ਮਹਾਕਾਵਿ

ਲੰਮੀ ਬਿਰਤਾਂਤਕ ਕਵਿਤਾ, ਆਮ ਤੌਰ 'ਤੇ ਬਹਾਦਰੀ ਦੇ ਕੰਮਾਂ ਦਾ ਵੇਰਵਾ ਦਿੰਦੀ ਹੈ

ਮਹਾਕਾਵਿ ਸੰਸਕ੍ਰਿਤ ਆਚਾਰੀਆ ਅਨੁਸਾਰ ਪ੍ਰਬੰਧ ਸੈਲੀ ਵਿੱਚ ਸਰਗਬੱਧ ਵੱਡੀ ਕਵਿਤਾ ਨੂੰ ਕਿਹਾ ਜਾਂਦਾ ਹੈ। ਭਾਰਤੀ ਅਚਾਰੀਆ ਭਾਮਹ ਅਨੁਸਾਰ ਲੰਬੀ ਕਥਾ ਵਾਲਾ, ਮਹਾਨ ਚਰਿਤਰਾਂ ਤੇ ਅਧਾਰਿਤ, ਨਾਟਕੀ ਗੁਣਾਂ ਨਾਲ ਭਰਿਆ ਹੋਇਆ, ਅਤੇ ਅਲੰਕਾਰਕ ਸੈਲੀ ਵਿੱਚ ਲਿਖਿਆ, ਜੀਵਨ ਦੇ ਵੱਖ-ਵੱਖ ਰੂਪਾਂ ਨੂੰ ਵਰਣਨ ਕਰਨ ਵਾਲਾ ਸੁਖਾਂਤ ਕਾਵਿ ਹੀ ਮਹਾਕਾਵਿ ਹੋ ਸਕਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਸਭ ਤੋਂ ਉੱਚੀ ਤੇ ਲੋਕ-ਪ੍ਰਭਾਵੀ ਕਵਿਤਾ ਨੂੰ ਹੀ ਮਹਾਕਾਵਿ ਕਹਿੰਦੇ ਹਨ। ਸਮੁੱਚੇ ਤੌਰ 'ਤੇ ਮਹਾਕਾਵਿ ਉਹ ਕਾਵਿ ਰੂਪ ਹੈ ਜਿਸ ਰਾਹੀਂ ਜੀਵਨ ਦੀ ਕਿਸੇ ਮਹਾਨ ਘਟਨਾ ਨੂੰ ਛੰਦ-ਬੱਧ ਕੀਤਾ ਗਿਆ ਹੋਵੇ। ਇਸਦਾ ਵਿਸ਼ਾ ਕਿਸੇ ਕੌਮ ਜਾਂ ਵਿਅਕਤੀ ਦੇ ਸਾਹਸਿਕ ਕੰਮਾਂ ਦਾ ਸਿਲਸਿਲੇਵਾਰ ਕਾਵਿ-ਬਿਰਤਾਂਤ ਹੁੰਦਾ ਹੈ।[1] ਫ਼ਾਰਸੀ ਵਿੱਚ ਇਸ ਪ੍ਰਕਾਰ ਦੀ ਕਵਿਤਾ ਆਮ ਤੌਰ 'ਤੇ ਮਸ਼ਨਵੀ ਹੁੰਦੀ ਹੈ ਅਤੇ ਇਸ ਲੇਖਣੀ ਵਿੱਚ ਵਿੱਚ ਕੁੱਝ ਦਫਾ ਗੈਰ ਕੁਦਰਤੀ ਘਟਨਾਵਾਂ ਨੂੰ ਵੀ ਦਾਖਲ ਕਰ ਲਿਆ ਜਾਂਦਾ ਹੈ ਪਰ ਇਹ ਕੋਈ ਖੂਬੀ ਨਹੀਂ। ਯੂਰਪ ਵਿੱਚ ਇਸ ਪ੍ਰਕਾਰ ਦੇ ਪ੍ਰਾਚੀਨ ਅਤੇ ਪ੍ਰਸਿੱਧ ਮਹਾਕਾਵਿ ਐਲੀਏਡ ਅਤੇ ਓਡੀਸੀ ਹਨ ਜਿਹਨਾਂ ਨੂੰ ਇੱਕ ਪ੍ਰਾਚੀਨ ਯੂਨਾਨੀ ਕਵੀ ਹੋਮਰ ਨੇ ਰਚਿਆ ਹੈ। ਐਨੇਡ ਨਾਮੀ ਮਹਾਕਾਵਿ ਵੀ ਇੱਕ ਯੂਨਾਨੀ ਕਵੀ ਵਰਜਲ ਦਾ ਕਮਾਲ ਹੈ। ਅੰਗਰੇਜ਼ੀ ਵਿੱਚ ਮਿਲਟਨ ਦੀ "ਗੁਆਚਿਆ ਸੁਰਗ" ਵੀ ਇਸ ਪ੍ਰਕਾਰ ਦਾ ਇੱਕ ਮਹਾਕਾਵਿ ਹੈ। ਭਾਰਤ ਵਿੱਚ ਮਹਾਭਾਰਤ ਅਤੇ ਰਮਾਇਣ ਪ੍ਰਸਿੱਧ ਮਹਾਕਾਵਿ ਹਨ। ਇਹ ਦੋਨੋਂ ਸੰਸਕ੍ਰਿਤ ਵਿੱਚ ਹਨ। ਫ਼ਰਦੋਸੀ ਦਾ ਸ਼ਾਹਨਾਮਾ ਅਤੇ ਨਿਜਾਮੀ ਦਾ ਸਿਕੰਦਰਨਾਮਾ ਫਾਰਸੀ ਦੀਆਂ ਪ੍ਰਸਿੱਧ ਮਸਨਵੀਆਂ ਹਨ। ਉਰਦੂ ਵਿੱਚ ਸ਼ਾਹਨਾਮਾ ਸਲਾਮ (ਲੇਖਕ ਹਫੀਜ਼ ਜਾਲੰਧਰੀ) ਵੀ ਇਸ ਪ੍ਰਕਾਰ ਦੀ ਇੱਕ ਕਿਤਾਬ ਹੈ ਜਿਸ ਵਿੱਚ ਇਸਲਾਮ ਦੇ ਇਤਿਹਾਸ ਨੂੰ ਕਵਿਤਾ ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ।

ਹਵਾਲੇ

ਸੋਧੋ
  1. Michael Meyer, The Bedford Introduction to Literature (Bedford: St. Martin's, 2005), 2128. ISBN 0-312-41242-8.