ਲੇਖਕ ਦੀ ਮੌਤ

ਰੋਲਾਂ ਬਾਰਤ ਦਾ ਲੇਖ
(ਰਚਣਹਾਰ ਦੀ ਮੌਤ ਤੋਂ ਮੋੜਿਆ ਗਿਆ)

ਲੇਖਕ ਦੀ ਮੌਤ (ਅੰਗਰੇਜ਼ੀ: The Death of the Author), ਫ਼ਰਾਂਸੀਸੀ ਸਾਹਿਤ-ਚਿੰਤਕ, ਭਾਸ਼ਾ-ਵਿਗਿਆਨੀ, ਅਤੇ ਆਲੋਚਕ ਰੋਲਾਂ ਬਾਰਤ ਦਾ 1967 ਵਿੱਚ ਲਿਖਿਆ ਸਭ ਤੋਂ ਪ੍ਰਸਿੱਧ ਲੇਖ ਹੈ। ਉਸ ਦਾ ਇਹ ਲੇਖ ਰਵਾਇਤੀ ਆਲੋਚਨਾ ਦੇ ਅਧਾਰਾਂ ਤੇ ਕਿੰਤੂ ਕਰਦਾ ਹੈ: "ਇਹ ਲੇਖ ਪਹਿਲਾਂ ਫਰੈਂਚ ਦੇ ਰਸਾਲੇ (1967) ਵਿੱਚ ਛਪਿਆ। ਉਸ ਤੋਂ ਬਾਅਦ 1968 ਵਿੱਚ ਅੰਗਰੇਜ਼ੀ ਵਿੱਚ ਛਪਿਆ। ਜਿਸ ਨੂੰ 1977 ਵਿੱਚ ਰੋਲਾਂ ਬਾਰਤ ਨੇ ਆਪਣੀ ਪੁਸਤਕ Image Music Text ਵਿੱਚ ਸ਼ਾਮਿਲ ਕੀਤਾ"[1]। ਰੋਲਾਂ ਬਾਰਤ ਦਾ ਇਹ ਲੇਖ ਆਲੋਚਨਾ ਦੇ ਉਸ ਰਵਾਇਤੀ ਢੰਗ ਦੇ ਖਿਲਾਫ਼ ਹੈ ਜਿਸ ਅਨੁਸਾਰ ਕਿਸੇ ਲੇਖਕ ਦੀ ਲਿਖਤ ਦੀ ਆਲੋਚਨਾ ਉਸਦੇ ਜੀਵਨ ਪ੍ਰਸੰਗ ਨਾਲ ਜੋੜਕੇ ਕੀਤੀ ਜਾਂਦੀ ਹੈ।

ਰੋਲਾ ਬਾਰਤ ਨੇ ਸਾਹਿਤ ਅਲੋਚਨਾ ਦੇ ਖੇਤਰ ਵਿਚ ਆਪਣਾ ਪਹਿਲਾ ਮਹੱਤਵਪੂਰਨ ਕੰਮ ਰਾਈਟਿੰਗ ਡਿਗਰੀ ਜ਼ੀਰੋ’ (1953) ਲਿਖਕੇ ਕੀਤਾ। ਇਸ ਪੁਸਤਕ ਰਾਹੀਂ ਉਸਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਫ਼ਰਾਂਸੀਸੀ ਸਾਹਿਤ ਦਾ ਇਤਿਹਾਸ ਕਿਸ ਤਰ੍ਹਾਂ ਲਿਖਿਆ ਜਾ ਸਕਦਾ ਹੈ। ਇਸੇ ਪੁਸਤਕ ਨਾਲ ਬਾਰਤ ਫ਼ਰਾਂਸ ਦੇ ਪੜ੍ਹਨ ਲਿਖਣ ਵਾਲਿਆਂ ਵਿਚ ਚਰਚਾ ਦਾ ਕੇਂਦਰ ਬਣ ਗਿਆ ਸੀ। ਉਸਦਾ ਅਗਲਾ ਮਹੱਤਵਪੂਰਨ ਕੰਮ ਮਾਈਥਾਲੋਜੀਜ਼ (Mythologies) ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।ਇਸ ਪੁਸਤਕ ਵਿਚਲੇ ਲੇਖਾਂ ਰਾਹੀਂ ਉਹ ਦੱਸਦਾ ਹੈ ਕਿ ਕਿਵੇਂ ਬੁਰਜੂਆਜੀ ਆਪਣੀ ਤਾਕਤ ਰਾਹੀਂ ਸਭਿਆਚਾਰਕ ਮਿੱਥਾਂ ਦੀ ਸਿਰਜਣਾ ਕਰਦੀ ਹੈ ਅਤੇ ਉਹਨਾਂ ਨੂੰ ਆਪਣੇ ਹਿੱਤਾਂ (ਮੁਨਾਫੇ) ਲਈ ਵਰਤਦੀ ਹੈ। ਇਸ ਤੋਂ ਬਿਨਾਂ ਉਸਨੇ “ਆਨ ਰਸੀਨ (On Surracine, 1963), ਕਰਿਟੀਕਲ ਐਸੇਜ਼ (Critical Essays, 1964), ਦ ਆਈਫਲ ਟਾਵਰ ਐਂਡ ਅਦਰ ਮਾਈਥਾਲੋਜੀਜ਼ (The Eiffel Tower and Other Mythologies, 1964), ਐਲੀਮੈਂਟਸ ਆਫ ਸੀਔਲੋਜੀ (Elements of Semiology, 1965), ਦ ਫੈਸ਼ਨ ਸਿਸਟਮ (The Fashion System), ਐਸ/ਜੈਡ (S/Z, 1970), ਦ ਪਲੱਈਅਰ ਆਫ ਟੈਕਸਟ (The Pleasure of Text,1973) ਵਰਗੀਆਂ ਮਹੱਤਪੂਰਨ ਪੁਸਤਕਾਂ ਦੀ ਸਿਰਜਣਾ ਕੀਤੀ। ਉਸਨੇ ਆਪਣੀ ਸਵੈ-ਜੀਵਨੀ ਵੀ ਬੜੇ ਵੱਖਰੇ ਰੂਪ ਵਿਚ ‘ਰੋਲਾਂ ਬਾਰਤ ਬਾਈ ਰੋਲਾਂ ਬਾਰਤ’ (Roland Barthes by Roland Barthes, 1975) ਸਿਰਲੇਖ ਹੇਠ ਲਿਖੀ।

ਸਮੱਗਰੀ

ਸੋਧੋ

ਪੁਰਾਣੇ ਸਮਿਆਂ ਵਿੱਚ ਲੇਖਕ ਨੂੰ ਇੱਕ ਮਾਧਿਅਮ ਰੂਪ ਅਤੇ ਲਿਖਤ ਨੂੰ ਰੱਬੀ ਅਵਾਜ਼ ਸਮਝਿਆ ਜਾਂਦਾ ਸੀ । ਰੋਲਾਂ ਬਾਰਤ ਕਹਿੰਦਾ ਹੈ ਕਿ ਲੇਖਕ ਨੂੰ ਮਹਾਨ ਸਖ਼ਸ਼ੀਅਤ ਆਧੁਨਿਕ ਸਮੇਂ ਵਿੱਚ ਸਮਝਿਆ ਜਾਣ ਲੱਗਿਆ ਹੈ। ਜਿਸ ਨਾਲ ਲੇਖਕ ਨੂੰ ਮਾਧਿਅਮ ਦੇ ਥਾਂ ਤੇ ਇੱਕ ਸਿਰਜਕ ਵਜੋਂ ਉਭਾਰਿਆ ਗਿਆ ਅਤੇ ਲੇਖਕ ਦੀ ਲਿਖਤ ਨੂੰ ਉਸਦੇ ਨਿੱਜੀ ਜੀਵਨ ਦੇ ਹਵਾਲਿਆਂ ਨਾਲ ਸਮਝਣ ਦੀ ਕੋਸ਼ਿਸ਼ ਹੋਣ ਲੱਗੀ।

ਲੇਖਕ ਦੀ ਮੌਤ ਦਾ ਸਧਾਰਨ ਅਰਥ ਸਾਹਿਤ ਰਚਨਾ ਵਿੱਚੋਂ ਲੇਖਕ ਦੇ ਦਖ਼ਲ ਨੂੰ ਪਾਸੇ ਕਰਨਾ ਹੈ। ਇਸ ਨੂੰ ਰੋਲਾਂ ਬਾਰਤ ਲੇਖਕ ਦੀ ਮੌਤ ਕਹਿੰਦਾ ਹੈ[2]। ਬਾਰਤ ਭਾਸ਼ਾ ਵਿਗਿਆਨ ਦੀ ਉਦਾਹਰਣ ਨਾਲ ਗੱਲ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜਿਵੇਂ ਭਾਸ਼ਾ ਵਿਗਿਆਨ ਅਨੁਸਾਰ ਵਾਕਾਂ ਦਾ ਕਰਤਾ ਅਤੇ ਕਿਰਿਆ ਸ਼ਬਦ ਸ਼੍ਰੇਣੀਆਂ ਵਾਕਾਂ ਦੇ ਅਰਥ ਨਿਰਧਾਰਿਤ ਕਰਦੀਆਂ ਹਨ। ਇਥੇ ਵਾਕ ਬੋਲਣ ਵਾਲੇ ਦੀ ਮਹੱਤਤਾ ਨੂੰ ਭਾਸ਼ਾ ਵਿਗਿਆਨ ਨਹੀਂ ਮੰਨਦਾ ਜਿਸ ਪ੍ਰਕਾਰ ਰੋਲਾਂ ਬਾਰਤ ਲਿਖਤ ਦੇ ਲੇਖਕ ਨੂੰ ਜਾਨਣਾ ਜ਼ਰੂਰੀ ਨਹੀਂ ਸਮਝਦਾ।

ਰੋਲਾਂ ਬਾਰਤ ਕਹਿੰਦਾ ਹੈ ਕਿ ਲੇਖਕ ਦੇ ਸ਼ਬਦ ਉਸ ਦੇ ਕੰਟਰੋਲ ਵਿੱਚ ਨਹੀਂ ਹੁੰਦੇ ਅਤੇ ਨਾ ਹੀ ਉਸਦੇ ਮੌਲਿਕ ਹੁੰਦੇ ਹਨ। ਬਲਕਿ ਉਹ ਸ਼ਬਦ ਪਹਿਲਾਂ ਹੀ ਸਮਾਜ ਸੱਭਿਆਚਾਰ ਵਿੱਚ ਮੌਜੂਦ ਹੁੰਦੇ ਹਨ। ਜਿੰਨ੍ਹਾਂ ਦੀ ਵਰਤੋਂ ਲੇਖਕ ਕਰਦਾ ਹੈ। "ਜਦੋਂ ਲੇਖਕ ਦੀ ਤਸੱਲੀ ਹੋ ਜਾਂਦੀ ਹੈ ਤਾਂ ਉਹ ਆਪਣੀ ਲਿਖਤ ਨੂੰ ਪਾਠਕਾਂ ਲਈ ਪੇਸ਼ ਕਰਦਾ ਹੈ। ਇਸ ਤੋਂ ਮਗਰੋਂ ਜੋ ਉਹ ਸਾਹਿਤ ਰਚਨਾ ਦੇ ਜਿਹੜੇ ਅਰਥ ਨਿਕਲਦੇ ਹਨ ਉਹ ਲੇਖਕ ਦੇ ਵੱਸ ਦੀ ਗੱਲ ਨਹੀਂ ਰਹਿੰਦੀ। ਕਿਉਂਕਿ ਪਾਠਕ ਦੇ ਜਨਮ ਨਾਲ ਲੇਖਕ ਦੀ ਮੌਤ ਹੋ ਜਾਂਦੀ ਹੈ[3]

ਲੇਖਕ ਆਪਣੀ ਕਿਤਾਬ ਦਾ ਬੀਤਿਆ ਹੁੰਦਾ ਹੈ। ਉਸ ਦੇ ਅਤੇ ਉਸ ਦੀ ਕਿਤਾਬ ਦੇ ਵਿੱਚ ‘ਪਹਿਲਾਂ’ ਅਤੇ ‘ਬਾਅਦ’ ਦੀ ਹਮੇਸ਼ਾ ਇੱਕ ਰੇਖਾ ਹੁੰਦੀ ਹੈ। ਲੇਖਕ ਆਪਣੀ ਕਿਤਾਬ ਤੋਂ ਪਹਿਲਾਂ ਉਸੇ ਤਰ੍ਹਾਂ ਜਿੰਦਾ ਹੁੰਦਾ ਹੈ, ਜਿਸ ਤਰ੍ਹਾਂ ਕੋਈ ਪਿਤਾ ਆਪਣੀ ਸੰਤਾਨ ਦੇ ਪਹਿਲੇ ਜਿੰਦਾ ਹੁੰਦਾ ਹੈ। ਇਸ ਦੇ ਠੀਕ ਵਿਪਰੀਤ, ਆਧੁਨਿਕ ਲੇਖਕ (ਸਕ੍ਰਿਪਟਰ) ਆਪਣੇ ਪਾਠ ਦੇ ਨਾਲ ਹੀ ਜੰਮਦਾ ਹੈ। ਕਿਸੇ ਵੀ ਤਰੀਕੇ ਉਸਨੂੰ ਅਜਿਹੀ ਕੋਈ ਹਸਤੀ ਨਹੀਂ ਮਿਲਦੀ ਜੋ ਉਸ ਦੇ ਰਚਨਾ ਤੋਂ ਪਹਿਲਾਂ ਦੀ ਹੋਵੇ ਅਤੇ ਬਾਅਦ ਦੀ ਵੀ ਹੋਵੇ।[4]


ਬਾਰਤ ਕਹਿੰਦਾ ਹੈ ਕਿ ਜਦੋਂ ਲੇਖਕ ਦੇ ਜੀਵਨ ਨੂੰ ਅਧਾਰ ਬਣਾ ਕੇ ਲੇਖਕ ਦੀ ਰਚਨਾ ਦੀ ਆਲੋਚਨਾ ਕੀਤੀ ਜਾਂਦੀ ਹੈ ਉਹ ਲਿਖਤ ਨੂੰ ਛੋਟਾ ਤੇ ਸੀਮਾਬੱਧ ਕਰਦੀ ਹੈ। ਰੋਲਾਂ ਬਾਰਤ ਇਸ ਤਰ੍ਹਾਂ ਦੀ ਆਲੋਚਨਾ ਨੂੰ ਰੱਦ ਕਰਦਾ ਹੈ[5]। ਲਿਖਤ ਦੇ ਮੂਲ ਨੂੰ ਇੰਨ-ਬਿੰਨ ਕਦੇ ਨਹੀਂ ਸਮਝਿਆ ਜਾ ਸਕਦਾ ਪਰ ਪਾਠਕਾਂ ਦੁਆਰਾ ਉਸ ਨੁਕਤੇ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ।

ਉਹ ਆਪਣੀਆਂ ਸਾਰੀਆਂ ਲਿਖਤਾਂ ਵਿਚ ਲਗਾਤਾਰ ਗਤੀਸ਼ੀਲ ਵਿਚਾਰਾਂ ਦਾ ਧਾਰਨੀ ਨਜ਼ਰ ਆਉਂਦਾ ਹੈ। ਇਸੇ ਲਈ ਉਸਨੂੰ ਅਸਤਿਤਵਵਾਦੀ, ਮਾਰਕਸਵਾਦੀ, ਸੰਰਚਨਾਵਾਦੀ ਅਤੇ ਉੱਤਰ-ਸੰਰਚਨਾਵਾਦੀ ਵਿਚਾਰਾਂ ਨਾਲ ਲਗਾਤਾਰ ਵਹਿੰਦਾ ਅਤੇ ਖਹਿੰਦਾ ਦੇਖਿਆ ਜਾ ਸਕਦਾ ਹੈ। ਉਸਨੇ ਆਪਣੇ ਦਿਮਾਗ ਅਤੇ ਲਿਖਤਾਂ ਨੂੰ ਕਿਸੇ ਇੱਕ ਸਿਧਾਂਤ ਦੀ ਬਸਤੀ ਨਹੀਂ ਬਣਨ ਦਿੱਤਾ। ਇਹੀ ਕਾਰਨ ਹੈ ਕਿ ਉਹ ਇਸ ਤਰ੍ਹਾਂ ਦੇ ਵੱਖਰੇ ਜ਼ਾਇਕਿਆਂ ਵਾਲੇ ਕੰਮ ਕਰ ਸਕਿਆ। ਉਹ ਆਪਣੀਆਂ ਲਿਖਤਾਂ ਵਿਚ ਹਰ ਤਰ੍ਹਾਂ ਦੀਆਂ ਮਿੱਥਾਂ (ਉਹ ਸਾਹਿਤ ਦੀ ਦੁਨੀਆ ਨਾਲ ਜੁੜੀਆਂ ਹੋਣ, ਬਾਜ਼ਾਰ ਜਾਂ ਸਭਿਆਚਾਰ ਦੇ ਕਿਸੇ ਵੀ ਖੇਤਰ ਨਾਲ) ਨੂੰ ਭੰਨਣ ਦਾ ਕੰਮ ਕਰਦਾ ਹੈ ਅਤੇ ਉਹਨਾਂ ਨੂੰ ਵੱਖਰੀ ਵੱਖਰੀ ਤਰ੍ਹਾਂ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹੈ।

ਇਸੇ ਲਈ ਕੁਝ ਲੋਕ ਉਸਨੂੰ ਚਿੰਨ੍ਹਾਂ ਦੇ ਵਿਗਿਆਨੀ (ਸੰਰਚਨਾਵਾਦੀ ਜਾਂ ਉਤਰ-ਸੰਰਚਨਾਵਾਦੀ) ਵਜੋਂ ਜਾਣਦੇ ਹਨ ਤਾਂ ਕੁਝ ਲੋਕ ਉਸਨੂੰ ਕਿਸੇ ਵਿਗਿਆਨ ਦੀ ਬਜਾਏ ਪੜ੍ਹਤ ਵਿਚਲੇ ਆਨੰਦ (ਪਲੱਈਅਰ ਆਫ਼ ਦ ਟੈਕਸ) ਕਰਕੇ ਯਾਦ ਕਰਦੇ ਹਨ ਅਤੇ ਇਸ ਗੱਲ ਲਈ ਉਸਦੀ ਸ਼ਲਾਘਾ ਕਰਦੇ ਹਨ ਕਿ ਉਹ ਲੇਖਕ ਦੇ ਨਿਜ਼ਾਮ ਖ਼ਿਲਾਫ਼ ਪਾਠਕ ਦੀ ਹੈਸੀਅਤ ਨੂੰ ਪਛਾਣਦਾ ਹੈ। ਕੁਝ ਉਸਨੂੰ ਉਸਦੇ ਅਗਾਂਹਵਧੂ ਵਿਚਾਰ ਹੋਣ ਕਾਰਨ ਪਸੰਦ ਕਰਦੇ ਹਨ। ਸਹਿਮਤੀ ਇਸ ਗੱਲ ਬਾਰੇ ਹੈ ਕਿ ਉਹ ਇੱਕ ਲੇਖਕ ਹੈ।

ਜਾਨਥਨ ਕੁਲਰ ਰੋਲਾਂ ਬਾਰਤ ਬਾਰੇ ਠੀਕ ਹੀ ਲਿਖਦਾ ਹੈ ਕਿ ਇਹ ਲੇਖਕ ਦਾ ਦੁਸ਼ਮਣ ਆਪ ਮੁੱਖ ਰੂਪ ਵਿਚ ਇੱਕ ਲੇਖਕ ਹੈ ਜਿਸਦੀਆਂ ਵਿਭਿੰਨ ਲਿਖਤਾਂ ਵਿਚ ਉਸਦੀ ਵਿਅਕਤੀਗਤ ਸ਼ੈਲੀ ਅਤੇ ਦ੍ਰਿਸ਼ਟੀ ਦੇਖੀ ਜਾ ਸਕਦੀ ਹੈ।

ਅਨੁਵਾਦ

ਸੋਧੋ

ਇਸ ਲੇਖ ਨੂੰ ਮੂਲ ਰੂਪ ਵਿੱਚ ਫਰੈਂਚ ਭਾਸ਼ਾ ਵਿੱਚ ਲਿਖਿਆ ਗਿਆ। ਇਸ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਰਿਚਰਡ ਹਾਰਵਰਡ ਦੁਆਰਾ ਕੀਤਾ ਗਿਆ ਅਤੇ ਇਸ ਦਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਨੀਤੂ ਅਰੋੜਾ ਦੁਆਰਾ ਕੀਤਾ ਗਿਆ।

‘ਡੈਥ ਆਫ ਆਥਰ’ ਰੋਲਾਂ ਬਾਰਤ ਦਾ ਸਭ ਤੋਂ ਵੱਧ ਪ੍ਰਸਿੱਧ ਲੇਖ ਹੈ। ਇਸ ਲੇਖ ਰਾਹੀਂ ਲੇਖਕ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਆਦਿਮ ਸਮਾਜਾਂ ਵਿਚ ਲੇਖਕ ਨੂੰ ਮਹਿਜ਼ ਵਿਚਾਰਾਂ ਦੇ ਮਾਧਿਅਮ ਜਾਂ ਵਾਹਕ ਦੇ ਰੂਪ ਵਿਚ ਜਾਣਿਆ ਜਾਂਦਾ ਸੀ ਅਤੇ ਲਿਖਤ ਨੂੰ “ਧੁਰ ਕੀ ਬਾਣੀ” ਜਾਂ “ਇਲਹਾਮ ਦੇ ਰੂਪ ਵਿਚ ਰੱਬੀ ਆਵਾਜ਼ ਸਮਝਿਆ ਜਾਂਦਾ ਸੀ। ਉਸ ਅਨੁਸਾਰ ਲੇਖਕ ਇੱਕ ਮਹਾਨ ਹਸਤੀ ਦੇ ਰੂਪ ਵਿਚ ਆਧੁਨਿਕਤਾ ਦੀ ਪੈਦਾਵਾਰ ਹੈ। ਆਧੁਨਿਕਤਾ ਵਿਚਲੀ ਤਰਕਸ਼ੀਲਤਾ ਰਾਹੀਂ ਜਦੋਂ ਰੱਬ ਦੀ ਥਾਵੇਂ ਵਿਅਕਤੀ ਕੇਂਦਰ ਵਿਚ ਆ ਜਾਂਦਾ ਹੈ ਤਾਂ ਇਹ ਵਿਅਕਤੀ ਹੀ ਜਦੋਂ ਕੋਈ ਲਿਖਤ ਘੜਦਾ ਹੈ ਤਾਂ ਉਹ ਰੱਬ ਵਾਂਗੂ ਉਸ ਲਿਖਤ ਸੰਸਾਰ ਦੇ ਵਿਸ਼ਾਲ ਕੈਨਵਸ ਉੱਤੇ ਫੈਲ ਜਾਂਦਾ ਹੈ। ਇਸ ਨਾਲ ਲੇਖਕ ਦਾ ਨਿੱਜ ਕੁਝ ਇਸ ਤਰ੍ਹਾਂ ਦੀ ਮਹੱਤਤਾ ਅਖ਼ਤਿਆਰ ਕਰ ਲੈਂਦਾ ਹੈ ਕਿ ਲੇਖਕਾਂ ਦੀਆਂ ਜੀਵਨੀਆਂ, ਸਵੈਜੀਵਨੀਆਂ, ਡਾਇਰੀਆਂ, ਖ਼ਤ, ਮੁਲਾਕਾਤਾਂ ਆਦਿ ਪਾਠਕਾਂ ਅਤੇ ਆਲੋਚਕਾਂ ਲਈ ਵਧੇਰੇ ਮਹੱਤਵਪੂਰਨ ਹੋ ਜਾਂਦੀਆਂ ਹਨ ਅਤੇ ਉਹ ਲਿਖਤਾਂ ਨੂੰ ਲੇਖਕ ਦੇ ਨਿੱਜੀ ਜੀਵਨ ਦੇ ਹਵਾਲਿਆਂ ਵਿਚੋਂ ਦੇਖਣ ਦਾ ਯਤਨ ਕਰਦੇ ਹਨ। ਉਹ ਕਹਿੰਦਾ ਹੈ ਕਿ ਇਹ ਵਰਤਾਰਾ ਅਜੇ ਤੱਕ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਆਧੁਨਿਕ ਆਲੋਚਕ ਦੀਆਂ ਲਿਖਤਾਂ ਬਾਰੇ ਦਿੱਤੀਆਂ ਬਹੁਤ ਸਾਰੀਆਂ ਧਾਰਨਾਵਾਂ ਅਤੇ ਰਾਵਾਂ ਦਾ ਆਧਾਰ ਵੀ ਲੇਖਕ ਅਤੇ ਲਿਖਤ ਦੇ ਇਸ ਰਿਸ਼ਤੇ ਵਿਚ ਪਿਆ ਹੁੰਦਾ ਹੈ।

ਜਦੋਂ ਰੋਲਾਂ ਬਾਰਤ ਨੇ ਇਹ ਲੇਖ ਲਿਖਿਆ ਤਾਂ ਉਸਤੋਂ ਪਹਿਲਾ ਹੀ ਮੈਲਾਰਮੇ ਅਤੇ ਵਲੇਰੀ ਵਰਗੇ ਚਿੰਤਕਾਂ ਨੇ ਇਸ ਗੱਲ ਲਈ ਇੱਕ ਆਧਾਰ ਪੈਦਾ ਕਰ ਲਿਆ ਸੀ। ਮੈਲਾਰਮੇ ਦਾ ਵਿਚਾਰ ਸੀ ਕਿ ਇਹ ਭਾਸ਼ਾ ਹੈ ਜੋ ਕਿ ਬੋਲਦੀ ਹੈ ਨਾ ਕਿ ਲੇਖਕ।ਲਗਭਗ ਇਸੇ ਤਰ੍ਹਾਂ ਦੇ ਹੀ ਵਿਚਾਰਾਂ ਦਾ ਪ੍ਰਗਟਾਵਾ ਵਲੇਰੀ ਵੀ ਕਰ ਰਿਹਾ ਸੀ।ਉਹ ਸ਼ਬਦਾਂ ਦੀ ਵੱਖਰੀ ਤਰ੍ਹਾਂ ਦੀ ਜੜ੍ਹਤਬੰਦੀ ਨੂੰ ਵਧੇਰੇ ਮਹੱਤਵ ਦਿੰਦਾ ਹੈ।ਰੋਲਾਂ ਬਾਰਤ ਇਸ ਲੇਖ ਵਿਚ ਇਹਨਾਂ ਦੋਹਾਂ ਚਿੰਤਕਾਂ ਦੇ ਹਵਾਲੇ ਦਿੰਦਾ ਹੈ ਅਤੇ ਇਸ ਵਿਚਾਰ ਨੂੰ ਅੱਗੇ ਤੋਰਦਿਆਂ ਲੇਖਕ ਦੀ ਮੌਤ ਦਾ ਫ਼ਤਵਾ ਜਾਰੀ ਕਰਦਾ ਹੈ।ਇੱਥੇ ਸਾਨੂੰ ਇਹ ਸਮਝਣ ਦੀ ਵਿਸ਼ੇਸ਼ ਲੋੜ ਹੈ ਕਿ ਲੇਖਕ ਦੀ ਮਹੱਤਤਾ ਨੂੰ ਘਟਾ ਕੇ ਦੇਖਣ ਵਾਲਾ ਰੋਲਾਂ ਬਾਰਤ ਪਹਿਲਾ ਚਿੰਤਕ ਨਹੀਂ ਹੈ ਸਗੋਂ ਇਸ ਵਿਚਾਰ ਲਈ ਜ਼ਮੀਨ ਪਹਿਲਾਂ ਤੋਂ ਤਿਆਰ ਹੋ ਚੁੱਕੀ ਸੀ।

ਇਸ ਤੋਂ ਇਲਾਵਾ ਮਰਸਲ ਰੂਸਟ ਦੇ ਹਵਾਲੇ ਨਾਲ ਉਹ ਇਹ ਦੱਸਣ ਯਤਨ ਕਰਦਾ ਹੈ ਕਿ ਲੇਖਕ ਅਤੇ ਉਸਦੇ ਪਾਤਰਾਂ ਦਰਮਿਆਨ ਸਿੱਧਾ ਰਿਸ਼ਤਾ ਹੋਣਾ ਜ਼ਰੂਰੀ ਨਹੀਂ ਹੈ, ਕਈ ਵਾਰ ਲੇਖਕ ਕਿਸੇ ਹੋਰ ਦੀ ਕਹਾਣੀ ਸੁਣਾਉਣ ਵਿਚ ਵੀ ਆਪਣੀ ਜ਼ਿੰਦਗੀ ਲਾ ਸਕਦਾ ਹੈ ਅਤੇ ਫਿਰ ਵੀ ਇਹ ਜ਼ਰੂਰੀ ਨਹੀਂ ਕਿ ਲਿਖਤ ਦੇ ਮੁਕੰਮਲ ਹੋਣ ਬਾਅਦ ਵੀ ਕਹਾਣੀ ਆਖ ਦਿੱਤੀ ਜਾਵੇ।

ਇਸੇ ਤਰ੍ਹਾਂ ਬਾਰਤ ਅਤਿ-ਯਥਾਰਥਵਾਦੀ ਚਿੰਤਨ ਵਿਚਲੇ ਲਿਖਤ ਦੇ ਆਦੇਸ਼ ਨਾਲ ਸੰਬੰਧਾਂ ਦੇ ਹਵਾਲੇ ਰਾਹੀਂ ਵੀ ਲੇਖਕ ਦੀ ਹੈਸੀਅਤ ਨੂੰ ਚੁਣੌਤੀ ਦਿੰਦਾ ਹੈ। ਬੇਸ਼ਕ ਉਹ ਕੋਡ ਜਾਂ ਚਿੰਨ੍ਹ ਦੇ ਵਿਨਾਸ਼ ਦੀ ਆਲੋਚਨਾ ਕਰਦਾ ਹੈ। ਇਸ ਤੋਂ ਬਿਨਾਂ ਉਹ ਭਾਸ਼ਾ ਵਿਗਿਆਨ ਦੇ ਸੂਤਰਾਂ ਨੂੰ ਵੀ ਲੇਖਕ ਦੀ ਮੌਤ ਦੀ ਦਲੀਲ ਵਿਚ ਸ਼ਾਮਿਲ ਕਰਦਾ ਹੈ। ਭਾਸ਼ਾ ਵਿਗਿਆਨ ਅਨੁਸਾਰ ਕੋਈ ਵਾਕ ਆਪਣੀਆਂ ਕਰਤਾ ਅਤੇ ਕਿਰਿਆ ਵਰਗੀਆਂ ਸ਼ਬਦ ਸ਼੍ਰੇਣੀਆਂ ਰਾਹੀਂ ਆਪਣੇ ਅਰਥਾਂ ਦਾ ਪ੍ਰਗਟਾਵਾ ਕਰਦਾ ਹੈ। ਇਸ ਦਾ ਇੱਕ ਹਿੱਸਾ ਵਿਧੇਅ ਹੁੰਦਾ ਹੈ ਅਤੇ ਇੱਕ ਉਦੇਸ਼ । ਇਸ ਤਰ੍ਹਾਂ ਅਸੀਂ ਵਾਕ ਦਾ ਅਰਥ ਸਮਝ ਸਕਦੇ ਹਾਂ। ਇਹਨਾਂ ਸ਼ਬਦਾਂ ਜਾਂ ਵਾਕਾਂ ਦਾ ਬੋਲਣ ਵਾਲਾ ਕੌਣ ਹੈ ਇਹ ਵਿਚਾਰ ਭਾਸ਼ਾ ਵਿਗਿਆਨ ਦੇ ਸੂਤਰਾਂ ਲਈ ਕੋਈ ਅਰਥ ਨਹੀਂ ਰੱਖਦਾ।

ਬਾਰਤ ਅਨੁਸਾਰ ਜਦੋਂ ਅਸੀਂ ਲੇਖਕ ਅਤੇ ਲਿਖਤ ਨੂੰ ਜੋੜਕੇ ਦੇਖਦੇ ਹਾਂ ਤਾਂ ਅਸੀਂ ਇਹ ਸੋਚਦੇ ਹਾਂ ਕਿ ਇਹ ਸਭ ਜੋ ਲੇਖਕ ਨੇ ਲਿਖਿਆ ਹੈ, ਉਸਨੂੰ ਉਹ ਲਿਖਣ ਤੋਂ ਪਹਿਲਾਂ ਜਿਉਂ ਚੁੱਕਿਆ ਹੈ। ਇਸ ਤਰ੍ਹਾਂ ਲੇਖਕ ਦਾ ਜਨਮ ਲਿਖਤ ਤੋਂ ਪਹਿਲਾਂ ਹੋ ਚੁੱਕਿਆ ਹੈ ਅਤੇ ਲੇਖਕ ਲਿਖਤ ਦਾ ਪਿਉ ਬਣ ਕੇ ਉਸ ਲਈ ਅਨੁਭਵ ਕਮਾਉਂਦਾ ਅਤੇ ਪੀੜ ਹੰਢਾਉਂਦਾ ਹੈ। ਇਸ ਦੇ ਉਲਟ ਜਦੋਂ ਅਸੀਂ ਲੇਖਕ ਤੋਂ ਲਿਖਤ ਦੇ ਪਿਉ ਵਾਲੀ ਹੈਸੀਅਤ ਖੋਹ ਲੈਂਦੇ ਹਾਂ ਤਾਂ ਲੇਖਕ ਅਤੇ ਲਿਖਤ ਦੇ ਪੈਦਾ ਹੋਣ ਵਿਚਲਾ ਸਮਾਂ ਅਤੀਤ ਅਤੇ ਵਰਤਮਾਨ ਵਾਲਾ ਨਹੀਂ ਰਹਿੰਦਾ। ਸਗੋਂ ਦੋਵੇਂ ਇੱਕੋ ਸਮੇਂ ਹਾਣੋ-ਹਾਣੀ ਬਣਕੇ ਪੈਦਾ ਹੁੰਦੇ ਹਨ। ਲਿਖਤ ਕਿਸੇ ਦੇ ਜੀਵਨ ਦੀ ਪਰਛਾਈਂ ਨਹੀਂ ਹੈ। ਇਸ ਤਰ੍ਹਾਂ ਬਾਰਤ ਕਲਾਸੀਕਲ ਲੇਖਕਾਂ ਦੇ ਉਹਨਾਂ ਵਿਚਾਰਾਂ ਨੂੰ ਝੁਠਲਾਉਂਦਾ ਹੈ ਜਿਨ੍ਹਾਂ ਅਨੁਸਾਰ ਲੇਖਣ ਨੂੰ ਪਹਿਲਾਂ ਤੋਂ ਹੋਂਦਸ਼ੀਲ ਕਿਸੇ ਚੀਜ਼ ਨੂੰ ਰਿਕਾਰਡ ਕਰਨ, ਕਿਸੇ ਪਹਿਲਾਂ ਤੋਂ ਹਾਜ਼ਰ ਹਸਤੀ ਦਾ ਚਿਤਰਨ ਕਰਨ ਜਾਂ ਪ੍ਰਤਿਨਿਧਤਾ ਕਰਨ ਵਰਗੇ ਕਰਤਾ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਲੇਖਕ ਦੀ ਮੌਤ ਤੋਂ ਬਾਅਦ ਨਵਾਂ ਲਿਖਾਰੀ ਕਿਸੇ ਖ਼ਾਸ ਭਾਵਾਂ ਦਾ ਪ੍ਰਗਟਾਵਾ ਕਰਨ ਦੀ ਬਜਾਏ ਭਾਸ਼ਾ ਰਾਹੀਂ ਖੇਡਦਾ ਹੈ ਜਿਸਦੇ ਅਨੇਕਾਂ ਅਰਥ ਹੋ ਸਕਦੇ ਹਨ।

ਰੋਲਾਂ ਬਾਰਤ ਅਨੁਸਾਰ ਲੇਖਕ ਕੋਈ ਰੱਬ ਵਰਗੀ ਸ਼ੈਅ ਨਹੀਂ ਹੈ ਕਿ ਉਸਦੇ ਲਿਖੇ ਸ਼ਬਦਾਂ ਦੇ ਅਰਥ ਵੀ ਉਸਦੇ ਕੰਟਰੋਲ ਵਿਚ ਹੋਣ ਅਤੇ ਇਸੇ ਕਾਰਣ ਪਾਠਕ ਇਹਨਾਂ ਸ਼ਬਦਾਂ ਨੂੰ ਰੱਬੀ-ਬਾਣੀ ਦੇ ਰੂਪ ਵਿਚ ਗ੍ਰਹਿਣ ਨਹੀਂ ਕਰਦਾ। ਉਹ ਕਹਿੰਦਾ ਹੈ ਕਿ ਕੋਈ ਵੀ ਪਾਠ ਮੌਲਿਕ ਨਹੀਂ ਹੁੰਦਾ। ਕਿਸੇ ਸਭਿਆਚਾਰ ਵਿਚ ਪਹਿਲਾਂ ਤੋਂ ਮੌਜੂਦ ਲਿਖਤਾਂ ਦੇ ਹਵਾਲਿਆਂ ਰਾਹੀਂ ਹੀ ਨਵੀਆਂ ਲਿਖਤਾਂ ਦੀ ਸਿਰਜਣਾ ਹੁੰਦੀ ਹੈ। ਇਹ ਪੂਰਵਲੇ ਹਵਾਲੇ ਨਵੀਆਂ ਲਿਖਤਾਂ ਵਿਚ ਨਵੀਂ ਤਰ੍ਹਾਂ ਨਾਲ ਗੁੰਦੇ ਹੋਏ ਹੁੰਦੇ ਹਨ। ਗੁਸਤਾਵ ਫਲਾਬੇਅਰ ਦੇ ਨਾਵਲ ‘ਬੂਵਾਅ ਤੇ ਪੈਕਿਊਸ਼ੇ’ ਵਿਚਲੇ ਇਹਨਾਂ ਹੀ ਨਾਵਾਂ ਦੇ ਪਾਤਰਾਂ ਦੇ ਹਵਾਲੇ ਰਾਹੀਂ ਉਹ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਲੇਖਕ ਦਾ ਕੰਮ ਨਕਲਾਂ ਕਰਨ ਵਾਲੇ ਕਲਰਕ ਦੇ ਨੇੜ-ਤੇੜ ਹੀ ਹੁੰਦਾ ਹੈ। ਕੋਈ ਲੇਖਕ ਆਪਣੇ ਆਪ ਨੂੰ ਕੁਝ ਸ਼ਬਦਾਂ ਰਾਹੀਂ ਹੀ ਜਾਣਦਾ ਹੈ ਜੋ ਕਿ ਕਿਸੇ ਸ਼ਬਦ-ਕੋਸ਼ ਦਾ ਹਿੱਸਾ ਹਨ ਅਤੇ ਜਦੋਂ ਲੇਖਕ ਨੇ ਆਪਣੇ ਆਪ ਨੂੰ ਪੇਸ਼ ਕਰਨਾ ਹੈ ਤਾਂ ਇਹੀ ਚਿੰਨ੍ਹ ਉਸਦਾ ਮਾਧਿਅਮ ਬਣਦੇ ਹਨ ਜਿਹਨਾਂ ਦੀ ਵਿਆਖਿਆ ਅੱਗੋਂ ਹੋਰ ਚਿੰਨ੍ਹਾਂ ਰਾਹੀਂ ਹੀ ਹੋ ਸਕਦੀ ਹੈ।ਇਸ ਤਰ੍ਹਾਂ ਕਿਉਂਕਿ ਮਨੁੱਖੀ ਜੀਵਨ ਦੀ ਸਮਝਦਾਰੀ ਦਾ ਮਾਧਿਅਮ ਪਹਿਲਾਂ ਤੋਂ ਹਾਸਲ ਕੁਝ ਚਿੰਨ੍ਹ ਹਨ ਤਾਂ ਹਰ ਜੀਵਨ ਅਤੇ ਹਰ ਲਿਖਤ ਮਹਿਜ਼ ਅਨੁਕਰਣ ਹੀ ਹੁੰਦੀ ਹੈ।

ਬਾਰਤ ਅਨੁਸਾਰ ਜਦੋਂ ਵੀ ਅਸੀਂ ਕਿਸੇ ਲਿਖਤ ਨੂੰ ਉਸਦੇ ਲੇਖਕ ਦੇ ਜੀਵਨ ਵਿਚੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਲਿਖਤ ਨੂੰ ਛੋਟਾ ਅਤੇ ਸੀਮਾਬੱਧ ਕਰ ਦਿੰਦੇ ਹਾਂ। ਲਿਖਤ ਦੀ ਇਸ ਤਰ੍ਹਾਂ ਦੀ ਆਲੋਚਨਾ ਹੀ ਆਲੋਚਕ ਦਾ ਕੰਮ ਵੀ ਆਸਾਨ ਕਰ ਦਿੰਦੀ ਹੈ ਅਤੇ ਉਹ ਮਹਿਜ਼ ਲੇਖਕ ਤੱਕ ਪਹੁੰਚ ਕੇ ਹੀ ਜਿੱਤ ਜਾਂਦਾ ਹੈ। ਇਸ ਤਰ੍ਹਾਂ ਲੇਖਕ ਅਤੇ ਆਲੋਚਕ ਦੋਵੇਂ ਹੀ ਸਾਹਿਤਕ ਜਗਤ ਵਿਚ ਰਾਜ ਕਰਨ ਲਗਦੇ ਹਨ। ਪਰੰਤੂ ਬਾਰਤ ਇਸ ਕਿਸਮ ਦੀ ਆਲੋਚਨਾ ਨੂੰ , ਜਿਸ ਵਿਚ ਉਹ ਨਵ-ਅਮਰੀਕੀ ਆਲੋਚਕਾਂ ਨੂੰ ਵੀ ਸ਼ਾਮਿਲ ਸਮਝਦਾ ਹੈ, ਸਵੀਕਾਰ ਨਹੀਂ ਕਰਦਾ। ਉਸ ਅਨੁਸਾਰ ਆਲੋਚਕ ਨੇ ਕਿਸੇ ਲਿਖਤ ਵਿਚ ਪਏ ਵੱਖੋ-ਵੱਖਰੇ ਹਵਾਲਿਆਂ ਦੀ ਵਿਆਖਿਆ ਤਾਂ ਕਰਨੀ ਹੁੰਦੀ ਹੈ ਪਰੰਤੂ ਕਿਸੇ ਅੰਤਿਮ ਅਰਥ ਤੱਕ ਨਹੀਂ ਪਹੁੰਚਣਾ ਹੁੰਦਾ। ਇਸ ਤਰ੍ਹਾਂ ਬਾਰਤ ਅਨੁਸਾਰ ਲਿਖਤ ਦਾ ਕੋਈ ਇੱਕ ਅਰਥ ਹੁੰਦਾ ਹੀ ਨਹੀਂ, ਹਰ ਅਰਥ ਆਪ ਖਤਮ ਹੋ ਕੇ ਕਿਸੇ ਅਗਲੇ ਅਰਥ ਵੱਲ ਇਸ਼ਾਰਾ ਕਰਦਾ ਹੈ।ਇਕ ਅਰਥ ਤੋਂ ਇਨਕਾਰੀ ਹੋਣਾ ਕਿਸੇ ਰੱਬ ਦੀ ਇਕਹਰੀ ਸੱਤਾ ਤੋਂ ਇਨਕਾਰੀ ਹੋਣਾ ਹੈ। ਬਾਰਤ ਇਸਨੂੰ ਇਨਕਲਾਬੀ ਵਰਤਾਰਾ ਸਮਝਦਾ ਹੈ।

ਬਾਰਤ ਅਨੁਸਾਰ ਕਿਸੇ ਲਿਖਤ ਵਿਚ ਕਿਸੇ ਆਵਾਜ਼ ਦਾ ਮੁਲ ਠੀਕ ਠੀਕ ਕਦੇ ਵੀ ਤਲਾਸ਼ਿਆ ਨਹੀਂ ਜਾ ਸਕਦਾ ਪਰੰਤੂ ਇਸਦੀ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ ਅਤੇ ਇਹ ਮੰਜਿਲ ਪਾਠਕ ਹੈ। ਕਿਉਂਕਿ ਲਿਖਤ ਜਿਹਨਾਂ ਸਭਿਆਚਾਰਕ ਹਵਾਲਿਆਂ ਦੀ ਬਣੀ ਹੁੰਦੀ ਹੈ, ਪਾਠਕ ਵੀ ਉਹਨਾਂ ਹੀ ਹਵਾਲਿਆਂ ਅਤੇ ਚਿਹਨਾਂ ਦਾ ਬਣਿਆ ਹੁੰਦਾ ਹੈ।ਲਿਖਤ ਵਿਚ ਸ਼ਾਮਿਲ ਸਭ ਵੱਖਰੀਆਂ ਵੱਖਰੀਆਂ ਆਵਾਜ਼ਾਂ ਪਾਠਕ ਤੱਕ ਪਹੁੰਚ ਕੇ ਮੁਕੰਮਲ ਹੋ ਜਾਂਦੀਆਂ ਹਨ । ਇਸ ਤਰ੍ਹਾਂ ਲਿਖਤ ਅਤੇ ਪਾਠਕ ਦੇ ਹਿੱਤ ਵਿਚ ਲੇਖਕ ਦੀ ਮੌਤ ਲਾਜ਼ਮੀ ਹੈ।

ਹਵਾਲੇ

ਸੋਧੋ
  1. ਕੈਰੋਂ, ਜੋਗਿੰਦਰ ਸਿੰਘ (2013). ਯੁਗ ਚਿੰਤਕ. ਅਮ੍ਰਿਤਸਰ: ਏਂਜਲ ਪਬਲੀਕੇਸ਼ਨਜ਼. p. 129. ISBN 9788190710695.
  2. ਸੇਖੋਂ, ਰਾਜਿੰਦਰ ਸਿੰਘ (2014). ਆਲੋਚਨਾ ਅਤੇ ਪੰਜਾਬੀ ਆਲੋਚਨਾ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 285.
  3. ਸੇਖੋਂ, ਰਾਜਿੰਦਰ ਸਿੰਘ (2014). ਆਲੋਚਨਾ ਅਤੇ ਪੰਜਾਬੀ ਆਲੋਚਨਾ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 285.
  4. http://en.wikipedia.org/wiki/Death_of_the_Author
  5. ਕੈਰੋਂ, ਡਾ. ਜੋਗਿੰਦਰ ਸਿੰਘ. ਯੁਗ ਚਿੰਤਕ. ਅੰਮ੍ਰਿਤਸਰ: ਏਂਜਲ ਪਬਲੀਕੇਸ਼ਨਜ਼. p. 129. ISBN 9788190710695.