ-ਦੇਵ ਮੰਦਰ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਦਸ਼ਮੇਸ਼ ਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ ਸਥਿਤ ਹੈ।(ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਲੜੀਆਂ ਗਈਆਂ ਚੋਦਾਂ ਜੰਗਾਂ ਵਿਚੋਂ ਪੰਜਵੀਂ ਜੰਗ ਦੀ ਗਵਾਹੀ ਭਰਦਾ ਹੈ। ਜੋਕਿ ਲਾਹੌਰ ਦੇ ਸੂਬੇਦਾਰ ਦਲੇਰ ਖਾਂ ਦੀਆਂ ਫ਼ੌਜਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫ਼ੌਜਾਂ ਵਿਚਾਲੇ ਹੋਈ ਸੀ)ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਵੀ ਸਥਿਤ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਆਂਗਣਵਾੜੀ ਕੇਂਦਰ, ਯੂਕੋ ਬੈਂਕ, ਸਿਵਿਲ ਪਸ਼ੂ-ਡਿਸਪੈਂਸਰੀ, ਬਿਜਲੀ ਦਾ ਦਫ਼ਤਰ, ਵਾਟਰ-ਵਰਕਸ, ਬਹੁ-ਮੰਤਵੀ ਸਹਿਕਾਰੀ ਸਭਾ, ਸੇਵਾ ਕੇਂਦਰ ਅਤੇ ਪਟਵਾਰਖਾਨੇ ਦੀ ਸਹੂਲਤ ਹੈ।

ਭਲਾਣ
ਦੇਸ਼ India
ਰਾਜਪੰਜਾਬ
ਜ਼ਿਲ੍ਹਾਰੂਪਨਗਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਪਿਛੋਕੜ ਸੋਧੋ

ਮੰਨਿਆ ਜਾਂਦਾ ਹੈ ਕਿ ਇਹ ਪਿੰਡ 16ਵੀਂ ਸਦੀ ਵਿੱਚ ਵਸਿਆ ਸੀ। ਇਸ ਨੂੰ ਭਬੋਰ ਦੇ ਰਾਜੇ ਸੁਸ਼ਰਮਾ ਦੇ ਵੰਸ਼ਕਾਂ ਨੇ ਵਸਾਇਆ ਸੀ। ਰਾਜਾ ਸੁਸ਼ਰਮਾ ਮਹਾਂਭਾਰਤ ਦੇ ਯੁੱਧ ਵਿੱਚ ਕੌਰਵਾਂ ਦੇ ਹੱਕ ਵਿੱਚ ਲੜਿਆ ਸੀ। ਇਸ ਵੰਸ਼ ਦੇ ਇੱਕ ਰਾਜੇ ਦੀ ਰਾਣੀ ਦੇ ਸੱਤ ਪੁੱਤਰ ਸਨ, ਉਹ ਰਾਣੀ ਅੰਨ੍ਹੀ ਪਰ ਬਹੁਤ ਸਮਝਦਾਰ ਸੀ। ਰਾਜੇ ਨੇ ਉਸ ਦੇ ਸੱਤ ਪੁੱਤਰਾਂ ਨੂੰ ਰਾਜ ਦੇ ਵੱਖ-ਵੱਖ ਇਲਾਕਿਆਂ ਵਿੱਚ ਰਾਏ ਸਾਹਿਬ ਦਾ ਖ਼ਿਤਾਬ ਦੇ ਕੇ ਜਾਗੀਰਾਂ ਦਾ ਮਾਲਕ ਬਣਾ ਦਿੱਤਾ, ਇਨ੍ਹਾਂ ’ਚ ਰਾਏ ਸਾਹਿਬ ਭਲਾਣ ਵੀ ਸ਼ਾਮਲ ਸੀ। ਇਹ ਅਜੋਕਾ ਪਿੰਡ ਰਾੲੇ ਭਲਾਣ ਦੀ ਹੀ ਜਾਗੀਰ ਸੀ। ਇਸ ਕਰਕੇ ਇਹ ਪਿੰਡ ਰਾਏ ਸਾਹਿਬ ਦੁਆਰਾ ਵਸਾਇਆ ਗਿਆ। ਇਸ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਪਿੰਡ ਵਿੱਚ ਮੁਗਲਾਂ ਦੇ ਸਮੇਂ ਦਾ ਇੱਕ ਕਿਲ੍ਹਾ ਸੀ, ਜੋ ਨਵੇਂ ਬਣੇ ਮੁਸਲਮਾਨਾਂ ਦੀ ਰਾਖੀ ਲਈ ਬਣਵਾਇਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਲ੍ਹਾ ਜਿੱਤ ਲਿਆ ਸੀ ਤੇ ਇਸੇ ਥਾਂ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਦਸ਼ਮੇਸ਼ ਗੜ੍ਹ ਸਥਿਤ ਹੈ। ਇੱਥੋਂ ਦੇ ਟਿੱਕਾ ਪਰਿਵਾਰ ਨੇ ਬਾਈਧਾਰ ਦੇ ਰਾਜਿਆਂ ਨਾਲ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ ਸੀ।[1]

ਹਵਾਲੇ ਸੋਧੋ

  1. ਡਾ. ਹਰਦੀਪ ਸਿੰਘ, ਭਨਾਮ. "ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵਸਿਆ ਪਿੰਡ".