ਮੇਲਾ ਮਾਘੀ
ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰਖਦਾ ਹੈ | ਜਿਸ ਨੂੰ ਪੰਜਾਬ ਵਿੱਚ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਨੂੰ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਯਾਦ ਕਰਨ ਦੇ ਪ੍ਰਯੋਜਨ ਵਜੋਂ ਵੀ ਮਨਾਇਆ ਜਾਂਦਾ ਹੈ। ਮੁਕਤਸਰ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋ ਹੀ ਖਿੱਚ ਦਾ ਕੇਂਦਰ ਰਿਹਾ ਹੈ। ਲੋਕ ਵੰਨ-ਸੁਵੰਨੀ ਸੁੰਦਰ ਵੇਸ਼-ਭੂਸ਼ਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਸਰ ਦੇ ਮੇਲੇ ਵਿੱਚ ਪਹੁੰਚਦੇ ਹਨ।
ਧਾਰਮਿਕ ਤੇ ਇਤਿਹਾਸਿਕ ਮਹੱਤਵ
ਸੋਧੋਮੁਕਤਸਰ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ।[1] ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨਾਲ ਅਨੇਕਾਂ ਲੜਾਈਆਂ ਲੜਨੀਆਂ ਪਈਆਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਵਿੱਚ ਡੇਰੇ ਲਾਏ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਫ਼ੌਜਾਂ ਨੇ ਖਿਦਰਾਣੇ ਦੀ ਢਾਬ ਨੂੰ ਆ ਘੇਰਿਆ ਅਤੇ ਇੱਥੇ ਸਿੱਖਾਂ-ਮੁਗਲਾਂ ਵਿਚਕਾਰ ਭਿਅੰਕਰ ਲੜਾਈ ਹੋਈ | ਇਸ ਲੜਾਈ ਵਿੱਚ ਮਾਝੇ ਦੇ ਉਹ ਚਾਲੀ ਸਿੱਖ ਜਿਹੜੇ ਆਨੰਦਪੁਰ ਦੇ ਕਿਲ੍ਹੇ ਦੀ ਘੇਰਾ ਬੰਦੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਉਹਨਾਂ ਦਾ ਸਾਥ ਛੱਡ ਕੇ ਗਏ ਸਨ,ਇਸ ਲੜਾਈ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਲਾਸਾਨੀ ਸ਼ਹੀਦੀ ਤੋਂ ਪ੍ਰਭਾਵਿਤ ਹੋ ਕੇ ਓਹਨਾ ਨੂੰ ਮੁਕਤੀ ਦਾ ਵਰ ਦਿਤਾ ਜਿਸ ਕਾਰਨ ਖਿਦਰਾਣੇ ਦੀ ਢਾਬ ਦਾ ਨਾਂ ਮੁਕਤਸਰ ਪੈ ਗਿਆ। ਇਨ੍ਹਾਂ ਚਾਲੀ ਸਿੱਖਾਂ ਦੀ ਸ਼ਹੀਦੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸ਼ਹੀਦ ਗੰਜ਼ ਸ਼ਸੋਭਿਤ ਹੈ। ਇਨ੍ਹਾਂ ਦੀ ਯਾਦ ਵਿੱਚ ਹੀ ਇੱਥੇ ਮਾਘ ਦੀ ਸੰਗਰਾਂਦ ਦਾ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਆਉਂਦੇ ਹਨ ਅਤੇ ਮਾਘੀ ਦਾ ਮੇਲਾ ਧੂਮ-ਧਾਮ ਨਾਲ ਮਨਾਉਂਦੇ ਹਨ।
ਹਵਾਲੇ
ਸੋਧੋ- ↑ "ਮਾਘੀ - ਪੰਜਾਬੀ ਪੀਡੀਆ". punjabipedia.org. Retrieved 2021-12-12.