ਲੰਡੇ ਪਿੰਡ ਮੋਗਾ-ਕੋਟਕਪੂਰਾ ਮੁੱਖ ਮਾਰਗ ’ਤੇ ਸਮਾਲਸਰ ਤੋਂ ਉੱਤਰ ਵਾਲੇ ਪਾਸੇ ਤਿੰਨ ਕਿਲੋਮੀਟਰ ਦੂਰ ਫ਼ਰੀਦਕੋਟ ਜ਼ਿਲ੍ਹੇ ਦੀ ਹੱਦ ’ਤੇ ਮੋਗਾ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ।

ਇਹ ਮੋਗਾ ਤੋਂ ਲਗਪਗ 35 ਕਿਲੋਮੀਟਰ ਪੱਛਮ ਵੱਲ ਅਤੇ ਕੋਟਕਪੂਰਾ ਰੇਲਵੇ ਸਟੇਸ਼ਨ ਤੋਂ 20 ਕੁ ਕਿਲੋਮੀਟਰ ਪੂਰਬ ਵੱਲ ਸ਼ਾਹ ਮਾਰਗ 16 ’ਤੇ ਵਸਿਆ ਹੋਇਆ ਹੈ। ਇਹ ਪਿੰਡ ਦਾ ਰਕਬਾ ਰਿਆਸਤ ਮਾੜੀ ਦਾ ਪ੍ਰਗਣਾ ਸੀ ਅਤੇ ਇਸ ਦੀ ਅਮਲਦਾਰੀ ਕੋਟਕਪੂਰਾ ਦੇ ਜੋਧ ਸਿੰਘ ਦੀ ਸੀ। ਜੋਧ ਸਿੰਘ ਨੇ ਆਪਣੇ ਪੁੱਤਰ ਤਲੋਕਾ ਅਤੇ ਬੁੱਢਾ ਨੂੰ 1820 ਵਿੱਚ ਭੇਜ ਦਿੱਤਾ ਸੀ। ਇਹ ਪੁਰਖੇ ਸਰਾਂ ਗੋਤ ਨਾਲ ਸਬੰਧ ਰੱਖਦੇ ਸਨ। ਇਸ ਲਈ ਲੋਕ ਸਰਾਵਾਂ ਨੂੰ ਮੋੜ੍ਹੀ ਗੱਡ ਸਰਾਂ ਵੀ ਕਿਹਾ ਕਰਦੇ ਸਨ। ਪਿੰਡ ਵਿਚ ਤਿੰਨ ਪੱਤੀਆਂ ਹਨ। ਤਲੋਕਾ ਪੱਤੀ, ਬੁੱਢਾ ਪੱਤੀ,ਸਰਾਂ ਪੱਤੀ। ਪਿੰਡ ਦੀ ਅਬਾਦੀ ਕੋਈ 8000 ਦੇ ਕਰੀਬ ਹੈ। ਇਸ ਪਿੰਡ ਦੀ ਪੰਜ ਹਜ਼ਾਰ ਏਕੜ ਜ਼ਮੀਨ ਹੈ। ਪਿੰਡ ਵਿਚ ਜੱਟਾਂ ਦੇ ਸਰਾਂ, ਬਰਾੜ, ਔਲਖ, ਵਿਰਕ, ਧਾਲੀਵਾਲ, ਜੈਦ ਗੋਤ ਹਨ। ਰਾਮਗੜ੍ਹੀਆ ਭਾਈਚਾਰੇ ਚੋਂ ਸਿਰਫ ਦੋ ਹੀ ਗੋਤ ਹਨ ਕਲਸੀ ਅਤੇ ਗਾਲ੍ਹੇ। ਇਸ ਤੋਂ ਇਲਾਵਾ ਪਿੰਡ ਵਿੱਚ ਮਜ਼੍ਹਬੀ ਸਿੱਖ, ਚਮਾਰ, ਹਿੰਦੂ ਘੁਮਿਆਰ, ਮੁਸਲਮਾਨ ਘੁਮਿਆਰ, ਹਿੰਦੂ ਨਾਈ ਸਿੱਖ ਨਾਈ, ਮੁਸਲਮਾਨ ਨਾਈ ਵੀ ਵਸਦੇ ਹਨ। ਪਿੰਡ ਵਿਚ ਛੀਂਬਿਆਂ ਦਾ ਕਦੀ ਇੱਕ ਘਰ ਸੀ ਜੋ ਬਹੁਤ ਸਮਾਂ ਪਹਿਲਾਂ ਕਿਤੇ ਵਿਦੇਸ਼ ਜਾ ਕੇ ਵਸ ਗਿਆ ਹੈ। ਪਿੰਡ ਵਿਚ ਕੋਈ 250 ਸਾਲ ਪੁਰਾਣੀ ਮਸਜਿਦ ਹੈ ਜਿੱਥੇ ਅੱਜ ਵੀ ਪ੍ਰਾਈਵੇਟ ਤੌਰ ’ਤੇ ਉਰਦੂ ਸ਼ਾਹ ਮੁਖੀ ਲਿੱਪੀ ਸਿਖਾਈ ਜਾਂਦੀ ਹੈ। ਪਿੰਡ ਦੇ ਚੜ੍ਹਦੇ ਪਾਸੇ ਸ਼ਹੀਦਾਂ ਦੀ ਸਮਾਧ ਬਣੀ ਹੋਈ ਹੈ ਜਿੱਥੇ ਹਰ ਸਾਲ ਚੇਤ ਦੇ ਮਹੀਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।

ਆਜ਼ਾਦੀ ਸੰਗਰਾਮ ਵਿਚ ਹਿੱਸਾ ਸੋਧੋ

ਇਸ ਪਿੰਡ ਦੇ ਹੇਠ ਲਿਖੇ ਵਿਅਕਤੀਆਂ ਨੇ ਆਜ਼ਾਦੀ ਸੰਗਰਾਮ ਵਿਚ ਹਿੱਸਾ ਲਿਆ 1. ਮਾਘ ਸਿੰਘ ਪੁੱਤਰ ਸ਼ਾਮ ਸਿੰਘ ਸ਼ਹੀਦ 2.ਕਪੂਰ ਸਿੰਘ ਪੁੱਤਰ ਵਰਿਆਮ ਸਿੰਘ ਸ਼ਹੀਦ 3.ਰਤਨ ਸਿੰਘ ਪੁੱਤਰ ਭਾਈ ਦਿੱਤਾ ਸਿੰਘ ਸ਼ਹੀਦ 4. ਬਚਿੱਤਰ ਸਿੰਘ ਪੁੱਤਰ ਰਣ ਸਿੰਘ (7 ਸਾਲ ਕੈਦ) 5. ਮਾਈ ਕੂਕੀ ਸੁਪਤਨੀ ਨੰਬਰਦਾਰ ਭਗਤ ਸਿੰਘ (5 ਸਾਲ ਕੈਦ) 6. ਗੰਗਾ ਸਿੰਘ ਪੁੱਤਰ ਤੋਤਾ ਸਿੰਘ (14 ਮਹੀਨੇ ਕੈਦ) 7. ਰਾਮ ਸਿੰਘ ਪੁੱਤਰ ਮਾਨ ਸਿੰਘ (ਕੈਦ 11 ਮਹੀਨੇ) 8. ਬਚਿੱਤਰ ਸਿੰਘ ਪੁੱਤਰ ਕੁੰਢਾ ਸਿੰਘ (ਕੈਦ 7 ਮਹੀਨੇ) 9. ਚੰਨਾ ਸਿੰਘ ਪੁੱਤਰ ਰੋਡਾ ਸਿੰਘ (ਕੈਦ ਕੱਟੀ) 10. ਨਾਜਰ ਸਿੰਘ ਪੁੱਤਰ ਸੰਤਾ ਸਿੰਘ (ਕੈਦ ਕੱਟੀ) 11. ਵਰਿਆਮ ਸਿੰਘ ਪੁੱਤਰ ਦਿਆਲ ਸਿੰਘ (ਕੈਦ ਕੱਟੀ) 12. ਚੰਦਾ ਸਿੰਘ ਪੁੱਤਰ ਮਾਹਣਾ ਸਿੰਘ (ਕੈਦ ਕੱਟੀ) 13. ਟਿੱਕਾ ਸਿੰਘ ਪੁੱਤਰ ਗੰਗਾ ਸਿੰਘ (ਕੈਦ ਕੱਟੀ) 14. ਪ੍ਰੇਮ ਸਿੰਘ (ਕੈਦ ਕੱਟੀ) 15. ਕੇਹਰ ਸਿੰਘ (ਕੈਦ ਕੱਟੀ) 16. ਕੁੰਢਾ ਸਿੰਘ ਸਰਾਂ ਨੇ ਡੁਰਲੀ ਜੱਥੇ ਦੇ ਪ੍ਰਬੰਧਕਾਂ ਅਤੇ ਗੁਰੁ ਕੇ ਬਾਗ ਦੇ ਮੋਰਚੇ ਵਿਚ 11 ਮਹੀਨੇ ਕੈਦ ਕੱਟੀ

ਐੱਨ. ਆਰ. ਆਈਜ਼. ਅਤੇ ਪਿੰਡ ਦੇ ਅਫਸਰ ਸੋਧੋ

ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਐਨ.ਆਰ.ਆਈਜ਼. ਵੱਲੋਂ ਪ੍ਰੀਖਿਆ ਹਾਲ ਦੀ ਉਸਾਰੀ ਕੀਤੀ ਗਈ ਜਿਸ ’ਤੇ ਕੋਈ 10 ਲੱਖ ਰੁਪਏ ਖਰਚ ਆਇਆ ਹੈ। ਇਸ ਤੋਂ ਇਲਾਵਾ ਸਕੂਲ ਪਰਵਾਸੀ ਵੀਰਾਂ ਦੀ ਮਦਦ ਨਾਲ ਪਰਵਾਸੀ ਬਲਾਕ, ਕੰਪਿਊਟਰ ਰੂਮ ਉਸਾਰਿਆ ਹੋਇਆ ਹੈ। ਹਰਵਿੰਦਰ ਕੌਰ ਪਿੰਡ ਦੀ ਪਹਿਲੀ ਲੜਕੀ ਹੈ, ਜੋ ਪੰਜਾਬ ਪੁਲੀਸ ਵਿਚ ਭਰਤੀ ਹੋਈ ਹੈ। ਉਸ ਤੋਂ ਬਾਅਦ ਕਰਮਜੀਤ ਕੌਰ ਪੰਜਾਬ ਪੁਲੀਸ ’ਚ ਭਰਤੀ ਹੋਈ ਹੈ। ਪ੍ਰੀਤਮ ਬਰਾੜ ਲੰਡੇ ਦੀ ਧੀ ਪਾਮੇਲਾ ਪਿੰਡ ਦੀ ਪਹਿਲੀ ਲੜਕੀ ਹੈ ਜਿਸ ਨੇ ਸਭ ਤੋਂ ਪਹਿਲਾਂ ਪੀ ਐੱਚ.ਡੀ. ਕੀਤੀ ਸੀ। ਪਿੰਡ ਦੇ ਸਾਬਕਾ ਪੰਚ ਨਿਰੰਜਨ ਬਰਾੜ ਦੀ ਨੂੰਹ ਆਸਟਰੇਲੀਆ ਵਿਚ ਰੇਲਵੇ ਟਰੇਨਰ ਹੈ। ਇਸ ਪਿੰਡ ਤੋਂ ਘਣੀਏ ਵਾਲਾ ਨੂੰ ਜਾਂਦੀ ਸੜਕ ’ਤੇ ਬੁੱਧੂਆਣਾ ਸਮਾਧ ਬਣੀ ਹੋਈ ਹੈ। ਇਤਿਹਾਸ ਅਨੁਸਾਰ ਇਸ ਪਿੰਡ ਦਾ ਇੱਕ ਨੌਜਵਾਨ ਰੂਸ ਦੇ ਜ਼ਾਰਾਂ ਦੇ ਜ਼ਮਾਨੇ ਵਿਚ ਲਾਲ ਫੌਜ ਵਿਚ ਭਰਤੀ ਹੋਇਆ ਸੀ ਤੇ 1917 ਦੇ ਰੂਸ ਦੇ ਇਨਕਲਾਬ ਦੌਰਾਨ ਸ਼ਹੀਦ ਹੋ ਗਿਆ ਸੀ। ਇਸ ਨੌਜਵਾਨ ਦਾ ਰਿਕਾਰਡ ਨਹੀਂ ਮਿਲਿਆ। ਇਤਿਹਾਸਕਾਰਾਂ ਅਨੁਸਾਰ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਪਿਪਲੀ ਇਸ ਬੁਧੂਆਣਾ ਸਮਾਧ ਕੋਲੋਂ ਹੀ ਉੱਠ ਕੇ ਗਿਆ ਸੀ। ਪਿਪਲੀ ਦੇ ਲੋਕ ਅੱਜ ਵੀ ਵਿਸਾਖ ਦੇ ਮਹੀਨੇ ਇੱਥੇ ਆ ਕੇ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹਨ। ਕੋਈ 15 -20 ਸਾਲ ਪਹਿਲਾਂ ਇਸ ਜਗ੍ਹਾ ਦੇ ਨੇੜਲੇ ਕਿਸਾਨ ਜਦੋਂ ਆਪਣੀ ਜ਼ਮੀਨ ਵਾਹੁੰਦੇ ਸਨ ਤਾਂ ਜ਼ਮੀਨ ਹੇਠੋਂ ਪਿੰਡ ਵਸਣ ਦੀਆਂ ਪੁਰਾਤਨ ਵਸਤਾਂ ਵੀ ਮਿਲਦੀਆਂ ਰਹੀਆਂ ਹਨ। ਇਸ ਪਿੰਡ ਨੇ ਅਨੇਕਾਂ ਹੀ ਪ੍ਰਸਿੱਧ ਹਸਤੀਆਂ ਪੈਦਾ ਕੀਤੀਆਂ ਹਨ। ਇਸ ਪਿੰਡ ਦੀ ਧੀ ਬਲਬੀਰ ਕੌਰ ਡੀ.ਸੀ.ਐਮ.ਐਸ 1979 ਵਿਚ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਰਹੇ। ਡਾ.ਬਲਬੀਰ ਕੌਰ ਨੇ ਪਿੰਡ ਵਿਚ ਸਰਕਾਰੀ ਹਸਪਤਾਲ ਬਣਵਾਉਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਡਾ. ਬਲਵੀਰ ਦੇ ਭਰਾ ਸ. ਹਰਨਾਮ ਸਿੰਘ ਬਰਾੜ ਲੰਡੇ 1980 ਵਿਚ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਪ੍ਰਾਇਮਰੀ) ਰਹੇ ਹਨ। ਇਨ੍ਹਾਂ ਦੀ ਬਦੌਲਤ ਸਦਕਾ ਹੀ ਪਿੰਡ ਵਿਚ ਪ੍ਰਾਇਮਰੀ (ਲੜਕੀਆਂ) ਅਤੇ ਸਰਕਾਰੀ ਹਾਈ ਸਕੂਲ ਬਣਿਆ ਸੀ। ਪਿੰਡ ਦੇ ਮਾਧੋ ਸਿੰਘ ਬਰਾੜ 1973 ਦੇ ਨੇੜੇ ਤੇੜੇ ਅਮਰੀਕਾ ਜਾ ਵਸੇ ਜਿਨ੍ਹਾਂ ਦੇ ਪਰਿਵਾਰ ਦੇ ਕੋਈ 11 ਮੈਂਬਰ ਅੱਜ ਅਮਰੀਕਾ ਵਿਚ ਡਾਕਟਰ ਹਨ। ਆਰਟਿਸਟ ਮਲਕੀਤ ਸਿੰਘ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹਨ। ਉਹ ਵੀ ਇਸ ਪਿੰਡ ਦੇ ਵਸਨੀਕ ਹਨ ਜੋ ਪੀ.ਜੀ.ਆਈ. ਚੰਡੀਗੜ੍ਹ ਵਿਚ ਬਤੌਰ ਪ੍ਰੋਫੈਸਰ ਦੇ ਤੌਰ ’ਤੇ ਸੇਵਾ ਨਿਭਾਅ ਚੁੱਕੇ ਹਨ। ਉਹ ਪਿੰਡ ਦੇ ਅਨੇਕਾਂ ਹੀ ਗਰੀਬ ਲੋਕਾਂ ਲਈ ਪੀ.ਜੀ.ਆਈ. ਵਿਚ ਮਦਦਗਾਰ ਬਣੇ ਹਨ। ਸ. ਸੁੰਦਰ ਸਿੰਘ ਐਸ.ਡੀ.ਓ. ਨਹਿਰੀ ਵਿਭਾਗ ’ਚੋਂ ਰਿਟਾਇਰ ਹੋਏ ਸਨ। ਬੇਹੱਦ ਇਮਾਨਦਾਰ ਸ਼ਖ਼ਸੀਅਤ ਹੋਣ ਕਰਕੇ ਸਾਰਾ ਪਿੰਡ ਉਨ੍ਹਾਂ ਨੂੰ ਬਾਉ ਜੀ ਕਹਿ ਕੇ ਬੁਲਾਉਂਦਾ ਸੀ। ਉਹ ਪਿੰਡ ਦੇ ਪਹਿਲੇ ਸਰਪੰਚ ਵੀ ਰਹੇ ਸਨ। ਸ. ਗੰਗਾ ਸਿੰਘ ਬਰਾੜ ਮਿਲਟਰੀ ’ਚੋਂ 1949 ਵਿਚ ਬਤੌਰ ਕੈਪਟਨ ਰਿਟਾਇਰ ਹੋਏ ਸਨ। ਸ.ਸੰਤਾ ਸਿੰਘ ਐਮ.ਈ.ਐਸ. ’ਚੋਂ ਐਸ.ਡੀ.ਓ. ਰਿਟਾਇਰ ਹੋਏ ਸਨ। ਅਜਮੇਰ ਸਿੰਘ ਬਰਾੜ ਸਿਵਲ ਵਿਭਾਗ ’ਚੋਂ ਐਸ.ਡੀ.ਓ. ਰਿਟਾਇਰ ਹੋਏ ਸਨ। ਉਨ੍ਹਾ ਦਾ ਲੜਕਾ ਹਰਜੀਤ ਸਿੰਘ ਬ੍ਰਿਗੇਡੀਅਰ ਰਿਟਾਇਰ ਹੋਇਆ ਹੈ।

ਸਹਿਤਕਾਰਾਂ ਦਾ ਪਿੰਡ ਸੋਧੋ

ਇਸ ਪਿੰਡ ਨੇ ਅਨੇਕਾਂ ਸਾਹਿਤਕਾਰ,ਪੱਤਰਕਾਰ ਪੈਦਾ ਕੀਤੇ ਹਨ। ਮਾਸਟਰ ਸਰਬਣ ਸਿੰਘ ਜੋ ਸਰਪੰਚ ਰਹੇ ਸਨ ਇਸ ਪਿੰਡ ’ਚੋਂ ਮਾਸਿਕ ਮੈਗਜ਼ੀਨ ਕੱਢਦੇ ਹੁੰਦੇ ਸਨ। ਉਨ੍ਹਾਂ ਦਾ ਲੜਕਾ ਪ੍ਰੀਤਮ ਬਰਾੜ ਲੰਡੇ ਜਿਸ ਨੇ 5 ਕਿਤਾਬਾਂ ਪੰਜਾਬੀ ਸਾਹਿਤ ਦੇ ਝੋਲੀ ਪਾਈਆਂ ਸਨ। ਹਾਕਮ ਸਿੰਘ ਸ਼ਤਾਬ ਜੋ ਕਿ ਲੰਡੇ ਸਕੂਲ ਦੇ ਇੰਚਾਰਜ ਰਹੇ ਵੀ ਸਾਹਿਤਕਾਰ ਸਨ। 1982 ਦੇ ਨੇੜੇ ਉਹ ਪੰਜਾਬੀ ਟ੍ਰਿਬਿਊਨ ਵਿਚ ਤਾਇਆ ਚਤਰੂ ਦੇ ਨਾਂ ਕਾਲਮ ਲਿਖਦੇ ਸਨ। ਉਨ੍ਹਾਂ 2 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਸਨ। ਪਿੰਡ ਦੇ ਐਨ.ਆਰ.ਆਈਜ਼. ਸਾਬਕਾ ਮੁੱਖ ਅਧਿਆਪਕ ਚੰਦ ਸਿੰਘ ਸਦਿਓੜਾ, ਗੁਰਬਚਨ ਸਿੰਘ ਬਰਾੜ ਵਿਦੇਸ਼ਾਂ ਵਿਚ ਬੈਠੇ ਆਪਣੀਆਂ ਕਲਮਾਂ ਰਾਹੀਂ ਸਾਹਿਤ ਸਿਰਜਣਾ ਕਰ ਰਹੇ ਹਨ। ਸੁਦਾਗਰ ਬਰਾੜ ਲੰਡੇ ਇਤਿਹਾਸਕਾਰ ਹਨ। ਉਨ੍ਹਾਂ ਪਿੰਡ ਦੇ ਇਤਿਹਾਸ ਬਾਰੇ ਪੁਸਤਕ ਢਾਈ ਸਦੀਆਂ ਦਾ ਹਾਣੀ ਅਤੇ ਕਹਾਣੀਆਂ ਦੀ ਪੁਸਤਕ ਲਿਖੀ ਹੈ। ਉਹ ਕੈਨੇਡਾ ਪਰਵਾਸ ਕਰ ਚੁੱਕੇ ਹਨ। ਨਵੀਂ ਪੀੜ੍ਹੀ ਵਿੱਚੋਂ ਨਵਦੀਪ ਲੰਡੇ, ਸਵ.ਗੁਰਪ੍ਰੀਤ ਬਰਾੜ ਲੰਡੇ, ਜਸਕਰਨ ਲੰਡੇ, ਕੇਵਲ ਕ੍ਰਿਸ਼ਨ ਸ਼ਰਮਾ, ਅਕਸਰ ਅਖਬਾਰਾਂ ਵਿਚ ਛਪਦੇ ਹਨ। ਜੇ.ਕੇ. ਲੰਡਿਆਂ ਵਾਲਾ ਅਤੇ ਤੱਖੀ ਗੀਤਕਾਰ ਹਨ। ਗੁਰਜੰਟ ਕਲਸੀ ਲੰਡੇ ਦੀਆਂ ਦੋ ਕਹਾਣੀਆਂ ਦੀਆਂ ਪੁਸਤਕਾਂ ਸਰਾਪੇ ਹੋਏ ਲੋਕ, ਸੂਹੇ ਪਲਾਂ ਦੀ ਦਾਸਤਾਨ ਛਪ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਪਾਕਿਸਤਾਨੀ ਸਫ਼ਰਨਾਮਾ ‘ਮੈਂ ਵਾਹਗਿਓਂ ਪਾਰ ਬੋਲਦਾ ਹਾਂ’ਪੰਜਾਬੀ ਟ੍ਰਿਬਿਊਨ ਵਿਚ ਕਈ ਕਿਸ਼ਤਾਂ ਵਿਚ ਛਪਿਆ ਹੈ। ਨਵੀਂ ਪੀੜ੍ਹੀ ਦੇ ਕਹਾਣੀਕਾਰਾਂ ਨੇ ਪਿੰਡ ਵਿਚ ਸਾਹਿਤਕ ਸੱਥ ਲੰਡੇ ਬਣਾਈ ਹੋਈ ਹੈ ਜੋ ਪਿੰਡ ਵਿਚ ਸਾਹਿਤਕ ਪ੍ਰੋਗਰਾਮ, ਨਾਟਕ ਆਦਿ ਕਰਵਾ ਰਹੀ ਹੈ। ਸਾਹਿਤਕ ਸੱਥ ਲੰਡੇ ਨੇ ਲਾਇਬਰੇਰੀ ਬਣਾਈ ਹੋਈ ਹੈ ਜਿੱਥੋਂ ਨਵੀਂ ਪੀੜ੍ਹੀ ਮੁਫ਼ਤ ਕਿਤਾਬਾਂ ਲੈ ਕੇ ਗਿਆਨ ਹਾਸਲ ਕਰਦੀ ਹੈ। ਆਰਟਿਸਟ ਮਲਕੀਤ ਸਿੰਘ ਅਤੇ ਸੁਦਾਗਰ ਬਰਾੜ ਨੇ ਪਿੰਡ ਦੀ ਲਾਇਬਰੇਰੀ ਨੂੰ ਅਨੇਕਾਂ ਕਿਤਾਬਾਂ ਦਾਨ ਕੀਤੀਆਂ ਹਨ।

ਸਹਿਕਾਰੀ ਸਭਾ ਸੋਧੋ

ਪਿੰਡ ਵਿਚ ਇੱਕ ਸਹਿਕਾਰੀ ਸੁਸਾਇਟੀ ਹੈ ਜਿਸ ਦਾ ਕਾਰੋਬਾਰ ਦੋ ਕਰੋੜ ਤੋਂ ਉਪਰ ਹੈ। ਪਿੰਡ ਦੇ ਕਿਸਾਨਾਂ ਲਈ ਇਹ ਸੁਸਾਇਟੀ ਸਹੂਲਤਾਂ ਦੇ ਰਹੀ ਹੈ। ਇਸ ਵਿਚ ਸਸਤੇ ਰਾਸ਼ਨ ਦੀ ਦੁਕਾਨ ਤੋਂ ਡੇਮਰੂ ਕਲਾਂ, ਖੁਰਦ ਪਿੰਡਾਂ ਦੇ ਲੋਕ ਵੀ ਲਾਭ ਲੈ ਰਹੇ ਹਨ।

ਕਬੱਡੀ ਖਿਡਾਰੀ ਸੋਧੋ

ਇਸ ਪਿੰਡ ਨੇ ਅਨੇਕਾਂ ਚੋਟੀ ਦੇ ਖਿਡਾਰੀ ਪੈਦਾ ਕੀਤੇ ਹਨ। ਪਿੰਡ ਦਾ ਪੂਰਨ ਸਿੰਘ, ਮੰਦਰ ਸਿੰਘ 1979-82 ਦੌਰ ਦੇ ਕਬੱਡੀ ਰੇਡਰ ਰਹੇ ਹਨ। ਪਿੰਡ ਦਾ ਰੇਸ਼ਮ ਸਿੰਘ,ਅਮਰਜੀਤ ਸਿੰਘ, ਤਾਰੂ, ਸ਼ਿੰਦਾ, ਮੋਦਨ ਸਰਾਂ, ਲੋਗੜਾ, ਬੁੱਧ ਸਿੰਘ, ਸੇਵਕ ਸਿੰਘ, ਬੂਟਾ ਖਾਨ ਕਬੱਡੀ ਦੇ ਜਾਫੀ ਰਹੇ ਹਨ। ਪਿੰਡ ਦੇ ਮਰਹੂਮ ਕਬੱਡੀ ਖਿਡਾਰੀ ਬਿੱਕਰ ਸਿੰਘ ਨੇ ਕਬੱਡੀ ਵਿਚ ਛੋਟੀ ਉਮਰੇ ਹੀ ਨਵੀਆਂ ਪੈੜਾਂ ਗੱਡ ਦਿੱਤੀਆਂ ਸਨ। ਨਵੀਂ ਪੀੜ੍ਹੀ ਚੋਂ ਕਮਲਜੀਤ ਸਿੰਘ, ਲੱਖਾ, ਤਾਰ ਲੰਡੇ, ਜੰਟਾ ਲੰਡੇ ਆਦਿ ਵਿਦੇਸ਼ਾਂ ਦੀ ਧਰਤੀ ’ਤੇ ਕਬੱਡੀ ਦੇ ਜੌਹਰ ਦਿਖਾ ਚੁੱਕੇ ਹਨ। ਹਰਦੇਵ ਸਿੰਘ ਕਲਸੀ ਹੈਂਡਬਾਲ ਦੀ ਟੀਮ ਵਿਚ ਇੰਡੀਆ ਵੱਲੋਂ ਖੇਡਣ ਗਿਆ ਹੈ। ਇਸ ਤੋਂ ਇਲਾਵਾ ਸਤਨਾਮ ਸਿੰਘ, ਵਿਸ਼ਾਲ, ਗੋਰਾ, ਕਾਲਾ ਸਕੇ ਭਰਾ ਆਦਿ ਪੰਜਾਬ ਪੱਧਰ ਦੀ ਹੈਂਡਬਾਲ ਟੀਮ ਵਿਚ ਖੇਡ ਚੁੱਕੇ ਹਨ।