ਰਥ ਦੇ ਪਹੀਆਂ ਤੇ ਪਾਣੀ ਪਾਉਣਾ

ਚਾਰ ਪਹੀਆਂ ਵਾਲੀ ਇਕ ਖ਼ਾਸ ਕਿਸਮ ਦੀ ਬਣੀ ਗੱਡੀ ਨੂੰ ਰਥ ਕਹਿੰਦੇ ਹਨ। ਰਥ ਨੂੰ ਬਲਦਾਂ ਦੀ ਜੋੜੀ ਖਿੱਚਦੀ ਹੈ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਇਕ ਰਥ ਤਾਂ ਜ਼ਰੂਰ ਜਾਂਦਾ ਸੀ। ਬਰਾਤ ਜਾਣ ਸਮੇਂ ਰਥ ਵਿਚ ਵਿਆਹੁਲਾ ਮੁੰਡਾ, ਸਰਬਾਲ੍ਹਾ, ਪਰਿਵਾਰ ਦੇ ਜਵਾਈ ਤੇ ਕਈ ਵੇਰ ਵਿਚੋਲਾ/ਵਿਚੋਲਣ ਬੈਠ ਕੇ ਜਾਂਦੇ ਸਨ। ਵਿਆਹ ਤੋਂ ਪਿੱਛੋਂ ਲਾੜੀ ਨੂੰ ਰਥ ਵਿਚ ਬਿਠਾ ਕੇ ਲਿਆਉਂਦੇ ਸਨ। ਜਦੋਂ ਡੋਲੀ ਤੋਰੀ ਜਾਂਦੀ ਸੀ ਉਸ ਸਮੇਂ ਰਥ ਦੇ ਚਾਰੇ ਪਹੀਆਂ ਉੱਪਰ ਲਾੜੀ ਦੀ ਮਾਂ ਗੜਵੀ ਨਾਲ ਪਾਣੀ ਪਾਉਣ ਦੀ ਰਸਮ ਕਰਦੀ ਸੀ। ਇਸ ਰਸਮ ਪਿੱਛੇ ਕਾਰਨ ਇਹ ਸੀ ਕਿ ਪਹਿਲਾਂ ਰਾਹ ਕੱਚੇ ਹੁੰਦੇ ਸਨ। ਉਘੜੇ-ਦੁਗੜੇ ਤੇ ਰੇਤੇ ਵਾਲੇ ਹੁੰਦੇ ਸਨ। ਕਈ ਰਥਾਂ ਦੇ ਪਹੀਆਂ ਉੱਪਰ ਲੋਹੇ ਦੇ ਕੜੇ/ਹਾਲ ਚੜ੍ਹਾਏ ਹੁੰਦੇ ਸਨ। ਕੜੇ ਪਹੀਆਂ ਨੂੰ ਘਸਾਈ ਤੋਂ ਬਚਾਉਂਦੇ ਸਨ। ਪਹੀਆਂ ਉੱਪਰ ਪਾਣੀ ਪਾਉਣ ਨਾਲ ਲੱਕੜ ਫੁੱਲ ਜਾਂਦੀ ਸੀ ਜਿਸ ਕਰਕੇ ਪਹੀਏ ਉੱਪਰ ਕੜੇ ਦੀ ਜਕੜ ਮਜਬੂਤ ਹੋ ਜਾਂਦੀ ਸੀ। ਵੈਸੇ ਵੀ ਪਹੀਆਂ ਤੇ ਪਾਣੀ ਪਾਉਣ ਨਾਲ ਪਹੀਆਂ ਦੀਆਂ ਪੁੱਠੀਆਂ ਨੂੰ ਮਜਬੂਤੀ ਮਿਲਦੀ ਸੀ।

ਹੁਣ ਰਥ ਹੀ ਨਹੀਂ ਰਹੇ। ਇਸ ਲਈ ਬਰਾਤਾਂ ਵਿਚ ਰਥ ਲੈ ਕੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਬਰਾਤਾਂ ਬੱਸਾਂ ਤੇ ਕਾਰਾਂ ਵਿਚ ਜਾਂਦੀਆਂ ਹਨ। ਡੋਲੀ ਸਜੀ ਹੋਈ ਕਾਰ ਵਿਚ ਲਿਆਦੀ ਜਾਂਦੀ ਹੈ। ਪਰ ਫੇਰ ਵੀ ਕਈ ਵਿਆਹਾਂ ਵਿਚ ਕਾਰ ਦੇ ਚਾਰੇ ਟੈਰਾਂ ਉੱਪਰ ਪਾਣੀ ਪਾਉਣ ਦੀ ਰਸਮ ਕੀਤੀ ਜਾਂਦੀ ਵੇਖੀ ਜਾਂਦੀ ਹੈ ਜਿਸ ਦੀ ਹੁਣ ਕੋਈ ਵੀ ਤੁਕ/ਸਾਰਥਕਤਾ ਨਹੀਂ ਬਣਦੀ। ਇਸ ਲਈ ਸਾਡੀ ਇਹ ਵਿਆਹ ਦੀ ਰਸਮ ਹੁਣ ਅਲੋਪ ਹੋ ਗਈ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.