ਮੈਂ ਕੰਡਿਆਲੀ ਥੋਹਰ ਵੇ ਸੱਜਣਾ
ਮੈਂ ਕੰਡਿਆਲੀ ਥੋਹਰ ਵੇ ਸੱਜਣਾ,ਉੱਗੀ ਵਿੱਚ ਉਜਾੜਾਂ
ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਕਿਤੇ ਕੁਰਾਹੇ
ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ।
ਜਾਂ ਕੋਈ ਬੋਟ ਕਿ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਉੱਗੀ ਵਿੱਚ ਜੋ ਬੇਲੇ
ਨਾ ਕੋਈ ਮੇਰੇ ਛਾਂਵੇ ਬੈਠੇ, ਨਾ ਪੱਤ ਖਾਵਣ ਲੇਲੇ।
ਮੈਂ ਉਹ ਚੰਦਰੀ ਜਿਸਦੀ ਡੋਲੀ ਲੁੱਟ ਲਈ ਆਪ ਕੁਹਾਰਾਂ
ਬੰਨਣ ਦੀ ਥਾਂ ਬਾਬਲ ਜਿਸਦੇ ਆਪਾ ਕਲੀਰੇ ਲਾਹੇ।
ਮੈਂ ਰਾਜੇ ਦੀ ਬਰਦੀ ਅੜਿਆ ਤੂੰ ਰਾਜੇ ਦਾ ਜਾਇਆ
ਤੂੰ ਹੀ ਦੱਸ ਕੇ ਮੋਹਰਾਂ ਸਾਂਵੇ ਮੁੱਲ ਕੀ ਖੋਵਣ ਧੇਲੇ।
ਸਿਖਰ ਦੁਪਿਹਰਾਂ ਜੇਠ ਦੀਆਂ ਨੂੰ ਸੌਣ ਕਿਵੇਂ ਮੈਂ ਆਖਾਂ
ਚੌਹੀਂ ਕੂਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ।
ਤੇਰੀ ਮੇਰੀ ਪ੍ਰੀਤ ਦਾ ਅੜਿਆ ਓਹੀ ਹਾਲ ਸੂ ਹੋਇਆ
ਜਿਉਂ ਚਕਵੀ ਪਹਿਚਾਣ ਨਾ ਸਕੀ ਚੰਨ ਚੜ੍ਹਿਆ ਦਿਹੁੰ ਵੇਲੇ।
ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜੀਹਦਾ ਬੱਸ ਰੋਣਾ
ਲੁੱਟ ਖੜਿਆ ਜੀਹਦਾ ਪੁੰਨੂ ਹੋਤਾਂ ਪਰ ਆਈਆਂ ਨਾ ਜਾਗਾਂ।
ਮੈਂ ਕੰਡਿਆਲੀ ਥੋਹਰ ਵੇ ਸੱਜਣਾ, ਪੰਜਾਬੀ ਦੇ ਸੁਹਜਵਾਦੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਗੀਤਕ ਕਵਿਤਾ ਹੈ।[1] ਜਿਸ ਨੂੰ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੈ। ਇਹ ਪੰਜਾਬੀ ਫਿਲਮ ਲੌਂਗ ਦਾ ਲਿਸ਼ਕਾਰਾ (1986) ਵਿੱਚ ਹਰਮਨ ਪਿਆਰੇ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਆਵਾਜ਼ ਵਿੱਚ ਸ਼ਾਮਿਲ ਹੈ।[2] ਇਸ ਤੋਂ ਪਹਿਲਾਂ ਪੰਜਾਬੀ ਫਿਲਮ ਸੌਂਕਣ ਮੇਲੇ ਦੀ (1965) ਵਿੱਚ ਆਸ਼ਾ ਭੋਸਲੇ ਨੇ ਵੀ ਗਾਇਆ ਸੀ।[3] ਇਸ ਕਵਿਤਾ ਵਿੱਚ ਥੋਹਰ ਨੂੰ ਉਦਾਸੀ ਦਾ ਪ੍ਰਤੀਕ ਬਣਾਇਆ ਗਿਆ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |