ਯੇਵਗੇਨੀ ਓਨੇਗਿਨ (ਰੂਸੀ: Евгений Онегин), ਅਲੈਗਜ਼ੈਂਡਰ ਪੁਸ਼ਕਿਨ ਦੁਆਰਾ ਕਵਿਤਾ ਵਿੱਚ ਲਿਖਿਆ ਇੱਕ ਨਾਵਲ ਹੈ। ਇਸ ਨੂੰ ਉਨੀਵੀਂ ਸਦੀ ਦੇ ਆਲੋਚਕ ਬੇਲਿੰਸਕੀ ਨੇ ਰੂਸੀ ਜ਼ਿੰਦਗੀ ਦਾ ‘ਵਿਸ਼ਵ-ਕੋਸ਼’ ਕਿਹਾ ਸੀ।[1] ਇਹ ਰੂਸੀ ਸਾਹਿਤ ਦੀ ਇੱਕ ਕਲਾਸਿਕ ਰਚਨਾ ਹੈ ਅਤੇ ਇਸ ਦੇ ਹਮਨਾਮ ਨਾਇਕ ਨੇ ਅਨੇਕ ਰੂਸੀ ਸਾਹਿਤਕ ਨਾਇਕਾਂ ਲਈ ਮਾਡਲ ਦਾ ਕੰਮ ਕੀਤਾ।[2] ਇਹ ਨਾਵਲ ਲੜੀਵਾਰ ਰੂਪ ਵਿੱਚ 1825 ਅਤੇ 1832 ਦੇ ਵਿਚਕਾਰ ਛਾਪਿਆ ਗਿਆ ਸੀ। ਪੂਰਾ ਐਡੀਸ਼ਨ 1833 ਵਿੱਚ ਛਪਿਆ ਅਤੇ ਹਾਲੀਆ ਪ੍ਰਵਾਨਿਤ ਐਡੀਸ਼ਨ 1837 ਵਿੱਚ ਛਪੇ ਐਡੀਸ਼ਨ ’ਤੇ ਆਧਾਰਤ ਹੈ।

'ਯੇਵਗੇਨੀ ਓਨੇਗਿਨ' ਚਿਤਰ:.ਈ ਪੀ -ਸਮੋਕਿਸ਼ ਸੁਦਕੋਵਸਕੀ

ਮੁੱਖ ਪਾਤਰ

ਸੋਧੋ
 
ਪੁਸ਼ਕਿਨ ਦੀ ਕਲਪਨਾ ਦਾ 'ਯੇਵਗੇਨੀ ਓਨੇਗਿਨ', 1830.
  • 'ਯੇਵਗੇਨੀ ਓਨੇਗਿਨ

ਛੱਬੀ ਸਾਲ ਦਾ ਇੱਕ ਹੰਕਾਰੀ ਅਮੀਰ ਨੌਜਵਾਨ

  • ਵਲਾਦੀਮੀਰ ਲੇਂਸਕੀ

ਲਗਪਗ ਅਠਾਰਾਂ ਸਾਲਾਂ ਦਾ ਨੌਜਵਾਨ ਕਵੀ, ਅਤੀਭਾਵੁਕ ਰੋਮਾਂਟਿਕ ਸੁਪਨਸਾਜ਼।

  • ਤਾਤਿਆਨਾ ਲਾਰੀਨਾ

ਜ਼ਿਮੀਦਾਰ ਘਰਾਣੇ ਦੀ ਸ਼ਰਮਾਕਲ, ਸ਼ਾਂਤ, ਪਿਆਰ ਪਿਆਸੀ ਕੁੜੀ

  • ਓਲਗਾ ਲਾਰੀਨਾ

ਤਾਤਿਆਨਾ ਲਾਰੀਨਾ ਦੀ ਭੈਣ

ਕਥਾਨਕ

ਸੋਧੋ

ਸਾਲ 1820 ਯੇਵਗੇਨੀ ਓਨੇਗਿਨ ਪੀਟਰਸਬਰਗ ਦਾ ਅਕੇਵੇਂ ਮਾਰਿਆ ਹੰਕਾਰੀ ਅਮੀਰ ਨੌਜਵਾਨ, ਜਿਸਦੇ ਜੀਵਨ ਵਿੱਚ ਨਾਚ ਅਤੇ ਸੰਗੀਤ ਪਾਰਟੀਆਂ ਦੇ ਸਿਵਾ ਕੁੱਝ ਵੀ ਨਹੀਂ ਹੈ। ਅਚਾਨਕ ਉਸਨੂੰ ਆਪਣੇ ਚਾਚੇ ਤੋਂ ਵਿਰਾਸਤ ਵਿੱਚ ਜਾਗੀਰ ਮਿਲ ਜਾਂਦੀ ਹੈ। ਉਹ ਇਸ ਦਿਹਾਤੀ ਜਾਗੀਰ ਤੇ ਚਲਾ ਜਾਂਦਾ ਹੈ ਅਤੇ ਵਲਾਦੀਮੀਰ ਲੇਂਸਕੀ ਨਾਮ ਦੇ ਆਪਣੇ ਗੁਆਂਢੀ, ਇੱਕ ਅਨੁਭਵਹੀਣ ਜਵਾਨ ਕਵੀ ਦੇ ਨਾਲ ਦੋਸਤੀ ਕਰ ਲੈਂਦਾ ਹੈ। ਇੱਕ ਦਿਨ, ਲੇਂਸਕੀ ਓਨੇਗਿਨ ਨੂੰ ਖੁਲ੍ਹੇ ਡੁਲ੍ਹੇ ਸੁਭਾਅ ਦੀ ਪਰ ਅਲੜ੍ਹ ਜਿਹੀ ਆਪਣੀ ਮੰਗੇਤਰ ਓਲਗਾ ਲਰੀਨਾ ਦੇ ਘਰ ਭੋਜਨ ਤੇ ਲੈ ਜਾਂਦਾ ਹੈ। ਇਸ ਮਿਲਣੀ ਵਿੱਚ ਓਲਗਾ ਦੀ ਗੰਭੀਰ ਅਤੇ ਸਾਹਿਤ ਪ੍ਰੇਮੀ ਭੈਣ, ਤਾਤਿਆਨਾ, ਓਨੇਗਿਨ ਨਾਲ ਪਿਆਰ ਕਰਨ ਲੱਗ ਪੈਂਦੀ ਹੈ ਅਤੇ ਤੁਰੰਤ ਬਾਅਦ ਓਨੇਗਿਨ ਨੂੰ ਆਪਣੇ ਪਿਆਰ ਦੇ ਇਜ਼ਹਾਰ ਦੀ ਇੱਕ ਚਿਠੀ ਲਿਖਦੀ ਹੈ। ਉਸ ਦੀ ਆਸ ਦੇ ਉਲਟ ਓਨੇਗਿਨ ਪੱਤਰ ਦਾ ਉੱਤਰ ਨਹੀਂ ਦਿੰਦਾ। ਅਗਲੀ ਵਾਰ ਜਦੋਂ ਉਹ ਮਿਲੇ ਤਾਂ ਓਨੇਗਿਨ ਇੱਕ ਨਸੀਅਤ ਭਰੇ ਭਾਸ਼ਣ ਨਾਲ ਉਸ ਦੀ ਪੇਸ਼ਕਸ਼ ਨੂੰ ਠੁਕਰਾ ਦਿੰਦਾ ਹੈ ਅਤੇ ਡਿਪਲੋਮੈਟਿਕ ਤਰੀਕੇ ਨਾਲ ਪ੍ਰੇਮ ਸੰਬੰਧੀ ਧਾਰਨਾਵਾਂ ਦੀ ਆੜ ਵਿੱਚ ਤਾਤਿਆਨਾ ਨੂੰ ਟਰਕਾ ਦਿੰਦਾ ਹੈ।

 
ਓਨੇਗਿਨ ਚਿਤਰ:ਦਮਿਤ੍ਰੀ ਕਾਰਦੋਵਸਕੀ, 1909

ਬਾਅਦ ਵਿੱਚ, ਲੇਂਸਕੀ ਸ਼ਰਾਰਤ ਨਾਲ ਓਨੇਗਿਨ ਨੂੰ ਤਾਤਿਆਨਾ ਦੇ ਨਾਮਕਰਨ ਦਿਵਸ ਦੇ ਜਸ਼ਨ ਲਈ ਸੱਦਾ ਦਿੰਦਾ ਹੈ ਅਤੇ ਉਸਨੂੰ ਬਸ ਇੰਨਾ ਦੱਸਦਾ ਹੈ ਕਿ ਇਸ ਛੋਟੀ ਜਿਹੀ ਮਹਿਫ਼ਲ ਵਿੱਚ ਤਾਤਿਆਨਾ, ਉਸ ਦੀ ਭੈਣ, ਅਤੇ ਉਸ ਦੇ ਮਾਤਾ ਪਿਤਾ ਦੇ ਬਿਨਾ ਹੋਰ ਕੋਈ ਨਹੀਂ ਹੋਵੇਗਾ। ਐਪਰ, ਉੱਥੇ ਇੱਕ ਵਿਸ਼ਾਲ ਨਾਚ ਪਾਰਟੀ ਹੈ ਜੋ ਸੇਂਟ ਪੀਟਰਸਬਰਗ ਦੀਆਂ ਨਾਚ ਪਾਰਟੀਆਂ ਦੀ ਪੈਰੋਡੀ ਹੈ। ਓਨੇਗਿਨ ਆਪਣੇ ਅਤੇ ਤਾਤਿਆਨਾ ਬਾਰੇ ਗੱਲਾਂ ਸੁਣ ਕੇ ਉਸਨੂੰ ਸ਼ਰਾਰਤ ਨਾਲ ਬਲਾਉਣ ਕਾਰਨ ਲੇਂਸਕੀ ਨਾਲ ਚਿੜ ਜਾਂਦਾ ਹੈ ਤੇ ਓਲਗਾ ਦੇ ਨਾਲ ਨਾਚ ਕਰ ਕੇ ਅਤੇ ਵਰਗਲਾ ਕੇ ਇੰਤਕਾਮ ਲੈਣ ਦਾ ਫੈਸਲਾ ਕਰਦਾ ਹੈ। ਓਲਗਾ ਆਪਣੇ ਮੰਗੇਤਰ ਨਾਲ ਖਫ਼ਾ ਅਤੇ ਓਨੇਗਿਨ ਪ੍ਰਤੀ ਉਲਾਰ ਹੋ ਜਾਂਦੀ ਹੈ। ਆਪਣੀ ਸੁਹਿਰਦਤਾ ਦੇ ਕਾਰਨ ਬੁਰੀ ਤਰ੍ਹਾਂ ਜਖ਼ਮੀ ਲੇਂਸਕੀ ਓਨੇਗਿਨ ਨੂੰ ਇੱਕ ਦਵੰਦ ਯੁਧ ਲਈ ਚੁਣੌਤੀ ਦਿੰਦਾ ਹੈ ਜਿਸ ਨੂੰ ਓਨੇਗਿਨ ਜਕਦੇ ਜਕਦੇ ਸਵੀਕਾਰ ਕਰਦਾ ਹੈ। ਦਵੰਦ ਯੁਧ ਵਿੱਚ, ਨਾ ਚਾਹੁੰਦੇ ਹੋਏ ਵੀ ਓਨੇਗਿਨ ਲੇਂਸਕੀ ਨੂੰ ਮਾਰ ਦਿੰਦਾ ਹੈ ਅਤੇ ਇਸ ਤੇ ਦੁਖ ਪ੍ਰਗਟ ਕਰਦਾ ਹੈ। ਫਿਰ ਉਹ ਪਛਤਾਵੇ ਨੂੰ ਯਾਤਰਾ ਨਾਲ ਠੰਡਾ ਕਰਨ ਲਈ ਆਪਣੀ ਜਾਗੀਰ ਤੋਂ ਨਿਕਲ ਪੈਂਦਾ ਹੈ। ਤਾਤਿਆਨਾ ਓਨੇਗਿਨ ਦੀ ਹਵੇਲੀ ਵਿੱਚ ਜਾਂਦੀ ਹੈ ਜਿੱਥੇ ਉਹ ਉਸ ਦੀਆਂ ਕਿਤਾਬਾਂ ਅਤੇ ਉਨ੍ਹਾਂ ਦੇ ਹਾਸ਼ੀਏ ਵਿੱਚ ਲਿਖੇ ਉਸ ਦੇ ਨੋਟ ਪੜ੍ਹ ਕੇ ਅਚਾਨਕ ਇਹ ਸਵਾਲ ਉਹਦੇ ਮਨ ਵਿੱਚ ਉਠਦਾ ਹੈ ਕਿ ਕੀ ਓਨੇਗਿਨ ਦਾ ਚਰਿੱਤਰ ਵੱਖ ਵੱਖ ਨਾਵਲੀ ਨਾਇਕਾਂ ਦਾ ਇੱਕ ਕੋਲਾਜ ਮਾਤਰ ਹੈ, ਅਤੇ ਕੋਈ “ਅਸਲੀ ਓਨੇਗਿਨ” ਨਹੀਂ ਹੈ। ਕਈ ਸਾਲ ਬੀਤ ਗਏ ਹਨ ਅਤੇ ਦ੍ਰਿਸ਼ ਮਾਸਕੋ ਦਾ ਹੈ, ਜਿੱਥੇ ਓਨੇਗਿਨ ਕੁਝ ਅਹਿਮ ਨਾਚ ਪਾਰਟੀਆਂ ਵਿੱਚ ਸ਼ਾਮਲ ਹੋਣ ਅਤੇ ਪੁਰਾਣੇ ਰੂਸੀ ਸਮਾਜ ਦੇ ਆਗੂਆਂ ਨੂੰ ਮਿਲਣ ਲਈ ਆਇਆ ਹੈ। ਤਦ ਉਹ ਸਭ ਤੋਂ ਹੁਸੀਨ ਔਰਤ ਵੇਖਦਾ ਹੈ, ਜਿਸਨੇ ਹੁਣ ਸਾਰਿਆਂ ਦਾ ਧਿਆਨ ਮੱਲ ਰੱਖਿਆ ਹੈ ਤਾਂ ਤ੍ਰਭਕ ਜਾਂਦਾ ਹੈ ਕਿ ਇਹ ਤਾਂ ਉਹੀ ਤਾਤਿਆਨਾ ਹੈ ਜਿਸਦੇ ਪਿਆਰ ਨੂੰ ਉਸਨੇ ਠੁਕਰਾ ਦਿੱਤਾ ਸੀ। ਹੁਣ ਉਹ ਇੱਕ ਪੱਕੇਰੀ ਉਮਰ ਦੇ ਜਰਨੈਲ ਦੀ ਪਤਨੀ ਹੈ। ਇਹ ਨਵੀਂ ਤਾਤਿਆਨਾ ਦੇਖ ਕੇ, ਇਸ ਦੇ ਬਾਵਜੂਦ ਕਿ ਉਹ ਹੁਣ ਸ਼ਾਦੀਸ਼ੁਦਾ ਔਰਤ ਹੈ ਉਹ ਉਹਨੂੰ ਪਿਆਰ ਜਤਾਉਣ ਲੱਗ ਪੈਂਦਾ ਹੈ ਪਰ ਇਸ ਵਾਰ ਤਾਤਿਆਨਾ ਉਸਨੂੰ ਸਵੀਕਾਰ ਨਹੀਂ ਕਰਦੀ। ਉਹ ਉਸਨੂੰ ਕਈ ਪੱਤਰ ਲਿਖਦਾ ਹੈ ਲੇਕਿਨ ਕੋਈ ਜਵਾਬ ਪ੍ਰਾਪਤ ਨਹੀਂ ਹੁੰਦਾ। ਨਾਵਲ ਖ਼ਤਮ ਹੁੰਦਾ ਹੈ ਜਦੋਂ ਓਨੇਗਿਨ ਤਾਤਿਆਨਾ ਨੂੰ ਮਿਲਣ ਜਾਂਦਾ ਹੈ ਅਤੇ ਉਸਨੂੰ ਆਪਣੇ ਪਿਆਰ ਨੂੰ ਸੁਰਜੀਤ ਕਰਨ ਦਾ ਮੌਕਾ ਪੇਸ਼ ਕਰਦਾ ਹੈ। ਤਾਤਿਆਨਾ ਉਸਨੂੰ ਇੱਕ ਭਾਸ਼ਣ ਨਾਲ ਠੁਕਰਾ ਦਿੰਦੀ ਹੈ, ਜਿਸ ਵਿੱਚ ਓਨੇਗਿਨ ਦੇ ‘ਭਾਸ਼ਣ’ ਵਾਲੀ ਨਸੀਹਤ ਦੀ ਝਲਕ ਹੈ। ਉਹ ਉਸ ਦੇ ਲਈ ਆਪਣੇ ਪਿਆਰ ਨੂੰ ਕਬੂਲ ਕਰਦੀ ਹੈ ਪਰ ਉਹ ਆਪਣੇ ਪਤੀ ਲਈ ਪੂਰਨ ਨਿਸ਼ਠਾ ਵੀ ਪ੍ਰਗਟ ਕਰਦੀ ਹੈ।

ਹਵਾਲੇ

ਸੋਧੋ