ਨਰਾਇਣ ਦਾਸ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਇਤਹਾਸਿਕ ਗੁਰਦਵਾਰੇ ਨਨਕਾਣਾ ਸਾਹਿਬ ਦਾ ਮਹੰਤ ਸੀ। ਉਹਨਾਂ ਦਿਨਾਂ ਵਿੱਚ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੋਸ਼ਿਸ਼ ਸੀ ਕਿ ਮਹੰਤਾਂ ਨੂੰ ਸਮਝਾ-ਬੁਝਾ ਕੇ ਗੁਰਦਵਾਰਿਆਂ ਦਾ ਪ੍ਰਬੰਧ ਹੋਲੀ-ਹੋਲੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਲਿਆਂਦਾ ਜਾਵੇ। ਇਸ ਕਾਰਜ ਵਿੱਚ ਉਹ ਸਫਲ ਵੀ ਹੋ ਰਹੇ ਸਨ ਪਰ ਅੰਗ੍ਰੇਜ਼ ਸਰਕਾਰ ਦੀ ਸ਼ਹਿ ਕਰਕੇ ਕਾਫੀ ਮਹੰਤ ਗੁਰਦਵਾਰਿਆਂ ਨੂੰ ਆਪਣੀ ਨਿਜੀ ਜਾਇਦਾਦ ਸਮਝਦੇ ਸਨ ਤੇ ਕਬਜੇ ਛੱਡਣ ਤੋਂ ਇਨਕਾਰੀ ਸਨ। ੨੬ ਜਨਵਰੀ ੧੯੨੧ ਨੂੰ ਤਰਨਤਾਰਨ ਗੁਰਦਵਾਰੇ ਅੰਦਰ ਪਾਠ ਕਰ ਰਹੇ ਸਿੱਖਾਂ ਤੇ ਹਮਲਾ ਕਰਕੇ ਮਹੰਤ ਨੇ ਅਕਾਲੀ ਜਥੇ ਦੇ ੨ ਵਿਅਕਤੀ ਮਾਰ ਦਿਤੇ ਸਨ। ਇਸ ਘਟਣਾਂ ਤੋਂ ਉਤਸ਼ਾਹਿਤ ਹੋ ਕੇ ਨਨਕਾਣਾ ਸਾਹਿਬ ਗੁਰਦਵਾਰੇ ਦਾ ਮਹੰਤ ਹੰਕਾਰ ਗਿਆ ਤੇ ਉਸਨੇ ਅੰਗ੍ਰੇਜ਼ ਸਰਕਾਰ ਨਾਲ ਰਲ ਕੇ ਸਿੱਖਾਂ ਨੂੰ ਸਬਕ ਸਿਖਾਓੰਣ ਦੇ ਇਰਾਦੇ ਨਾਲ ਕਤਲੇਆਮ ਦੀ ਸਾਜਿਸ਼ ਘੜੀ। ਉਸ ਨੇ ਗੁਰਦਵਾਰੇ ਨੂੰ ਇੱਕ ਕਿਲੇ ਵਿੱਚ ਤਬਦੀਲ ਕਰ ਦਿੱਤਾ ਤੇ ਸਿੱਖ ਜਥੇ ਨੂੰ ਅੰਦਰ ਪ੍ਰਵੇਸ਼ ਕਰਣ ਬਾਅਦ ਘੇਰ ਕੇ ਖਤਮ ਕਰ ਦੇਣ ਦਾ ਮਨਸੂਬਾ ਬਣਾਇਆ। ੨੦ ਫਰਵਰੀ ੧੯੨੧ ਨੂੰ ਨਨਕਾਣਾ ਸਾਹਿਬ ਦੇ ਗੁਰਦਵਾਰੇ ਅੰਦਰ ੨੦੦ ਸਿਖਾਂ ਨੂੰ ਮਹੰਤ ਨਰਾਇਣ ਦਾਸ ਨੇ ਮਰਵਾ ਦਿੱਤਾ। ਕਮਿਸ਼ਨਰ ਕਿੰਗ ਤੇ ਡੀ.ਸੀ ਕ੍ਰ੍ਰੀ ਦੀ ਸਹਿਮਤੀ ਨਾਲ ਹੀ ਮਹੰਤ ਨਰਾਇਣ ਦਾਸ ਨੇ ਕਤਲੇਆਮ ਦਾ ਇਹ ਸਾਰਾ ਕਾਰਾ ਕੀਤਾ ਸੀ। ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੰਗ ਸੀ ਕਿ ਮਹੰਤ ਨਰਾਇਣ ਦਾਸ ਦੇ ਨਾਲ-ਨਾਲ ਇਸ ਕਤਲੇਆਮ ਦਾ ਕੇਸ ਦੋਹਾਂ ਅੰਗ੍ਰੇਜ਼ ਅਫਸਰਾਂ ਤੇ ਵੀ ਦਰਜ ਕੀਤਾ ਜਾਵੇ। ਅੰਗ੍ਰੇਜ਼ ਸਰਕਾਰ ਵਲੋਂ ਇਹ ਮੰਗ ਠੁਕਰਾ ਦੇਣ ਤੋਂ ਬਾਅਦ ਸਿੱਖ ਸਿਆਸਤ ਨੇ ਵੱਡਾ ਮੋੜ ਕਟਿਆ ਤੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ੨੫ ਅਗਸਤ ੧੯੨੧ ਨੂੰ ਮਤਾ ਪਾਸ ਕਰਕੇ ਅੰਗ੍ਰੇਜ਼ ਹਕੂਮਤ ਵਿਰੁੱਧ ਨਾ-ਮਿਲਵਰਤਣ ਦੀ ਲਹਿਰ ਸ਼ੁਰੂ ਕਰ ਦਿੱਤੀ। ਕੋਮੀ ਆਜ਼ਾਦੀ ਲਈ ਪਹਿਲਾਂ ਹੀ ਚੱਲ ਰਹੀ ਸ਼ਾਂਤਮਈ ਨਾ-ਮਿਲਵਰਤਣ ਦੀ ਲਹਿਰ ਨੂੰ ਮਹੰਤਾਂ ਤੋਂ ਗੁਰਦਵਾਰੇ ਅਜ਼ਾਦ ਕਰਾਓਣ ਨਾਲ ਜੋੜਣ ਦੀ ਇਸ ਸੋਚ ਨੇ ਕੌਮੀ ਆਜ਼ਾਦੀ ਤੇ ਗੁਰਦਵਾਰੇ ਅਜ਼ਾਦ ਕਰਾਵਣ ਦੀਆਂ ਲਹਿਰਾਂ ਨੂੰ ਇੱਕ-ਮਿੱਕ ਕਰ ਦਿੱਤਾ।[1]

ਹਵਾਲੇ ਸੋਧੋ

  1. My Tryst with Secularism,An Autobiography by Sohan Singh Josh,page 30-31