ਭੜੋਲੀ
ਖਾਣ ਵਾਲੀਆਂ ਵਸਤਾਂ ਜਿਵੇਂ ਦਾਲਾਂ, ਆਟਾ, ਗੁੜ, ਸ਼ੱਕਰ ਆਦਿ ਰੱਖਣ ਲਈ ਮਿੱਟੀ ਦੇ ਬਣੇ ਬੜੇ ਸਾਰੇ ਪੀਪੇ ਨੂੰ ਭੜੋਲੀ ਕਹਿੰਦੇ ਸਨ। ਕਈ ਭੜੋਲੀਆਂ ਦੀ ਬਣਤਰ ਢੋਲ ਦੀ ਤਰ੍ਹਾਂ ਵੀ ਹੁੰਦੀ ਸੀ। ਜਦ ਲੋਕ ਕੁੱਲੀਆਂ ਪਿਛੋਂ ਕੱਚੇ ਘਰ ਬਣਾ ਕੇ ਰਹਿਣ ਲੱਗੇ, ਉਸ ਸਮੇਂ ਹਾਰੇ, ਹਾਰੀਆਂ, ਓਟੇ, ਕੱਚੀਆਂ ਕੋਠੀਆਂ, ਭੜੋਲੇ, ਭੜੋਲੀਆਂ ਆਦਿ ਮਿੱਟੀ ਦੀਆਂ ਹੀ ਬਣਾਈਆਂ ਜਾਂਦੀਆਂ ਸਨ। ਭੜੋਲੀ ਆਮ ਤੌਰ 'ਤੇ ਤਿੰਨ ਕੁ ਫੁੱਟ ਉੱਚੀ, ਤਿੰਨ ਕੁ ਫੁੱਟ ਲੰਮੀ ਤੇ ਢਾਈ ਕੁ ਫੁੱਟ ਚੌੜੀ ਬਣਾਈ ਜਾਂਦੀ ਸੀ। ਜੇ ਕੱਠੀਆਂ ਦੋ ਭੜੋਲੀਆਂ ਬਣਾਉਣੀਆਂ ਹੁੰਦੀਆਂ ਸਨ ਤਾਂ ਲੰਬਾਈ ਪੰਜ ਕੁ ਫੁੱਟ ਰੱਖੀ ਜਾਂਦੀ ਸੀ।
ਭੜੋਲੀ ਬਣਾਉਣ ਲਈ ਕਾਲੀ ਚਿਉਂਕਣੀ ਮਿੱਟੀ ਵਿਚ ਪੁਰਾਣੀ ਤੂੜੀ ਜਾਂ ਪਲੋਂ ਮਿਲਾਕੇ ਘਾਣੀ ਤਿਆਰ ਕੀਤੀ ਜਾਂਦੀ ਸੀ। ਭੜੋਲੀ ਧਰਤੀ ਤੋਂ 4/5 ਕੁ ਇੰਚ ਉੱਚੀ ਰੱਖ ਕੇ ਬਣਾਈ ਜਾਂਦੀ ਸੀ। ਪਹਿਲੇ ਦੋਵੇਂ ਸਿਰਿਆਂ 'ਤੇ ਭੜੋਲੀ ਦੇ ਦੋ/ਤਿੰਨ ਪੈਰ ਬਣਾਏ ਜਾਂਦੇ ਸਨ। ਫੇਰ ਇਨ੍ਹਾਂ ਪੈਰਾਂ ਉਪਰ ਸਲਵਾੜ ਦੇ ਕਾਨੇ ਤੇ ਵਿਚ ਘਾਹ ਫੂਸ ਰੱਖ ਕੇ ਇਨ੍ਹਾਂ ਨੂੰ ਉਪਰੋਂ ਤੇ ਹੇਠੋਂ ਤੂੜੀ ਮਿੱਟੀ ਨਾਲ ਚੰਗੀ ਤਰ੍ਹਾਂ ਲਿੱਪ ਦਿੱਤਾ ਜਾਂਦਾ ਸੀ। ਇਹ ਭੜੋਲੀ ਦਾ ਥੱਲਾ ਬਣ ਜਾਂਦਾ ਸੀ। ਫਿਰ ਉਸ ਥੱਲੇ ਉਪਰ ਭੜੋਲੀ ਦੀਆਂ ਕੰਧਾਂ ਦੀ ਓਨੀ ਕੁ ਉਸਾਰੀ ਕੀਤੀ ਜਾਂਦੀ ਸੀ ਜਿੰਨ੍ਹੀ ਕੁ ਖੜ੍ਹੀ ਰਹਿ ਸਕੇ। ਜਦ ਉਹ ਉਸਾਰੀ ਸੁੱਕ ਜਾਂਦਾ ਸੀ ਤਾਂ ਉਸ ਉਪਰ ਹੋਰ ਵਾਰ ਦੇ ਦੇ ਕੇ ਭੜੋਲੀ ਦੀ ਪੁਰੀ ਉਸਾਰੀ ਕਰ ਲਈ ਜਾਂਦੀ ਸੀ। ਭੜੋਲੀ ਦੇ ਉਪਰਲੇ ਹਿੱਸੇ ਨੂੰ ਘੱਟ ਕਰ ਕਰ ਕੇ ਉਸ ਉਪਰ ਕਈ ਜਨਾਨੀਆਂ ਟੁੱਟੇ ਘੜੇ ਦਾ ਗਲ ਲਾ ਦਿੰਦੀਆਂ ਸਨ। ਇਸ ਗਲ ਨੂੰ ਭੜੋਲੀ ਦਾ ਮੂੰਹ ਕਹਿੰਦੇ ਸਨ। ਇਸ ਮੂੰਹ ਨੂੰ ਘੜੇ ਦੇ ਚੱਪਣ ਨਾਲ ਹੀ ਢੱਕਿਆ ਜਾਂਦਾ ਸੀ। ਕਈ ਜਨਾਨੀਆਂ ਉਪਰਲਾ ਮੂੰਹ ਜ਼ਿਆਦਾ ਖੁੱਲ੍ਹਾ ਰੱਖਦੀਆਂ ਸਨ ਜਿਸ ਨੂੰ ਚਾਪੜ ਨਾਲ ਢੱਕਿਆ ਜਾਂਦਾ ਸੀ। ਕਈ ਸ਼ੁਕੀਨ ਮੁਟਿਆਰਾਂ ਭੜੋਲੀ ਉਪਰ ਵੇਲ-ਬੂਟੀਆਂ ਅਤੇ ਜਾਨਵਰਾਂ ਦੀਆਂ ਮੂਰਤਾਂ ਬਣਾ ਦਿੰਦੀਆਂ ਸਨ।
ਹੁਣ ਲੋਕਾਂ ਦੇ ਬਹੁਤੇ ਘਰ ਪੱਕੇ ਹਨ। ਦਾਲਾਂ, ਆਟਾ', ਗੁੜ-ਸ਼ੱਕਰ ਰੱਖਣ ਲਈ ਲੋਹੇ ਦੀ ਚੱਦਰ ਦੇ ਜਾਂ ਐਲੂਮੀਨੀਅਮ ਦੀਆਂ ਬਣੀਆਂ ਭੜੋਲੀਆਂ/ਢੋਲੀਆਂ ਮਿਲ ਜਾਂਦੀਆਂ ਹਨ। ਹੁਣ ਮਿੱਟੀ ਦੀਆਂ ਬਣੀਆਂ ਭੜੋਲੀਆਂ ਦਾ ਯੁੱਗ ਬੀਤ ਗਿਆ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.