ਮੱਧਕਾਲੀਨ ਪੰਜਾਬੀ ਸਾਹਿਤ

ਪੰਜਾਬੀ ਸਾਹਿਤ ਦਾ ਆਰੰਭ ਆਮ ਤੌਰ ਤੇ ਅੱਠਵੀਂ - ਨੌਵੀਂ ਸਦੀ ਤੋਂ ਮੰਨਿਆਂ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ 8 ਵੀਂ, 9 ਵੀਂ ਸਦੀ ਤੋਂ 1500 ਤੱਕ ਦੇ ਸਮੇਂ ਨੁੰ ਆਦਿ ਕਾਲ ਮੰਨਿਆ ਹੈ, ਪੰਰਤੂ 1501 ਤੋਂ 1850 ਈ. ਤੱਕ ਦੇ ਸਾਹਿਤ ਨੂੰ ਇੱਕ ਵੱਖਰੇ ਭਾਗ ਵਜੋਂ ਅੰਕਿਤ ਕੀਤਾ ਹੈ। ਪ੍ਰੋ ਕਿਰਪਾਲ ਸਿੰਘ ਕਸੇਲ ਅਤੇ ਉਹਨਾਂ ਦੇ ਸਹਿਯੋਗੀਆਂ ਨੇ 983 ਈ. ਤੋਂ ਲੈ ਕੇ 1849 ਈ. ਤੱਕ ਦੇ ਸਮੇਂ ਨੂੰ ਮੱਧਕਾਲ ਆਖਿਆ ਹੈ। ਮੱਧਕਾਲੀ ਪੰਜਾਬੀ ਸਾਹਿਤ ਨੂੰ ਸਮੁੱਚੇ ਇਤਿਹਾਸ ਦਾ ਇੱਕ ਗੌਰਵਮਈ ਭਾਗ ਮੰਨਿਆ ਜਾਂਦਾ ਹੈ। ਇਸ ਕਾਲ ਵਿੱਚ ਸਾਹਿਤ ਦੀਆ ਭਿੰਨ-ਭਿੰਨ ਪ੍ਰਵਿਰਤੀਆਂ ਅਤੇ ਧਾਰਾਵਾਂ ਨੇ ਆਪਣੇ ਵਿਕਾਸ ਦੀਆਂ ਸਿਖਰਾਂ ਨੂੰ ਛੋਹ ਲਿਆ। ਇਸੇ ਕਰਕੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ‘ਸੁਨਹਿਰੀ ਕਾਲ` ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਸੂਫੀ ਕਾਵਿ ਅਤੇ ਭਗਤੀ ਧਾਰਾ ਦੀਆਂ ਪ੍ਰਵਿਰਤੀਆਂ ਤਾਂ ਆਦਿ ਕਾਲ ਵਿੱਚ ਹੀ ਪੈਦਾ ਹੋ ਗਈਆਂ ਸਨ ਪਰੰਤੂ ਉਨ੍ਹਾਂ ਨੇ ਮੱਧਕਾਲ ਵਿੱਚ ਪਹੁੰਚ ਕੇ ਹੀ ਪ੍ਰਗਤੀ ਕੀਤੀ। ਭਗਤੀ ਲਹਿਰ ਦੁਆਰਾ ਪੈਦਾ ਹੋਈ ਅਧਿਆਤਮਕ ਅਤੇ ਨਿਰਗੁਣ ਕਾਵਿ ਪਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਦੇ ਸਿੱਖ ਗੁਰੂ ਸਾਹਿਬਾਨ ਨੇ ਵਧੇਰੇ ਵਿਆਪਕ ਅਤੇ ਸਰਬਪੱਖੀ ਪਰਿਪੇਖ ਪ੍ਰਦਾਨ ਕੀਤਾ। ਸ਼ੇਖ ਫ਼ਰੀਦ ਜੀ ਦੁਆਰਾ ਸ਼ੁਰੂ ਕੀਤੀ ਸੂਫੀ ਕਾਵਿ ਦੀ ਪਰੰਪਰਾ ਨੂੰ ਸ਼ਾਹ ਹੂਸੈਨ, ਸੁਲਤਾਨ ਬਾਹੂ ਅਤੇ ਬੁਲ੍ਹੇ ਸ਼ਾਹ ਵਰਗੇ ਕਵੀਆਂ ਨੇ ਨਵੀਂ ਗਤੀਸ਼ੀਲਤਾ ਅਤੇ ਊਰਜਾ ਪ੍ਰਦਾਨ ਕੀਤੀ। ਲੌਕਿਕ ਪ੍ਰੇਮ, ਦੇ ਅਨੁਭਵ ਨੂੰ ਪ੍ਰਮਾਣਿਕ ਦੱਸ ਕੇ ਪ੍ਰਗਟਾਉਣ ਵਾਲੀ ਇੱਕ ਨਵੀਂ ਵਿਧਾ ਕਿੱਸਾ ਕਾਵਿ ਨੇ ਜਨਮ ਲਿਆ, ਜਿਸ ਨੇ ਪਰਮਾਤਮਾ ਅਤੇ ਵਿਅਕਤੀ ਦੇ ਅਧਿਆਤਮਕ ਪ੍ਰੇਮ ਦੇ ਸਮਾਨਾਂਤਰ ਪੁਰਸ਼ ਅਤੇ ਇਸਤਰੀ ਦੇ ਪ੍ਰੇਮ ਨੂੰ ਕਾਵਿ-ਬੱਧ ਕੀਤਾ। ਇਸ ਕਾਲ ਵਿੱਚ ਬੀਰਤਾ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਲੌਕਿਕ ਵਾਰਾਂ ਦੇ ਨਾਲ-ਨਾਲ ਅਧਿਆਤਮਕ ਵਾਰਾਂ ਵੀ ਰਚੀਆਂ ਜਾਂਦੀਆ ਰਹੀਆਂ। ਇਸ ਪ੍ਰਸੰਗ ਵਿੱਚ ਭਾਈ ਗੁਰਦਾਸ ਦੀਆਂ 39 ਵਾਰਾਂ ਉਲੇਖਯੋਗ ਹਨ। ਵਾਰਤਕ ਸਾਹਿਤ ਵਿੱਚ ਗੋਸ਼ਟੀ ਪਰੰਪਰਾ ਦੇ ਨਾਲ-ਨਾਲ ਜਨਮਸਾਖੀ ਸਾਹਿਤ, ਟੀਕੇ, ਰਹਿਤਨਾਮੇ ਅਤੇ ਹੁਕਮਨਾਮੇ ਆਦਿ ਨਵੇਂ ਰੂਪ ਹੋਂਦ ਵਿੱਚ ਆਏ। ਇਸ ਤਰ੍ਹਾਂ ਮੱਧਕਾਲੀਨ ਪੰਜਾਬੀ ਸਾਹਿਤ ਨੇ ਵਸਤੂ- ਸਮੱਗਰੀ ਅਤੇ ਰੂਪ-ਵਿਧਾ ਦੀ ਦ੍ਰਿਸ਼ਟੀ ਤੋਂ ਬਹੁਤ ਪ੍ਰਗਤੀ ਕੀਤੀ।

ਮੱਧਕਾਲੀਨ ਪੰਜਾਬੀ ਸਾਹਿਤ : ਰਾਜਸੀ ਪਰਿਪੇਖ ਸੋਧੋ

ਪੰਜਾਬੀ ਸਾਹਿਤ ਦੇ ਮੱਧਕਾਲ ਵਿੱਚ ਸੋਲਵੀਂ ਸ਼ਤਾਬਦੀ ਨੂੰ ਪੰਜਾਬੀ ਸਾਹਿਤ ਦਾ ‘ਸਵਰਨ ਯੁੱਗ` ਮੰਨਿਆ ਜਾਂਦਾ ਹੈ। ਇਸ ਕਾਲ ਨੂੰ ਮੁਗਲ ਕਾਲ ਦੇ ਰੂਪ ਵਿੱਚ ਵੀ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਕਾਲ ਵਿੱਚ ਪੰਜਾਬ ਅਤੇ ਸਮੁੱਚਾ ਭਾਰਤ ਮੁਗਲਾਂ ਦੇ ਅਧੀਨ ਰਿਹਾ। ਉਸ ਸਮੇਂ ਦੇ ਲੋਕਾਂ ਦੀ ਸਮਾਜਿਕ, ਆਰਥਿਕ ਜਾਂ ਰਾਜਸੀ ਹਾਲਤ ਕੁੱਝ ਜਿਆਦਾ ਵਧੀਆ ਨਹੀਂ ਸੀ। ਮੱਧਕਾਲ ਦੇ ਸਾਹਿਤ ਵਿੱਚ ਬਾਕੀ ਸਾਹਿਤਕਾਰਾਂ ਨਾਲੋਂ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਸ਼ੇ੍ਰਸ਼ਟ ਪਦਵੀਂ ਹੈ। ‘ਇਸ ਕਰਕੇ ਇਸ ਕਾਲ ਨੂੰ ਗੁਰੂ ਨਾਨਕ ਕਾਲ ਵੀ ਕਿਹਾ ਜਾਂਦਾ ਹੈ।` ਮੱਧਕਾਲ ਦੇ ਪੰਜਾਬੀ ਸਾਹਿਤ ਦਾ ਕੋਈ ਵੀ ਵਿਸ਼ਾ ਰੂਪ ਵੰਨਗੀ ਜਾਂ ਪ੍ਰਵਿਰਤੀ ਅਜਿਹੀ ਨਹੀਂ ਸੀ ਜਿਸ ਦੇ ਚਿੰਨ੍ਹ ਜਾਂ ਪ੍ਰਮਾਣ ਸਾਨੂੰ ਇਸ ਕਾਲ ਦੇ ਪ੍ਰਾਪਤ ਸਾਹਿਤ ਵਿਚੋਂ ਦਿਖਾਈ ਨਾ ਦੇਣ। ਇਸ ਕਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ 1601 ਤੋਂ 1604 ਈ. ਤੱਕ ਹੋਇਆ। ਇਸ ਤਰ੍ਹਾਂ ਮੱਧਕਾਲੀਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਨਵੇਂ ਸਿਖਰਾਂ ਨੂੰ ਛੋਂਹਦਾ ਹੈ। ‘ਗੁਰੂ ਨਾਨਕ ਕਾਲ ਤੋਂ ਮੁਗ਼ਲ ਕਾਲ ਦਾ ਸਮਾਂ ਲਗਭਗ ਇੱਕ ਹੀ ਹੈ। ਪਹਿਲੀ ਵਾਰ ਇੱਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਇਸ ਦੇਸ਼ ਵਿੱਚ ਰਾਜਸੀ ਸਥਿਰਤਾ ਕਾਇਮ ਹੋ ਗਈ।`[1]

ਬਾਬਰ ਨੇ ਮੁਗਲ ਰਾਜ ਦੀ ਨੀਂਹ ਰੱਖੀ ਸੀ। ਉਸ ਦੇ ਹਮਲਿਆਂ ਸਮੇਂ ਦੀ ਪੰਜਾਬ ਦੀ ਸਥਿਤੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਰਾਹੀਂ ਰੂਪਮਾਨ ਕੀਤਾ ਹੈ। ਬਾਬਰ ਆਪਣੇ ਜੀਵਨ ਦੇ ਆਰੰਭ ਤੋਂ ਹੀ ਹਿੰਦੁਸਤਾਨ ਨੂੰ ਜਿੱਤਣ ਦਾ ਇਰਾਦਾ ਰੱਖਦਾ ਸੀ। ਉਸ ਨੇ ਹਿੰਦੁਸਤਾਨ ਉੱਪਰ ਕਈ ਹਮਲੇ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਬਾਬਰ ਇੱਕ ਨਿਪੁੰਨ ਸੈਨਾਪਤੀ ਸੀ ਅਤੇ ਨਿਰਾਸ ਨਹੀਂ ਹੁੰਦਾ ਸੀ। ਉਸ ਨੇ ਆਪਣੇ ਰਾਜਕਾਲ ਵਿੱਚ ਬਹੁਤ ਸਾਰੇ ਮਹੱਲ ਬਣਾਏ। ਉਹ ਇੱਕ ਬਹੁਤ ਚੰਗਾ ਲੇਖਕ ਵੀ ਸੀ। ਉਸ ਨੂੰ ਵਿਦਵਾਨਾਂ ਅਤੇ ਲੇਖਕਾਂ ਦੀ ਸੰਗਤ ਬਹੁਤ ਪਸੰਦ ਸੀ, ਉਹ ਬੜੇ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣਦਾ ਸੀ। ਬਾਬਰ ਨੇ ਹਿੰਦੁਸਤਾਨੀ ਬਾਜੀਗਰਾਂ ਦੀ ਬਹੁਤ ਸਿਫਤ ਕੀਤੀ ਹੈ। ਬਾਬਰ ਤੋਂ ਬਾਅਦ ਹਮਾਯੂੰ ਜੋ ਬਾਬਰ ਦਾ ਪੁੱਤਰ ਸੀ, ਉਸ ਨੇ ਦਿੱਲੀ ਦੀ ਸਤਾ ਸੰਭਾਲੀ। ਹਮਾਯੂੰ ਦੇ ਸਮੇਂ ਹੋਰ ਵੀ ਕਬੀਲੇ ਬਗਾਵਤਾ ਕਰਦੇ ਰਹੇ ਪਰ ਉਹ ਉਹਨਾਂ ਨੂੰ ਦਬਾ ਨਾ ਸਕਿਆ। ਹਮਾਯੂੰ ਤੋਂ ਬਾਅਦ ਸ਼ੇਰਸ਼ਾਹ ਸੂਰੀ (1540-45) ਵਿੱਚ ਦਿੱਲੀ ਦੇ ਤਖਤ ਤੇ ਬੈਠਾ। ਉਸ ਨੇ ਪੰਜਾਬ, ਬੰਗਾਲ ਤੇ ਮਾਲਵੇ ਦੇ ਖੇਤਰਾਂ ਉੱਪਰ ਕਬਜਾ ਕੀਤਾ। ਸ਼ੇਰ ਸ਼ਾਹ ਸੂਰੀ ਤੋਂ ਬਾਅਦ ਉਸਦੇ ਪੁੱਤਰ ਨੇ ਸਤਾ ਸੰਭਾਲੀ ਪਰ ਉਹ ਯੋਗ ਸਾਸਕ ਨਹੀਂ ਸੀ। ਇਹ ਕਾਰਨ ਕਰਕੇ ਹਮਾਯੂੰ ਨੇ ਦਿੱਲੀ ਉੱਪਰ ਦੁਬਾਰਾ ਕਬਜਾ ਕਰ ਲਿਆ ਪਰ ਉਹ ਜਿਆਦਾ ਸਮਾਂ ਰਾਜ ਨਾ ਕਰ ਸਕਿਆ। ਛੇ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ। ਅਕਬਰ ਉਸ ਸਮੇਂ ਪੰਜਾਬ ਦਾ ਗਵਰਨਰ ਸੀ। ਹਮਾਯੂੰ ਤੋਂ ਬਾਅਦ ਅਕਬਰ ਨੂੰ ਹਿੰਦੁਸਤਾਨ ਦਾ ਸਮਰਾਟ ਘੋਸ਼ਿਤ ਕੀਤਾ ਗਿਆ। ‘ਇਸ ਵਿੱਚ ਇਹ ਨਹੀਂ ਕਿ ਅਕਬਰ ਬਾਦਸ਼ਾਹ ਦੇ ਰਾਜਕਾਲ ਨੂੰ ਛੱਡ ਕੇ, ਬਾਕੀ ਕਾਲ ਦੇ ਬਾਦਸ਼ਾਹਾਂ ਦਾ ਰਾਜ ਹਿੰਦੂ ਧਰਮ ਅਤੇ ਜਨਤਾ ਲਈ ਬਹੁਤ ਸੁਖਾਵਾਂ ਨਹੀਂ ਸੀ, ਪਰ ਮੱਧਕਾਲ ਤੋਂ ਪਹਿਲਾਂ ਵਾਲੀ ਅਰਾਜਕਤਾ ਘੱਟ ਜ਼ਰੂਰ ਗਈ ਸੀ।` [2]

ਅਕਬਰ ਭਾਵੇਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਹ ਵਿਦਵਾਨਾਂ ਅਤੇ ਲੇਖਕਾਂ ਦੀ ਸੰਗਤ ਸੁਣ ਕੇ ਬਹੁਤ ਖੁਸ਼ ਹੁੰਦਾ ਸੀ। ਅਕਬਰ ਦੀ ਰਾਜਪੂਤ ਪਤਨੀ ਦੇ ਘਰ ਸਲੀਮ ਦਾ ਜਨਮ 1569 ਈ. ਵਿੱਚ ਹੋਇਆ ਸੀ। ਇਸ ਬਾਲਕ ਦਾ ਜਨਮ ਫਤਹਿਪੁਰ ਸੀਂਕਰੀ ਵਿੱਚ ਸ਼ੇਖ ਸਲੀਮ ਚਿਸ਼ਤੀ ਦੀਆਂ ਦੁਆਵਾਂ ਨਾਲ ਹੋਇਆ ਸੀ, ਇਸ ਕਰਕੇ ਉਸਦਾ ਨਾਮ ਵੀ ਸਲੀਮ ਰੱਖਿਆ ਗਿਆ। ਇਸ ਕਰਕੇ ਉਹ ਆਪਣਾ ਜਿਆਦਾ ਸਮਾਂ ਇਹਨਾਂ ਵਿੱਚ ਹੀ ਗੁਜ਼ਾਰਦਾ ਸੀ। ਆਪਣੇ ਜੀਵਨ ਦੇ ਅਖੀਰਲੇ ਸਮੇਂ ਵਿੱਚ ਅਕਬਰ ਨੇ ਇੱਕ ਨਵਾਂ ਧਰਮ ‘ਦੀਨੇ-ਇਲਾਹੀ` ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਅਕਬਰ ਹਿੰਦੁਸਤਾਨ ਉੱਪਰ ਰਾਜ ਕਰਨ ਵਾਲੇ ਸ਼ਕਤੀਸ਼ਾਲੀ ਰਾਜਿਆਂ ਵਿੱਚੋਂ ਇੱਕ ਸੀ। ਸ਼ਾਹਿਜ਼ਾਦਾ ਸਲੀਮ ‘ਜਹਾਂਗੀਰ` ਦਾ ਰੂਪ ਧਾਰਨ ਕਰਕੇ 24 ਅਕਤੂਬਰ 1604 ਈ. ਨੂੰ ਤਖ਼ਤ ਤੇ ਬਿਰਾਜਮਾਨ ਹੋਇਆ। ਸ਼ੁਰੂ-ਸ਼ੁਰੂ ਵਿੱਚ ਉਸ ਨੇ ਅਕਬਰ ਦੀ ਹੀ ਨੀਤੀ ਨੂੰ ਅਪਣਾਇਆ ਉਸ ਨੇ ਐਤਵਾਰ ਅਤੇ ਮੰਗਲਵਾਰ ਨੂੰ ਸ਼ਿਕਾਰ ਕਰਨ ਦੀ ਮਨਾਹੀ ਕਰ ਦਿੱਤੀ। ਸਹਿਜ਼ਾਦਾ ਖੁਸਰੋਂ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ। ਉਸ ਨੂੰ ਇਹ ਸੂਚਨਾ ਮਿਲੀ ਕਿ ਖੁਸਰੋਂ ਨੂੰ ਆਸ਼ੀਰਵਾਦ ਦਿੱਤਾ। ਗੁਰੂ ਜੀ ਦਾ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਬਹੁਤ ਸਤਿਕਾਰ ਸੀ। ਪਰ ਜਹਾਂਗੀਰ ਨੇ ਆਪਣੀ ਕੱਟੜਤਾ ਤੋਂ ਕੰਮ ਲੈਂਦਿਆਂ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ। ਉਸ ਨੇ ਆਪਣੇ ਸ਼ਾਸ਼ਨ ਕਾਲ ਵਿੱਚ ਕੋਈ ਵਿਸ਼ੇਸ਼ ਕੰਮ ਨਹੀਂ ਕੀਤਾ ਕਿਉਂਕਿ ਉਸ ਨੇ ਰਾਜ ਦੀ ਸ਼ਾਹੀ ਵਾਗਡੋਰ ਨੂਰ ਜਹਾਨ ਨੂੰ ਸੰਭਾਲੀ ਹੋਈ ਸੀ। ਜਹਾਂਗੀਰ ਦੀ ਮੌਤ ਤੋਂ ਬਾਅਦ ਸ਼ਹਿਜ਼ਾਦਾ ਖੁਰਮ, ਸ਼ਾਹ ਜਹਾਨ ਦੀ ਉਪਾਧੀ ਧਾਰਨ ਕਰਕੇ ਦਿੱਲੀ ਦੇ ਤਖ਼ਤ ਉਪਰ ਬੈਠਾ। ਉਸ ਸਮੇਂ ਪੰਜਾਬ ਦੇ ਸੂਬੇਦਾਰ ਨੇ ਗੁਰੂ ਹਰਗੋਬਿੰਦ ਸਾਹਿਬ ਉਪਰ ਹਮਲੇ ਕੀਤੇ ਪਰ ਇਥੇ ਉਸ ਨੂੰ ਮੂੰਹ ਦੀ ਖਾਣੀ ਪਈ ਸਾਹਜਹਾਨ ਨੇ ਲਗਭਗ 30 ਵਰ੍ਹੇ ਦਿੱਲੀ ਦੇ ਤਖ਼ਤ ਉਪਰ ਰਾਜ ਕੀਤਾ। ਆਪਣੇ ਚਾਰਾਂ ਪੁੱਤਰਾਂ ਵਿਚੋਂ ਦਾਰਾ ਸ਼ਿਕੱਹ ਨੂੰ ਵਧੇਰੇ ਪਸੰਦ ਕਰਦਾ ਸੀ। ਉਹ ਉਸ ਨੂੰ ਦਿੱਲੀ ਦੇ ਤਖ਼ਤ ਉੱਪਰ ਬਿਠਾਉਂਣਾ ਚਾਹੰੁਦਾ ਸੀ, ਪਰ ਔਰੰਗਜੇਬ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਆਪਣੇ ਤਿੰਨੇ ਭਰਾਵਾਂ ਨੂੰ ਹਰਾ ਕੇ 1659 ਈ. ਵਿੱਚ ਦਿੱਲੀ ਦੇ ਤਖ਼ਤ ਉੱਪਰ ਕਬਜਾ ਕਰ ਲਿਆ। ਔਰੰਗਜ਼ੇਬ ਦੇ ਰਾਜ ਦੇ ਪਹਿਲੇ ਦਸ ਸਾਲ ਰਾਜਨੀਤਿਕ ਅਤੇ ਰਾਜਸੀ ਦ੍ਰਿਸ਼ਟੀ ਤੋਂ ਬਹੁਤ ਸਫ਼ਲ ਮੰਨੇ ਜਾਂਦੇ ਹਨ। ਉਸ ਦੇ ਸਿੱਖਾਂ ਨਾਲ ਸੰਬੰਧ ਕਾਫ਼ੀ ਮਾੜੇ ਸਨ। ‘ਬਾਦਸ਼ਾਹ ਜਹਾਂਗੀਰ ਦੁਆਰਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਔਰੰਗਜ਼ੇਬ ਦੁਆਰਾ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ-ਚਾਂਦਨੀ ਚੌਂਕ ਵਿੱਚ ਕੀਤਾ ਗਿਆ ਕਤਲ ਕੁਝ ਅਜਿਹੀਆਂ ਅਮਾਨਵੀ ਘਟਨਾਵਾਂ ਹਨ ਜਿਨ੍ਹਾਂ ਨੇ ਸ਼ਾਂਤਮਈ ਸਿੱਖ ਭਗਤੀ ਅੰਦੋਲਨ ਨੂੰ ਵਿਦਰੋਹ ਵਿੱਚ ਬਦਲ ਦਿੱਤਾ।`[3]

ਮੱਧਕਾਲੀ ਪੰਜਾਬੀ ਸਾਹਿਤ : ਸੱਭਿਆਚਾਰ ਪਰਿਪੇਖ ਸੋਧੋ

ਇਹ ਮੁਸਲਮਾਨ ਹਮਲਾਵਰ ਸਿਰਫ਼ ਰਾਜੇ ਬਣ ਕੇ ਹੀ ਨਾ ਆਏ ਬਲਕਿ ਆਪਣੇ ਨਾਲ ਆਪਣਾ ਸੱਭਿਆਚਾਰ ਅਤੇ ਚਿੰਤਨ ਵੀ ਲੈ ਕੇ ਆਏ। ‘ਸਾਮੀ ਅਤੇ ਭਾਰਤੀ ਚਿੰਤਨ ਨਾਲ ਜੁੜੇ ਮਾਨਵਵਾਦੀ ਭਗਤਾਂ, ਸੂਫ਼ੀਆਂ ਅਤੇ ਬਾਣੀਕਾਰਾਂ ਨੇ ਇੱਕ ਦੂਸਰੇ ਨਾਲ ਟੱਕਰ ਦੀ ਭਾਵਨਾ ਤੋਂ ਮੁਕਤ ਹੋ ਕੇ ਇੱਕ ਦੂਸਰੇ ਦੇ ਵਿਚਾਰਾਂ ਨੂੰ ਸਮਝਣ ਅਤੇ ਪਛਾਣਨ ਪ੍ਰਤਿ ਕਿਰਿਆਸ਼ੀਲਤਾ ਦਿਖਾਈ। ਇਹ ਕਿਰਿਆਸ਼ੀਲਤਾ ਹੀ ਉਹ ਧਰਾਤਲ ਬਣੀ ਜਿੱਥੋਂ ਵਿਚਾਰਧਾਰਕ ਅਤੇ ਸਭਿਆਚਾਰਕ ਸੰਸਲੇਸ਼ਣ ਦੀ ਯਾਤਰਾ ਸ਼ੁਰੂ ਹੋਈ।` [4]

ਦੋ ਵਿਭਿੰਨ ਚਿੰਤਨ ਇੱਕ ਦੂਜੇ ਦੇ ਨੇੜੇ ਆਏ, ਵਿਚਾਰ ਦਾ ਸੰਜੋਗ ਹੋਇਆ, ਇੱਕ ਦੂਜੇ ਨੂੰ ਪ੍ਰਭਾਵਿਤ ਕੀਤਾ। ਇਸ ਦੇ ਕਾਰਨ ਵਿਚਾਰਧਾਰਕ ਨੇੜਤਾ, ਸਭਿਆਚਾਰਕ ਆਦਾਨ ਪ੍ਰਦਾਨ ਨੇ ਹੀ ਉਸ ਸੰਸਲੇਸ਼ਣ ਨੂੰ ਸਾਕਾਰ ਕੀਤਾ। ਇਸ ਕਿਰਿਆਸ਼ੀਲਤਾ ਨਾਲ ਭਗਤ ਆਤਮਾਵਾਂ ਵਿੱਚ ਟਕਰਾਓ ਦੀ ਥਾਂ ਮੇਲ ਮਿਲਾਪ ਵਧਿਆ ਇੱਕ ਦੂਸਰੇ ਨੂੰ ਸ਼ੁੱਧ ਭਾਵਨਾ ਨਾਲ ਅਪਣਾਇਆ, ਜਿਸ ਦੇ ਸਦਕਾ ਮੱਧਕਾਲ ਦੇ ਪੰਜਾਬੀ ਸਾਹਿਤ ਚਿੰਤਨ ਦੇ ਸਰੋਕਾਰ ਇੱਕ ਦੂਜੇ ਦੇ ਪੂਰਕ ਹਨ। ਭਾਰਤ ਵਿੱਚ ਸੁਲਤਾਨ ਮਹਿਮੂਦ ਦੇ ਹਮਲਿਆਂ ਸਮੇਂ ਤੋਂ ਹੀ ਬਹੁਤ ਸਾਰੇ ਮੁਸਲਮਾਨ ਬਾਹਰੋਂ ਆ ਕੇ ਆਬਾਦ ਹੋਣੇ ਸ਼ੁਰੂ ਹੋ ਗਏ ਸਨ। ਇਥੇ ਹੀ ਉਹਨਾਂ ਨੇ ਵਿਆਹ ਸ਼ਾਦੀਆਂ ਕਰ ਲਈਆਂ ਅਤੇ ਉਹ ਆਪਣੇ ਆਪ ਨੂੰ ਪੱਕੇ ਭਾਰਤੀ ਮੁਸਲਮਾਨ ਸਮਝਣ ਲੱਗ ਪਏ। ਮੁਸਲਮਾਨ ਸਮਾਜ ਨੂੰ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ ਉੱਪਰਲੀ ਸ਼ੇ੍ਰਣੀ ਧਾਰਮਿਕ ਸ਼੍ਰੇਣੀ ਅਤੇ ਆਮ ਲੋਕ। ਇਸ ਉਪਰਲੀ ਸ਼ੇ੍ਰਣੀ ਵਿੱਚ ਰਾਜ ਸੱਤਾਧਾਰੀ ਸ਼ੇ੍ਰਣੀ ਦੇ ਲੋਕ ਸ਼ਾਮਿਲ ਸਨ। ਮੱਧ ਸ਼੍ਰੇਣੀ ਵਿੱਚ ਜਿੰਮੀਦਾਰ, ਸੈਨਿਕ, ਵਪਾਰੀ, ਵਿਦਵਾਨ, ਲਿਖਾਰੀ, ਦਰਮਿਆਨਾਂ ਅਤੇ ਛੋਟਾ ਪ੍ਰਬੰਧਕੀ ਅਮਲਾ ਸ਼ਾਮਿਲ ਸਨ। ਆਮ ਲੋਕਾਂ ਵਿਚੋਂ ਬਹੁਤ ਸਾਰੇ ਉਹ ਲੋਕ ਆਉਂਦੇ ਸਨ, ਜੋ ਹਿੰਦੂਆਂ ਤੋਂ ਮੁਸਲਮਾਨ ਬਣ ਗਏ ਸਨ। ‘ਸੁਲਤਾਨ ਅਤੇ ਰਈਸ ਸ਼੍ਰੇਣੀਆਂ ਨੇ ਆਪਣੇ-ਆਪਣੇ ਢੰਗ ਨਾਲ ਰਾਜਸੀ, ਸੱਭਿਆਚਾਰ, ਆਰਥਿਕ ਅਤੇ ਧਾਰਮਿਕ ਖੇਤਰਾਂ ਵਿੱਚ ਬੜਾ ਮਹੱਤਵਪੂਰਨ ਪ੍ਰਭਾਵ ਪਾਇਆ ਸੀ। ਹਿੰਦੂ ਅਤੇ ਮੁਸਲਮ ਵਸੋਂ ਵਾਲੇ ਇਸ ਦੇਸ਼ ਵਿੱਚ ਕੱਟੜ ਪੰਥੀ ਉਲਮਾ ਦਾ ਪ੍ਰਤੱਖ ਰੂਪ ਵਿੱਚ ਪ੍ਰਭਾਵ ਪੈਣਾ ਸੁਭਾਵਿਕ ਸੀ। ਰਈਸ ਵਰਗ ਦਾ ਸਮਾਜਕ ਅਤੇ ਸੱਭਿਆਚਾਰਕ ਜੀਵਨ ਵਿੱਚ ਕਈ ਪੱਖਾਂ ਤੋਂ ਵਾਧਾ ਕਰਨਾ ਰਈਸਾਂ ਦੀ ਇੱਕ ਅਣਮੁੱਲੀ ਦੇਣ ਸੀ।`[5] ਪ੍ਰਾਚੀਨ ਹਿੰਦੂ ਸਮਾਜ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਜਾਤੀ ਪ੍ਰਥਾ ਸੀ। ਇਸ ਅਨੁਸਾਰ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਕਸੱਤਰੀ, ਵੈਸ਼ ਅਤੇ ਸੂਦਰ। ਹਿੰਦੂ ਸਮਾਜ ਵਿੱਚ ਮੁੱਖ ਰੂਪ ਨਾਲ ਤਿੰਨ ਮੌਕਿਆਂ ਦੀਆਂ ਰਸਮਾਂ ਭਾਵ ਜਨਮ, ਵਿਆਹ ਅਤੇ ਮੌਤ ਮੁੱਖ ਸਨ।

‘ਮੱਧ ਕਾਲੀਨ ਯੁੱਗ ਵਿੱਚ ਇਸਤ੍ਰੀਆਂ ਸੁਤੰਤਰਤਾ ਨਾਲ ਬਾਹਰ ਨਹੀਂ ਸੀ ਘੁੰਮ ਸਕਦੀਆਂ ਜਿਵੇਂ ਕਿ ਅੱਜ। ਉਸ ਸਮੇਂ ਹਿੰਦੂ ਔਰਤ ਨੂੰ ਆਪਣੇ ਪਤੀ ਉੱਤੇ ਹੀ ਨਿਰਭਰ ਕਰਨਾ ਪੈਂਦਾ ਸੀ। ਭਾਵੇਂ ਪਰਿਵਾਰਕ ਮਾਮਲਿਆਂ ਵਿੱਚ ਅੰਤਿਮ ਫ਼ੈਸਲਾ ਕਰਨ ਉੱਤੇ ਮਨੁੱਖ ਆਪਣਾ ਅਧਿਕਾਰ ਸਮਝਦਾ ਸੀ ਪਰ ਸਭ ਮਾਮਲਿਆਂ ਵਿੱਚ ਔਰਤਾਂ ਦੀ ਸਲਾਹ ਬਹੁਤ ਹੀ ਮਹੱਤਵਪੂਰਣ ਹੁੰਦੀ ਸੀ।`[6] ਮੱਧਕਾਲ ਵਿੱਚ ਇੱਕ ਹੋਰ ਧਰਮ ਨੇ ਆਪਣੀ ਹੋਂਦ ਬਣਾਈ ਇਹ ਧਰਮ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਇਆ। ਸਿੱਖ ਸਾਮਰਾਜ ਵਿੱਚ ਗੁਰੂਆਂ, ਭਗਤਾਂ ਅਤੇ ਫਕੀਰਾਂ ਨੇ ਬਹੁਤ ਸਾਰੀਆਂ ਰਚਨਾਵਾਂ ਨਾਲ ਯੋਗਦਾਨ ਪਾਇਆ। ਲੋਕ ਮੁਸਲਮ ਅਤੇ ਹਿੰਦੂ ਸਾਮਰਾਜ ਦੀਆਂ ਸਮੱਸਿਆਵਾਂ ਤੋਂ ਦੁੱਖੀ ਹੋ ਕੇ ਸਿੱਖ ਸਾਮਰਾਜ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ।

ਉਪਰੋਕਤ ਚਰਚਾ ਤੋਂ ਪਤਾ ਚੱਲਦਾ ਹੈ ਕਿ ਸੱਭਿਆਚਾਰ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਮੁਸਲਮਾਨ ਅਤੇ ਹਿੰਦੂਆਂ ਦੇ ਨਾਲ-ਨਾਲ ਨਵਉਚਿਤ ਸਿੱਖ ਧਰਮ ਵੀ ਇੱਕ ਸ਼ਕਤੀਸ਼ਾਲੀ ਧਿਰ ਬਣ ਕੇ ਉਭਰ ਰਿਹਾ ਸੀ। ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕ ਸਿੱਖ ਬਣਨ ਨੂੰ ਤਰਜੀਹ ਦੇ ਰਹੇ ਸਨ। ਅਜਿਹੀਆਂ ਰੁਚੀਆਂ ਦੀ ਸੂਚਨਾ ਮੱਧਕਾਲੀਨ ਸਾਹਿਤ ਵਿੱਚ ਦੇਖੀ ਅਤੇ ਮਹਿਸੂਸ ਕੀਤੀ ਜਾ ਸਕਦੀ ਹੈ।

ਸਾਂਝੇ ਲੱਛਣ:- ਸੋਧੋ

ਮੱਧਕਾਲੀਨ ਪੰਜਾਬੀ ਸਾਹਿਤ ਦੇ ਇੱਕ ਵਿਸ਼ੇਸ਼ ਕਾਲ-ਖੰਡ ਗੁਰੂ ਨਾਨਕ ਕਾਲ ਦੇ ਗੌਰਵ ਅਤੇ ਪ੍ਰਾਪਤੀਆਂ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਜੀਤ ਸਿੰਘ ਸੀਤਲ ਨੇ ਬਿਲਕੁਲ ਠੀਕ ਕਿਹਾ ਹੈ ਕਿ ਇਹ ਕਾਲ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਹੀ ਸੋਨ-ਸੁਨਿਹਰੀ ਕਾਲ ਨਹੀਂ ਬਲਕਿ ਪੰਜਾਬੀ ਸਭਿਅਤਾ, ਪੰਜਾਬੀ ਕੌਮੀਅਤ ਅਤੇ ਪੰਜਾਬੀ ਧਰਮ ਦੇ ਪੁਨਰ-ਜਨਮ ਦਾ ਕਾਲ ਹੈ। ਪੰਜਾਬ ਨੇ ਪਹਿਲੀ ਵਾਰ ਅਣਖ, ਗੌਰਵ ਅਤੇ ਅਮਲੀ ਆਚਰਣ ਨੂੰ ਜਨਮ ਦਿੱਤਾ। ਪਹਿਲੀ ਵਾਰ ‘ਘਰ ਘਰ ਅੰਦਰਿ ਧਰਮਸਾਲ` ਹੋ ਗਈ, ਘਰ-ਘਰ ਗੁਰੂ ਦਾ ਸ਼ਬਦ ਗਾਇਆ ਅਤੇ ਸਤਿ ਕਰਤਾਰ ਦਾ ਨਾਮ ਜਪਿਆ, ਸਿਮਰਿਆ ਜਾਣ ਲੱਗਾ। ‘ਖਤਰੀਆ ਤਾ ਧਰਮ ਛੋਡਿਆ ਮਲੇਛ (ਫ਼ਾਰਸ਼ੀ ਭਾਸ਼ਾ) ਭਾਖਿਆ ਰਾਹੀ` ਦੇ ਉਲਟ ਪੰਜਾਬੀਆਂ ਦਾ ਧਰਮ ਵਧਣ-ਫੁੱਲਣ ਲੱਗਾ ਅਤੇ ਪੰਜਾਬ ਦੀ ਆਪਣੀ ਭਾਸ਼ਾ ਵਿੱਚ ਸਾਹਿਤ ਰਚਿਆ, ਸੁਣਿਆ ਅਤੇ ਪੜਿਆ ਜਾਣ ਲੱਗਾ।[7] ਮੱਧਕਾਲੀਨ ਯੁਗ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿਕਸਿਤ ਨਹੀਂ ਸਨ ਹੋਏ। ਇਸ ਲਈ ਵਿਅਕਤੀ, ਪ੍ਰਕ੍ਰਿਤੀ ਦੇ ਵੱਖ-ਵੱਖ ਰੂਪਾਂ ਬਾਰੇ ਬੜੀ ਅਧੂਰੀ ਜਿਹੀ ਜਾਣਕਾਰੀ ਰੱਖਦਾ ਸੀ। ਚੰਦਰਮਾ, ਸੂਰਜ, ਪ੍ਰਿਥਵੀ ਦੀ ਗਤੀ, ਹਵਾ, ਰੁੱਤਾਂ ਅਤੇ ਅਗਨੀ ਆਦਿ ਪ੍ਰਾਕ੍ਰਿਤਿਕ ਸ਼ਕਤੀਆਂ ਜਾਂ ਰੂਪਾਂ ਨੂੰ ਉਹ ਦੇਵੀ-ਦੇਵਤੇ ਸਮਝ ਕੇ ਇਨ੍ਹਾਂ ਦੀ ਪੂਜਾ ਕਰਦਾ ਸੀ। ਹੌਲੀ-ਹੌਲੀ ਉਸ ਨੂੰ ਇਹ ਵੀ ਸਮਝ ਆ ਗਈ ਕਿ ਪ੍ਰਕ੍ਰਿਤੀ ਦੀਆਂ ਇਹ ਸਾਰੀਆਂ ਸ਼ਕਤੀਆਂ ਬਿਲਕੁੱਲ ਉਸੇ ਤਰ੍ਹਾਂ ਇੱਕ ਹੋਰ ਮਹਾਨ ਸ਼ਕਤੀ ਦੇ ਅਧੀਨ ਹਨ, ਜਿਵੇਂ ਵੱਖ-ਵੱਖ ਜਾਗੀਰਦਾਰ ਇੱਕ ਬਾਦਸ਼ਾਹ ਜਾਂ ਵੱਡੇ ਰਾਜੇ ਦੇ ਅਧੀਨ ਹੁੰਦੇ ਹਨ। ਇਸ ਮਹਾਨ ਸ਼ਕਤੀ ਨੂੰ ਰੱਬ ਜਾਂ ਪਰਮਾਤਮਾ ਦਾ ਨਾਮ ਦੇ ਕੇ ਉਸ ਦੀ ਅਰਾਧਨਾ ਕੀਤੀ ਜਾਣ ਲੱਗੀ। ਰੱਬ ਨੂੰ ਮਨੁੱਖੀ ਸਰੂਪ ਦਾ ਸਿਰਜਕ, ਪਾਲਕ ਅਤੇ ਵਿਨਾਸ਼ਕ ਮੰਨਿਆ ਗਿਆ। ਚੰਗੀਆਂ ਕਦਰਾਂ ਕੀਮਤਾਂ ਦੀ ਪਾਲਣਾ ਅਤੇ ਸ਼ੁਭ ਕਰਮਾਂ ਨੂੰ ਮਨੁੱਖੀ ਜੀਵਨ ਦੀ ਸਫ਼ਲਤਾ ਅਤੇ ਪ੍ਰਮਾਣਿਕਤਾ ਦਾ ਨਾਮ ਦਿੱਤਾ ਗਿਆ। ਇਉਂ ਮੱਧਕਾਲ ਵਿੱਚ ਮਨੁੱਖ ਦੀ ਦ੍ਰਿਸ਼ਟੀ ਲੋਕਿਕ ਹੋਦ ਦੀ ਬਜਾਇ ਪਰਾਲੋਕਿਕ ਬਣੀ ਰਹੀ ਹੈ। ਇਸ ਤਰ੍ਹਾਂ ਪਰਾਲੌਕਿਕ ਸਰੋਕਾਰ ਵੀ ਮੱਧਕਾਲ ਵਿੱਚ ਰਚੇ ਗਏ ਸਮੁੱਚੇ ਸਾਹਿਤ ਰੂਪਾਂ ਦੀ ਕੇਂਦਰੀ ਇਕਾਈ ਬਣੇ ਰਹੇ ਹਨ ਇਸ ਯੁੱਗ ਵਿੱਚ ਪੈਦਾ ਹੋਇੲਆ ਸਾਹਿਤ ਅਨੁਭਵ, ਵਿਚਾਰਧਾਰਾ, ਬ੍ਰਿਤਾਂਤ-ਵਿਧੀਆਂ ਅਤੇ ਸ਼ੈਲੀ-ਸ਼ਬਦਾਵਲੀ ਦੀ ਦ੍ਰਿਸ਼ਟੀ ਤੋਂ ਕੁੱਝ ਸਾਂਝੇ ਆਧਾਰ-ਸਤੰਭਾ ਅਤੇ ਸਰਬ-ਪ੍ਰਵਾਨਿਤ ਪ੍ਰਤਿਮਾਨਾਂ ਉਪਰ ਟਿਕਿਆ ਹੋਇਆ ਹੈ। ਉਂਝ ਤਾਂ ਹਰ ਲੇਖਕ ਪਰੰਪਰਾ ਨੂੰ ਨਵਾਂ ਵਿਸਤਾਰ ਦੇਣ ਦੀ ਸੂਰਤ ਵਿੱਚ ਵਿਸ਼ੇਸ਼ ਅਤੇ ਵਿਲੱਖਣ ਹੁੰਦਾ ਹੈ ਪਰ ਫਿਰ ਵੀ ਇਸ ਕਾਲ ਵਿੱਚ ਰਚਨਾਸ਼ੀਲ ਰਹੇ ਲੇਖਕਾਂ ਦੇ ਭਾਵਬੋਧ ਅਤੇ ਅਭਿਵਿਅਕਤੀ ਕਲਾ ਵਿੱਚ ਕਾਫੀ ਸਾਂਝੇ ਗੁਣ ਤੱਤ ਦ੍ਰਿਸ਼ਟੀਗੋਚਰ ਹੋ ਜਾਂਦੇ ਹਨ।

ਪਰਲੋਕਮੁਖੀ ਦ੍ਰਿਸ਼ਟੀ ਸੋਧੋ

ਮੱਧਕਾਲ ਦੇ ਲੇਖਕ ਇਸ ਲੋਕ ਭਾਵ ਮਾਤ ਲੋਕ ਨਾਲੋਂ ਪਰਲੋਕ ਨੂੰ ਵਧੇਰੇ ਮਹੱਤਵਯੋਗ ਅਤੇ ਸਾਰਥਿਕ ਮੰਨਦੇ ਹਨ। ਇਨ੍ਹਾਂ ਦੀ ਨਜ਼ਰ ਵਿੱਚ ਇਸ ਲੋਕ ਨੂੰ ਪਰਲੋਕ ਵਿੱਚ ਉਜਲੇ ਮੁਖ ਨਾਲ ਜਾਣ ਵਾਸਤੇ ਇੱਕ ਕਰਮਸ਼ਾਲਾ ਮੰਨਦੇ ਹਨ। ਇਸ ਲਈ ਹਰ ਵਿਅਕਤੀ ਨੂੰ ਕੋਈ ਕਰਮ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਉਸ ਦੁਆਰਾ ਕੀਤਾ ਕਰਮ ਪਰਲੋਕ ਜਾਣ ਸਮੇਂ ਉਸਦਾ ਸਹਾਈ ਹੋਵੇਗਾ ਜਾਂ ਨਹੀਂ। ਪ੍ਰਭੂ ਨੇ ਵਿਅਕਤੀ ਨੂੰ ਇਸ ਜਗਤ ਵਿੱਚ ਤਾਂ ਹੀ ਭੇਜਿਆ ਹੈ ਕਿ ਉਹ ਸਿਮਰਨ ਅਤੇ ਭਗਤੀ ਆਦਿ ਵਿਧੀਆਂ ਦੁਆਰਾ ਆਪਣੀ ਜੀਵਨ ਯਾਤਰਾ ਨੂੰ ਸਫ਼ਲ ਬਣਾ ਲਵੇ। ਸੂਫ਼ੀ ਕਵਿਤਾ, ਗੁਰਬਾਣੀ ਅਤੇ ਕਿੱਸਾ ਕਾਵਿ- ਇਸ ਕਾਲ ਦੀਆਂ ਸਾਰੀਆਂ ਪ੍ਰਮੁੱਖ ਕਾਵਿ-ਧਾਰਾਵਾਂ ਵਿੱਚ ਇਹੀ ਸੰਦੇਸ਼ ਬਾਰ-ਬਾਰ ਗੂੰਜਦਾ ਰਿਹਾ ਹੈ:-

ਇਕ ਰੋਜ਼ ਜਹਾਨੋ ਜਾਣਾ ਹੈ,
ਜਾ ਕਬਰੇ ਵਿੱਚ ਸਮਾਣਾ ਹੈ,
ਤੇਰਾ ਗੋਸ਼ਤ ਕੀੜਿਆਂ ਖਾਣਾ ਹੈ।
ਕਰ ਚੇਤਾ ਮਨੋਂ ਵਿਸਾਰ ਨਹੀਂ।

ਗੁਰਮਤਿ ਕਾਵਿ ਧਾਰਾ ਵਿੱਚ ਵੀ ਵਿਅਕਤੀ ਨੂੰ ਜਗਤ ਦੇ ਨਾਸ਼ਮਾਨ ਸਰੂਪ ਨਾਲੋਂ ਮੋਹ ਤੋੜ ਕੇ ਅਧਿਆਤਮਕ ਜਗਤ ਵੱਲ ਉਨਮੁੱਖ ਹੋਣ ਦੀ ਪ੍ਰੇਰਣਾ ਕੀਤੀ ਗਈ ਹੈ। ਮਨੁੱਖ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਇਸ ਲੋਕ ਵਿੱਚ ਆਉਣ ਦਾ ਮੁੱਖ ਪ੍ਰਯੋਜਨ ਪ੍ਰਮਾਤਮਾ ਦਾ ਸਿਮਰਨ ਕਰਕੇ ਜਨਮ-ਮਰਨ ਦੇ ਬੰਧਨਾ ਤੋਂ ਸਦਾ ਲਈ ਛੁਟਕਾਰਾ ਪਾ ਲੈਣਾ ਹੈ:

ਭਾਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥
ਸਰੰਜਾਮਿ ਲਾਗੁ ਭਵਜਲ ਤਰਨ ਕੈ॥
ਜਨਮੁ ਬ੍ਰਿਥਾ ਜਾਤ ਰੰਗ ਮਾਇਆ ਕੈ॥ ਰਹਾਉ॥
(ਆਸਾ ਮਹਲਾ ੫)

ਪ੍ਰਭੂ ਦੀ ਸ਼ਰਵਸ਼ਕਤੀਮਾਨਤਾ ਸੋਧੋ

ਮੱਧਕਾਲ ਦੀਆਂ ਸਾਹਿਤਿਕ ਪਰੰਪਰਾਵਾਂ ਦਾ ਇੱਕ ਹੋਰ ਸਾਂਝਾ ਲੱਛਣ ਪ੍ਰਭੂ ਦੀ ਸਰਵੁੱਚਤਾ, ਸਰਵ-ਸ਼ਕਤੀਮਾਨਤਾ ਅਤੇ ਨਿਰੰਕੁਸ਼ਤਾ ਹੈ। ਇਨ੍ਹਾਂ ਪਰੰਪਰਾਵਾਂ ਵਿੱਚ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ-ਧਰਤਾ ਅਤੇ ਸੰਚਾਲਕ ਮੰਨਿਆ ਗਿਆ ਹੈ। ਉਸੇ ਦੇ ਹੁਕਮ ਨਾਲ ਜੀਵ ਇਸ ਦੁਨੀਆਂ ਵਿੱਚ ਜਨਮ ਲੈਂਦੇ ਹਨ, ਕਾਰ-ਵਿਹਾਰ ਕਰਦੇ ਹਨ ਅਤੇ ਉਸੇ ਦੇ ਹੁਕਮ ਨਾਲ ਇਸ ਦੁਨੀਆਂ ਨੂੰ ਛੱਡ ਕੇ ਚਲੇ ਜਾਂਦੇ ਹਨ। ਸਾਰੀ ਦੁਨੀਆਂ ਦੇ ਜੀਵ ਅਤੇ ਪ੍ਰਕ੍ਰਿਤਕ ਸ਼ਕਤੀਆਂ ਉਸ ਪ੍ਰਭੂ ਦੇ ਹੁਕਮ ਦੀ ਪਾਲਣਾ ਕਰ ਰਹੀਆਂ ਹਨ। ਪ੍ਰਭੂ ਦੀ ਨਿਰੰਕੁਸ਼ਤਾ ਦਾ ਇਹ ਸੰਕਲਪ ਇਸ ਕਾਲ ਵਿੱਚ ਰਚੀ ਗਈ ਹਰ ਸਾਹਿਤਕ ਪ੍ਰਵਿਰਤੀ ਵਿੱਚ ਦੇਖਿਆ ਜਾ ਸਕਦਾ ਹੈ:-

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਊਮੈ ਕਹੈ ਨ ਕੋਇ॥

ਪ੍ਰੇਮਾਭਗਤੀ ਦੀ ਮਹਿਮਾ ਸੋਧੋ

ਇਸ ਕਾਲ ਵਿੱਚ ਪ੍ਰੇਮਾਭਗਤੀ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਆਦਿਕਾਲੀਨ ਸਾਹਿਤ ਵਿੱਚ ਪ੍ਰੇਮਾਭਗਤੀ ਦਾ ਸੰਕਲਪ ਬਹੁਤਾ ਉਜਾਗਰ ਹੋ ਕੇ ਸਾਹਮਣੇ ਨਹੀਂ ਆਉਂਦਾ। ਇਸੀ ਕਾਲ ਵਿੱਚ ਸਰੀਰਕ ਸਾਧਨਾਂ, ਕਰਮ-ਕਾਂਡਾਂ ਅਤੇ ਹਠ ਯੋਗਿਕ ਵਿਧੀਆਂ ਆਦਿ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ। ਪਰੰਤੂ ਮੱਧਕਾਲ ਵਿੱਚ ਭਗਤ ਕਵੀਆਂ, ਸੂਫ਼ੀ ਦਰਵੇਸ਼ਾਂ ਅਤੇ ਗੁਰੂ ਸਾਹਿਬਾਨ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਪ੍ਰਭੂ ਦੀ ਪ੍ਰਾਪਤੀ ਵਾਸਤੇ ਕੋਈ ਕਰਮ-ਕਾਂਡ, ਤੀਰਥ-ਇਸ਼ਨਾਨ ਜਾਂ ਹਠਯੋਗ-ਸਾਧਨਾ ਕਰਨ ਦੀ ਜਰੂਰਤ ਨਹੀਂ ਹੈ। ਪ੍ਰਭੂ ਨੂੰ ਕੇਵਲਲ ਪ੍ਰੇਮਾਭਗਤੀ ਦੇ ਮਾਧਿਅਮ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਸਮੁੱਚਾ ਮਧਕਾਲੀਨ ਸਾਹਿਤ ਪ੍ਰੇਮ ਜਾ ਇਸ਼ਕ ਦੀ ਅਰਾਧਨਾ ਕਰਦਾ ਹੋਇਆ ਦਿਸਦਾ ਹੈ:-

ਅਵਲ ਹਮਦ ਖੁਦਾਇ ਦਾ ਵਿਰਦ ਕੀਚੈ,
ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ।
ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ
ਮਾਸ਼ੂਕ ਹੈ ਨਬੀ ਰਸੂਲ ਮੀਆਂ।
(ਵਾਰਿਸ ਸ਼ਾਹ)

ਸੰਪਰਦਾਇਕ ਸਦਭਾਵਨਾ ਸੋਧੋ

ਮੱਧਕਾਲੀਨ ਸਮਾਜ ਦੇ ਧਾਰਮਿਕ ਖੇਤਰ ਨੂੰ ਸਚਾਲਿਤ ਕਰਨ ਵਾਲੇ ਮੌਲਾਣੇ ਅਤੇ ਬ੍ਰਾਹਮਣ ਆਪਣੀਆਂ-ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਬਹੁਤ ਕੱਟੜ ਸਨ। ਉਹ ਕਦੇ ਕੋਈ ਅਜਿਹਾ ਮੌਕਾ ਨਹੀਂ ਸਨ ਖੁੰਝਾਉਂਦੇ, ਜਿਸ ਦੁਆਰਾ ਉਹ ਆਪਣੇ ਧਰਮ ਨੂੰ ਸਰਵ-ਸ੍ਰੇਸ਼ਠ ਅਤੇ ਦੂਜੇ ਦੇ ਧਰਮ ਨੂੰ ਨਖਿਧ ਸਿੱਧ ਕਰ ਸਕਦੇ ਹੋਣ। ਪਰੰਤੂ ਮਧਕਾਲੀਨ ਸਾਹਿਤਕਾਰਾਂ ਨੂੰ ਇਹ ਵਡਿਆਈ ਜਾਂਦੀ ਹੈ ਕਿ ਉਨ੍ਹਾਂ ਨੇ ਕਦੇ ਵੀ ਸੰਪਰਦਾਇਕਤਾ ਦਾ ਪ੍ਰਚਾਰ ਅਥਵਾ ਪ੍ਰਸਾਰ ਨਹੀਂ ਕੀਤਾ। ਬਲਕਿ ਇਹ ਲੋਕ ਧਰਮ ਦੇ ਬਾਹਰੀ ਵਿਖਾਵਿਆਂ, ਭੇਖਾਂ ਅਤੇ ਕਰਮ-ਕਾਂਡਾਂ ਨੂੰ ਮਿਥਿਆ ਅਤੇ ਅਰਥਹੀਣ ਘੋਸ਼ਿਤ ਕਰਦੇ ਸਨ। ਮੱਧਕਾਲੀ ਸਾਹਿਤ ਦੇ ਇਸ ਲੱਛਣ ਦੀ ਵਿਆਖਿਆ ਕਰਦਾ ਹੋਇਆ ਡਾ. ਅਮਰਜੀਤ ਸਿੰਘ ਕਾਂਗ ਲਿਖਦਾ ਹੈ ਕਿ ਇਸ ਵਿੱਚੋਂ ਜੋ ਯਥਾਰਥ ਪ੍ਰਸਤੁਤ ਹੁੰਦਾ ਹੈ, ਉਹ ਸਾਂਝੇ ਪੰਜਾਬ ਦਾ ਹੈ, ਜਿਸ ਵਿੱਚ ਹਿੰਦੂ, ਮੁਸਲਮਾਨ ਲੋਕ, ਨਸਲ ਦੀ ਭਿੰਨਤਾ ਅਤੇ ਸਭਿਆਚਾਰਕ ਸਿਮਰਤੀ ਦੀ ਵੱਖਰਤਾ ਦੇ ਬਾਵਜੂਦ ਵੀ ਭਾਈਚਾਰਕ ਅਤੇ ਮਾਨਵੀ ਪੱਧਰ ਉੱਤੇ ਅਨਿੱਖੜ ਸਾਂਝ ਵਿੱਚ ਬੱਝੇ ਹੋਏ ਹਨ।[8]

ਬਿੰਦਰਾ ਬਨ ਮੇਂ ਗਊ ਚਰਾਵੈ।
ਲੰਕਾ ਸਾੜ ਕੇ ਨਾਦ ਵਜਾਵੈ।
ਮੱਕੇ ਦਾ ਹਾਜੀ ਬਣ ਆਵੈ।
ਵਾਹ ਵਾਹ ਰੰਗ ਵਟਾਈਦਾ।
ਹੁਣ ਕਾਹਨੂੰ ਆਪ ਛੁਪਾਈ ਦਾ।
(ਬੁੱਲ੍ਹੇ ਸ਼ਾਹ)

ਮਨੁੱਖੀ ਸਮਾਨਤਾ: ਜ਼ਾਤ-ਪਾਤ ਦਾ ਖੰਡਣ ਸੋਧੋ

ਮੱਧਕਾਲੀਨ ਕਵੀਆਂ ਨੇ ਹਿੰਦੂ ਸਮਾਜ ਦੀ ਵਰਣ-ਵਿਵਸਥਾ ਦਾ ਖੰਡਣ ਕਰਦਿਆਂ ਹੋਇਆ ਮਨੁੱਖੀ ਸਮਾਨਤਾ ਦੇ ਸਿਧਾਂਤ ਉਤੇ ਡਟ ਕੇ ਪਹਿਰਾ ਦਿੱਤਾ ਹੈ। ਭਗਤ ਨਾਮਦੇਵ, ਸੰਤ ਕਬੀਰ ਅਤੇ ਭਗਤ ਰਵਿਦਾਸ ਨੇ ਆਪਣੀ ਬਾਣੀ ਵਿੱਚ ਬਾਰ-ਬਾਰ ਇਹ ਦ੍ਰਿੜਾਇਆ ਹੈ ਕਿ ਸਾਰੇ ਮਨੁੱਖ ਉਸ ਇੱਕ ਪ੍ਰਮਾਤਮਾ ਦੇ ਸਾਜੇ ਹੋਏ ਹਨ ਅਤੇ ਇਸ ਕਾਰਨ ਸਾਰੇ ਇੱਕ-ਦੂਜੇ ਦੇ ਸਮਾਨ ਹਨ। ਜ਼ਾਤ ਜਾਂ ਜਨਮ ਕਰਕੇ ਕੋਈ ਵੱਡਾ ਜਾਂ ਛੋਟਾ ਨਹੀਂ ਬਣਦਾ ਬਲਕਿ ਪ੍ਰਭੂ ਦੀ ਭਗਤੀ ਅਤੇ ਚੰਗੇ ਕਰਮ ਹੀ ਕਿਸੇ ਵਿਅਕਤੀ ਦੇ ਮਹਾਨ ਹੋਣ ਦੇ ਜ਼ਾਮਨ ਬਣਦੇ ਹਨ। ਇਸ ਪ੍ਰਸੰਗ ਵਿੱਚ ਕਬੀਰ ਜੀ ਫਰਮਾਉਂਦੇ ਹਨ:-

ਗਰਭ ਵਾਸ ਮਹਿ ਕੁਲੁ ਨਹੀਂ ਜਾਤੀ॥
ਬ੍ਰਹਮ ਬਿੰਦ ਤੇ ਸਭ ਉਤਪਾਤੀ॥
(ਭਗਤ ਕਬੀਰ)

ਗੁਰੂ ਅਮਰਦਾਸ ਜੀ ਮਨੁੱਖੀ ਸਮਾਨਤਾ ਦੇ ਸਿਧਾਂਤ ਨੂੰ ਹੋਰ ਸਪਸ਼ਟ ਕਰਦੇ ਹਨ। ਆਪ ਫਰਮਾਉਂਦੇ ਹਨ ਕਿ ਜਾਤੀ ਦਾ ਅਭਿਮਾਨ ਕਰਨ ਵਾਲਾ ਵਿਅਕਤੀ ਮੂਰਖ ਹੁੰਦਾ ਹੈ ਕਿਉਂਕਿ ਹਰ ਕੋਈ ਬ੍ਰਹਮ-ਬਿੰਦ ਤੋਂ ਉਤਪੰਨ ਹੋਣ ਕਰਕੇ ਇੱਕ-ਦੂਜੇ ਨਾਲ ਭਰਾਤਰੀ-ਭਾਵ ਵਿੱਚ ਬੱਝਾ ਰਹਿੰਦਾ ਹੈ।

ਜਤਿ ਕਾ ਗਰਬੁ ਨ ਕਰੀਅਹੁ ਕੋਈ॥
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ॥
ਜਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ॥
ਚਾਰੇ ਵਰਨ ਆਖੈ ਸਭੁ ਕੋਈ॥
ਬ੍ਰਹਮ ਬਿੰਦ ਤੇ ਸਭ ਓਪਤਿ ਹੋਈ॥
(ਰਾਗ ਭੈਰਓੁ ਮਹਲਾ ੩)

ਬ੍ਰਿਤਾਂਤ- ਵਿਧੀਆਂ ਅਤੇ ਰੂਪਾਕਾਰਕ ਲੱਛਣ ਸੋਧੋ

ਮੱਧਕਾਲੀਨ ਸਾਹਿਤ, ਬ੍ਰਿਤਾਂਤ-ਵਿਧੀਆਂ ਅਤੇ ਰੂਪਾਕਾਰਕ ਲੱਛਣਾਂ ਦੀ ਦ੍ਰਿਸ਼ਟੀ ਤੋਂ ਵੀ ਆਪਸ ਵਿੱਚ ਕਾਫੀ ਸਾਂਝ ਦਰਸਾਉਂਦਾ ਹੈ। ਇਸ ਕਾਲ ਵਿੱਚ ਵਾਰਾਂ, ਕਿੱਸੇ, ਜੰਗਨਾਮੇ, ਗੋਸ਼ਟਾਂ, ਬਾਰਹਮਾਹਾ ਕਾਵਿ, ਬਾਵਨ-ਅੱਖਰੀਆਂ ਅਤੇ ਸੀਹਰਫ਼ੀਆਂ ਵਰਗੇ ਕਾਵਿ-ਰੂਪ ਵੱਡੀ ਮਾਤਰਾ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹ ਸਭ ਬ੍ਰਿਤਾਂਤ-ਕਾਵਿ ਦੀ ਪੇਸ਼ਕਾਰੀ ਕਰਨ ਵਾਲੇ ਰੂਪਾਕਾਰ ਹਨ। ਇਨ੍ਹਾਂ ਰੂਪਾਕਾਰਾਂ ਦੇ ਆਰੰਭ ਵਿੱਚ ਕਵੀ ਲੋਕ ‘ਮੰਗਲਾਚਰਣ` ਵਿਧੀ ਦਾ ਪ੍ਰਯੋਗ ਕਰਦੇ ਹਨ। ਮੰਗਲਾਚਰਣ ਦਾ ਅਰਥ ਹੈ, ਕਿਸੇ ਕਿਰਤ ਦਾ ਉਹ ਟੁਕੜਾ ਜਾਂ ਚਰਣ ਜਿਸ ਵਿੱਚ ਕਵੀ ਆਪਣੇ ਇਸ਼ਟਦੇਵ, ਪਰਮਾਤਮਾ ਜਾਂ ਸਤਿਗੁਰੂ ਦਾ ਸਿਮਰਨ ਕਰਕੇ ਉਸ ਤੋਂ ਅਨੁਗ੍ਰਹਿ ਦੀ ਕਾਮਨਾ ਕਰਦਾ ਹੈ। ਵਾਰਾਂ, ਜੰਗਨਾਮਿਆਂ, ਕਿੱਸਿਆ ਅਤੇ ਪ੍ਰਬੰਧ ਕਾਵਿ ਦੇ ਕੁੱਝ ਹੋਰ ਨਮੂਨਿਆਂ ਵਿੱਚ ਇਸ ਵਿਧੀ ਦਾ ਪ੍ਰਯੋਗ ਸਾਂਝੇ ਰੂਪ ਵਿੱਚ ਦਿਖਾਈ ਦਿੰਦਾ ਹੈ ਜਿਵੇਂ:-

’ਅਵੱਲ’ ਆਖ ਸੁਨਾਂ ਖੁਦਾ ਤਾਈਂ,
ਜਿਹਨੂੰ ਪੀਰ ਫ਼ਕੀਰ ਧਿਆਉਂਦੇ ਨੇ।
ਲੋਹ ਕਲਮ ਤੇ ਜ਼ਮੀਨ ਅਸਮਾਨ ਤਾਰੇ,
ਚੰਨ ਸੂਰਜ ਵੀ ਸੀਸ ਨਿਵਾਉਂਦੇ ਨੇ
ਮੱਛ ਕੱਛ ਸੰਸਾਰ ਸਮੁੰਦਰਾਂ ਦੇ,
ਉਹ ਵੀ ਰੱਬ ਦੇ ਜੀ ਕਹਾਉਂਦੇ ਨੇ।
ਕਾਦਰਯਾਰ ਮੀਆਂ ਜੰਗਲ ਜੂਹ ਬੇਲੇ,
ਸੱਭੇ ਰੱਬ ਦਾ ਬਿਰਦ ਕਮਾਉਂਦੇ ਨੇ।
(ਕਾਦਰਯਾਰ, ਪੂਰਨ ਭਗਤ)

ਔਰਤ ਦੀ ਪ੍ਰਸੰਸਾ ਸੋਧੋ

ਮੱਧਕਾਲ ਦੇ ਪੰਜਾਬੀ ਸਾਹਿਤ ਦੇ ਕਈ ਰੂਪਾਕਾਰਾਂ ਵਿੱਚ ਔਰਤ ਦੀ ਪ੍ਰਸ਼ੰਸਾ ਕੀਤੀ ਗਈ ਹੈ। ਉਸਨੂੰ ਵਡਿਆਇਆ ਗਿਆ ਹੈ। ਖਾਸ ਕਰਕੇ ਗੁਰਮਤਿ ਕਾਵਿ ਵਿੱਚ ਔਰਤ ਨੂੰ ਉੱਚ ਦਰਜੇ ਦਾ ਸਥਾਨ ਪ੍ਰਾਪਤ ਹੈ ਸਿੱਖ ਗੁਰੂ ਔਰਤ ਦੀ ਨਿਰਾਦਰੀ ਦੇ ਵਿਰੁੱਧ ਸਨ।

ਸੋ ਕੋ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ॥

(ਗੁਰੂ ਨਾਨਕ ਦੇਵ ਜੀ) ਮੱਧਕਾਲ ਵਿੱਚ ਔਰਤ ਦੀ ਪ੍ਰਸੰਸਾ ਦੇ ਨਾਲ-ਨਾਲ ਉਸਦੀ ਨਿੰਦਿਆ ਵੀ ਕੀਤੀ ਗਈ ਹੈ। ਖਾਸ ਕਰ ਕਿੱਸਾ ਕਾਵਿ ਦੇ ਵਿੱਚ ਔਰਤ ਨੂੰ ਨਿੰਦਿਆ ਗਿਆ ਹੈ।

ਚੜਦੇ ਮਿਰਜ਼ਾ ਖਾਨ ਨੂੰ ਵੰਝਲ ਦੇਂਦਾ ਮੱਤ।
ਭੱਠ ਰੰਨਾਂ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ।
ਹਸ ਹਸ ਲਾਉਂਦੀਆਂ ਯਾਰੀਆਂ, ਰੋ ਕੇ ਦੇਵਣ ਦੱਸ।
(ਮਿਰਜ਼ਾ ਸਾਹਿਬਾ, ਪੀਲੂ)

ਪੀਲੂ ਦੇ ਕਿੱਸੇ ‘ਮਿਰਜ਼ਾ-ਸਾਹਿਬ` ਵਿੱਚ ਵੀ ਔਰਤਾਂ ਨੂੰ ਬਹੁਤ ਬੁਰੀਆਂ ਦਰਸਾਇਆ ਗਿਆ ਹੈ। ਉਹ ਜਾਦੂ ਪਾ ਕੇ ਕਿਸੇ ਨੂੰ ਵੀ ਆਪਣੇ ਵੱਸ ਵਿੱਚ ਕਰ ਲੈਂਦੀਆਂ ਹਨ;-

ਬੁਰੀਆਂ ਸਿਆਲਾਂ ਦੀਆਂ ਔਰਤਾਂ, ਜਾਦੂ ਲੈਂਦੀਆਂ ਪਾ
ਕੱਢ ਕਲੇਜੇ ਖਾਂਦੀਆਂ, ਮੇਰੇ ਝਾਟੇ ਤੇਲ ਨਾ ਪਾ।
(ਮਿਰਜ਼ਾ ਸਾਹਿਬਾ, ਪੀਲੂ)

ਇਸ ਤਰ੍ਹਾਂ ਉਪਰੋਕਤ ਤੋਂ ਸਪੱਸ਼ਟ ਹੁੰਦਾ ਹੈ ਕਿ ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਕਾਫੀ ਸਮਾਨਤਾਵਾਂ ਮਿਲਦੀਆ ਹਨ ਭਾਵੇ ਨਾਲ-ਨਾਲ ਕੁੱਝ ਵੱਖਰਤਾਵਾਂ ਵੀ ਚਲਦੀਆਂ ਹਨ। ਮੱਧਕਾਲ ਵਿੱਚ ਸਿਰਜੇ ਗਏ ਪੰਜਾਬੀ ਸਾਹਿਤ ਦੀਆਂ ਸਾਰੀਆਂ ਵੰਨਗੀਆ ਦੇ ਅਧਿਐਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਵੰਨਗੀਆਂ ਵਿੱਚ ਕਈ ਤਰ੍ਹਾਂ ਦੇ ਸਾਂਝੇ ਲੱਛਣ ਪਾਏ ਜਾਂਦੇ ਹਨ। ਇਸ ਕਾਲ ਵਿੱਚ ਪੰਜਬੀ ਸਾਹਿਤ ਦੀ ਹਰ ਧਾਰਾ ਨੇ ਆਪਣੀ ਸਿਖਰ ਛੋਹ ਲਈ ਸੀ। ਗੁਰਮਤਿ ਕਾਵਿ ਧਾਰਾ, ਸੂਫ਼ੀ ਕਾਵਿ ਧਾਰਾ, ਕਿੱਸਾ ਕਾਵਿ ਧਾਰਾ ਅਤੇ ਬੀਰ ਕਾਵਿ ਧਾਰਾ ਨੇ ਆਪਣੀਆਂ ਰਚਨਾਤਮਕ ਸੰਭਾਵਨਾਵਾਂ ਦੇ ਸਿਖਰ ਇਸੇ ਕਾਲ ਵਿੱਚ ਹੀ ਛੋਹੇ। ਇਹੀ ਮੱਧਕਾਲ ਦੇ ਪੰਜਾਬੀ ਸਾਹਿਤ ਦੀ ਪ੍ਰਾਪਤੀ ਹੈ। ਮੱਧਕਾਲ ਤੋਂ ਪਹਿਲਾਂ ਇਨ੍ਹਾਂ ਧਾਰਾਵਾਂ ਦਾ ਜਾਂ ਤਾਂ ਕੋਈ ਵਜੂਦ ਨਹੀਂ ਮਿਲਦਾ ਜੇ ਮਿਲਦਾ ਵੀ ਹੈ ਤਾਂ ਉਨ੍ਹਾਂ ਨੂੰ ਮੁਢਲੇ ਯਤਨ ਹੀ ਆਖਿਆ ਜਾ ਸਕਦਾ ਹੈ। ਮੱਧਕਾਲ ਤੋਂ ਬਾਅਦ ਇਨ੍ਹਾਂ ਧਾਰਾਵਾਂ ਦਾ ਵਜੂਦ ਬਿਲਕੁੱਲ ਸਿਮਟ ਗਿਆ ਅਤੇ ਕੁੱਝ ਇੱਕ ਤਾਂ ਖਤਮ ਹੋ ਗਈਆਂ। ਮੱਧਕਾਲਲੀਨ ਪੰਜਾਬੀ ਸਾਹਿਤ ਦੀ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਹ ਕਾਲ ਪੰਜਾਬੀ ਸਾਹਿਤ ਦੀ ਪ੍ਰਗਤੀ ਅਤੇ ਵਿਕਾਸ ਨੂੰ ਦਰਸਾਉਣ ਵਾਲ ਇੱਕ ਸੁਨਿਹਰੀ ਕਾਲ ਹੈ।

ਪੁਸਤਕ ਸੂਚੀ ਸੋਧੋ

  1. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
  2. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੁਲਕ ਇਤਿਹਾਸ (ਭਾਗ-2) ਪੂਰਵ ਮੱਧਕਾਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998
  3. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, 2011
  4. ਡਾ. ਅਮਰਜੀਤ ਸਿੰਘ ਕਾਂਗ, ਡਾ. ਜਸਪਾਲ ਕੌਰ ਕਾਂਗ, ਮਧਕਾਲੀ ਪੰਜਾਬੀ ਸਾਹਿਤ ਪਰਿਪੇਖ, ਨਾਨਕ ਸਿੰਘ ਪੁਸਤਕਮਾਲਾ, 2001
  5. ਡਾ. ਭਗਤ ਸਿੰਘ, ਮੱਧਕਾਲੀਨ ਭਾਰਤ ਦੀਆਂ ਸੰਸਥਾਵਾਂ (ਸਮਾਜਕ, ਸਭਿਆਚਾਰਕ ਅਤੇ ਆਰਥਿਕ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003
  6. ਅਮਰਜੀਤ ਸਿੰਘ ਕਾਂਗ, ਮੱਧਕਾਲੀ ਪੰਜਾਬੀ ਸਾਹਿਤ ਮੰਥਨ
  7. ਮੱਧਕਾਲੀਨ ਪੰਜਾਬੀ ਸਾਹਿਤ ਪੁਨਰ-ਨਿਰੀਖਣ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ।
  8. ਜਸਵਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪੰਜਾਬੀ ਯੂਨੀਵਰਸਿਟੀ ਪਟਿਆਲਾ।
  9. ਪ੍ਰੋ. ਬ੍ਰਹਮਜਗਦੀਸ਼ ਸਿੰਘ, ਪ੍ਰੋ. ਰਾਜਬੀਰ ਕੌਰ, ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ ਸ਼ਾਹ ਫਾਊਡੇਸ਼ਨ, ਅੰਮ੍ਰਿਤਸਰ।
  10. ਪ੍ਰੋ. ਪੂਰਨ ਸਿੰਘ, ਖੁਲੇ ਲੇਖ, ਲਾਹੌਰ ਬੁਕ ਸ਼ਾਪ, ਲੁਧਿਆਣਾ>
  11. ਕਾਦਰਯਾਰ, ਪੂਰਨ ਭਗਤ (ਸੰਪਾ. ਬਿਕਰਮ ਸਿੰਘ ਘੁੰਮਣ)ਪ੍ਰਕਾਸ਼ਨ

ਯੋਗਰਾਜ ,ਆਧੁਨਿਕ ਪੰਜਾਬੀ ਕਾਵਿ-ਧਰਾਵਾਂ ਦਾ ਸੁਹਜ -ਸ਼ਾਸਤਰ ,ਚੇਤਨਾ ਪ੍ਰਕਾਸ਼ਨ ,ਲੁਧਿਆਣਾ

  1. ਕਿੱਸਾ ਮਿਰਜ਼ਾ ਸਾਹਿਬਾ ਕ੍ਰਿਤ ਪੀਲੂ (ਸੰਪਾ. ਪਿਆਰ ਸਿੰਘ ਤੇ ਐਮ.ਐਸ. ਅੰਮ੍ਰਿਤ)

ਹਵਾਲੇ ਸੋਧੋ

  1. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-28
  2. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੁਲਕ ਇਤਿਹਾਸ (ਭਾਗ-2) ਪੂਰਵ ਮੱਧਕਾਲ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ-29
  3. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, 2011, ਪੰਨਾ-311
  4. ਡਾ. ਅਮਰਜੀਤ ਸਿੰਘ ਕਾਂਗ, ਡਾ. ਜਸਪਾਲ ਕੌਰ ਕਾਂਗ, ਮਧਕਾਲੀ ਪੰਜਾਬੀ ਸਾਹਿਤ ਪਰਿਪੇਖ, ਨਾਨਕ ਸਿੰਘ ਪੁਸਤਕਮਾਲਾ, 2001, ਪੰਨਾ-10
  5. ਡਾ. ਭਗਤ ਸਿੰਘ, ਮੱਧਕਾਲੀਨ ਭਾਰਤ ਦੀਆਂ ਸੰਸਥਾਵਾਂ (ਸਮਾਜਕ, ਸਭਿਆਚਾਰਕ ਅਤੇ ਆਰਥਿਕ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003, ਪੰਨਾ-50
  6. ਡਾ. ਭਗਤ ਸਿੰਘ, ਮੱਧਕਾਲੀਨ ਭਾਰਤ ਦੀਆਂ ਸੰਸਥਾਵਾਂ (ਸਮਾਜਕ, ਸਭਿਆਚਾਰਕ ਅਤੇ ਆਰਥਿਕ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003, ਪੰਨਾ-79
  7. 1 ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੰਨਾ-123
  8. 2ਕਿੱਸਾ ਸੰਸਾਰ, ਪੰਨਾ-10