ਭਾਈ ਰਤਨ ਸਿੰਘ ਰਾਏਪੁਰ ਡੱਬਾ

ਭਾਈ ਰਤਨ ਸਿੰਘ ਰਾਏਪੁਰ ਡੱਬਾ (1879 - 1943) ਪੰਜਾਬ ਦੀ ਕਮਿਊਨਿਸਟ ਲਹਿਰ ਦਾ ਮੋਢੀ ਅਤੇ ਗ਼ਦਰ ਲਹਿਰ ਦਾ ਆਗੂ ਸੀ। ਉਹ 1919 ਤੋਂ ਲੈ ਕੇ 1922 ਤਕ ਗ਼ਦਰ ਪਾਰਟੀ ਦਾ ਪ੍ਰਧਾਨ ਰਿਹਾ। ਉਸਨੂੰ ਪੁਨਰਗਠਿਤ ਗ਼ਦਰ ਪਾਰਟੀ ਦਾ ਰੋਮਿੰਗ ਅੰਬੈਸਡਰ ਕਿਹਾ ਜਾਂਦਾ ਹੈ।[1] ਉਸ ਨੇ ਸੰਤਾ ਸਿੰਘ, ਹਰੀ ਸਿੰਘ, ਈਸ਼ਰ ਸਿੰਘ, ਗੁਲਾਮ ਮਹੁੰਮਦ ਸਿੰਘ ਆਦਿ ਅਨੇਕ ਫ਼ਰਜ਼ੀ ਨਾਵਾਂ ਹੇਠ ਕੰਮ ਕੀਤਾ। ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਜਾਣਦਾ ਸੀ ਅਤੇ ਥੋੜੀ ਬਹੁਤ ਰੂਸੀ, ਫਰੈਂਚ ਅਤੇ ਜਰਮਨ ਵੀ ਬੋਲ ਤੇ ਸਮਝ ਲੈਂਦਾ ਸੀ।[2]

ਜ਼ਿੰਦਗੀ ਸੋਧੋ

ਉਹ ਬਰਤਾਨਵੀ ਭਾਰਤੀ ਫ਼ੌਜ ਵਿੱਚ ਨੌਕਰੀ ਕਰਦਾ ਸੀ। 1904 ਵਿੱਚ ਫ਼ੌਜ ਦੀ ਨੌਕਰੀ ਛੱਡ ਕੇ ਫਿਜੀ ਚਲੇ ਗਿਆ। ਫਿਜੀ ਤੋਂ ਨਿਊਜ਼ੀਲੈਂਡ ਹੁੰਦੇ ਹੋਏ ਉਹ 1907 ਵਿੱਚ ਕੈਨੇਡਾ ਪਹੁੰਚਿਆ ਅਤੇ ਵੈਨਕੂਵਰ ਜਾ ਟਿਕਾਣਾ ਕੀਤਾ, ਜਿਥੇ ਉਹ ਗ਼ਦਰ ਲਹਿਰ ਵਿੱਚ ਖਿੱਚਿਆ ਗਿਆ ਸੀ। ਉਸ ਨੂੰ 1913 ਦੇ ਕਾਲ ਵੇਲੇ ਵੈਨਕੂਵਰ ਦੀ ‘ਖ਼ਾਲਸਾ ਜੀਵਨ ਸੁਸਾਇਟੀ’ ਅਤੇ ‘ਯੂਨਾਈਟਡ ਇੰਡੀਆ ਲੀਗ’ ਨਾਂ ਨਾਲ ਪੀੜਤਾਂ ਲਈ ਬਣਾਈ ਸਹਾਇਤਾ ਕਮੇਟੀ ਦਾ ਸਕੱਤਰ ਬਣਾਇਆ ਗਿਆ ਸੀ।[2] ਉਸ ਨੂੰ ਕਾਮਾਗਾਟਾ ਮਾਰੂ ਯਾਤਰੀਆਂ ਦੇ ਕੈਨੇਡੀਅਨ ਧਰਤੀ ਤੇ ਉਤਰਨ ਦੀ ਮਦਦ ਕਰਨ ਲਈ ਬਣਾਈ ਗਈ ਸਾਹਿਲ ਕਮੇਟੀ ਦਾ ਇੱਕ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਰਤਨ ਸਿੰਘ ਨੇ ਗ਼ਦਰ ਪਾਰਟੀ ਦੇ ਲਈ ਹਮਾਇਤ ਜੁਟਾਉਣ ਲਈ ਯੂਰਪ ਅਤੇ ਲਾਤੀਨੀ ਅਮਰੀਕਾ ਦੀ ਵਿਆਪਕ ਤੌਰ 'ਤੇ ਯਾਤਰਾ ਕੀਤੀ।

ਉਸਨੇ ਦੋ ਵਾਰ ਮਾਸਕੋ ਦਾ ਦੌਰਾ ਕੀਤਾ। ਪਹਿਲਾਂ 1923 ਵਿੱਚ ਭਾਈ ਸੰਤੋਖ ਸਿੰਘ ਦੇ ਨਾਲ ਅਤੇ ਫਿਰ ਇਕੱਲੇ ਤੌਰ 'ਤੇ। ਮਾਸਕੋ ਵਿੱਚ, ਉਹ ਲੈਨਿਨ ਅਤੇ ਹੋਰ ਰੂਸੀ ਕਮਿਊਨਿਸਟ ਆਗੂਆਂ ਨੂੰ ਮਿਲਿਆ[3] ਅਤੇ ਕਮਿਊਨਿਸਟ ਇੰਟਰਨੈਸ਼ਨਲ ਦੀ ਚੌਥੀ ਕਾਂਗਰਸ ਵਿੱਚ ਸ਼ਾਮਿਲ ਹੋਇਆ।[4] ਉਹ ਬਹੁਤ ਸਾਰੇ ਯੂਰਪੀ ਦੇਸ਼ਾਂ ਨੂੰ ਕਮਿਊਨਿਸਟ ਇੰਟਰਨੈਸ਼ਨਲ ਦਾ ਸੁਨੇਹਾ ਲੈ ਕੇ ਗਿਆ ਅਤੇ ਇਨਕਲਾਬੀ ਅੰਦੋਲਨਾਂ ਦੇ ਪ੍ਰਬੰਧਕ ਦੇ ਤੌਰ 'ਤੇ ਭੇਸ ਬਦਲ ਕੇ ਕਈ ਵਾਰ ਭਾਰਤ ਦਾ ਦੌਰਾ ਕੀਤਾ। ਉਸ ਨੇ ਫਰਵਰੀ 1926 ਵਿੱਚ ਅੰਮ੍ਰਿਤਸਰ ਤੋਂ ਭਾਈ ਸੰਤੋਖ ਸਿੰਘ ਦੇ ਸ਼ੁਰੂ ਕੀਤੇ ਪੰਜਾਬੀ ਮੈਗਜ਼ੀਨ, ਕਿਰਤੀ, ਲਈ ਬਦੇਸ਼ਾਂ ਵਿੱਚੋਂ ਇਕੱਠੇ ਕੀਤੇ ਫੰਡ ਨਾਲ ਮਦਦ ਕੀਤੀ। ਰਤਨ ਸਿੰਘ ਸਤੰਬਰ 1943 ਵਿੱਚ ਇਟਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।

ਰਤਨ ਸਿੰਘ ਰਾਏਪੁਰ ਡੱਬਾ ਬਾਰੇ ਕਿਤਾਬ ਸੋਧੋ

ਗਦਰੀ ਯੋਧਾ ਭਾਈ ਰਤਨ ਸਿੰਘ ਰਾਏਪੁਰ ਡੱਬਾ-ਜੀਵਨ ਤੇ ਲਿਖਤਾਂ ਟਾਈਟਲ ਹੇਠ ਸੋਹਣ ਸਿੰਘ ਪੂਨੀ ਦੀ ਲਿਖੀ ਪੁਸਤਕ ਹੈ। ਇਸ ਵਿੱਚ ਭਾਈ ਰਤਨ ਸਿੰਘ ਦੀਆਂ ਸਿਆਸੀ ਸਰਗਰਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲਦੀ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਬਰਾਜ਼ੀਲ ਤੇ ਭਾਰਤ ਆਦਿ ਦੇ ਮਿਸਲਖ਼ਾਨਿਆਂ ਵਿੱਚ ਪਈਆਂ ਫਾਈਲਾਂ ਨੂੰ ਸਰੋਤਾਂ ਦੇ ਤੌਰ 'ਤੇ ਵਰਤਿਆ ਗਿਆ ਹੈ।

ਹਵਾਲੇ ਸੋਧੋ

  1. http://www.ghadarmemorial.net/gallery_014.htm
  2. 2.0 2.1 "ਗ਼ਦਰ ਲਹਿਰ ਦਾ ਮਹਾਨ ਆਗੂ ਰਤਨ ਸਿੰਘ ਰਾਏਪੁਰ ਡੱਬਾ". ਪੰਜਾਬੀ ਟ੍ਰਿਬਿਉਨ. 6 ਦਸੰਬਰ 2014.
  3. Sant Singh Sekhon: Selected Writings, ਸਫ਼ਾ 39
  4. http://www.thesikhencyclopedia.com/biographies/sikh-political-figures/ratan-singh-bhai