ਮੀਂਹ ਜਾਵੇ ਹਨੇਰੀ ਜਾਵੇ

ਮੀਂਹ ਜਾਵੇ ਹਨੇਰੀ ਜਾਵੇ ਸੰਤ ਸਿੰਘ ਸੇਖੋਂ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ।[1]

"ਮੀਂਹ ਜਾਵੇ ਹਨੇਰੀ ਜਾਵੇ"
ਲੇਖਕ ਸੰਤ ਸਿੰਘ ਸੇਖੋਂ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਪਾਤਰ ਸੋਧੋ

  • ਮਹਾ ਕੌਰ (ਬਸੰਤ ਕੌਰ ਦੀ ਸੱਸ)
  • ਬਸੰਤ ਕੌਰ
  • ਮੰਗਲ ਸਿੰਘ (ਬਸੰਤ ਕੌਰ ਦਾ ਪਤੀ)
  • ਗੁਰਦੇਵ ਸਿੰਘ

ਕਥਾਨਕ ਸੋਧੋ

ਮੰਗਲ ਸਿੰਘ ਪੰਝੀ ਕੱਚੇ ਵਿਘੇ ਭੋਇੰ ਦੀ ਕਮਾਈ ਨਾਲ਼ ਗੁਜ਼ਾਰਾ ਨਾ ਚੱਲਣ ਅਤੇ ਕਰਜ਼ਾ ਚੜ੍ਹਦੇ ਜਾਣ ਕਾਰਨ ਮਾਂ ਮਹਾਂ ਕੌਰ ਅਤੇ ਪਤਨੀ ਬਸੰਤ ਕੌਰ ਦੀ ਮਰਜ਼ੀ ਦੇ ਉਲਟ ਫੌਜ ਵਿਚ ਭਰਤੀ ਹੋ ਜਾਂਦਾ ਹੈ। ਬਸੰਤ ਕੌਰ ਨੂੰ ਮੱਝ ਲਈ ਖੇਤੋਂ ਪੱਠੇ ਲੈਣ ਜਾਣਾ ਪੈਂਦਾ ਹੈ। ਬੁੱਢੀ ਮਹਾਂ ਕੌਰ ਨੂੰ ਇਸ ਕਾਰਨ ਬਹੁਤ ਧੁੜਕੂ ਲੱਗਿਆ ਰਹਿੰਦਾ ਹੈ। ਉਹ ਬਸੰਤ ਕੌਰ ਨੂੰ ਤਾੜਨਾ ਕਰਦੀ ਰਹਿੰਦੀ ਹੈ, ਪਰ ਬਸੰਤ ਕੌਰ ਦਾ ਮਨ ਹਾਲੀ ਤੱਕ ਚੰਗਾ ਹੈ ਤੇ ਉਸ ਨੂੰ ਆਪਣੇ ਆਪ ਤੇ ਭਰੋਸਾ ਹੈ। ਜਾਗੀਰਦਾਰ ਹਰਦਿਆਲ ਸਿੰਘ ਦਾ ਪੁੱਤਰ ਗੁਰਦੇਵ ਸਿੰਘ ਬਸੰਤ ਕੌਰ ਨੂੰ ਰਾਹ ਵਿਚ ਮਿਲਦਾ ਅਤੇ ਖੰਘੂਰਾ ਮਾਰ ਕੇ ਲੰਘਣ ਲੱਗਦਾ ਹੈ। ਬਸੰਤ ਕੌਰ ਨੂੰ ਉਸਦੀ ਇਸ ਹਰਕਤ ਤੇ ਕੋਈ ਬਹੁਤਾ ਰੋਸ ਨਹੀਂ ਚੜ੍ਹਦਾ ਸਗੋਂ ਇਕ ਤਰ੍ਹਾਂ ਦਾ ਮਾਣ ਜਿਹਾ ਹੁੰਦਾ ਹੈ। ਦੋ ਕੁ ਮਹੀਨੇ ਬਾਅਦ ਮੰਗਲ ਸਿੰਘ ਪੰਜਾਹ ਰੁਪਏ ਭੇਜਦਾ ਹੈ ਜਿਨ੍ਹਾਂ ਵਿਚੋਂ ਵੀਹਾਂ ਕੁ ਦੇ ਮਹਾਂ ਕੌਰ ਨੇ ਨੂੰਹ ਅਤੇ ਸਾਲ ਕੁ ਦੀ ਪੋਤਰੀ ਨੂੰ ਸਿਆਲੂ ਕੱਪੜੇ ਸੰਵਾ ਦਿੰਦੀ ਹੈ ਤੇ ਇਕ ਸੂਟ ਆਪਣੇ ਲਈ ਲੈਂਦੀ ਹੈ ਤੇ ਹੋਰ ਵੀਹਾਂ ਕੁ ਦੇ ਖਲ-ਵੜੇਵੇਂ ਆਦਿ ਮੱਝ ਲਈ ਆ ਜਾਂਦੇ ਹਨ ਜਿਨ੍ਹਾਂ ਸਦਕਾ ਘਰ ਵਿਚ ਘਿਉ ਜੁੜਦਾ ਜਾਂਦਾ ਹੈ।

ਸੋਲ੍ਹਵੇਂ ਕੁ ਦਿਨ ਬਸੰਤ ਕੌਰ ਚੰਗੀ ਤਰ੍ਹਾਂ ਨ੍ਹਾ ਧੋ ਕੇ ਨਵਾਂ ਸੂਟ ਪਾ ਕੇ ਜਦੋਂ ਉਹ ਖੇਤ ਨੂੰ ਜਾ ਰਹੀ ਤਾਂ ਸੋਚਦੀ ਹੈ ਕਿ ਅੱਜ ਗੁਰਦੇਵ ਸਿੰਘ ਦੇ ਸੰਘ ਵਿਚੋਂ ਖੰਘੂਰਾ ਨਹੀਂ, ਹਉਕਾ ਨਿਕਲੇਗਾ। ਮਿਲੇ ਤਾਂ ਗੁਰਦੇਵ ਸਿੰਘ ਸਚਮੁਚ ਖੰਘੂਰਾ ਨਹੀਂ ਮਾਰਦਾ ਸਗੋਂ ਗੱਲ ਕਰਨ ਦਾ ਹੌਸਲਾ ਕਰਦਾ ਹੈ ਅਤੇ ਮੰਗਲ ਸਿੰਘ ਦੇ ਛੁੱਟੀ ਆਉਣ ਬਾਰੇ ਪੁੱਛਦਾ ਹੈ ਅਤੇ ਇਸ ਤੋਂ ਤੀਜੇ ਕੁ ਦਿਨ ਗੁਰਦੇਵ ਸਿੰਘ ਪੱਠਿਆਂ ਦੀ ਭਰੀ ਚੁੱਕਣ ਦੀ ਸਲਾਹ ਕਰ ਬਸੰਤ ਕੌਰ ਨੂੰ ਭਰੀ ਚੁਕਾ ਦਿੰਦਾ ਹੈ। ਬਸੰਤ ਕੌਰ ਆਪਣੇ ਆਪ ਨੂੰ ਕੁੜੱਕੀ ਵਿਚ ਫਸੀ ਮਹਿਸੂਸ ਕਰਦੀ ਹੈ। ਉਹ ਪੰਜ ਪੈਸੇ ਦੇ ਪਤਾਸੇ ਸੁੱਖਦੀ ਹੈ ਕਿ ਗੁਰਦੇਵ ਸਿੰਘ ਉਸ ਦਾ ਪਿੱਛਾ ਛੱਡ ਦੇਵੇ। ਮਹਾਂ ਕੌਰ ਦੀ ਉਸ ਨੇ ਅੱਗੇ ਵਾਂਗ ਹੀ ਦ੍ਰਿੜ੍ਹਤਾ ਭਰੇ ਉਤਰ ਨਾਲ ਤਸੱਲੀ ਕਰਵਾ ਦਿੱਤੀ। ਬਸੰਤ ਕੌਰ ਆਪਣੇ ਪੱਠਿਆਂ ਨੂੰ ਜਾਣ ਦਾ ਸਮਾਂ ਥੋੜ੍ਹਾ ਅੱਗੇ ਪਿੱਛੇ ਕਰਦੀ ਹੈ ਤਾਂ ਜੋ ਗੁਰਦੇਵ ਸਿੰਘ ਨੂੰ ਭਰੀ ਚੁਕਾਉਣ ਦਾ ਮੌਕਾ ਨਾ ਮਿਲ਼ੇ। ਦੋ ਕੁ ਹਫਤਿਆਂ ਬਾਅਦ ਮੰਗਲ ਸਿੰਘ ਦੀ ਪੰਦਰਾਂ ਕੁ ਦਿਨਾਂ ਤੱਕ ਛੁੱਟੀ ਆਉਣ ਦੀ ਚਿੱਠੀ ਆ ਜਾਂਦੀ ਹੈ। ਬਸੰਤ ਕੌਰ ਦਿਨ ਰਾਤ ਉਡੀਕ ਵਿਚ ਲੰਘਣ ਲੱਗਦੇ ਹਨ ਅਤੇ ਗੁਰਦੇਵ ਸਿੰਘ ਦੇ ਲਛਣਾਂ ਤੋਂ ਵੀ ਉਸ ਨੂੰ ਕੁਝ ਖਿਝ ਜਿਹੀ ਚੜ੍ਹਨ ਲੱਗਦੀ ਹੈ। ਇਕ ਦਿਨ ਜਦੋਂ ਗੁਰਦੇਵ ਸਿੰਘ ਨੇ ਉਸ ਨੂੰ ਭਰੀ ਚੁਕਾਉਣ ਤਾਂ ਬਾਅਦ ਉਸ ਦੇ ਹੱਥਾਂ ਨੂੰ ਹੱਥ ਲਾ ਦਿੱਤਾ ਜਿਸ ਉਤੇ ਉਸ ਨੇ ਖਿਝ ਕੇ ਗੁਰਦੇਵ ਸਿੰਘ ਨੂੰ ਝਿੜਕ ਵੀ ਦਿੰਦੀ ਹੈ, ਪਰ ਉਹ ਬਾਜ਼ ਨਹੀਂ ਆਉਂਦਾ। ਫਿਰ ਉਹ ਪੱਠੇ ਚੁਕਾਉਣ ਲਗਿਆ ਬਸੰਤ ਕੌਰ ਨੂੰ ਕੋਈ ਨਾ ਕੋਈ ਗੱਲ ਵੀ ਕਹਿਣ ਲੱਗ ਪੈਂਦਾ ਹੈ। ਬਸੰਤ ਕੌਰ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਾ ਦਿੰਦੀ। ਇਕ ਦਿਨ ਭਰੀ ਚੁਕਾਉਣ ਵੇਲੇ ਗੁਰਦੇਵ ਸਿੰਘ ਬਸੰਤ ਕੌਰ ਦੇ ਹੱਥ ਫੜ ਲੈਂਦਾ ਹੈ। ਬਸੰਤ ਕੌਰ ਮੰਗਲ ਸਿੰਘ ਦੇ ਅਗਲੇ ਦਿਨ ਛੁੱਟੀ ਆਉਣ ਦੀ ਖ਼ਬਰ ਦੱਸ ਕੇ ਉਸਦੇ ਹਥ ਛੱਡ ਦੇਣ ਲਈ ਕਹਿੰਦਾ ਹੈ। ਗੁਰਦੇਵ ਸਿੰਘ ਹੱਥੋਂ ਬਸੰਤ ਕੌਰ ਦੇ ਹੱਥ ਇਕਦਮ ਛੁੱਟ ਜਾਂਦੇ ਹਨ ਅਤੇ ਬਸੰਤ ਕੌਰ ਨੂੰ ਉਸ ਦਿਨ ਫਿਰ ਕਿਸੇ ਵਿਸ਼ੇਸ਼ ਜਿੱਤ ਦਾ ਅਨੁਭਵ ਹੁੰਦਾ ਹੈ। ਇਹ ਜਿੱਤ ਉਸ ਦੀ ਆਪਣੇ ਆਪ ਉਤੇ ਸੀ ਕਿ ਗੁਰਦੇਵ ਸਿੰਘ ਉਤੇ, ਇਸ ਦਾ ਸ਼ਾਇਦ ਉਸ ਨੂੰ ਆਪ ਨੂੰ ਪੱਕਾ ਪਤਾ ਨਹੀਂ ਸੀ।

ਮੰਗਲ ਸਿੰਘ ਆ ਜਾਂਦਾ ਹੈ ਤਾਂ ਉਹ ਬਸੰਤ ਕੌਰ ਦੀ ਥਾਂ ਪੱਠੇ ਵੱਢਣ ਜਾਂਦਾ ਹੈ। ਗੁਰਦੇਵ ਸਿੰਘ ਉਸ ਨਾਲ਼ ਗੱਲਾਂ ਕਰਦਾ ਪੁੱਛਦਾ ਹੈ ਕਿ ਅਗੇ ਕੌਣ ਪੱਠੇ ਲਿਜਾਂਦਾ ਹੁੰਦਾ ਸੀ। ਮੰਗਲ ਸਿੰਘ ਨਿਮਰ ਹੋ ਕੇ ਆਖਦਾ ਹੈ ਕਿ ਬਸੰਤ ਕੌਰ ਲਿਜਾਂਦੀ ਸੀ ਤਾਂ ਗੁਰਦੇਵ ਸਿੰਘ ਕਹਿੰਦਾ ਹੈ ਕਿ ਕੋਈ ਚੂੜ੍ਹਾ-ਚੱਪੜਾ ਲਾ ਜਾਣਾ ਸੀ। ਮਜਬੂਰੀ ਜ਼ਾਹਰ ਕਰਦਾ ਮੰਗਲ ਸਿੰਘ ਕਹਿੰਦਾ ਹੈ ਕਿ ਸੰਤ ਕੁਰ ਦਾ ਪੱਠੇ ਲਿਜਾਣ ਨਾਲ ਕੁਝ ਨਹੀਂ ਘਸ ਗਿਆ। ਗੁਰਦੇਵ ਸਿੰਘ ਮਖੌਲ ਵਿੱਚ ਆਖਦਾ ਹੈ: “ਘਸਣਾ ਕੀ ਸੀ ਤੇਰੇ ਪਿਛੋਂ!”

ਆਪਣੀ ਜ਼ਿੰਦਗੀ ਦਾ ਕੋਈ ਭਰੋਸਾ ਨਾ ਹੋਣ ਦਾ ਵਾਸਤਾ ਪਾ ਕੇ ਮਹਾਂ ਕੌਰ ਮੰਗਲ ਸਿੰਘ ਨੂੰ ਨੌਕਰੀ ਛਡ ਕੇ ਘਰ ਆ ਜਾਣ ਜਾਨ ਬਸੰਤ ਕੁਰ ਨੂੰ ਨਾਲ ਲੈ ਜਾਣ ਲਈ ਕਹਿੰਦੀ ਹੈ। ਬਸੰਤ ਕੌਰ ਵੀ ਨੌਕਰੀ ਛੱਡਣ ਨਾਲ਼ ਆਉਣ ਵਾਲ਼ੀ ਆਰਥਿਕ ਲੋੜ ਪੂਰੀ ਕਰਨ ਲਈ ਆਪਣੀਆਂ ਟੂਮਾਂ ਤੱਕ ਵੇਚ ਦੇਣ ਲਈ ਤਿਆਰ ਹੋ ਜਾਂਦੀ ਹੈ। ਪਰ ਖੇਤੀ ਦੀ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਮੰਗਲ ਸਿੰਘ 'ਮੀਂਹ ਜਾਵੇ, ਨ੍ਹੇਰੀ ਜਾਵੇ', ਮਹੀਨੇ ਦੀ ਪੰਜ ਤਰੀਕ ਨੂੰ ਪਚਵੰਜਾ ਰੁਪੇ ਮਿਲ਼ ਜਾਣ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਨੌਕਰੀ ਛੱਡਣ ਦੀ ਸਲਾਹ ਨੂੰ ਰੱਦ ਕਰ ਦਿੰਦਾ ਹੈ।

ਬਸੰਤ ਕੌਰ ਮੱਲੋਮੱਲੀ ਮੰਗਲ ਸਿੰਘ ਲਈ ਦੋ ਕੁ ਸੇਰ ਘਿਉ ਦੀ ਪੰਜੀਰੀ ਰਲਾ ਦਿੰਦੀ ਹੈ ਅਤੇ ਰਾਤ ਦੀ ਇਕੱਲ ਵਿਚ ਮੰਗਲ ਸਿੰਘ ਨੂੰ ਆਪਣੇ ਕੋਲ਼ ਸੱਦ ਲੈਣ ਲਈ ਬੇਨਤੀ ਕਰਦੀ ਹੈ। ਮੰਗਲ ਸਿੰਘ ਮਾਂ ਦੀ ਸੰਭਾਲ ਦਾ ਸਵਾਲ ਖੜਾ ਕਰਦਾ ਹੈ ਤਾਂ ਬਸੰਤ ਕੌਰ ਪਾਸ ਇਸ ਦਾ ਕੋਈ ਉਤਰ ਨਹੀਂ ਹੁੰਦਾ। ਪਰ “ਮੇਰਾ ਨੀ ਇਥੇ ਜੀ ਲਗਦਾ”, ਆਖ ਕੇ ਉਹ ਹਉਕੇ ਭਰਦੀ ਮੰਗਲ ਸਿੰਘ ਨੂੰ ਚੰਬੜ ਜਾਂਦੀ ਹੈ ਜਿਵੇਂ ਮੀਂਹ ਝੱਖੜ ਦਾ ਮਾਰਿਆ ਪੰਛੀ ਆਪਣੇ ਆਲ੍ਹਣੇ ਵਿਚ ਆ ਡਿਗਦਾ ਹੈ।

ਹਵਾਲੇ ਸੋਧੋ

  1. "ਮੀਂਹ ਜਾਵੇ ਅਨ੍ਹੇਰੀ ਜਾਵੇ ਸੰਤ ਸਿੰਘ ਸੇਖੋਂ". www.punjabikahani.punjabi-kavita.com. Archived from the original on 2022-07-06. Retrieved 2022-04-24.