ਰਿਜ਼ਕਾ ਇਕ ਅਜਿਹਾ ਸੁਪਰਫੂਡ ਹੈ ਜਿਸ ਉਪਰ ਅਨੇਕਾਂ ਦੇਸੀ ਤੇ ਵਿਦੇਸ਼ੀ ਕੰਪਨੀਆਂ ਖੋਜ ਕਾਰਜ ਕਰ ਚੁੱਕੀਆਂ ਹਨ। ਅਲਫਾ ਅਲਫਾ ਇਸ ਦਾ ਅਰਬੀ ਨਾਮ ਹੈ ਜਿਸ ਦਾ ਅਰਥ ਹੈ ਪੌਦਿਆ ਦਾ ਬਾਪ।ਇਸ ਨੂੰ ਆਮ ਭਾਸ਼ਾ ਵਿਚ ਰਿਜ਼ਕਾ ਕਹਿੰਦੇ ਹਨ।ਇਸ ਦੀਆਂ ਜੜ੍ਹਾਂ ਧਰਤੀ ਵਿਚ 20 ਤੋਂ 30 ਫੁੱਟ ਤੱਕ ਡੂੰਘੀਆਂ ਹੁੰਦੀਆਂ ਹਨ ਜਿਸ ਕਰਕੇ ਇਸ ਵਿਚ ਅਜਿਹੇ ਖਣਿਜ ਪਾਏ ਜਾਂਦੇ ਜੋ ਧਰਤੀ ਦੀ ਉੱਪਰਲੀ ਸਤਹ ਉਪਰ ਨਹੀਂ ਮਿਲਦੇ।ਇਹ ਪੌਦਾ ਵਿਟਾਮਿਨ,ਖਣਿਜ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।ਇਹ ਸਾਡੀਆਂ ਹੱਡੀਆਂ ਨੂੰ ਤਾਕਤ ਦੇਣ ਦੇ ਨਾਲ ਨਾਲ ਉਨ੍ਹਾਂ ਦਾ ਵਿਕਾਸ ਵੀ ਕਰਦਾ ਹੈ।ਆਮ ਤੌਰ ਤੇ ਇਸ ਦਾ ਉਪਯੋਗ ਪਸ਼ੂਆਂ ਦੇ ਚਾਰੇ ਵਜੋਂ ਕੀਤਾ ਜਾਂਦਾ ਹੈ ਪ੍ਰੰਤੂ ਇਹ ਕਈ ਮਨੁੱਖੀ ਬੀਮਾਰੀਆਂ ਵਿਚ ਵੀ ਲਾਹੇਵੰਦ ਹੈ। ਇਸ ਵਿਚ ਪਾਏ ਜਾਣ ਵਾਲ਼ੇ ਮੁੱਖ ਤੱਤ ਪ੍ਰੋਟੀਨ,ਵਿਟਾਮਿਨ ਏ,ਬੀ-1,ਸੀ,ਕੇ,ਅਤੇ ਈ,ਕੈਲਸ਼ੀਅਮ,ਪੋਟਾਸ਼ੀਅਮ,ਕੈਰੋਟੀਨ,ਫੋਲਿਕ ਐਸਿਡ,ਮੈਂਗਨੀਜ਼,ਕਾਪਰ,ਮੈਗਨੀਸ਼ੀਅਮ,ਲੋਹਾ ਅਤੇ ਜ਼ਿੰਕ ਆਦਿ ਹਨ।ਇਸਦਾ ਸੇਵਨ ਬੀਜ,ਪੱਤੇ ਅਤੇ ਗੋਲੀਆਂ ਦੇ ਰੂਪ ਵਿਚ ਕੀਤਾ ਜਾ ਸਕਦਾ ਹੈ।ਰਿਜ਼ਕਾ ਨੂੰ ਖਣਿਜਾਂ ਦਾ ਸਭ ਤੋਂ ਵਧੀਆਂ ਸ੍ਰੋਤ ਮੰਨਿਆ ਜਾਂਦਾ ਹੈ।ਇਸ ਦੇ ਸਿਹਤ ਭਰਪੂਰ ਗੁਣਾਂ ਕਰਕੇ ਕਈ ਬਿਮਾਰੀਆਂ ਵਿਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।ਰਿਜ਼ਕਾ ਨਾਲ ਗਠੀਆ,ਸ਼ੂਗਰ,ਕੈਂਸਰ,ਗੁਰਦੇ ਦੀ ਪੱਥਰੀ,ਗੰਜਾਪਨ,ਸਾਹ ਦੇ ਰੋਗ,ਮੋਟਾਪਾ ਅਤੇ ਸਫੈਦ ਦਾਗ ਆਦਿ ਰੋਗਾਂ ਤੋਂ ਛੁਟਕਾਰਾ ਪਾਉਣ ਵਿਚ ਸਹਾਈ ਹੁੰਦਾ ਹੈ। ਇੰਨਾ ਤਾਕਤਵਰ ਅਤੇ ਲਾਭਦਾਇਕ ਹੋਣ ਦੇ ਬਾਵਜੂਦ ਇਹ ਕਈ ਲੋਕਾਂ ਲਈ ਹਾਨੀਕਾਰਕ ਵੀ ਸਾਬਤ ਹੁੰਦਾ ਹੈ,ਖਾਸ ਕਰਕੇ ਗਰਭਵਤੀ ਮਹਿਲਾਵਾਂ,ਖੂਨ ਨੂੰ ਪਤਲਾ ਕਰਨ ਵਾਲ਼ੀਆਂ ਦਵਾਈਆਂ ਦਾ ਇਸਤੇਮਾਲ ਕਰਨ ਵਾਲ਼ੇ ਅਤੇ ਆਟੋ ਇਮਿਊਨ ਨਾਲ਼ ਸੰਧਿਤ ਰੋਗਾਂ ਤੋਂ ਪੀੜਤ ਮਰੀਜ਼ ਆਦਿ।ਇਸ ਲਈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਨਾਲ਼ ਮਸ਼ਵਰਾ ਕਰ ਲੈਣਾ ਚਾਹੀਦਾ ਹੈ।