ਮਾਤਾ ਦੀਆਂ ਭੇਟਾਂ ਲੋਕ ਗੀਤਾਂ ਦਾ ਇੱਕ ਰੂਪ ਹਨ। ਦੇਵੀ ਮਾਤਾ ਨੂੰ ਸਮਰਪਿਤ ਸ਼ਰਧਾ ਦੇ ਗੀਤਾਂ ਨੂੰ ਮਾਤਾ ਦੀਆਂ ਭੇਟਾਂ ਕਿਹਾ ਜਾਂਦਾ ਹੈ।

ਮਾਤਾ ਅਤੇ ਭੇਟਾਂ ਦੋਵੇਂ ਸ਼ਬਦ ਸਾਧਾਰਨ ਭਾਸ਼ਾ ਵਾਲ਼ੇ ਨਹੀਂ, ਪਰਿਭਾਸ਼ਾ ਦੇ ਹਨ। ਇਸ ਲਈ ਮਾਤਾ ਦੀਆਂ ਭੇਟਾਂ ਦੇ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ ਲਈ ਤੋਂ ਪਹਿਲੇ ‘ਮਾਤਾ’ ਤੇ ‘ਭੇਟਾਂ’ ਦੇ ਪਰਿਭਾਸ਼ਕ, ਧਾਰਮਿਕ, ਸੱਭਿਆਚਾਰਕ ਤੇ ਮਿਥਿਹਾਸਿਕ ਅਰਥਾਂ ਤੇ ਚਾਨਣਾ ਪਾਉਣਾ ਜ਼ਰੂਰੀ ਹੈ।

ਮਾਤਾ ਦਾ ਸੰਕਲਪ ਜਾਂ ਅਰਥ

ਸੋਧੋ

ਮਾਤਾ ਸ਼ਬਦ ਦੇ ਅਰਥ ਕੋਸ਼ ਵਿੱਚੋਂ ਲੱਭਣ ਦੀ ਲੋੜ ਨਹੀਂ।ਮਾਤਾ ਦੀਆਂ ਭੇਟਾਂ ਤੋਂ ਹੀ ਮਾਤਾ ਦਾ ਸੰਕਲਪ ਮਿਲ ਸਕਦਾ ਹੈ। ਆਮ ਭਾਸ਼ਾ ਵਿੱਚ ਮਾਤਾ ਦਾ ਅਰਥ ‘ਮਾਂ’ ਹੈ। ਜਿਸ ਦਾ ਸੰਬੰਧ ਆਪਣੇ ਪੁੱਤਰ ਦੇ ਪਿਓ (ਯਾਨੀ ਆਪਣੇ) ਨਾਲ਼ ਹੁੰਦਾ ਹੈ ਅਤੇ ਸਮਾਜ ਵਿੱਚ ਉਹੋ ਮਾਂ ਕਿਸੇ ਦੀ ਪਤਨੀ, ਕਿਸੇ ਦੀ ਧੀ, ਕਿਸੇ ਦੀ ਨੂੰਹ ਅਤੇ ਕਿਸੇ ਦੀ ਭੈਣ ਆਦਿ ਹੋ ਸਕਦੀ ਹੈ। ਪਰ ਭੇਟਾਂ ਵਿੱਚ ਆਉਣ ਮਾਤਾ ਦੇ ਸੰਬੰਧ ਪਰਾ-ਸਰੀਰਕ ਹਨ। ਉਹ ਨਿਰਜੀਵ ਮੂਰਤੀਮਾਨ ਦ੍ਰਿਸ਼, ਆਮ ਦ੍ਰਿਸ਼ਟੀ ਦੀ ਆਕ੍ਰਿਤੀ ਤੋਂ ਵੱਖਰੀ, ਕਈ ਸ਼ਕਤੀਆਂ ਦਾ ਸੰਜਮ, ਪੁਰਸ਼ ਅਤੇ ਇਸਤਰੀ ਦਾ ਇੱਕੋ ਰੂਪ, ਧਰਮ ਨਾਲ਼ ਅਸਬੰਧਿਤ, ਕੰਜਕਾਂ ਦੇ ਰੂਪ ਵਿੱਚ ਚਿੰਤਪੁਰਨੀ, ਰਾਖ਼ਸ਼ਸ਼ ਅਤੇ ਦੇਵੀ ਵ੍ਰਿਤੀ ਦਾ ਮੇਲ ਆਦਿ ਤੋਂ ਹੈ।

ਮਾਤਾ ਸ਼ਬਦ ਦੇ ਮਿਥਿਹਾਸਿਕ ਅਰਥ

ਸੋਧੋ

ਸ਼ੇਰਾਂ ਵਾਲ਼ੀ, ਸਿੰਹ ਵਾਹਨੀ, ਸੂਹੇ ਚੋਲੇ ਵਾਲ਼ੀ, ਨੈਣਾ ਦੇਵੀ, ਜਗਦੰਬੇ,ਵੈਸ਼ਨੋ,ਮਈਆ ਰਾਣੀ,ਮਨਸਾ, ਪਾਬਤੀ, ਹੋਮਵਤੀ,ਚੰਡੀ, ਚੰਡਿਕਾ, ਦੁਰਗਾ, ਭੈਰਵੀ, ਕਾਂਗੜੇ ਵਾਲ਼ੀ, ਚਾਮੁੰਡਾ ਆਦਿ ਹਨ।

ਭੇਟ ਦਾ ਸੰਕਲਪ

ਸੋਧੋ

ਜਿੱਥੋਂ ਤਕ ‘ਭੇਟ’ ਸ਼ਬਦ ਦੇ ਅਰਥ ਦਾ ਸੰਕਲਪ ਹੈ, ਇਸ ਸ਼ਬਦ ਬਾਰੇ ਆਮ ਕੋਸ਼ ਜਾਣਕਾਰੀ ਨਹੀਂ ਦੇ ਸਕਦਾ। ਆਮ ਭਾਸ਼ਾ ਵਿੱਚ ਭੇਟ ਦਾ ਅਰਥ ਚੜ੍ਹਾਵਾ ਹੈ। ਗੁਰਬਾਣੀ ਵਿੱਚ ਭੇਟ ਦਾ ਅਰਥ ਮਿਹਰ, ਨਦਰ ਅਤੇ ਮੇਲ ਵੀ ਹੈ। ਕਾਨ੍ਹ ਸਿੰਘ ਨਾਭਾ ਦੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਵਿੱਚ ਭੇਟ ਦਾ ਅਰਥ ਇਸ ਤਰ੍ਹਾਂ ਦਿੱਤਾ ਗਿਆ ਹੈ: ਸੰਗਯਾ – ਮੁਲਾਕਾਤ, ਮਿਲਾਪ, ਭੇਟਾ, ਨਜ਼ਰ ਉਪਹਾਰ।

ਭੇਟਾ ਕਰਨਾ

ਸੋਧੋ

ਦੇਵਤਾ ਅਖਵਾ ਪੂਜਯ ਪੁਰਖ ਦੇ ਅੱਗੇ ਕੋਈ ਵਸਤੂ ਅਰਪਣ ਕਰਨੀ। ਭੇਟ ਨੂੰ ਆਮ ਕਰ ਕੇ ਇੱਕ ਤਰ੍ਹਾਂ ਦਾ ਲੋਕ ਗੀਤ ਕਿਹਾ ਜਾਂਦਾ ਹੈ। ਜਿਸ ਦੇ ਗਾਉਣ ਵੇਲ਼ੇ ਢੋਲ, ਛੈਣੇ ਵਜਦੇ ਹਨ, ਪਰ ਇਹ ਗੀਤ ਨਹੀਂ। ਭੇਟ ਦਾ ਅਰਥ ਹੇਠ ਲਿਖੀ ਭੇਟ ਵਿੱਚ ਮਾਤਾ ਲਈ ਗਾਉਣ ਵਾਲ਼ੀ ਭੇਟ ਅਤੇ ਚੜ੍ਹਾਵਾ ਹੈ: ਹੁਣ ਮਾਤਾ ਦੇ ਦਰ ਤੇ ਜਾ ਪਹੁੰਚੀ, ਚੜ੍ਹਾ ਲੈਣ ਦਿਓ ਚੜ੍ਹਾ ਲੈਣ ਦਿਓ, ਹੁਣ ਮਾਤਾ ਦੀਆਂ ਭੇਟਾਂ ਚੜ੍ਹਾ ਲੈਣ ਦਿਓ।

ਮਾਤਾ ਦੀਆਂ ਭੇਟਾਂ ਮਾਤਾ ਦੀ ਸ਼ਰਧਾ ਵਿੱਚ ਗਾਏ ਜਾਣ ਵਾਲ਼ੇ ਲੋਕ ਗੀਤ ਹਨ। ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਇਹਨਾਂ ਨੂੰ ਮਾਤਾ ਦੇ ਗੀਤ ਕਿਹਾ ਜਾਂਦਾ ਹੈ। ਦੇਵੀ ਮਾਤਾ ਨੂੰ ਖ਼ੁਸ਼ ਕਰਨ ਲਈ ਜਾਂ ਆਪਣੀਆਂ ਇੱਛਾਵਾਂ ਪੂਰਤੀ ਲਈ ਜਿਵੇਂ ਸ਼ਰਧਾਲੂ ਦੁਆਰਾ ਨਾਰੀਅਲ, ਮੌਲੀ, ਗਰੀ, ਧੂਫ਼, ਛੁਆਰ, ਪਤਾਸੇ, ਢੋਲ, ਚੁੰਨੀ, ਸੰਧੂਰ, ਚੂੜਾ, ਕਲੀਰੇ ਆਦਿ ਵਸਤਾਂ ਪੂਜਾ ਸਮਗਰੀ ਵਜੋਂ ਦੇਵੀ ਮਾਤਾ ਨੂੰ ਭੇਟ ਕੀਤੀਆਂ ਜਾਂਦੀਆਂ ਹਨ। ਠੀਕ ਇਸੇ ਭਾਵਨਾ ਨਾਲ਼ ਸ਼ਰਧਾਲੂ ਜਨ ਦੇਵੀ ਦੀ ਉਸਤਤੀ ਦੇ ਗੀਤ ਗਾ ਕੇ ਅਰਾਧਨਾ ਕਰਦੇ ਹਨ।

ਯਾਤਰਾ ਲਈ ਜਾਣਾ

ਸੋਧੋ

ਜਦ ਦੇਵੀ ਸ਼ਰਧਾਲੂ ਲੋਕ ਦੇਵੀ ਮਾਤਾ ਦੀ ਯਾਤਰਾ ਲਈ ਜਾਂਦੇ ਹਨ ਤਾਂ ਰਸਤੇ ਵਿੱਚ ਭੇਟਾਂ ਗਾਈਆਂ ਜਾਂਦੀਆਂ ਹਨ। ਅਜਿਹਾ ਕਰਦੇ ਸਮੇਂ ਇੱਕ ਤਾਂ ਆਪਣੀ ਮਨੋਬਿਰਤੀ ਮਾਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦਾ ਹੈ, ਦੂਜੀ ਲੰਮੀ ਯਾਤਰਾ ਸਮੇਂ ਥਕਾਵਟ ਮਹਿਸੂਸ ਨਹੀਂ ਹੁੰਦੀ।

ਜਗਰਾਤਾ

ਸੋਧੋ

ਭੇਟਾਂ ਜਗਰਾਤਿਆਂ ਦੇ ਮੌਕਿਆਂ ਤੇ ਵੀ ਗਾਈਆਂ ਜਾਂਦੀਆਂ ਹਨ। ਜਗਰਾਤਾ ਮੰਡਲੀਆਂ ਰਾਤ ਨੂੰ ਜਲਸੇ ਅਥਵਾ ਸਮਾਗਮ ਕਰ ਕੇ ਸਾਜ਼ਾਂ ਦੀ ਸਹਾਇਤਾ ਨਾਲ ਸਾਰੀ ਸਾਰੀ ਰਾਤ ਲੰਮੀਆਂ ਹੇਕਾਂ ਨਾਲ਼ ਮਾਤਾ ਦੀਆਂ ਭੇਟਾਂ ਗਾਉਂਦੀਆਂ ਹਨ।

ਨਰਾਤੇ

ਸੋਧੋ

ਜਗਰਾਤਿਆਂ ਤੋਂ ਬਿਨਾਂ ਨਰਾਤਿਆਂ ਦੇ ਦੌਰਾਨ ਮਾਤਾ ਦੀਆਂ ਭੇਟਾਂ ਗਾਉਣ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ।ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੇਵੀ ਦੀਆਂ ਭੇਟਾਂ ਗਾਉਣ ਨਾਲ ਚੇਚਕ, ਕਾਕੜਾ, ਖ਼ਸਰਾ ਆਦਿ ਰੋਗ ਦੂਰ ਹੋ ਜਾਂਦੇ ਹਨ। ਪ੍ਰਤੀਨਿਧ ਦੇਵੀਆਂ ਵਿੱਚੋਂ ਵੈਸ਼ਨੋ ਦੇਵੀ, ਚਿੰਤਪੁਰਨੀ, ਜਵਾਲਾ, ਕਾਂਗੜੇ ਵਾਲ਼ੀ, ਮਨਸਾ ਦੇਵੀ, ਦੁਰਗਾ ਦੇਵੀ ਅਥਵਾ ਚੰਡੀ ਦੇਵੀ ਆਦਿ ਖ਼ਾਸ ਵਰਣਨ ਯੋਗ ਹਨ।

ਭੇਟਾਂ ਦਾ ਲੋਕ ਗੀਤਾਂ ਵਿੱਚ ਸਥਾਨ

ਸੋਧੋ

ਮਾਤਾ ਦੀਆਂ ਭੇਟਾਂ ਨੂੰ ਲੋਕ ਗੀਤਾਂ ਦਾ ਸ਼ਰੇਣੀ ਵਿੱਚ ਇਸ ਕਰ ਕੇ ਰੱਖਿਆ ਜਾਂਦਾ ਹੈ ਕਿਉਂ ਜੋ ਇਹ ਲੋਕ ਕੰਠ ਦੁਆਰਾ ਪਰੰਪਰਾਗਤ ਰੂਪ ਵਿੱਚ ਪ੍ਰਾਪਤ ਹੁੰਦੀਆਂ ਹਨ। ਗਾਏ ਜਾਣਾ ਇਹਨਾਂ ਦਾ ਮੁੱਖ ਲੱਛਣ ਹੈ। ਇਹ ਲੋਕ ਸਮੂਹ ਦੀ ਪ੍ਰਵਾਨਗੀ ਲੈ ਕੇ ਪੀੜ੍ਹੀ ਦਰ ਪੀੜ੍ਹੀ ਸਾਜੇ ਤਕ ਪੁੱਜੀਆਂ ਹਨ। ਇਹਨਾਂ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੈ ਅਤੇ ਇਹਨਾਂ ਦਾ ਸੰਚਾਰ ਲੋਕ ਬੋਲੀ ਦੁਆਰਾ ਹੁੰਦਾ ਹੈ। ਅਜਿਹੇ ਸਮੇਂ ਗਾਈਆਂ ਜਾਣ ਵਾਲ਼ੀਆਂ ਭੇਟਾਂ ਦੀਆਂ ਕੁੱਝ ਪੰਕਤੀਆਂ ਇਸ ਤਰਾਂ ਹਨ: 1. ਦੂਰੋਂ ਦੂਰੋਂ ਆਵਣ ਭਗਤਾਂ ਦੇ ਟੋਲੇ 2. ਇੱਕ ਨੀ ਤੇਰੇ ਭਗਤ ਹਜ਼ਾਰਾਂ 3. ਆਵੰਦੇ ਨਜ਼ਾਰੇ ਤੇਰੇ ਸੋਹਣੇ ਸਤਿਸੰਗ ਦੇ ਵਾਸਤਵ ਵਿੱਚ ਮਾਤਾ ਦੀਆਂ ਭੇਟਾ ਨੂੰ ਧਾਰਮਿਕ ਲੋਕ ਗੀਤਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਇਹਨਾਂ ਦੀ ਸਮੁੱਚੀ ਧਾਰਮਿਕ ਹੈ ਅਤੇ ਦੇਵੀ ਮਾਤਾ ਦੇ ਸ਼ਰਧਾਲੂਆਂ ਦੇ ਦਿਲਾਂ ਨੂੰ ਟੁੰਬਦੀਆਂ ਹਨ। ਪਰੰਪਰਾਗਤ ਭੇਟਾਂ ਦੇ ਕੁੱਝ ਨਮੂਨੇ ਇਸ ਪ੍ਰਕਾਰ ਹਨ: 1. ਜਦੋਂ ਯਾਦ ਮਈਆ ਜੀ ਤੇਰੀ ਆਵੇ ਕੱਤੀਆਂ ਨਾ ਜਾਣ ਪੂਣੀਆਂ 2. ਚਿੱਠੀ ਮਈਆ ਦੇ ਮੰਦਰ ’ਚੋਂ ਆਈ ਖੋਲ੍ਹ ਕੇ ਪੜ੍ਹਾ ਭਗਤਾ, ਤੈਨੂੰ .ਯਾਦ ਕਰੇ ਮਹਾਂ ਮਾਈ, ਦਰਸ਼ਨ ਪਾ ਲੈ ਭਗਤਾ। ਪਰੰਪਰਾਗਤ ਭੇਟਾਂ ਦੀ ਲੋਕਪ੍ਰਿਯਤਾ ਤੋਂ ਪ੍ਰਭਾਵਿਤ ਹੋ ਕੇ ਅਜੋਕੇ ਸਮੇਂ ਅੰਦਰ ਕੁੱਝ ਲੇਖਕਾਂ ਨੇ ਲੋਕ ਗੀਤਾਂ ਅਤੇ ਫ਼ਿਲਮੀ ਗੀਤਾਂ ਦੀ ਤਰਜ਼ ਤੇ ਭੇਟਾਂ ਲਿਖੀਆਂ ਹਨ, ਜੋ ਕਾਫ਼ੀ ਹਰਮਨ ਪਿਆਰੀਆਂ ਹਨ: 1. ਮਈਆ ਜੀ ਮੇਰਾ ਕਰਦਾ, ਤੇਰੇ ਦਰ ਦੀ ਖ਼ਾਕ ਹੋ ਜਾਵਾਂ। 2. ਸ਼ੇਰਾਂ ਵਾਲ਼ੀ ਨੂੰ ਲੱਗਦੀ ਹੈ ਪਿਆਰੀ, ਕਿ ਚੁੰਨੀ ਗੁਲਾਨਾਰੀ ਰੰਗ ਦੀ। ਮਾਤਾ ਦੀਆਂ ਭੇਟਾਂ ਵਿੱਚ ਮਿਥਕ ਤੇ ਇਤਿਹਾਸਕ ਹਵਾਲੇ ਨਾ ਮਾਤਰ ਹੀ ਮਿਲਦੇ ਹਨ। ਪਰੰਤੂ ਸਮਾਜਿਕ ਪੱਖਾਂ ਬਾਰੇ ਜ਼ਰੂਰ ਉੱਲੇਖ ਉਪਲਬਧ ਹੈ। ਪਰ ਇਹਨਾਂ ਗੀਤਾਂ ਦੀ ਮੂਲ ਸੁਰ ਧਾਰਮਿਕ ਹੈ। ਇਸ ਤਰ੍ਹਾਂ ਇਹ ਸਾਡੇ ਸੱਭਿਆਚਾਰ ਦਾ ਅਨਿੱਖੜ ਅੰਗ ਹਨ।

ਧਰਮ ਨਿਰਪੱਖਤਾ

ਸੋਧੋ

ਮਾਤਾ ਦੀਆਂ ਭੇਟਾਂ ਵਿੱਚ ਧਰਮ ਨਿਰਪੇਖਤਾ ਦਾ ਲੱਛਣ ਸਪਸ਼ਟ ਤੌਰ 'ਤੇ ਹੁੰਦਾ ਹੈ। ਇਹਨਾਂ ਵਿੱਚ ਕਿਸੇ ਵਿਸ਼ੇਸ਼ ਧਰਮ ਦਾ ਜ਼ਿਕਰ ਨਹੀਂ ਹੈ। ਸਗੋਂ ਸਰਬ ਸਾਂਝਾ ਧਰਮ ਦਿਸ ਆਉਂਦਾ ਹੈ। ਸਾਡੇ ਧਾਰਮਿਕ ਵਿਸ਼ਵਾਸ ਸੁਪਨਿਆਂ ਤੇ ਆਧਾਰਿਤ ਦੰਤ ਕਥਾਵਾਂ, ਪਾਪ ਪੁੰਨ, ਸੇਵਾ ਭਾਵਨਾ, ਰਵਾਇਤੀ ਮਾਨਤਾਵਾਂ ਆਦਿ ਬਾਰੇ ਸੰਕੇਤ ਮਿਲਦੇ ਹਨ। ਰੋਜ਼ਾਨਾ ਜੀਵਨ ਕਾਰ ਵਿਹਾਰ ਅਤੇ ਆਮ ਵਰਤੋਂ ਦੀਆਂ ਵਸਤਾਂ ਦਾ ਵਰਣਨ ਵੀ ਹੈ। ਪਰ ਮੂਲ ਭਾਵਨਾ ਸ਼ਰਧਾਲੂਆਂ ਦੀ ਆਪਣੇ ਇਸ਼ਟ ਬਾਰੇ ਸ਼ਰਧਾ, ਪ੍ਰੇਮ ਅਨੂਠੇ ਸਨੇਹ ਦੀ ਹੈ। ਹਵਾਲੇ: 1. ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, 1996 2. ਡਾ, ਬਲਦੇਵ ਦਾਸ ਗੁਪਤਾ, ਭਾਸ਼ਾ ਵਿਗਿਆਨ ਤੇ ਪੰਜਾਬੀ ਭਾਸ਼ਾ ਦੀ ਬਣਤਰ, ਪੈਪਸੂ ਬੁੱਕ ਡੀਪੂ, ਪਟਿਆਲ਼ਾ।