ਮਹਿਮਾਨ ਨਿਵਾਜ਼ ਔਰਤ

ਮਹਿਮਾਨ ਨਿਵਾਜ਼ ਔਰਤ ਇੱਕ ਨਿੱਕੀ ਕਹਾਣੀ ਹੈ ਜੋ ਕਥਾ ਜਪਾਨੀ ਸੰਗ੍ਰਹਿ ਵਿੱਚ ਦਰਜ ਹੈ ਜਿਸਦੇ ਅਨੁਵਾਦਕ ਪੰਜਾਬੀ ਸਾਹਿਤਕਾਰ ਪਰਮਿੰਦਰ ਸੋਢੀ ਹਨ। ਇਸ ਕਹਾਣੀ ਦਾ ਲੇਖਕ ਦਜ਼ਾਈ ਓਸਾਮੂ ਹੈ ਜੋ ਇੱਕ ਜਪਾਨੀ ਲੇਖਕ ਹੈ। ਇਸ ਕਹਾਣੀ ਵਿੱਚ ਲੇਖਕ ਨੇ ਔਰਤ ਦੀ ਸੰਵੇਦਨਾ ਨੂੰ ਆਧਾਰ ਬਣਾਇਆ। ਇਹ ਕਹਾਣੀ ਇੱਕ ਔਰਤ ਨੂੰ ਕੇਂਦਰ ਵਿੱਚ ਰੱਖ ਕੇ ਰਚੀ ਗਈ ਹੈ ਜੋ ਆਪਣੀ ਸਾਰੀ ਜ਼ਿੰਦਗੀ ਮਹਿਮਾਨਾਂ ਦੀ ਸੇਵਾ ਨਿਰਸਵਾਰਥ ਭਾਵ ਅਤੇ ਤਹਿ ਦਿਲ ਨਾਲ ਕਰਦੀ ਹੈ। ਕਹਾਣੀ ਦੇ ਸਿਰਲੇਖ ਤੋਂ ਹੀ ਕਹਾਣੀ ਵਿਚਲੀ ਔਰਤ ਦੀ ਸਹਿਨਸ਼ੀਲਤਾ ਉਜਾਗਰ ਹੁੰਦੀ ਹੈ। ਦਜ਼ਾਈ ਰਹਿਮਦਿਲੀ ਅਤੇ ਨਾਜ਼ੁਕ ਦਿਲੀ ਨੂੰ ਔਰਤ ਦੀ ਕੁਦਰਤੀ ਨੈਤਿਕ ਗੁਣ ਮੰਨਦਾ ਹੈ।

ਕਥਾਨਕ

ਸੋਧੋ

ਕਹਾਣੀ ਦਾ ਆਰੰਭ ਮੈਂ ਪਾਤਰ (ਉਮਾ) ਤੋਂ ਹੁੰਦਾ ਹੈ ਜੋ ਆਪਣੀ ਮਾਲਕਿਨ,ਔਰਤ ਦੀ ਸੰਵੇਦਨਸ਼ੀਲਤਾ ਦੀ ਮੂਰਤ ਦਾ ਪ੍ਰਤੀਕ,ਦੇ ਜੀਵਨ ਦਾ ਯਥਾਰਥ ਪੇਸ਼ ਕਰਦੀ ਹੈ। ਉਮਾ ਆਪਣੀ ਮਾਲਕਿਨ ਦੇ ਜੀਵਨ ਦੀਆਂ ਤਕਲੀਫਾਂ ਦਾ ਕਾਰਨ ਉਸ ਦੇ ਨਰਮ ਸੁਭਾਅ ਨੂੰ ਮੰਨਦੀ ਹੈ। ਉਮਾ ਦੀ ਮਾਲਕਿਨ ਦਾ ਪਤੀ ਟੋਕੀਯੋ ਯੂਨੀਵਰਸਿਟੀ ਵਿੱਚ ਪ੍ਰੋ. ਸੀ ਜਿਸ ਨੂੰ ਫੌਜੀ-ਸੇਵਾ ਲਈ ਨਿਯੁਕਤ ਕੀਤਾ ਗਿਆ ਅਤੇ ਉਸਨੂੰ ਅਚਾਨਕ ਦੱਖਣੀ ਟਾਪੂਆਂ ਵਿੱਚ ਭੇਜ ਦਿੱਤਾ ਗਿਆ ਜਿਥੋਂ ਉਹ ਕਦੀ ਲੋਟ ਕੇ ਨਹੀਂ ਆਇਆ। ਉਸ ਦੀ ਮਾਲਕਿਨ ਹਮੇਸ਼ਾ ਆਪਣੇ ਪਤੀ ਦੇ ਰਿਸ਼ਤੇਦਾਰਾਂ ਦੀ ਸੇਵਾ ਕਰਨ ਵਿੱਚ ਰੁੱਝੀ ਰਹਿੰਦੀ ਸੀ।

ਇੱਕ ਦਿਨ ਬਜ਼ਾਰ ਵਿੱਚ ਉਮਾ ਅਤੇ ਉਸ ਦੀ ਮਾਲਕਿਨ ਨੂੰ ਪ੍ਰੋ. ਸਾਸਾਜੀਮਾ ਮਿਲ ਗਿਆ ਜੋ ਉਸ ਦੀ ਮਾਲਕਿਨ ਦਾ ਮਿਡਲ ਸਕੂਲ ਵਿੱਚ ਜਮਾਤੀ ਸੀ ਅਤੇ ਉਸ ਦੇ ਮਾਲਿਕ ਮਾਲਕਿਨ ਪਹਿਲਾਂ ਜਿਥੇ ਰਹਿੰਦੇ ਸਨ ਪ੍ਰੋ. ਸਾਸਾਜੀਮਾ ਉਹਨਾਂ ਦਾ ਗੁਆਂਡੀ ਸੀ। ਪਰੰਤੂ ਨਵੇਂ ਕਸਬੇ ਵਿੱਚ ਆ ਕੇ ਵਸਣ ਤੋਂ ਬਾਅਦ ਉਹਨਾਂ ਦਾ ਸਾਸਾਜੀਮਾ ਨਾਲ ਕੋਈ ਸੰਬਧ ਨਹੀਂ ਰਿਹਾ ਸੀ। ਅਚਾਨਕ ਸਾਸਾਜੀਮਾ ਦੇ ਮਿਲਣ ਤੋਂ ਮਾਲਕਿਨ ਨੇ ਉਸਨੂੰ ਘਰ ਆਉਣ ਦਾ ਸੱਦਾ ਦਿੱਤਾ ਅਤੇ ਪ੍ਰੋ. ਉਸ ਦੇ ਨਾਲ ਘਰ ਵਾਲ ਤੁਰ ਪਿਆ। ਉਮਾ ਦੀ ਮਾਲਕਿਨ ਸਾਸਾਜੀਮਾ ਦੀ ਮਹਿਮਾਨ ਨਿਵਾਜ਼ੀ ਵਿੱਚ ਲੱਗ ਜਾਂਦੀ ਹੈ ਅਤੇ ਘਬਰਾਹਟ ਵਿੱਚ ਭੱਜਦੀ ਫਿਰਦੀ ਹੈ। ਪ੍ਰੋ. ਸਾਸਾਜਿਮਾ,ਉਮਾ ਦੀ ਮਾਲਕਿਨ ਨੂੰ ਆਪਣੀ ਜ਼ਿੰਦਗੀ ਬਾਰੇ ਦੱਸ ਕੇ ਭਾਵੁਕ ਕਰ ਦਿੰਦਾ ਹੈ। ਉਹ ਕਹਿੰਦਾ ਹੈ ਕਿ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਉਸਨੂੰ ਜੰਗ ਲਈ ਜਾਣਾ ਪਿਆ ਅਤੇ ਉਸ ਦਾ ਘਰ ਜੰਗ ਸਮੇਂ ਤਬਾਹ ਹੋ ਗਿਆ ਤੇ ਉਸ ਦੀ ਪਤਨੀ ਆਪਣੇ ਬੱਚੇ ਨੂੰ ਲਈ ਕੇ ਆਪਣੇ ਪੇਕੇ ਘਰ ਚਲੀ ਗਈ ਹੈ ਜਿਸ ਕਾਰਨ ਹੁਣ ਉਹ ਇਕੱਲਾ ਰਹੀ ਗਿਆ ਹੈ। ਸਾਸਾਜੀਮਾ ਦੀ ਸੇਵਾ ਉਹ ਭੱਜ-ਭੱਜ ਕਰਦੀ ਹੈ ਅਤੇ ਉਹ,ਮਾਲਕਿਨ ਨੂੰ ਫਰਮਾਇਸ਼ ਤੇ ਫਰਮਾਇਸ਼ ਕਰ ਰਿਹਾ ਸੀ ਜਿਸ ਨੂੰ ਉਹ ਪੂਰਾ ਕਰਦੀ ਜਾ ਰਹੀ ਸੀ।

ਸਾਸਾਜੀਮਾ ਜਾਂਦੇ ਹੋਏ ਉਮਾ ਦੀ ਮਾਲਕਿਨ ਨੂੰ ਕਹਿੰਦਾ ਹੈ ਕਿ ਉਹ ਅਗਲੀ ਵਾਰ ਆਪਣੇ ਕੁੱਝ ਦੋਸਤਾਂ ਨੂੰ ਲਈ ਕੇ ਆਵੇਗਾ ਤਾਂ ਉਸ ਦੀ ਮਾਲਕਿਨ ਨੇ ਖੁਸ਼ ਹੋ ਕੇ ਇਸ ਗੱਲ ਨੂੰ ਪ੍ਰਵਾਨ ਕੀਤਾ। ਕੁੱਝ ਦਿਨਾਂ ਬਾਅਦ ਹੀ ਪ੍ਰੋ. ਆਪਣੇ ਤਿੰਨ ਦੋਸਤਾਂ ਨੂੰ ਲੈ ਕੇ ਉਮਾ ਦੀ ਮਾਲਕਿਨ ਦੇ ਘਰ ਪਹੁੰਚਦਾ ਹੈ ਜਿਹਨਾਂ ਵਿੱਚ ਦੋ ਮਰਦ ਅਤੇ ਇੱਕ ਔਰਤ ਸੀ। ਉਹ ਸਾਰੀ ਰਾਤ ਉਸ ਦੇ ਘਰ ਗੈਸਟ-ਰੂਮ ਵਿੱਚ ਬੈਠ ਕੇ ਪੀਂਦੇ ਰਹੇ ਅਤੇ ਉਮਾ ਤੇ ਉਸ ਦੀ ਮਾਲਕਿਨ ਉਹਨਾਂ ਦੀ ਸੇਵਾ ਵਿੱਚ ਲੱਗੀਆਂ ਰਹੀਆਂ। ਉਮਾ ਨੂੰ ਕੰਮ ਕਾਰਨ ਤਕਲੀਫ਼ ਹੁੰਦੇ ਵੇਖ ਉਸ ਦੀ ਮਾਲਕਿਨ ਉਸ ਤੋਂ ਵਾਰ-ਵਾਰ ਮੁਆਫ਼ੀ ਮੰਗਦੀ ਹੈ। ਹੁਣ ਇਹ ਸਿਲਸਲਾ ਰੋਜ਼-ਰੋਜ਼ ਚਲਣ ਲਗ ਪਿਆ ਅਤੇ ਉਮਾ ਦੇ ਵਾਰ-ਵਾਰ ਕਹਿਣ ਤੋਂ ਬਾਅਦ ਵੀ ਉਸ ਦੀ ਮਾਲਕਿਨ ਪ੍ਰੋ. ਅਤੇ ਉਸ ਦੇ ਦੋਸਤਾਂ ਨੂੰ ਵਿਚਾਰੇ ਤੇ ਬੇਸਹਾਰੇ ਦੱਸ ਕੇ ਉਹਨਾਂ ਦੀ ਸੇਵਾ ਵਿੱਚ ਲਗੀ ਰਹਿੰਦੀ। ਉਸ ਦੀ ਮਾਲਕਿਨ ਦੀ ਜਾਇਦਾਦ ਦਿਨੋ-ਦਿਨ ਘੱਟਦੀ ਜਾ ਰਹੀ ਸੀ।

ਦਿਨ-ਰਾਤ ਕੰਮ ਕਰਣ ਅਤੇ ਆਰਾਮ ਨਾ ਮਿਲਣ ਕਰ ਕੇ ਉਹ ਦਿਨੋ-ਦਿਨ ਬੀਮਾਰ ਹੁੰਦੀ ਰਹਿੰਦੀ ਹੈ। ਉਮਾ,ਉਸ ਦੀ ਮਾਲਕਿਨ ਖੂਨ ਦੀਆਂ ਉਲਟੀਆਂ ਲਗੀਆਂ ਵੇਖ ਕੇ ਘਬਰਾ ਜਾਂਦੀ ਹੈ ਅਤੇ ਉਹ ਆਪਣੀ ਮਾਲਕਿਨ ਨੂੰ ਉਸ ਦੀ ਮਾਲਕਿਨ ਦੇ ਪੇਕੇ ਘਰ ਛੱਡ ਆਉਣ ਲਈ ਦੋ ਟਿਕਟਾਂ ਖ਼ਰੀਦ ਲਿਆਉਂਦੀ ਹੈ ਤਾਕਿ ਉਸ ਦੀ ਮਾਲਕਿਨ ਨੂੰ ਕੁੱਝ ਦਿਨਾਂ ਲਈ ਉੱਥੇ ਜਾ ਕੇ ਆਰਾਮ ਕਰਣ ਦਾ ਮੌਕਾ ਮਿਲ ਸਕੇਗਾ। ਉਮਾ ਇਸ ਗੱਲ ਤੋਂ ਬਹੁਤ ਖੁਸ਼ ਸੀ ਕਿ ਪ੍ਰੋ. ਅਤੇ ਉਸ ਦੇ ਦੋਸਤ ਕੁੱਝ ਦਿਨਾਂ ਤੋਂ ਉਹਨਾਂ ਦੇ ਘਰ ਨਹੀਂ ਆ ਰਹੇ ਸੀ। ਉਮਾ ਨੇ ਸਾਰੇ ਘਰ ਦੇ ਦਰਵਾਜ਼ੇ ਤੇ ਖਿੜਕਿਆਂ ਛੇਤੀ-ਛੇਤੀ ਬੰਦ ਕਰ ਦਿੱਤੇ ਕਿਉਂਕਿ ਉਹ ਚਾਹੁੰਦੀ ਸੀ ਕਿ ਪ੍ਰੋ. ਦੇ ਆਉਣ ਤੋਂ ਪਹਿਲਾਂ ਉਹ ਆਪਣੀ ਮਾਲਕਿਨ ਨੂੰ ਘਰੋਂ ਲਈ ਕੇ ਤੁਰ ਜਾਣਾ ਚਾਹੁੰਦੀ ਸੀ।

ਉਮਾ ਤੇ ਉਸ ਦੀ ਮਾਲਕਿਨ ਜਦੋਂ ਘਰ ਤੋਂ ਬਾਹਰ ਨਿਕਲਦੀਆਂ ਹਨ ਤਾਂ ਅਚਾਨਕ ਪ੍ਰੋ. ਆ ਜਾਂਦਾ ਹੈ ਅਤੇ ਉਹ ਪੁੱਛਦਾ ਹੈ ਕਿ ਉਹ ਕਿੱਥੇ ਜਾ ਰਹੇ ਹਨ। ਉਸ ਦੀ ਮਾਲਕਿਨ ਘਬਰਾਹਟ ਵਿੱਚ ਉਮਾ ਨੂੰ ਆਪਣਾ ਸਮਾਨ ਵਾਲਾ ਬੈਗ ਦੇਣ ਦੀ ਬਜਾਏ ਸਮਾਨ ਲਿਆਉਣ ਵਾਲਾ ਬੈਗ ਫੜਾ ਦਿੰਦੀ ਹੈ। ਜਦੋਂ ਉਮਾ ਬੈਗ ਖੋਲ ਕੇ ਵੇਖਦੀ ਹੈ ਤਾਂ ਉਸ ਵਿੱਚ ਉਸ ਦੀ ਮਾਲਕਿਨ ਦੀ ਟਿਕਟ ਦੇ ਦੋ ਟੋਟੇ ਮਿਲਦੇ ਹਨ ਜਿਸਦੇ ਟੁਕੜੇ ਮਾਲਕਿਨ ਨੇ ਪ੍ਰੋ. ਨੂੰ ਵੇਖਦੇ ਹੀ ਕਰ ਦਿੱਤੇ ਸੀ। ਇਹ ਵੇਖ ਕੇ ਉਮਾ ਵੀ ਆਪਣੀ ਟਿਕਟ ਦੇ ਦੋ ਟੁਕੜੇ ਕਰ ਦਿੰਦੀ ਹੈ ਅਤੇ ਬੈਗ ਚੁੱਕ ਕੇ ਬਜ਼ਾਰ ਵੱਲ ਚਲੀ ਜਾਂਦੀ ਹੈ।

ਪਾਤਰ

ਸੋਧੋ
  • ਉਮਾ (ਨੌਕਰਾਣੀ-ਮੈਂ ਪਾਤਰ)
  • ਮਾਲਕਿਨ
  • ਪ੍ਰੋ. ਸਾਸਾਜੀਮਾ
  • ਪ੍ਰੋ. ਸਾਸਾਜੀਮਾ ਦੇ ਦੋਸਤ (ਦੋ ਮਰਦ ਅਤੇ ਇੱਕ ਔਰਤ)