ਲੌਂਗ ਬੁਰਜੀਆਂ ਵਾਲਾ
‘ਲੌਂਗ ਬੁਰਜੀਆਂ ਵਾਲਾ’ ਪੁਸਤਕ ਮਾਲਵਾ ਖਿਤੇ ਨਾਲ ਸੰਬੰਧਤ ਗਿੱਧੇ ਦੀਆਂ ਬੋਲੀਆਂ ਦੀ ਪੁਸਤਕ ਹੈ। ਲੋਕਧਾਰਾ ਨਾਲ ਸੰਬੰਧਤ ਪ੍ਰਸਿੱਧ ਵਿਦਵਾਨ ਨਾਹਰ ਸਿੰਘ ਵੱਲੋਂ ਸੰਕਲਿਤ ਇਹ ਪੁਸਤਕ ਪੰਜਾਬੀ ਦੀ ਲੋਕਧਾਰਾ ਸਾਹਿਤ ਵਿਚ ਇਕ ਚਰਚਿਤ ਪੁਸਤਕ ਰਹੀ ਹੈ। ਇਸੇ ਕਲਮ ਤੋਂ ਪਹਿਲਾਂ ਆਈ ਪੁਸਤਕ ‘ਕਾਲਿਆ ਹਰਨਾਂ ਰੋਹੀਏਂ ਫਿਰਨਾ’ ਵਿਚ ਵੀ ਮਾਲਵੇ ਨਾਲ ਸੰਬੰਧਤ ਬੋਲੀਆਂ ਹੀ ਸਨ ਪਰ ਉਹ ਬੋਲੀਆਂ ਮਲਵਈ ਮਰਦਾਂ ਨਾਲ ਸੰਬੰਧਤ ਸਨ। ‘ਲੌਂਗ ਬੁਰਜੀਆਂ ਵਾਲ਼ਾ’ ਪੁਸਤਕ ਵਿਚਲੀਆਂ ਬੋਲੀਆਂ ਦਾ ਸੰਬੰਧ ਔਰਤਾਂ ਨਾਲ ਹੈ। ਇਸ ਪੁਸਤਕ ਦੀ ਜਾਣ ਪਹਿਚਾਣ ਕਰਵਾਉਣ ਲਈ ਕੋਈ ਵੀ ਰਵਾਇਤੀ ਭੂਮਿਕਾ ਨਹੀਂ ਲਿਖੀ ਹੋਈ ਬਲਕਿ ਇਸ ਪੁਸਤਕ ਦਾ ਪ੍ਰਕਾਸ਼ਨ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਤਕਾਲੀ ਵਾਈਸ-ਚਾਂਸਲਰ ਡਾ. ਸ. ਸ. ਜੌਹਲ ਦੇ ਦੋ ਰਸਮੀ ਸ਼ਬਦਾਂ ਤੋਂ ਬਾਅਦ ‘ਆਰੰਭਕਾ’ ਦੇ ਰੂਪ ਵਿਚ ਲੇਖਕ ਵਲੋਂ ਖੁਦ ਹੀ ਇਨ੍ਹਾਂ ਬੋਲੀਆਂ ਸੰਬੰਧੀ ਭੂਮਿਕਾ ਲਿਖਦਿਆਂ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਹੈ। ਲੋਕਧਾਰਾ ਦੇ ਖੇਤਰ ਵਿਚ ਇਸ ਆਲੋਚਾਨਤਮਕ ਚਰਚਾ ਦਾ ਬਹੁਤ ਮਹੱਤਵ ਬਣਦਾ ਹੈ। ਲੇਖਕ ਵੱਲੋਂ ਪੁਸਤਕ ਦੇ ਵੱਖ ਵੱਖ ਹਿੱਸਿਆਂ ਨਾਲ ਜਾਣ ਪਹਿਚਾਣ ਕਰਵਾਉਣ ਦੇ ਬਹਾਨੇ ਲੋਕਧਾਰਾ ਸੰਬੰਧੀ ਬਹੁਤ ਸਾਰੀਆਂ ਪਾਏਦਾਰ ਗੱਲਾਂ ਕੀਤੀਆਂ ਗਈਆਂ ਹਨ। ਇਸੇ ਭਾਗ ਵਿਚ ਲੇਖਕ ਆਪਣੀ ਇਸੇ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਵੀ ਚਰਚਾ ਕਰਦਾ ਹੈ। ਭਾਵੇਂ ਇਹ ਗੱਲਾਂ ਲੇਖਕ ਆਪਣੇ ਨਿੱਜੀ ਹਵਾਲਿਆਂ ਨਾਲ ਕਰਦਾ ਹੈ ਪਰੰਤੂ ਇਸ ਬਹਾਨੇ ਲੋਕਧਾਰਾ ਨਾਲ ਸੰਬੰਧਤ ਬਹੁਤ ਸਾਰੀਆਂ ਕਠਿਨਾਈਆਂ ਪਾਠਕਾਂ ਸਾਹਮਣੇ ਪੇਸ਼ ਹੁੰਦੀਆਂ ਹਨ। ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਲੇਖਕ ਦੇ ਆਪਣੇ ਦੱਸਣ ਅਨੁਸਾਰ ਪਹਿਲੇ ਭਾਗ ਵਿਚ ਮਲਵੈਣਾਂ ਦੇ ਧੀਮੀ ਚਾਲ ਦੇ ਗਿੱਧੇ ਦੀਆਂ ਲੰਮੀਆਂ ਬੋਲੀਆਂ ਰੱਖੀਆਂ ਗਈਆਂ ਹਨ ਅਤੇ ਦੂਸਰੇ ਭਾਗ ਵਿਚ ਤੇਜ ਤਰਾਰ ਗਿੱਧੇ ਦੀਆਂ ਛੋਟੀਆਂ ਬੋਲੀਆਂ ਸ਼ਾਮਿਲ ਹਨ।
ਪਹਿਲੇ ਭਾਗ ਨੂੰ ਅੱਗੋਂ ਨਿਮਨ ਅਨੁਸਾਰ ਵੀਹ ਉਪਭਾਗਾਂ ਵਿਚ ਵੰਡਿਆ ਗਿਆ ਹੈ।
ਇਸੇ ਤਰ੍ਹਾਂ ਭਾਗ ਦੂਸਰੇ ਨੂੰ ਹੇਠ ਲਿਖੇ ਅਨੁਸਾਰ ਸੱਤ ਉਪਭਾਗਾਂ ਵਿਚ ਵੰਡਿਆ ਗਿਆ ਹੈ।
ਲੇਖਕ ਦਸਦਾ ਹੈ ਕਿ 1936 ਵਿਚ ਦੇਵਿੰਦਰ ਸਤਿਆਰਥੀ ਵੱਲੋਂ ‘ਗਿੱਧਾ’ ਪੁਸਤਕ ਰਚ ਕੇ ਲੋਕ-ਗੀਤ ਇਕੱਤਰ ਕਰਨ ਦਾ ਕੰਮ ਆਰੰਭਿਆ ਗਿਆ ਸੀ ਜਿਸ ਲੜੀ ਨੂੰ ਕਰਤਾਰ ਸਿੰਘ ਸ਼ਮਸ਼ੇਰ ਨੇ 1941 ਵਿਚ ‘ਜਿਉਂਦੀ ਦੁਨੀਆਂ’ ਪੁਸਤਕ ਲਿਖ ਕੇ ਅੱਗੇ ਤੋਰਿਆ। ਇਸੇ ਹੀ ਲੜੀ ਵਿਚ ਡਾ. ਮਹਿੰਦਰ ਸਿੰਘ ਰੰਧਾਵਾ ਨੇ 1955 ਵਿਚ ਆ ਕੇ ‘ਪੰਜਾਬ ਦੇ ਲੋਕ ਗੀਤ’ ਨਾਮੀ ਇਕ ਹੋਰ ਮਣਕਾ ਪਰੋਇਆ। ਪਰੰਤੂ ਇਸ ਉਪਰੰਤ ਆਈ ਲਗਭਗ 30 ਸਾਲ ਦੀ ਖੜੋਤ ਨੂੰ ਨਾਹਰ ਸਿੰਘ ਵੱਲੋਂ ਮਲਵਈ ਬੋਲੀਆਂ ਦੇ ਸੰਕਲਨ ਨਾਲ ਤੋੜਿਆ ਗਿਆ। ਹੌਲੀ ਹੌਲੀ ਕਰ ਕੇ ਖਤਮ ਹੁੰਦੀ ਜਾ ਰਹੀ ਪੁਰਾਣੀ ਪੀੜ੍ਹੀ ਦੇ ਚੇਤਿਆਂ ਵਿਚ ਅਜਿਹੇ ਅਨਮੋਲ ਖਜਾਨੇ ਨੂੰ ਖੁਰਚਣ ਦਾ ਕੰਮ ਨਾਹਰ ਸਿੰਘ ਨੇ ਬੇਹੱਦ ਸੁਚੱਜੇ ਢੰਗ ਨਾਲ ਕੀਤਾ ਹੈ। ਅੱਜਕਲ੍ਹ ਦੇ ਦੌਰ ਵਿਚ ਤਾਂ ਲੇਖਕ ਦੇ ਇਸ ਕਾਰਜ ਦੀ ਪ੍ਰਸੰਗਿਕਤਾ ਹੋਰ ਵੀ ਵਧੇਰੇ ਵਧ ਗਈ ਹੈ ਕਿਉਂਕਿ ਆਪਣੇ ਵਿਰਸੇ ਤੋਂ ਦੂਰ ਜਾ ਕੇ ਨਵੀਆਂ ਕਦਰਾਂ ਕੀਮਤਾਂ ਦੀ ਸਥਾਪਤੀ ਵਲ ਵਧ ਰਹੀ ਨਵੀਂ ਪੀੜ੍ਹੀ ਨੂੰ ਅਜਿਹੇ ਲੋਕ-ਭੰਡਾਰ ਬਾਰੇ ਗਿਆਨ ਹੀ ਨਹੀਂ ਹੈ। ਹੁਣ ਦੇ ਦੌਰ ਦੀ ਤ੍ਰਾਸਦੀ ਇਹੋ ਹੈ ਕਿ ਇੱਥੇ ਤੀਆਂ ਦਾ ਤਿਉਹਾਰ ਤਾਂ ਸਿਰਫ ਇਕ ਰਸਮੀ ਤਿਉਹਾਰ ਹੀ ਬਣ ਕੇ ਰਹਿ ਗਿਆ ਹੈ ਇਸ ਤਰ੍ਹਾਂ ਹੁਣ ਦੇ ਦੌਰ ਦੇ ਵਿਆਹ ਡੀਜਿਆਂ ਤੇ ਵਜਦੇ ਕੰਨ ਪਾੜਵੇਂ ਸੰਗੀਤ ਦੀ ਭੇਟ ਚੜ੍ਹ ਜਾਂਦੇ ਹਨ। ਅਜਿਹੀ ਹਾਲਤ ਵਿਚ ਇਨ੍ਹਾਂ ਬੋਲੀਆਂ ਦੀ ਸਪੇਸ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਅਸਲੋਂ ਨਵੀਂ ਪੀੜ੍ਹੀ ਦੇ ਕੁੱਝ ਫੀਸਦੀ ਬੱਚੇ ਤਾਂ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਗਿੱਧਾ ਸਿਰਫ ਫੈਸਟੀਵਲਾਂ ਦੀਆਂ ਸਟੇਜਾਂ ਉੱਪਰ ਹੀ ਵੇਖਿਆ ਹੋਵੇਗਾ। ਸੋ ਅਜਿਹੇ ਦੌਰ ਵਿਚ ਇਸ ਪੁਸਤਕ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।
ਇਸ ਪੁਸਤਕ ਵਿਚ ਸੰਕਲਿਤ ਸਾਰੀਆਂ ਬੋਲੀਆਂ ਵਿਚ ਮਲਵੈਣਾਂ ਦੇ ਦਿਲ ਧੜਕਦੇ ਹਨ। ਜਾਂ ਇੰਝ ਕਹਿ ਲਉ ਕਿ ਇਹ ਮਲਵੈਣਾਂ ਦੇ ਧੜਕਦੇ ਦਿਲਾਂ ਦੀਆਂ ਹੀ ਇਬਾਰਤਾਂ ਹਨ। ਇਨ੍ਹਾਂ ਬੋਲੀਆਂ ਵਿਚਲੀ ਤਾਜ਼ਗੀ ਅਤੇ ਰਵਾਨੀ ਇਨ੍ਹਾਂ ਨੂੰ ਪੜ੍ਹਨ-ਸੁਣਨ ਵਾਲੇ ਨੂੰ ਆਪਣੇ ਨਾਲ ਨਾਲ ਲਈਂ ਫਿਰਦੀ ਹੈ। ਸਾਰੀਆਂ ਹੀ ਬੋਲੀਆਂ ਮਨੋਰੰਜਨ ਨਾਲ ਕੁੱਟ ਕੁੱਟ ਕੇ ਭਰੀਆਂ ਜਾਪਦੀਆਂ ਹਨ। ਹਰੇਕ ਬੋਲੀ ਪੜ੍ਹਨ-ਸੁਣਨ ਵਾਲੇ ਦੀਆਂ ਅੱਖਾਂ ਵਿਚ ਚਮਕ ਭਰ ਦਿੰਦੀ ਹੈ ਅਤੇ ਮੂੰਹ ਤੇ ਖੇੜਾ ਲੈ ਆਉਂਦੀ ਹੈ। ਔਰਤ ਦੇ ਮਨ ਅਤੇ ਤਨ ਤੇ ਹੰਢਾਏ ਜਾ ਰਹੇ ਜਾਇਜ ਨਜਾਇਜ ਰਿਸ਼ਤਿਆਂ ਦਾ ਕੱਚ ਸੱਚ ਵੀ ਇਨ੍ਹਾਂ ਬੋਲੀਆਂ ਦੇ ਵਿਸਿ਼ਆਂ ਵਿਚ ਉੱਘੜ ਕੇ ਸਾਹਮਣੇ ਆਉਂਦਾ ਹੈ। ਔਰਤ ਮਰਦ ਦੇ ਆਪਸੀ ਸੰਬੰਧਾਂ ਅਤੇ ਸਮਾਜਕ ਰਵਾਇਤਾਂ ਦੇ ਪ੍ਰਭਾਵ ਤੋਂ ਲੈ ਕੇ ਭੈਣ ਵੀਰ ਤਕ ਦੇ ਰਿਸ਼ਤੇ ਵਾਲੀਆਂ ਇਹ ਬੋਲੀਆਂ ਧੁਰ ਅੰਦਰ ਤਕ ਲਹਿਣ ਵਾਲੀਆਂ ਹਨ। ਨੈਤਿਕਤਾ ਦੀ ਹੱਦ ਵਿਚ ਰਹਿ ਕੇ ਚੋਰੀ ਦਾ ਗੁੜ ਖਾਣ ਵਾਲੀਆਂ ਔਰਤਾਂ ਦੇ ਅਨੇਕਾਂ ਵਰਜਿਤ ਸੰਬੰਧਾਂ ਦੀ ਅਸਲ ਤਸਵੀਰ ਇਨ੍ਹਾਂ ਬੋਲੀਆਂ ਰਾਹੀਂ ਬਾਖੂਬੀ ਉਜਾਗਰ ਹੁੰਦੀ ਹੈ। ਉਦਾਹਰਣ ਵਜੋਂ ‘ਜਾਕਟ ਲਿਆ ਮਿੱਤਰਾ ਕੁੜ੍ਹਤੀ ਹੇਠ ਦੀ ਪਾਵਾਂ’ ਬੋਲੀ ਨੂੰ ਵੇਖਿਆ ਜਾ ਸਕਦਾ ਹੈ। ਇਸ ਬੋਲੀ ਵਿਚ ਇਕ ਔਰਤ ਆਪਣੇ ਨਜਾਇਜ ਹੰਢਾਏ ਜਾਣ ਵਾਲੇ ਰਿਸ਼ਤੇ ‘ਯਾਰ’ ਤੋਂ ਉਸ ਦੀ ਨਿਸ਼ਾਨੀ ਵਜੋਂ ਜਾਕਟ ਦੀ ਮੰਗ ਕਰਦੀ ਹੈ। ਅਜਿਹਾ ਕਰਨਾ ਉਸ ਦੀ ਧੁਰ ਅੰਦਰਲੀ ਇੱਛਾ ਹੈ ਜਿਸ ਵਿਚ ਉਸ ਦਾ ਇਸ ਰਿਸ਼ਤੇ ਪ੍ਰਤੀ ਸਮਰਪਣ ਛੁਪਿਆ ਹੁੰਦਾ ਹੈ। ਪਰ ਦੂਸਰੇ ਪਾਸੇ ਉਸ ਨੂੰ ਨੈਤਿਕ ਸੀਮਾ ਦਾ ਵੀ ਪੂਰਾ ਖਿਆਲ ਹੈ। ਇਸ ਲਈ ਉਹ ਉਹ ਇਸ ਜੈਕਟ ਨੂੰ ਕਿਸੇ ਦੇ ਸਾਹਮਣੇ ਵੀ ਪਹਿਨ ਨਹੀਂ ਸਕਦੀ। ਅਜਿਹੀ ਸਥਿਤੀ ਵਿਚ ਹੀ ਉਹ ਹੱਲ ਲਭਦੀ ਹੈ ਕਿ ‘ਜੈਕਟ ਲਿਆ ਮਿੱਤਰਾ, ਕੁੜ੍ਹਤੀ ਹੇਠ ਦੀ ਪਾਵਾਂ’। ਇਸ ਤਰ੍ਹਾਂ ਇਸ ਬੋਲੀ ਵਿਚ ਇਕ ਔਰਤ ਵੱਲੋਂ ਵਰਜਿਤ ਸੰਬੰਧਾਂ ਦੀ ਪ੍ਰਤੀਕ ‘ਜੈਕਟ’ ਨੂੰ ਨੈਤਿਕ ਅਤੇ ਪ੍ਰਵਾਨਿਤ ਸੰਬੰਧਾਂ ਦੀ ਪ੍ਰਤੀਕ ‘ਕੁੜ੍ਹਤੀ’ ਦੀ ਆੜ ਵਿਚ ਛੁਪਾ ਲੈਣ ਦੀ ਸਹੂ਼ਲਤ ਦਾ ਬਾਖੂਬੀ ਵਰਨਣ ਹੈ:
ਝਾਮਾਂ ਝਾਮਾਂ ਝਾਮਾਂ
ਪੁੱਤ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲੁਆ ਲਿਆ ਲਾਮਾ
ਸੱਦੀ ਹੋਈ ਮਿੱਤਰਾਂ ਦੀ
ਪੈਰ ਜੁੱਤੀ ਨਾ ਪਾਮਾਂ
ਇਕ ਤੇਰੀ ਨੀਂਦ ਬੁਰੀ
ਮੁੱਠੀਆਂ ਭਰਾਂ ਜਗਾਮਾਂ
ਮਿੱਤਰਾਂ ਦੇ ਜਾਂਘੀਏ ਤੇ
ਘੁੰਡ ਕੱਢ ਕੇ ਮੋਰਨੀ ਪਾਮਾਂ
ਜਾਕਟ ਲਿਆ ਮਿੱਤਰਾ
ਕੁੜਤੀ ਹੇਠ ਦੀ ਪਾਮਾਂ......
ਲੋਕਧਾਰਾਈ ਰੰਗ ਦੇ ਸ਼ੌਕੀਨਾਂ ਲਈ ਇਹ ਹਰ ਹਾਲਤ ਵਿਚ ਪੜ੍ਹੀ ਜਾਣ ਵਾਲੀ ਪੁਸਤਕ ਹੈ। ਜੇ 2017 ਦੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇਸ ਕਿਤਾਬ ਵਿਚਲੀਆਂ 75 ਫੀਸਦੀ ਤੋਂ ਵੱਧ ਬੋਲੀਆਂ ਅਜਿਹੀਆਂ ਹਨ ਜਿਹੜੀਆਂ ਸਾਡੇ ਵਿਚੋਂ ਬਹੁਤਿਆਂ ਨੇ ਆਸਿਉਂ ਪਾਸਿਉਂ ਕਿਧਰੇ ਵੀ ਸੁਣੀਆਂ ਨਹੀਂ ਹੁੰਦੀਆਂ। ਪੰਜਾਬੀਅਤ ਨਾਲ ਭਿੱਜੇ ਇਸ ਮੌਲਿਕ ਰੰਗ ਨੂੰ ਮਾਨਣ ਲਈ ਇਹ ਪੁਸਤਕ ਹਰ ਹਾਲਤ ਵਿਚ ਪੜ੍ਹਨੀ ਚਾਹੀਦੀ ਹੈ।