ਲੋਰੀ
ਲੋਰੀ ਦਾ ਅਰਥ
ਸੋਧੋਲੋਰੀ ਨੂੰ ਦੁਨੀਆਂ ਦਾ ਪਹਿਲਾ ਲੋਕ ਗੀਤ ਮੰਨਿਆ ਜਾਂਦਾ ਹੈ। ਇਹ ਵੀ ਧਾਰਨਾ ਪ੍ਰਚੱਲਿਤ ਹੈ ਕਿ ਜਦੋਂ ਪਹਿਲੀ ਵਾਰ ਬੱਚੇ ਦਾ ਜਨਮ ਹੋਇਆ ਹੋਵੇਗਾ ਤਾਂ ਮਾਂ ਨੇ ਆਪਣੀ ਖੁਸ਼ੀ ਨੂੰ ਸਾਂਝਾ ਕਰਨ ਲਈ ਕੁਝ ਤੁਕਾਂ ਗੁਣਗੁਣਾਈਆਂ ਹੋਣਗੀਆਂ। ਇੱਥੋਂ ਹੀ ਲੋਰੀ ਕਾਵਿ-ਰੂਪ ਦਾ ਮੁੱਢ ਬੁੱਝਿਆ ਹੋਵੇਗਾ। ਹਰ ਇੱਕ ਮਾਂ ਆਪਣੇ ਬੱਚੇ ਲਈ ਲੋਰੀ ਗਾਉਂਦੀ ਹੈ। ਮਾਂ ਦੇ ਪਿਆਰ, ਫਿਕਰਾਂ ਅਤੇ ਸੁਪਨਿਆਂ-ਸੰਸਿਆ ਨਾਲ ਲਬਰੇਜ਼ ਲੋਰੀਆਂ ਹਰ ਖਿੱਤੇ ਵਿੱਚ ਗਾਈਆਂ ਜਾਂਦੀਆਂ ਹਨ।
ਲੋਰੀਆਂ ਅਕਸਰ ਲਮਕਵੀਂ ਅਤੇ ਧੀਮੀ ਹੇਕ ਵਿੱਚ ਗਾਈਆਂ ਜਾਂਦੀਆਂ ਹਨ ਤਾਂਕਿ ਇਹਨਾਂ ਨੂੰ ਸੁਣਕੇ ਬੱਚੇ ਨੂੰ ਨੀਂਦ ਆ ਜਾਵੇ।[1]
ਕਈ ਸਾਰੀਆਂ ਭਾਸ਼ਾਵਾਂ ਵਿਚ 'ਲੋਰੀ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਹਿੰਦੀ ਵਿਚ ਇਸ ਨੂੰ'ਲੋਰੀ' ਹੀ ਕਿਹਾ ਜਾਂਦਾ ਹੈ। ਮਰਾਠੀ ਭਾਸ਼ਾ ਵਿਚ ਲੋਰੀ ਲਈ 'ਅੰਗਾਈ ਗੀਤ' ਸ਼ਬਦ ਪ੍ਰਚਲਿਤ ਹੈ। ਫ਼ਾਰਸੀ ਵਿਚ ਲੋਰੀ ਲਈ 'ਲਿਲਿਥ ਬੇ' ਅਤੇ 'ਬਾਲੂ ਬਾਲੂ' ਸ਼ਬਦ ਪ੍ਰਚਲਿਤ ਹੈ।
ਪੰਜਾਬੀ ਅਤੇ ਹਿੰਦੀ ਸ਼ਬਦ ਲੋਰੀ ਦੀ ਉਤਪਤੀ 'ਲੋਰ' ਧਾਤੂ ਤੋਂ ਹੋਈ ਮੰਨੀ ਜਾਂਦੀ ਹੈ। 'ਲੋਰ' ਸੰਸਕ੍ਰਿਤ ਦੇ'ਲੋਰ' ਦੇ ਅਰਥ ਚੰਚਲ,ਕੰਬਦਾ ਹੋਇਆ, ਹਿਲਦਾ ਹੋਇਆ ਹਨ।[2]
ਪਰਿਭਾਸ਼ਾਵਾਂ
ਸੋਧੋਮਹਾਨ ਕੋਸ਼ ਅਨੁਸਾਰ:-
"ਲੋੜੀ,ਚਾਹੀ। ਬਾਲਕ ਦੇ ਲਾਲਨ ਸਲਾਉਣ ਲਈ ਸਵਰ ਦਾ ਅਲਾਪ।"[3]
ਮਹਾਨ ਕੋਸ਼ ਵਿੱਚ ਦਿੱਤੀ ਪਰਿਭਾਸ਼ਾ ਵਿੱਚ ਲੋਰੀ ਦੇ ਸ਼ਾਬਦਿਕ ਅਰਥ ਬਾਰੇ ਦੱਸਿਆ ਗਿਆ ਹੈ। ਇਸ ਵਿਚ ਲੋਰੀ ਦੇ ਫੌ਼ਰੀ ਸਰੀਰਕ ਪ੍ਰਕਾਰਜ ਅਤੇ ਗਾਉਣ ਵਿਧੀ ਦਾ ਵਰਨਣ ਕੀਤਾ ਗਿਆ ਹੈ।
ਡਾ.ਨਾਹਰ ਸਿੰਘ ਅਨੁਸਾਰ:-
"ਲੋਰੀ ਮਾਂ ਵੱਲੋਂ ਬੱਚੇ ਨੂੰ ਮੁਖਾਤਿਬ ਸਵੈ ਸੰਬੋਧਨੀ; ਸੁਖਦ ਭਾਵ ਦਾ ਅਜਿਹਾ ਪ੍ਰਕਾਰਜਗਤ ਗੀਤ ਹੈ ਜੋ ਰੁਮਾਂਟਿਕ ਬਿੰਬਾਂ ਨਾਲ ਭਰਪੂਰ ਹੁੰਦਾ ਹੈ। ਇਸਦਾ ਕੋਈ ਨਿਸ਼ਚਿਤ ਛੰਦ ਨਹੀਂ ਪਰ ਲੰਮਾ ਲਾਡ ਇਸ ਦਾ ਪ੍ਰਮਾਣਿਕ ਲੱਛਣ ਹੈ। ਇਸ ਵਿੱਚ ਹਾਂ ਵਾਚਕ ਵਿਸ਼ੇਸ਼ਤਾਵਾਂ, ਅਸੀਸਾਂ,ਚੁੰਮਵਾਂ ਨੂੰ ਜੋੜ ਕੇ ਭਾਵਾਂ ਨੂੰ ਸੰਘਣਾ ਕੀਤਾ ਜਾਂਦਾ ਹੈ। ਇਹ ਵਿਸ਼ੇਸ਼ਣ ਅਤੇ ਅਸੀਸਾਂ ਸਵੈ-ਪ੍ਰਸੰਸਾਤਮਕ ਧੁਨੀ ਵਿੱਚ ਉਚਾਰੀਆਂ ਜਾਂਦੀਆਂ ਹਨ।"[4]
ਡਾ.ਨਾਹਰ ਸਿੰਘ ਦੁਆਰਾ ਦਿੱਤੀ ਪਰਿਭਾਸ਼ਾ ਲੋਰੀ ਦੇ ਸਿਧਾਂਤਕ ਪੱਖ ਨੂੰ ਉਘਾੜਦੀ ਹੈ। ਡਾ.ਨਾਹਰ ਸਿੰਘ ਲੋਰੀ ਨੂੰ ਪ੍ਰਕਾਰਜਗਤ ਗੀਤ ਦੇ ਅਧੀਨ ਰੱਖਦੇ ਹਨ। ਇਸ ਪਰਿਭਾਸ਼ਾ ਵਿੱਚ ਲੋਰੀ ਦੇ ਪ੍ਰਮੁੱਖ ਲੱਛਣਾਂ,ਇਸ ਵਿਚ ਵਿਅਕਤ ਭਾਵਾਂ ਅਤੇ ਸੰਖੇਪ ਰੂਪ ਵਿਚ ਲੋਰੀ ਦੇ ਸੱਭਿਆਚਾਰਕ ਪ੍ਰਭਾਵਾਂ ਦਾ ਵਰਨਣ ਕੀਤਾ ਗਿਆ ਹੈ। ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਲੋਰੀ ਮੌਖਿਕ ਰੂਪ ਵਿਚ ਬੱਚੇ ਨੂੰ ਪਿਆਰ ਨਾਲ ਪਰਚਾਉਣ,ਸੁਆਉਣ ਅਤੇ ਖੇਡ ਲਾਉਣ ਲਈ ਗਾਇਆ ਜਾਣ ਵਾਲਾ ਅਜਿਹਾ ਕਾਵਿ ਰੂਪ ਹੈ ਜੋ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਹੋਰ ਲੋਕ ਸਮੂਹ ਦੁਆਰਾ ਵੀ ਗਾਇਆ ਜਾਂਦਾ ਹੈ।
ਪੰਜਾਬ ਵਿੱਚ ਕੇਵਲ ਮੁੰਡਿਆਂ ਨੂੰ ਲੋਰੀਆਂ ਦਿੱਤੀਆਂ ਜਾਂਦੀਆਂ ਹਨ। ਬਹੁਤ ਘੱਟ ਗਿਣਤੀ ਅਜਿਹੀਆਂ ਲੋਰੀਆਂ ਦੀ ਹੈ ਜੋ ਕੁੜੀਆਂ ਲਈ ਗਾਈਆਂ ਜਾਣ। ਮੁੰਡੇ ਦੇ ਜਨਮ ਸਮੇਂ ਖੁਸ਼ੀ ਮਨਾਈ ਜਾਂਦੀ ਹੈ ਤੇ ਕੁੜੀ ਦੇ ਜਨਮ ਸਮੇਂ ਸੋਗ ਮਨਾਇਆ ਜਾਂਦਾ ਹੈ।
ਇਤਿਹਾਸ
ਸੋਧੋਲੋਰੀ ਕੀ ਇਤਿਹਾਸਕ ਸ਼ਹਾਦਤ ਜੋ ਹੁਣ ਤਕ ਦਰਿਆਫ਼ਤ ਹੋਈ ਹੈ, ਉਹ ਲੋਰੀ ਨੂੰ ਦੋ ਹਜ਼ਾਰ ਈਪੂ ਦੂਰ ਤੱਕ ਲੈ ਜਾਂਦੀ ਹੈ। ਮਾਹਿਰਾਂ ਦੇ ਮੁਤਾਬਿਕ ਦੁਨੀਆ ਵਿੱਚ ਪਹਿਲੀ ਬਾਰ ਲੋਰੀ ਬੱਚਿਆਂ ਨੂੰ ਸਲਾਉਣ ਲਈ ਹੀ ਗਾਈ ਗਈ ਸੀ ਅਤੇ ਦੋ ਹਜ਼ਾਰ ਈਪੂ ਵਿੱਚ ਇਹ ਲੋਰੀ ਮਿੱਟੀ ਦੇ ਇਕ ਛੋਟੇ ਟੁਕੜੇ ਪਰ ਤਹਿਰੀਰ ਕੀਤੀ ਗਈ ਥੀ ਜੋ ਖੁਦਾਈ ਦੇ ਦੌਰਾਨ ਮਿਲਿਆ ਹੈ।
ਇਸ ਟੁਕੜੇ ਨੂੰ ਲੰਦਨ ਦੇ ਬ੍ਰਿਟਿਸ਼ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਹਥੇਲੀ ਵਿੱਚ ਸਮਾ ਜਾਣੇ ਵਾਲੇ ਮਿੱਟੀ ਦੇ ਉਸ ਟੁਕੜੇ ਪਰ ਮੌਜੂਦ ਤਹਿਰੀਰ 'ਕਿਊ ਨੇਫ਼ਾਰਮ ਸਕਰਿਪਟ' ਵਿੱਚ ਹੈ ਜਿਸ ਨੂੰ ਲਿਖਾਈ ਦੇ ਪਹਿਲੇ ਰੂਪਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਇਸ ਲੋਰੀ ਨੂੰ ਜਿਥੋਂ ਤੱਕ ਪੜ੍ਹਿਆ ਜਾ ਸਕਿਆ ਹੈ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ-.
ਜਦ ਬੱਚੇ ਰੋਂਦਾ ਹੈ, ਤਾਂ ਘਰਾਂ ਦਾ ਖ਼ੁਦਾ ਨਾਰਾਜ਼ ਹੋ ਜਾਂਦਾ ਹੈ ਅਤੇ ਇਸ ਦਾ ਨਤੀਜਾ ਖਤਰਨਾਕ ਨਿਕਲਦਾ ਹੈ
ਲੋਰੀ ਦੇ ਵਿਸ਼ੇ
ਸੋਧੋਲੋਰੀ ਦੇ ਵਿਸ਼ੇ ਮੁਖਤਲਿਫ਼ ਦੌਰਾਂ ਵਿੱਚ ਥੋੜ੍ਹੀ ਬਹੁਤ ਤਬਦੀਲੀ ਨਾਲ ਗੁਜਰੇ ਹਨ। ਕੁੱਝ ਦੇਸ਼ਾਂ ਵਿੱਚ ਲੋਰੀ ਦੇ ਅੰਦਰ ਖੌਫ ਅਤੇ ਡਰ ਦਾ ਅੰਸਰ ਗ਼ਾਲਿਬ ਹੁੰਦਾ ਹੈ, ਜਿਨ੍ਹਾਂ ਵਿੱਚ ਬੱਚੇ ਨੂੰ ਕਿਸੇ ਅਨਵੇਖੀ ਚੀਜ਼ ਜਾਂ ਜੰਗਲੀ ਜਾਨਵਰ ਦਾ ਜ਼ਿਕਰ ਕਰਕੇ ਡਰਾਇਆ ਜਾਂਦਾ ਹੈ। ਇਸ ਦੀ ਇੱਕ ਮਿਸਾਲ ਕੀਨੀਆ ਦੀਆਂ ਲੋਰੀਆਂ ਹਨ, ਜਿਨ੍ਹਾਂ ਵਿੱਚ ਬੱਚਿਆਂ ਨੂੰ ਲਗੜਬਗੇ ਦਾ ਡਰ ਦਿੱਤਾ ਜਾਂਦਾ ਹੈ। ਜੋ ਪ੍ਰਾਚੀਨਤਮ ਲੋਰੀ ਮੰਨੀ ਜਾਂਦੀ ਹੈ ਉਸ ਵਿੱਚ ਵੀ ਬੱਚੇ ਨੂੰ ਦੇਵਤੇ ਵਲੋਂ ਡਰਾਇਆ ਜਾ ਰਿਹਾ ਹੈ। ਦੱਖਣੀ ਏਸ਼ੀਆ ਦੀਆਂ ਲੋਰੀਆਂ ਵਿੱਚ ਆਮ ਤੌਰ ਤੇ ਬੱਚੇ ਲਈ ਮੁਹੱਬਤ ਅਤੇ ਦੁਆ ਦੇ ਬੋਲ ਮਿਲਦੇ ਹਨ, ਜਦੋਂ ਕਿ ਕੁੱਝ ਅਜਿਹੀ ਲੋਰੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਸ਼ਬਦ ਨਹੀਂ ਹੁੰਦੇ, ਸਗੋਂ ਸਿਰਫ਼ ਆਵਾਜ਼ਾਂ ਹੁੰਦੀਆਂ ਹੈ ਜਿਵੇਂ ਊਂ ਹੂੰ ਊਂ ਹੂੰ ਜਾਂ ਆਹਾ ਆਹਾ ਵਗ਼ੈਰਾ।
ਉਦਾਹਰਨਾਂ
ਸੋਧੋ ਸੌਂਜਾ ਕਾਕਾ ਬੱਲੀ,
ਤੇਰੀ ਮਾਂ ਵਜਾਵੇ ਟੱਲੀ,
ਤੇਰਾ ਪਿਉ ਵਜਾਵੇ ਛੈਣੇ,
ਤੇਰੀ ਵਹੁਟੀ ਪਾਵੇ ਗਹਿਣੇ।
*
ਮਿੱਠੀ-ਮਿੱਠੀ ਨੀਂਦੇ ਆ ਜਾ,
ਛੇਤੀ-ਛੇਤੀ ਨੀਂਦੇ ਆ ਜਾ,
ਸੋਹਣੇ ਵੀਰ ਨੂੰ ਸਵਾ ਜਾ,
ਸੁਪਨੇ ਦਿਖਾ ਜਾ।
*
ਗੁੱਡੀ ਮੇਰੀ ਬੀਬੀ ਰਾਣੀ,
ਸੌ ਜਾ ਮੇਰੀ ਧੀ ਧਿਆਣੀ,
ਗੁੱਡੀ ਮੇਰੀ ਬੀਬੀ ਰਾਣੀ,
ਭਰ ਲਿਆਣੇ ਖੂਹ ਤੋਂ ਪਾਣੀ,
ਛਮ ਛਮ ਵਰਸਿਆ ਮੀਂਹ,
ਡਿੱਗ ਪਈ ਮੇਰੀ ਰਾਣੀ ਧੀ,
ਗੁੱਡੀ ਮੇਰੀ ਬੀਬੀ ਰਾਣੀ,
ਸੌ ਜਾ ਮੇਰੀ ਧੀ ਧਿਆਣੀ।
ਲੋਰੀਆਂ ਹੋਰ ਕਾਵਿ ਰੂਪਾਂ ਦੀ ਤਰ੍ਹਾਂ ਮੌਖਿਕ ਰੂਪ ਵਿਚ ਗਾਇਆ ਜਾਣਾ ਵਾਲਾ ਕਾਵਿ ਰੂਪ ਹੈ। ਲੋਰੀਆਂ ਨੂੰ ਵੱਖ-ਵੱਖ ਧਿਰਾਂ ਵੱਲੋਂ ਗਾਏ ਜਾਣ ਕਰਕੇ ਇਹਨਾਂ ਦੇ ਗਾਇਨ ਪ੍ਰਕਾਰਜ ਵਿਚ ਫਰਕ ਹੁੰਦਾ ਹੈ। ਇਸ ਤਰ੍ਹਾਂ ਲੋਰੀ ਬੱਚੇ ਦੇ ਜੀਵਨ ਦੇ ਮੁੱਢਲੇ ਪੜਾਅ ਨਾਲ ਸਬੰਧਤ ਕਾਵਿ ਰੂਪ ਹੈ। ਇਕ ਉਹ ਪੜਾਅ ਹੈ ਜਦੋਂ ਬੱਚਾ ਪੂਰੀ ਤਰ੍ਹਾਂ ਬੋਲਣਾ ਨਹੀਂ ਸਿੱਖਿਆ ਹੁੰਦਾ ਸਿਰਫ਼ ਸੁਣ ਸਕਦਾ ਹੈ। ਲੋਰੀ ਹੀ ਬੱਚੇ ਨੂੰ ਮਾਂ ਦੇ ਪਿਆਰ ਦੇ ਨਿੱਘ ਦਾ ਅਹਿਸਾਸ ਕਰਵਾਉਂਦੀ ਹੈ। ਲੋਰੀਆਂ ਰਾਹੀਂ ਹੀ ਬੱਚੇ ਦੀ ਸਮਾਜਿਕ ਜੀਵਨ ਨਾਲ ਸਾਂਝ ਪੈਦਾ ਕਰਦੀ ਹੈ। ਉਹ ਭਵਿੱਖਮਈ ਜੀਵਨ ਲਈ ਤਿਆਰ ਹੁੰਦਾ ਹੈ।
ਹਵਾਲੇ
ਸੋਧੋ- ↑ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 2033.
- ↑ ਸਿੰਘ, ਡਾ. ਪ੍ਰੇਮ ਪ੍ਰਕਾਸ਼ (2006). ਸੰਸਕ੍ਰਿਤ ਪੰਜਾਬੀ ਕੋਸ਼. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 767.
- ↑ ਨਾਭਾ, ਭਾਈ ਕਾਹਨ ਸਿੰਘ (1981). ਗੁਰ ਸ਼ਬਦ ਰਤਨਕਾਰ ਮਹਾਨਕੋਸ਼. ਪਟਿਆਲਾ: ਭਾਸ਼ਾ ਵਿਭਾਗ ਪੰਜਾਬ. p. 1075.
- ↑ ਸਿੰਘ, ਡਾ. ਨਾਹਰ (2006). ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ. ਚੰਡੀਗੜ੍ਹ: ਲੋਕ ਗੀਤ ਪ੍ਰਕਾਸ਼ਨ. p. 189.