ਰੂਪਕ-ਕਥਾ
ਰੂਪਕ-ਕਥਾ ਕਿਰਦਾਰ, ਆਂਕੜੇ, ਘਟਨਾਵਾਂ ਜਾਂ ਲਾਖਣਿਕ ਰੂਪ ਵਿੱਚ ਅਸੂਲਾਂ ਅਤੇ ਵਖਰੇ ਵਿਚਾਰਾਂ ਦੀ ਨੁਮਾਇੰਦਗੀ ਨੂੰ ਕਹਿੰਦੇ ਹਨ। ਸਾਹਿਤਕ ਵਿਓਂਤ ਵਿੱਚ ਇੱਕ ਰੂਪਕ-ਕਥਾ ਆਮ ਵਰਤੋਂ ਦੀ ਭਾਸ਼ਾ ਵਿੱਚ ਕਹਿਏ ਤਾਂ ਇੱਕ ਵਧਾਇਆ ਹੋਇਆ ਅਲੰਕਾਰ ਹੈ। ਰੂਪਕ-ਕਥਾ ਦਾ ਇਸਤੇਮਾਲ ਸਾਰੀਆਂ ਕਲਾਵਾਂ ਦੇ ਇਤਿਹਾਸ ਵਿੱਚ ਬਹੁਤ ਹੀ ਵੱਡੇ ਪੈਮਾਨੇ ਵਿੱਚ ਹੋਇਆ ਹੈ। ਰੂਪਕ-ਕਥਾ ਦਾ ਇਸਤੇਮਾਲ ਖਾਸ ਤੌਰ ਤੇ ਇੱਕ ਸਾਹਿਤਿਕ ਵਿਓਂਤ ਦੀ ਤਰਾਂ ਹੁੰਦਾ ਹੈ ਜਿਸ ਚਿਤਰਾਂ ਦੁਆਰਾ ਜਾਂ ਪ੍ਰਤੀਕਾਂ ਦੇ ਰੂਪ ਵਿੱਚ ਲੁਕਵੇਂ ਅਰਥ ਉਘਾੜੇ ਜਾਂਦੇ ਹਨ ਜਿਹੜੇ ਅੱਗੋਂ ਮਿਲ ਕੇ ਲੇਖਕ ਦੇ ਇੱਛਤ ਨੈਤਿਕ, ਅਧਿਆਤਮਿਕ ਜਾਂ ਸਿਆਸੀ ਅਰਥਾਂ ਦੀ ਸਿਰਜਣਾ ਕਰਦੇ ਹਨ। ਰੂਪਕ ਕਥਾ ਦੀ ਸਭ ਤੋਂ ਮਸ਼ਹੂਰ ਮਿਸਾਲ ਪਲਾਟੋ ਵਾਲੀ ਗੁਫ਼ਾ ਦੀ ਰੂਪਕ ਕਥਾ ਹੈ ਜਿਸ ਵਿੱਚ ਕੁਝ ਲੋਕ ਜੀਵਨ-ਭਰ ਇੱਕ ਹਨੇਰੀ ਗੁਫਾ ਦੀ ਕਿਸੇ ਦੀਵਾਰ ਕੋਲ ਸੰਗਲਾਂ ਦੇ ਨਾਲ ਬੱਝੇ ਹਨ। ਉਨ੍ਹਾਂ ਦੇ ਪਿੱਛੇ ਅੱਗ ਜਲ ਰਹੀ ਹੈ ਅਤੇ ਉਹ ਕੇਵਲ ਆਪਣੇ ਸਾਹਮਣੇ ਵਾਲੀ ਖਾਲੀ ਦੀਵਾਰ ਤੇ ਵੇਖ ਸਕਦੇ ਹਨ। ਉਸ ਅੱਗ ਦੇ ਸਾਹਮਣੇ ਤੋਂ ਕੁੱਝ ਚੀਜਾਂ ਲੰਘਦੀਆਂ ਹਨ ਜਿਹਨਾਂ ਦੀਆਂ ਪਰਛਾਈਆਂ ਉਸ ਦੀਵਾਰ ਤੇ ਲੋਕ ਦੇਖਦੇ ਹਨ। ਉਨ੍ਹਾਂ ਲੋਕਾਂ ਲਈ ਕੇਵਲ ਇਹ ਪਰਛਾਈਆਂ ਹੀ ਅਸਲੀਅਤ ਹੈ ਅਤੇ ਉਹ ਇਨ੍ਹਾਂ ਨੂੰ ਹੀ ਸੰਸਾਰ ਦੀ ਸੱਚਾਈ ਮੰਨ ਕੇ ਜਿਉਂਦੇ ਹਨ।