ਮੀਰ ਮੰਨੂ (1700-4 ਨਵੰਬਰ 1753) ਪੰਜਾਬ ਦਾ ਸੂਬੇਦਾਰ ਸੀ। ਉਸ ਨੂੰ ਜਾਲਮ ਸੂਬੇਦਾਰ ਮੰਨਿਆ ਜਾਂਦਾ ਹੈ। ਜਿਸ ਦਾ ਜਨਮ ਲਹੌਰ ਵਿੱਖੇ ਹੋਇਆ। ਉਹ 1748 ਤੋਂ 1753 ਤੱਕ ਪੰਜਾਬ ਦਾ ਸੂਬੇਦਾਰ ਰਿਹਾ। ਮੀਰ ਮੰਨੂੰ ਆਪਣੇ ਸਾਰੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਉਸ ਦੇ ਪਿਤਾ ਦਾ ਨਾਮ ਕਮਰੁਦੀਨ ਸੀ ਜੋ ਦਿੱਲੀ ਦਰਬਾਰ ਦਾ ਪ੍ਰਧਾਨ ਮੰਤਰੀ ਸੀ। ਉਸ ਦੇ ਜੁਲਮ ਦੇਖ ਕਿ ਇਹ ਮੁਹਾਵਰਾ ਬਣ ਗਿਆ “ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਉਹ ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਨ ਸਵਾਏ ਹੋਏ।”

ਜੀਵਨ ਸੋਧੋ

ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਤਾਂ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਵਜ਼ੀਰ ਕਮਰੁਦੀਨ ਦੀ ਅਗਵਾਈ ਹੇਠ ਭਾਰੀ ਫੌਜ ਮੁਕਾਬਲੇ ਲਈ ਭੇਜੀ। ਇਸ ਲੜਾਈ ਵਿੱਚ ਪਿਤਾ ਦੀ ਮੌਤ ਹੋਣ ਤੇ ਵੀ ਮੀਰ ਮੰਨੂ ਨੇ ਫੌਜ ਦੀ ਕਮਾਂਡ ਸੰਭਾਲ ਸ਼ਾਮ ਤੱਕ ਅਬਦਾਲੀ ਨੂੰ ਹਰਾਇਆ। ਬਾਅਦ ਵਿੱਚ ਮੀਰ ਮੰਨੂ ਨੂੰ ਲਾਹੌਰ ਅਤੇ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ ਗਿਆ। ਅਕਤੂਬਰ 1748 ਨੂੰ ਮੀਰ ਮੰਨੂ[1] ਦੀ ਫੌਜ ਨੇ ਅੰਮ੍ਰਿਤਸਰ ਰਾਮ ਰੌਣੀ ਦੇ ਕਿਲੇ ਨੂੰ ਘੇਰ ਲਿਆ। ਜਦੋਂ ਪਤਾ ਲੱਗਾ ਕਿ ਅਹਿਮਦ ਸਾਹ ਅਬਦਾਲੀ ਲਾਹੌਰ 'ਤੇ ਹਮਲਾ ਕਰਨ ਆ ਰਿਹਾ ਹੈ ਅਤੇ ਸ਼ਾਹ ਨਿਵਾਜ਼ ਮੁਲਤਾਨ 'ਤੇ ਹਮਲਾ ਕਰਨ ਲਈ ਆ ਰਹੇ ਹਨ ਤਾਂ ਕੌੜਾ ਮੱਲ ਦੀ ਮੰਗ ਤੇ ਮੀਰ ਮੰਨੂ ਸਿੱਖਾਂ ਨਾਲ ਸੰਧੀ ਕਰ ਲਈ। ਦਸੰਬਰ 1748 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਹਮਲਾ ਕਰ ਦਿੱਤਾ ਜਦੋਂ ਮੀਰ ਮੰਨੂ ਨੂੰ ਕੋਈ ਮਦਦ ਨਾ ਮਿਲੀ ਤਾਂ ਉਸ ਨੇ 14 ਲੱਖ ਸਲਾਨਾ ਹਰਜਾਨਾ ਦੇਣਾ ਮੰਨ ਲਿਆ। ਜਦੋਂ ਸ਼ਾਹਨਿਵਾਜ਼ ਨੇ ਮਈ 1749 ਨੂੰ ਮੁਲਤਾਨ 'ਤੇ ਕਬਜ਼ਾ ਕਰ ਲਿਆ ਤੇ ਲਾਹੌਰ ਉੱਪਰ ਕਬਜ਼ਾ ਕਰਨ ਦੀ ਤਿਆਰੀ ਕਰਨ ਲੱਗਾ ਤਾਂ ਮੀਰ ਮੰਨੂ ਨੇ ਕੌੜਾ ਮੱਲ ਨੂੰ ਨਾਲ ਲੈ ਕਿ 10000 ਸਿੱਖ ਫੌਜ ਦੀ ਮਦਦ ਨਾਲ ਮੁਲਤਾਨ ਦੀ ਜੰਗ ਹੋਈ ਜਿਸ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਦੀ ਗੋਲੀ ਨਾਲ ਸ਼ਾਹ ਨਿਵਾਜ਼ ਮਾਰਿਆ ਗਿਆ।

ਸਿੱਖਾਂ ਨਾਲ ਵਿਰੋਧ ਸੋਧੋ

ਤੀਸਰੀ ਵਾਰ ਅਹਿਮਦ ਸ਼ਾਹ ਅਬਦਾਲੀ 1752 ਈ. ਨੂੰ ਲਾਹੌਰ ਤੇ ਹਮਲਾ ਕਰ ਦਿੱਤਾ। ਮੀਰ ਮੰਨੂੰ ਨੇ ਮੁਲਤਾਨ, ਜਲੰਧਰ ਤੋਂ 20000 ਸਿੱਖ ਮਦਦ ਲਈ ਬੁਲਾ ਲਏ। ਲੜਾਈ ਵਿੱਚ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਸ਼ਹੀਦ ਹੋ ਗਿਆ। ਇਸ ਸਮੇਂ ਸਿੱਖਾਂ ਅਤੇ ਮੁਗਲ ਫੌਜ ਨਾਲ ਝਗੜਾ ਹੋਣ ਕਾਰਨ ਮੀਰ ਮੰਨੂ ਦਾ ਸਾਥ ਛੱਡ ਦਿੱਤਾ। ਮੀਰ ਮੰਨੂੰ ਹਾਰ ਗਿਆ ਪਰ ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਅਬਦਾਲੀ ਨੇ ਉਸ ਨੂੰ ਲਾਹੌਰ ਅਤੇ ਮੁਲਤਾਨ ਦਾ ਸੂਬੇਦਾਰ ਬਣਿਆ ਰਹਿਣ ਦਿੱਤਾ। ਹੁਣ ਮੀਰ ਮੰਨੂ ਦੇ ਦਰਬਾਰ ਵਿੱਚ ਉਹਨਾਂ ਲੋਕਾਂ ਦਾ ਬੋਲਬਾਲਾ ਸੀ ਜੋ ਸਿੱਖਾਂ ਨੂੰ ਕਾਫਰ ਕਹਿੰਦੇ ਸਨ ਅਤੇ ਅਬਦਾਲੀ ਹੱਥੋਂ ਹਾਰ ਦਾ ਕਾਰਨ ਸਿਰਫ ਤੇ ਸਿਰਫ ਸਿੱਖ ਹੀ ਸਮਝਦੇ ਸਨ। ਮੀਰ ਮੰਨੂ ਨੇ ਸਿੱਖਾਂ ਦੀਆਂ ਜਾਗੀਰਾਂ ਜ਼ਬਤ ਕਰਨਾ ਸ਼ੁਰੂ ਕਰ ਦਿੱਤੀਆ ਅਤੇ ਕੇਸਧਾਰੀ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਇੱਕ ਸਿਰ ਦਾ ਮੁੱਲ ਦਸ ਰੁਪਏ ਰੱਖਿਆ ਗਿਆ ਜੋ ਉਸ ਵੇਲੇ ਕਾਫੀ ਵੱਡੀ ਰਕਮ ਸੀ। ਲਾਲਚੀ ਲੋਕਾਂ ਨੇ ਲੜਕੀਆਂ ਦੇ ਕਤਲ ਕਰਨੇ ਸ਼ੁਰੂ ਕਰ ਦਿਤਾ ਤੇ ਕਿਹਾ ਕਿ ਇਹ ਸਿੱਖ ਹੈ। ਸੈਂਕੜੇ ਸਿੱਖ ਕਤਲ ਕੀਤੇ ਜਾਂਦੇ। ਔਰਤਾਂ ਨੂੰ ਹਰ ਰੋਜ ਸਵਾ ਮਣ ਦਾਣੇ ਚੱਕੀ ਨਾਲ ਪੀਹਣ ਲਈ ਦਿੱਤੇ ਜਾਂਦੇ। ਭੁੱਖੇ ਬਾਲ ਗੋਦੀਆਂ ਵਿੱਚ ਵਿਲਕਦੇ ਪਰ ਮਾਵਾਂ ਭਾਣਾ ਮੰਨ ਕੇ ਪੀਸਣੇ ਪੀਸੀ ਜਾਂਦੀਆਂ। ਜੁਲਮ ਦੀ ਹੱਦ ਹੋ ਗਈ ਜਦੋਂ ਮੀਰ ਮੰਨੂ ਨੇ ਬੱਚੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਦੁੱਧ ਚੰਘਦੇ ਬੱਚੇ ਖੋਹ ਕੇ ਅਸਮਾਨ ਵੱਲ ਵਗਾਹ ਕੇ ਮਾਰੇ ਜਾਂਦੇ ਤੇ ਥੱਲੇ ਬਰਛਾ ਡਾਹ ਕੇ ਮਾਰ ਦਿੱਤੇ ਜਾਂਦੇ। ਬੱਚਿਆਂ ਦੇ ਟੋਟੇ ਕਰ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਜਾਂਦੇ। ਸਿੱਖਾਂ ਦੇ ਜਥੇ ਲੜਦੇ ਭਿੜਦੇ ਦੂਰ ਜੰਗਲਾਂ, ਪਹਾੜਾਂ ਜਾਂ ਮਾਲਵੇ ਦੇ ਰੇਤਥਲਿਆਂ ਵੱਲ ਨਿਕਲ ਗਏ।

ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਇ।
ਜਿਉਂ ਜਿਉਂ ਮੰਨੂ ਵੱਢਦਾ, ਦੂਣ ਸਵਾਏ ਹੋਏ।

ਮੌਤ ਸੋਧੋ

4 ਨਵੰਬਰ 1753 ਵਾਲੇ ਦਿਨ ਮੀਰ ਮੰਨੂ ਨੇ ਆਪ ਫੌਜ ਲੈ ਕੇ ਖੇਤ ਨੂੰ ਘੇਰਾ ਪਾ ਲਿਆ। ਦੋਵਾਂ ਪਾਸਿਆਂ ਤੋਂ ਭਾਰੀ ਗੋਲੀ ਬਾਰੀ ਹੋਈ ਤੇ ਇੱਕ ਗੋਲੀ ਮੀਰ ਮੰਨੂ ਦੇ ਘੋੜੇ ਨੂੰ ਆਣ ਲੱਗੀ। ਘੋੜਾ ਘਬਰਾ ਕੇ ਇੱਕ ਦਮ ਭੱਜ ਉੱਠਿਆ। ਮੀਰ ਮੰਨੂ ਕਾਠੀ ਤੋਂ ਥੱਲੇ ਜਾ ਡਿੱਗਾ ਪਰ ਉਸ ਦਾ ਪੈਰ ਰਕਾਬ ਵਿੱਚ ਫਸ ਗਿਆ। ਘੋੜੇ ਨੇ ਉਸ ਨੂੰ ਧੂਹ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਘੋੜੇ ਦੇ ਬੇਕਾਬੂ ਹੋਣ ਦੀ ਵਜ੍ਹਾ ਸਿੱਖਾਂ ਦੁਆਰਾ ਕੱਢਿਆ ਫਾਇਰ ਵੀ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਇਸਦਾ ਨੌਕਰ ਤਹਿਮਸ ਖਾਂ ਇਸਨੂੰ ਜ਼ਹਿਰ ਦਿੱਤੇ ਜਾਣ ਦੀ ਗੱਲ ਕਰਦਾ ਹੈ। ਇਸਨੂੰ ਸ਼ਹੀਦ ਗੰਜ ਲਾਗੇ ਅਬਦੁਲ ਸਮਦ ਖਾਂ ਦੇ ਜੁਆਈ ਦੀ ਥਾਂ ਵਿਚ ਦਫਨਾਇਆ ਗਿਆ ਸੀ। ਲਾਹੌਰ ਗਜ਼ਟੀਅਰ ਅਨੁਸਾਰ ਸਰਕਾਰ ਸ਼ੇਰ ਸਿੰਘ ਦੇ ਵਕਤ ਖਾਲਸਾ ਫੌਜ ਨੇ ਇਸਦੀ ਕਬਰ ਪੁੱਟ ਕੇ ਇਸਦੀ ਅਸਥੀਆਂ ਅਸਮਾਨ ਵੱਲ ਸੁੱਟ ਸੁੱਟ ਕੇ ਖਿਲਾਰ ਦਿੱਤੀਆਂ ਸਨ।

ਹਵਾਲੇ ਸੋਧੋ