ਮਿੱਠਾ ਮਹੁਰਾ, ਨਾਨਕ ਸਿੰਘ ਦੁਆਰਾ ਲਿਖਿਆ ਪੰਜਾਬੀ ਨਾਵਲ ਹੈ। ਇਹ ਨਾਵਲ ਸੰਤਾਨ ਪ੍ਰਾਪਤੀ ਦੀ ਸਿੱਕ ਵਿੱਚੋਂ ਪੈਦਾ ਹੋਈ ਦੂਜੇ ਵਿਆਹ ਦੀ ਸਮੱਸਿਆ ਨੂੰ ਪੇਸ਼ ਕਰਦਾ ਹੈ। ਸਰਦਾਰ ਜੋਗਿੰਦਰ ਸਿੰਘ ਅਤੇ ਸ਼ਕੂੰਤਲਾ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰਦੇ ਹਨ ਪਰ ਵਿਹੜੇ ਵਿੱਚ ਬੱਚੇ ਦੀ ਕਿਲਕਾਰੀਆਂ ਦੀ ਅਣਹੋਂਦ ਉਹਨਾਂ ਦੇ ਖੁਸ਼ਹਾਲ ਜੀਵਨ ਵਿੱਚ ਹਲਚਲ ਪੈਦਾ ਕਰ ਦਿੰਦੀ ਹੈ। ਸ਼ਕੂੰਤਲਾ ਆਪਣੇ ਪਤੀ ਨੂੰ ਹਰ ਹਾਲ ਖੁਸ਼ ਦੇਖਣਾ ਚਾਹੁੰਦਾ ਹੈ, ਜਿਸ ਲਈ ਉਹ ਜੋਗਿੰਦਰ ਸਿੰਘ ਦਾ ਦੂਜਾ ਵਿਆਹ ਕਰਵਾਉਣ ਲਈ ਵੀ ਤਿਆਰ ਹੈ। ਜੋਗਿੰਦਰ ਸਿੰਘ ਸ਼ਕੂੰਤਲਾ ਦੀ ਇਸ ਮਨੋਵਿਗਿਆਨਕ ਦਸ਼ਾ ਦਾ ਫਾਇਦਾ ਉਠਾਉਂਦਾ ਹੈ ਅਤੇ ਦੂਜਾ ਵਿਆਹ ਕਰਵਾ ਕੇ ਦਲੀਪ ਕੌਰ ਨੂੰ ਵਿਆਹ ਲਿਆਉਂਦਾ ਹੈ। ਦਲੀਪ ਕੌਰ ਮਾਪਿਆਂ ਦੀ ਗੱਲਾਂ ਵਿੱਚ ਆ ਕੇ ਸ਼ਕੂੰਤਲਾ ਨਾਲ਼ ਸੌਂਕਣਾਂ ਵਰਗਾ ਵਿਵਹਾਰ ਕਰਦੀ ਹੈ। ਉਹ ਭਾਂਤ -ਭਾਂਤ ਦੀਆਂ ਚਾਲਾਂ ਚੱਲ ਕੇ ਸ਼ਕੂੰਤਲਾ ਨੂੰ ਜੋਗਿੰਦਰ ਸਿੰਘ ਦੀਆਂ ਨਜ਼ਰਾਂ ਵਿੱਚ ਗਿਰਾ ਦਿੰਦੀ ਹੈ। ਮਾੜੇ ਵਿਵਹਾਰ ਦੇ ਬਾਵਜੂਦ ਸ਼ਕੂੰਤਲਾ ਮੂੰਹੋਂ ਫੁਟਦੀ ਤੱਕ ਨਹੀਂ। ਦਲੀਪ ਕੌਰ ਆਪਣੀ ਗੁਆਂਢਣ ਸੁਭੱਦਰਾ ਨਾਲ਼ ਮਿਲ਼ ਕੇ ਸ਼ਕੂੰਤਲਾ ਨੂੰ ਘਰੋਂ ਬੇਘਰ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ। ਸ਼ਕੂੰਤਲਾ ਆਪਣੇ ਪੇਕੇ ਘਰ ਰਹਿ ਕੇ ਆਪਣੇ ਆਪ ਨੂੰ ਆਤਮਿਕ ਤੌਰ 'ਤੇ ਉੱਚਾ ਚੁੱਕ ਲੈਂਦੀ ਹੈ ਪਰ ਮਨ ਦੀ ਡੂੰਘੀ ਨੁੱਕਰੇ ਪਤੀਬਰਤਾ ਇਸਤਰੀ ਦਾ ਸਰੂਪ ਉਸ ਨੂੰ ਬੇਚੈਨ ਕਰਦਾ ਰਹਿੰਦਾ ਹੈ। ਹੇਮਰਾਜ ਦਲੀਪ ਕੌਰ ਉੱਪਰ ਮਾੜੀ ਨਜ਼ਰ ਰੱਖਦਾ ਹੈ। ਮੌਕਾ ਮਿਲਣ 'ਤੇ ਬਲੈਕਮੇਲ ਕਰਕੇ ਉਸਦਾ ਸਰੀਰਕ ਸੋਸ਼ਣ ਕਰਦਾ ਹੈ। ਹੌਲ਼ੀ-ਹੌਲ਼ੀ ਜੋਗਿੰਦਰ ਸਿੰਘ ਅਤੇ ਦਲੀਪ ਕੌਰ ਦੇ ਵਿਆਹੁਤਾ ਜੀਵਨ ਵਿੱਚ ਤਰੇੜ ਪੈਣ ਲੱਗ ਜਾਂਦੀ ਹੈ। ਹੌਲ਼ੀ-ਹੌਲ਼ੀ ਦਲ਼ੀਪ ਕੌਰ ਅਤੇ ਹੇਮਰਾਜ ਹੋਰ ਨੇੜੇ ਹੁੰਦੇ ਜਾਂਦੇ ਹਨ ਅਤੇ ਇੱਕ ਦਿਨ ਘਰੋਂ ਭੱਜ ਜਾਂਦੇ ਹਨ। ਵਸੀਅਤ ਦੇ ਅਧਾਰ 'ਤੇ ਘਰ ਨੂੰ ਗਹਿਣੇ ਧਰ ਜਾਂਦੇ ਹਨ। ਇਸ ਨਾਲ਼ ਜੋਗਿੰਦਰ ਸਿੰਘ ਦਾ ਮਾਨਸਿਕ ਤਵਾਜ਼ਨ ਵਿਗੜ ਜਾਂਦਾ ਹੈ। ਉਹ ਘਰੋਂ ਬੇਘਰ ਹੋ ਕੇ ਬੇਆਸਰਿਆਂ ਵਰਗੀ ਜ਼ਿੰਦਗੀ ਬਿਤੀਤ ਕਰਦਾ ਹੈ। ਉਸ ਦੇ ਇਸ ਤਰ੍ਹਾਂ ਘਰੋਂ ਚਲੇ ਜਾਣ ਨਾਲ਼ ਸ਼ਕੂੰਤਲਾ ਅਤੇ ਉਸਦੇ ਭਰਾਵਾਂ ਨੂੰ ਡੂੰਘੀ ਸੱਟ ਵੱਜਦੀ ਹੈ। ਸ਼ਕੂੰਤਲਾ ਆਪਣੇ ਭਰਾਵਾਂ ਦੀ ਮਦਦ ਨਾਲ਼ ਗਹਿਣੇ ਪਏ ਘਰ ਨੂੰ ਛੁਡਾਉਂਦੀ ਹੈ। ਉਸ ਦਾ ਭਰਾ, ਹੇਮਰਾਜ ਅਤੇ ਦਲੀਪ ਕੌਰ ਦੀ ਕੱਲਕੱਤਿਓਂ ਭਾਲ਼ ਕਰਕੇ ਗਹਿਣੇ, ਨਕਦੀ ਅਤੇ ਵਸੀਅਤ ਵਾਪਸ ਲੈ ਕੇ ਆਉਂਦਾ ਹੈ। ਇੱਕ ਦਿਨ ਸ਼ਕੰਤਲਾ ਫਕੀਰ ਬਣੇ ਜੋਗਿੰਦਰ ਨੂੰ ਪਛਾਣ ਲੈਂਦੀ ਹੈ ਅਤੇ ਘਰ ਲਿਆ ਕੇ ਦਿਨ-ਰਾਤ ਟਹਿਲ ਸੇਵਾ ਕਰਦੀ ਹੈ। ਸਾਰੇ ਗੁੱਸੇ-ਗਿਲ੍ਹੇ ਦੂਰ ਹੋ ਜਾਂਦੇ ਹਨ। ਜ਼ਿੰਦਗੀ ਲੀਹ 'ਤੇ ਆ ਜਾਂਦੀ ਹੈ। ਅਚਾਨਕ ਇੱਕ ਦਿਨ ਸੇਵਾ ਸੰਮਤੀ ਵਾਲ਼ੇ ਦਲੀਪ ਕੌਰ ਨੂੰ ਅੱਧਮਰੀ ਹਾਲਤ ਵਿੱਚ ਘਰ ਲੈ ਕੇ ਆ ਜਾਂਦੇ ਹਨ। ਇਸ 'ਤੇ ਜੋਗਿੰਦਰ ਸਿੰਘ ਬੇਸ਼ੱਕ ਨਰਾਜ਼ ਹੁੰਦਾ ਹੈ ਪਰ ਸ਼ਕੂੰਤਲਾ ਛੋਟੀ ਭੈਣ ਸਮਝ ਕੇ ਸੇਵਾ ਕਰਦੀ ਹੈ। ਕਈ ਦਿਨਾਂ ਬਾਅਦ ਇੱਕ ਸੁੰਨਸਾਨ ਥਾਂ 'ਤੇ ਦਲੀਪ ਕੌਰ ਦੀ ਲੋਥ ਮਿਲਦੀ ਹੈ। ਜੋਗਿੰਦਰ ਸਿੰਘ ਅਤੇ ਸ਼ਕੂੰਤਲਾ ਦੇ ਘਰ ਇੱਕ ਬੱਚੇ ਦਾ ਜਨਮ ਹੁੰਦਾ ਹੈ, ਜਿਸ ਨਾਲ਼ ਉਹਨਾਂ ਦੇ ਵਿਹੜੇ ਵਿੱਚ ਮੁੜ ਤੋਂ ਖੁਸ਼ੀਆਂ ਘਰ ਕਰ ਲੈਂਦੀਆਂ ਹਨ।[1]


ਹਵਾਲੇ ਸੋਧੋ

  1. ਮਿੱਠਾ ਮਹੁਰਾ, ਨਾਨਕ ਸਿੰਘ, ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਸੰਸਕਰਨ 1991