ਵਕ੍ਰੋਕਤੀ ਸੰਪਰਦਾਇ

ਅਚਾਰੀਆ ਕੁਤੰਕ ਅਨੁਸਾਰ ਵਿਕੌ੍ਕਤੀ ਦੇ ਛੇ ਭੇਦ ਮੰਨੇ ਗਏ ਹਨ।1.ਵਰਣ ਵਕ੍ਤਾ ਜਾਂ ਵਰਣ -ਵਿਨਿਆਸ ਵਕ੍ਤਾ 2.ਸਬਦ ਵਕ੍ਤਾ ਜਾਂ


ਵਕ੍ਰੋਕਤੀ ਸੰਪਰਦਾਇ' ਕਾਵਿ ਦੇ ਬਾਕੀ ਪੰਜ ਸਿਧਾਂਤਾ (ਰਸ, ਧੁਨੀ, ਅੰਲਕਾਰ, ਰੀਤੀ, ਔਚਿਤਯ) ਵਾਂਗ ਛੇਵਾਂ ਸਿਧਾਂਤ ਵਕ੍ਰੋਕਤੀ ਕਾਵਿ ਦਾ ਜਿੰਦ-ਜਾਨ ਵੀ ਮੰਨੀ ਜਾਂਦੀ ਹੈ।ਵਕ੍ਰੋਕਤੀ ਸੰਪਰਦਾਇ ਦੇ ਸੰਥਾਪਕ ਵਕ੍ਰੋਕਤੀਜੀਵਤਮ ਗ੍ਰੰਥ ਦੇ ਲੇਖਕ ਆਚਾਰੀਆ ਕੁੰਤਕ ਹਨ।

ਵਕ੍ਰੋਕਤੀ ਸ਼ਬਦਾਂ ਨੂੰ ਟੁੰਬਣ ਸ਼ੀਲ ਢੰਗ ਨਾਲ ਵਰਤ ਕੇ ਗੱਲ ਕਹਿਣ ਦਾ ਨਾਮ ਹੈ। ਇਹ ਇਕ ਪਾਸੇ ਤਾਂ ਅਲੰਕਾਰ ਸੰਪਰਦਾਇ ਨਾਲ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਰੀਤੀ ਸੰਪਰਦਾਇ ਨਾਲ।

ਵਕ੍ਰੋਕਤੀ ਸੰਪਰਦਾ ਦਾ ਮੋਢੀ ਕੁੰਤਕ ਆਚਾਰੀਆ ਸੀ, ਜਿਸ ਦਾ ਜਨਮ 925 ਵਿਚ ਤੇ ਮੌਤ 1025 ਵਿਚ ਹੋਈ ਮੰਨੀ ਜਾਂਦੀ ਹੈ।ਉਸ ਦੇ ਗ੍ਰੰਥ ਦਾ ਨਾਮ "ਕਾਵ੍ਯ ਅਲੰਕਾਰ" ਹੈ। ਉਂਝ ਇਹ ਸੰਪਰਦਾ ਬਾਰੇ ਪਹਿਲਾਂ ਭਾਮਹ ਅਤੇ ਬਾਣ ਭੱਟ ਵਿਚਾਰ ਪੇਸ਼ ਕਰ ਚੁਕੇ ਸਨ।

ਫ਼ਰਕ ਇਹ ਹੈ ਕਿ ਕੁਝ ਵਿਦਵਾਨਾਂ ਨੇ ਵਕ੍ਰੋਕਤੀ ਨੂੰ ਇਕ ਖਾਸ ਅਲੰਕਾਰ ਬਣਾਉਣਾ ਦਾ ਯਤਨ ਕੀਤਾ ਪਰ ਅਸਲ ਵਿਚ ਇਹ ਅਲੰਕਾਰ ਨਹੀਂ ਹੈ, ਇਹ ਤਾਂ ਸਾਰੇ ਅਲੰਕਾਰਾਂ ਦਾ ਪ੍ਰਾਣ ਹੈ,ਸਾਰੇ ਅਲੰਕਾਰਾਂ ਵਿਚ ਵਕ੍ਰੋਕਤੀ ਆਉਂਦੀ ਹੈ।

ਵਕ੍ਰੋਕਤੀ ਦਾ ਸ਼ਬਦੀ ਅਰਥ ਹੈ - ਚਤੁਰਾਈ ਅਤੇ ਵਿਅੰਗ ਭਰਿਆ ਬਿਆਨ। P.V. Kane ਆਪਣੀ ਪੁਸਤਕ ਸਾਹਿਤ ਦਰਪਣ ਵਿਚ ਲਿਖਦਾ ਹੈ - Vakrokati is a striking mode of speech (ਗੱਲ ਕਹਿਣ ਦਾ ਟੁੰਬਣਸ਼ੀਲ ਤਰੀਕਾ)।

ਇਸ ਨਿਯਮ ਦੇ ਤਰੀਕੇ ਨੂੰ ਪਹਿਲਾਂ ਯੂਨਾਨੀਆਂ ਤੇ ਪਿਛੋਂ ਹੋਰ ਪੱਛਮੀ ਵਿਦਵਾਨਾਂ ਨਰ ਸਲਾਹਿਆ ਹੈ।ਉਦਾਹਰਣ ਵਜੋਂ ਅਰਸਤੂ ਨੇ ਕਿਹਾ ਸੀ - The Diction becomes distinguished and non-prosaic by the use of unfamiliar terms-- strange words, mataphors, lengthened forms and every thing that deviates from the ordinary mode of speech. ਭਾਵ ਇਹ ਸੀ ਕਿ ਲੇਖਕ ਆਪਣੀ ਗੱਲ ਕਹਿਣ ਲੱਗਿਆਂ ਆਮ ਬੋਲਚਾਲ ਦੇ ਤਰੀਕੇ ਨਾਲੋਂ ਵੱਖਰੇ ਤਰੀਕੇ ਨਾਲ ਕਹੇ। ਇਸ ਵੱਖਰੇ ਤਰੀਕੇ ਨਾਲ ਕਹਿਣ ਨਾਲ ਗੱਲ ਅਲੰਕਾਰ ਮਈ ਬਣ ਜਾਂਦੀ ਹੈ ਤੇ ਅਲੰਕਾਰ ਬਹੁਤ ਕਿਸਮਾਂ ਦੇ ਹੁੰਦੇ ਹਨ, ਇਸ ਕਰਕੇ ਕਿਹਾ ਗਿਆ ਹੈ ਕਿ ਵਕ੍ਰੋਕਤੀ ਨੂੰ ਕੋਈ ਖਾਸ ਅਲੰਕਾਰ ਨਹੀਂ ਰਹਿਣਾ ਚਾਹੀਦਾ। ਕੁੰਤਕ ਆਪਣੇ ਗ੍ਰੰਥ ਵਿਚ ਲਿਖਦਾ ਹੈ -- "ਉਹ ਸ਼ਬਦ ਤੇ ਅਰਥ ਕਾਵਿ ਹਨ ਜਿਹੜੇ ਵਿਅੰਗ ਭਰਪੂਰ ਢੰਗ ਨਾਲ ਕਹੇ ਗਏ ਹਨ ਤੇ ਕਾਵਿ ਰਸੀਆਂ ਦੇ ਦਿਲਾਂ ਨੂੰ ਤ੍ਰਿਪਤ ਕਰਦੇ ਹਨ।"

ਇਸਨੂੰ ਅਸੀਂ ਹੁਣ ਦੀ ਸੰਕੇਤਾਵਲੀ ਵਿਚ ਇਉਂ ਕਹਿ ਸਕਦੇ ਹਾਂ ਕਿ ਵਸਤੂ ਅਤੇ ਰੂਪ ਦੋਨਾਂ ਪੱਖਾਂ ਤੋਂ ਕਹੀ ਗਈ ਗੱਲ ਕੁਛ ਨਿਰਾਲੀ ਅਤੇ ਮਨ ਨੂੰ ਟੁੰਬਣਵਾਲੀ ਹੋਣੀ ਚਾਹੀਦੀ ਹੈ। ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ ਵਕ੍ਰੋਕਤੀ ਦੀ ਵਿਆਖਿਆ ਕਰਨ ਲਈ ਕਹਿੰਦੇ ਹਨ ਕਿ ਆਮ ਆਦਮੀ ਜੀਵਨ ਵਿਚ ਕਹਿੰਦਾ ਹੈ ਕਿ ਸੂਰਜ ਛਿਪ ਰਿਹਾ ਹੈ, ਪਰ ਕਲਾਕਾਰ ਕਹਿੰਦਾ ਹੈ - ਦਿਨ ਭਰ ਅਸਮਾਨ ਵਿਚ ਚੱਕਰ ਲਾਉਣ ਤੋਂ ਪਿਛੋਂ ਖੱਪ ਭਗਵਾਨ ਸੂਰਜ ਪੱਛੋਂ ਦੇ ਮਹੱਲ ਵਿਚ ਵਿਸਰਾਮ ਕਰਨ ਲਈ ਜਾ ਰਹੇ ਹਨ।

ਡਾ: ਰਾਮ ਲਾਲ ਸਿਹੁੰ ਆਪਣੀ ਪੁਸਤਕ "Some oF Sanskrit Poetics" ਵਿਚ ਕਹਿੰਦੇ ਹਨ ਕਿ ਸੰਸਾਰ ਵਿਚ ਗੱਲ ਕਹਿਣ ਵਾਲੇ ਤਿੰਨ ਤਰ੍ਹਾਂ ਦੇ ਲੋਕ ਹਨ - ਇਕ ਆਮ ਲੋਕ, ਦੂਸਰੇ ਵਿਦਵਾਨ ਲੋਕ (ਵਿਦਵਤ) ਤੇ ਤੀਸਰੇ ਸਾਹਿਤਕਾਰ (ਵਿਦਗਧ।)

ਵਿਦਵਾਨ ਲੋਕ ਜੋ ਸ਼ੈਲੀ ਵਰਤਦੇ ਹਨ, ਉਸ ਨਾਲ ਗਿਆਨ ਦੇਣ ਵਾਲਾ ਸਾਹਿਤ ਪੈਦਾ ਹੁੰਦਾ ਹੈ, ਤੇ ਲੇਖਕ ਜੋ ਸ਼ੈਲੀ ਵਰਤਦੇ ਹਨ, ਉਸ ਨਾਲ ਟੁੰਬਣ ਵਾਲਾ ਸਾਹਿਤ ਪੈਦਾ ਹੁੰਦਾ ਹੈ।ਵਕ੍ਰੋਕਤੀ ਇਸ ਟੁੰਬਣ ਵਾਲੇ ਸਾਹਿਤ ਵਿਚ ਵਰਤੀ ਜਾਂਦੀ ਹੈ।

ਡਾ: ਨਗੇਂਦਰ ਆਪਣੀ ਪੁਸਤਕ "ਭਾਰਤੀ ਕਾਵਿ ਸ਼ਾਸਤਰ" (ਹਿੰਦੀ) ਦੀ ਭੂਮਿਕਾ ਵਿਚ ਕਹਿੰਦੇ ਹਨ ਕਿ "ਕੁੰਤਕ ਦੀ ਵਕ੍ਰੋਕਤੀ ਉਸ ਯੁਕਤੀ ਜਾਂ ਕਥਨ-ਸ਼ੈਲੀ ਦਾ ਨਾਮ ਹੈ ਜੋ ਲੋਕ ਵਿਵਹਾਰ (daily life) ਅਤੇ ਸ਼ਾਸਤਰ (literature of knowledge) ਵਿਚ ਵਰਤੇ ਜਾਣ ਵਾਲੇ ਸ਼ਬਦ-ਅਰਥ ਦੀ ਪਰੰਪਰਾ ਤੋਂ ਵੱਖ, ਕਵੀ-ਪ੍ਰਤਿਭਾ ਤੋਂ ਉਤਪੰਨ ਚਮਤਕਾਰ ਦੇ ਕਾਰਨ, ਭਾਵੁਕ ਮਨਾਂ ਨੂੰ ਟੁੰਬਣ ਵਾਲੀ ਹੁੰਦੀ ਹੈ।

ਇਉਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਵਕ੍ਰੋਕਤੀ ਪਹਿਲਾਂ ਪਹਿਲਾਂ ਕਵਿਤਾ ਵਿਚ, ਤੇ ਹੁਣ ਬਾਕੀ ਸਾਹਿਤ ਵਿਚ ਵੀ, ਨਾ ਕੇਵਲ ਗੱਲ ਦੀ ਨਵੀਨਤਾ, ਮੌਲਿਕਤਾ ਅਤੇ ਅਸਾਧਾਰਨਤਾ ਦਾ ਨਾਮ ਹੈ, ਸਗੋਂ ਕਹਿਣ ਦੇ ਵੱਲ ਖੂਬਸੂਰਤੀ ਵੀ ਇਸ ਵਿਚ ਸ਼ਾਮਿਲ ਹੈ।ਉਹੀ ਲੇਖਕ ਸਫਲ ਹੈ ਅਤੇ ਜ਼ਿਆਦਾ ਸਫਲ ਹੈ ਜਿਸ ਪਾਸ ਕਹਿਣ ਲਈ ਵੀ ਨਵੀਂ ਗੱਲ ਹੈ ਤੇ ਜਿਨ੍ਹਾ ਸ਼ਬਦਾਂ ਵਿਚ ਇਹ ਗੱਲ ਕਹੀ ਗਈ ਹੈ, ਉਨ੍ਹਾਂ ਦੀ ਵਰਤੋਂ ਵਿਚ ਵੀ ਨਵੀਨਤਾ ਹੈ।

ਸੰਸਕ੍ਰਿਤ ਦੇ ਵਿਦਵਾਨਾਂ ਨੇ ਇਸ ਗੱਲ ਉਤੇ ਵੀ ਚਰਚਾ ਕੀਤੀ ਹੈ ਕਿ ਇਹ ਵਕ੍ਰੋਕਤੀ ਦਾ ਗੁਣ ਪੈਦਾ ਕਿਵੇਂ ਹੋ ਸਕਦਾ ਹੈ।ਉਹ ਕਹਿੰਦੇ ਹਨ ਕਿ ਮੁੱਢਲੀ ਗੱਲ ਕਵੀ ਦੀ ਪ੍ਰਤਿਭਾ ਹੈ, ਜਿੰਨਾ ਵਿਅਕਤਿਤਵ ਨਿਰਾਲਾ ਅਤੇ ਸ਼ਕਤੀਸ਼ਾਲੀ ਹੈ, ਜਿੰਨੀ ਕਿਸੇ ਦੀ ਪ੍ਰਤਿਭਾ ਮਹਾਨ ਹੈ, ਉਨੀ ਹੀ ਉਸਦੀ ਗੱਲ ਵੀ ਨਿਰਾਲੀ ਹੋਵੇਗੀ ਤੇ ਗੱਲ ਲਈ ਵਰਤੇ ਗਏ ਸ਼ਬਦ ਵੀ ਨਿਰਾਲੇ ਹੋਣਗੇ।

ਇਸੇ ਕਰਕੇ ਕਿਹਾ ਗਿਆ ਹੈ ਕਿ ਵਕ੍ਰੋਕਤੀ ਲੇਖਕ ਦੀ ਸਖਸ਼ੀਅਤ ਦਾ ਅਕਸ ਹੈ।ਇਸ ਵਿਚ ਉਸ ਦਾ ਆਪਣਾ ਸੁਭਾ, ਉਸਦੀ ਆਪਣੀ ਵਿਦਿਆ, ਭਾਸ਼ਾ ਬਾਰੇ ਪ੍ਰਵੀਨਤਾ ਅਤੇ ਸਾਹਿਤ ਬਾਰੇ ਉਸ ਦੀ ਸੂਝ-ਬੂਝ ਕੰਮ ਆਉਂਦੇ ਹਨ।

ਵਿਦਵਾਨਾਂ ਨੇ ਵਕ੍ਰੋਕਤੀ ਦੇ ਅੱਗੇ ਬਹੁਤ ਸਾਰੇ ਭੇਦ ਦੱਸੇ ਹਨ।ਉਦਾਹਰਣ ਵਜੋਂ ਇਕ ਭੇਦ ਹੈ, ਜਿਸ ਵਿਚ ਵਰਣਮਾਲਾ ਦੇ ਅੱਖਰ ਆਪਣਾ ਚਮਤਕਾਰ ਪੈਦਾ ਕਰਦੇ ਹਨ, ਇਸੇ ਤਰ੍ਹਾਂ ਇਕ ਹੋਰ ਭੇਦ ਹੈ, ਜਿੱਥੇ ਅੱਖਰ ਨਹੀਂ, ਸਗੋਂ ਸ਼ਬਦ ਆਪਣਾ ਚਮਤਕਾਰ ਪੈਦਾ ਕਰਦੇ ਹਨ।

ਪਹਿਲੇ ਭੇਦ ਨੂੰ ਵਰਣ-ਵਕ੍ਰੋਕਤੀ, ਦੂਸਰੇ ਨੂੰ ਪਦ-ਵਕ੍ਰੋਕਤੀ ਅਤੇ ਇਕ ਹੋਰ ਨੂੰ ਵਾਕ-ਵਕ੍ਰੋਕਤੀ ਕਿਹਾ ਗਿਆ ਹੈ। ਵਰਣ ਵਕ੍ਰੋਕਤੀ ਦੀਆਂ ਮਿਸਾਲਾਂ ਸਾਡੇ ਮੱਧ ਕਾਲ ਦੇ ਸਾਹਿਤ ਵਿਚ ਬਹੁਤ ਮਿਲਦੀਆਂ ਹਨ।ਜਪੁਜੀ ਸਾਹਿਬ ਵਿਚ ਗੁਰੂ ਨਾਨਕ ਤੇ ਸੁਖਮਨੀ ਵਿਚ ਗੁਰੂ ਅਰਜਨ ਇਸ ਦਾ ਚਮਤਕਾਰ ਪੈਦਾ ਕਰਦੇ ਹਨ।ਉਦਾਹਰਣ ਵਜੋਂ ਇਹ ਪਉੜੀ ਪੜ੍ਹੋ :-

ਬਹੁਤਾ ਕਰਮੁ ਲਿਖਿਆ ਨਾ ਜਾਇ ॥ਵਡਾ ਦਾਤਾ ਤਿਲੁ ਨ ਤਮਾਇ ॥

ਕੇਤੇ ਮੰਗਹਿ ਜੋਧ ਅਪਾਰ ॥ਕੇਤਿਆ ਗਣਤ ਨਹੀ ਵੀਚਾਰੁ ॥

ਇਹਨਾਂ ਵਿਚ ਤੱਤੇ ਦੀ ਮੁਹਾਰਨੀ ਵਰਣ ਵਕ੍ਰੋਕਤੀ ਦੀ ਮਿਸਾਲ ਪੈਦਾ ਕਰਦੀ ਹੈ।ਜਪੁਜੀ ਦੀ ਬਾਰ੍ਹਵੀਂ ਪਉੜੀ 'ਕੱਕੇ' ਦੀ ਮੁਹਾਰਨੀ ਰਾਹੀਂ ਖੂਬਸੂਰਤੀ ਪੈਦਾ ਕਰਦੀ ਹੈ, ਜਪੁਜੀ ਵਿਚ ਪੂਰੇ ਦੇ ਪੂਰੇ ਪਦ ਦੁਹਰਾ ਕੇ ਵੀ ਇਹੋ ਜਿਹੀ ਖੂਬਸੂਰਤੀ ਪੈਦਾ ਨਹੀਂ ਕੀਤੀ ਗਈ ਹੈ :-

ਕਵਣੁ ਸੁ ਵੇਲਾ ਵਖਤ ਕਵਣੁ ਕਵਣੁ ਥਿਤਿ ਕਵਣੁ ਵਾਰ ?

ਕੁੱਝ ਲੋਕਾਂ ਨੇ ਇਸ ਵਕ੍ਰੋਕਤੀ ਸੰਪਰਦਾਇ ਨੂੰ ਆਜ ਕੱਲ੍ਹ ਦੇ "ਕਲਾ ਕਲਾ ਲਈ" ਦੇ ਸਿਧਾਂਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਇਹ ਗੱਲ ਠੀਕ ਨਹੀਂ ਹੈ।ਡਾ: ਰਾਮ ਲਾਲ ਸਿੰਹ ਕਹਿੰਦੇ ਹਨ - "ਕੁੰਤਕ ਕਲਾ ਕਲਾ ਲਈ ਸਿਧਾਂਤ ਦੇ ਸਮਰੱਥਕ ਨਹੀਂ ਸਨ, ਸਗੋਂ ਕਲਾ ਜੀਵਨ ਲਈ ਸਿਧਾਂਤ ਦੇ ਅਨੁਸਾਰੀ ਸਨ, ਕਿਉਂਕਿ ਉਨ੍ਹਾਂ ਦੇ ਦੱਸੇ ਕਾਵਿ ਦੇ ਪ੍ਰਯੋਜਨਾਂ ਤੋਂ ਇਹ ਮੱਤ ਪ੍ਰਗਟ ਹੁੰਦਾ ਹੈ।

ਵਕ੍ਰੋਕਤੀ ਦਾ ਅਰਥ ਤੇ ਕਾਵਿ ਸਾਹਿਤ ਵਿੱਚ ਇਸ ਦਾ ਕੰਮ

ਵਕ੍ਰੋਕਤੀ ਦਾ ਅਰਥ ਹੈ ‘ਵਿਅੰਗਪੁਰਨ ਕਥਨ’ ਆਮ-ਸਿੱਧੇ-ਪੱਧਰੇ ਬੋਲ ਤੇ ਕਥਨ ਕੋਈ ਖੂਬੀ, ਨਿਵੇਕਲੀ ਜਿਹੀ ਗੱਲ ਪੈਦਾ ਨਹੀਂ ਕਰ ਸਕਦੇ, ਕਵਿਤਾ ਵਿੱਚ ਵਕ੍ਰੋਕਤੀ ਨਾਲ ਵਿਲੱਖਣਤਾ ਪੈਦਾ ਹੁੰਦੀ ਹੈ। ਵਕ੍ਰੋਕਤੀ ਦੋ ਸ਼ਬਦਾ ਤੋਂ ਬਣਿਆ ਹੈ ਵਕ੍ਰ+ਉਕਤੀ ਭਾਵ ਕਿ ਟੇਡਾ ਕਥਨ। ਸਾਹਿਤ (ਕਾਵਿ)ਵਿੱਚ ਵਿਲੱਖਣਤਾ ਅਤੇ ਵਕ੍ਰਤਾ ਨਾਲ ਇੱਕ ਦਿਲ ਖਿਚ ਅਤੇ ਅਲੋਕਿਕ ਚਮਤਕਾਰ ਪੈਦਾ ਕਰਕੇ ਪਾਠਕ, ਸਹ੍ਰਿਦਯ ਅਥਵਾ ਸਮਾਜਿਕ ਦੇ ਹਿਰਦੇ ਵਿੱਚ ਅਪੂਰਵ ਆਨੰਦ ਦੀ ਅਨੁੁਭੂਤੀ ਕਰਵਾਉਣ ਦਾ ਮੰਤਵ ਵਿਦਮਾਨ ਰਹਿੰਦਾ ਹੈ।ਇਸ ਮੰਤਵ ਦਾ ਮੂਲ -ਆਧਾਰ ਚਮਤਕਾਰ ਹੈੈ।

ਵਕ੍ਰੋਕਤੀ ਦੀ ਨਿਯਮਿਤ ਤੇ ਵਿਧਿ-ਪੂਰਵਕ ਸਥਾਪਨਾ ਭਾਵੇਂ ਕੁੰਤਕ ਨੇ ਹੀ ਕੀਤੀ ਹੈ।ਪ੍ਰੰਤੂ ਇਸ ਦੀ ਵਰਤਮਾਨ ਹੋਂਦ ਤੇ ਮਹੱਤਤਾ ਕਿਸੇ ਨਾ ਕਿਸੇ ਰੂਪ ਵਿੱਚ ਢੇਰ ਚਿਰ ਪਹਿਲਾ ਤੋਂ ਹੀ ਮਿਲਦੀ ਹੈ। ਜਿੱਥੇ ਸਮੀਖਿਆਕਾਰਾਂ, ਆਚਾਰਯਾ ਨੇ ਵਕ੍ਰੋਕਤੀ ਦੇ ਸਰੂਪ, ਲੱਛਣ ਤੇ ਉਪਯੋਗਤਾ ਬਾਰੇ ਆਪੋ ਆਪਣੇ ਸਿਧਾਂਤ ਦੇ ਅਨੁਸਾਰ ਵਿਆਖਿਆ ਕੀਤੀ ਹੈ। ਉੱਥੇ ਸੰਸਕ੍ਰਿਤ ਦੇ ਕਵੀਆਂ ਨੇ ਹੀ ਕਿਤੇ-ਕਿਤੇ ਇਸ ਦੇ ਸੰਕੇਤ ਕੀਤੇ ਹਨ।

ਵਕ੍ਰੋਕਤੀ ਦਾ ਇਤਿਹਾਸਕ ਵਿਕਾਸਕ੍ਰਮ

ਭਾਵੇ ਕਾਵਿ ਦੇ ਕੇਂਦਰੀ ਤੱਤ ਦੇ ਤੌਰ 'ਤੇ ਵਕ੍ਰੋਕਤੀ ਦੇ ਸਰੂਪ ਬਾਰੇ ਵਿਸਤ੍ਰਿਤ ਚਰਚਾ ਕੁੰਤਕ ਨੇ ਹੀ ਕੀਤੀ ਹੈ ਪਰ ਉਸ ਤੋ ਪਹਿਲਾ ਵੀ ਵੱਖ- ਵੱਖ ਪੱਧਰ ਉੱਤੇ ਵਕ੍ਰੋਕਤੀ ਦੀ ਚਰਚਾ ਹੋਈ ਮਿਲਦੀ ਹੈ।

ਭਾਵੇ ਪਹਿਲੇ ਕਾਵਿ ਸ਼ਾਸ਼ਤਰੀ ਭਰਤ ਮੁੁੁਨੀ ਨੇ ਵਕ੍ਰੋਕਤੀ ਸ਼ਬਦ ਦੀ ਵਰਤੋ ਨਹੀਂ ਕੀਤੀ ਪਰ ਨਾਟਯਸ਼ਾਸਤਰ ਦੇ ਵਿਆਖਿਆਕਾਰ ਅਭਿਨਵਗੁਪਤ ਮੁਤਾਬਕ ਭਰਤ ਦੁਆਰਾ ਵਰਤਿਆ ਸ਼ਬਦ ਲਕਸ਼ਣਾ ਅਸਲ ਵਿੱਚ ਵਕ੍ਰੋਕਤੀ ਦੇ ਅਰਥ ਹੀ ਦਿੰਦਾ ਹੈ।[1]

ਭਾਰਤੀ ਕਾਵਿ- ਸ਼ਾਸਤਰ ਦੇ ਪ੍ਰਾਚੀਨ ਆਚਾਰੀਆ ਵਿੱਚੋ ਭਾਮਹ ਪਹਿਲੇ ਆਚਾਰੀਆ ਹਨ। ਜਿਨਾ ਨੇ ਵਕ੍ਰੋਕਤੀ ਦੀ ਲੋੜ ਅਤੇ ਮਹੱਤਵ ਨੂੰ ਸਵੀਕਾਰ ਕਰਕੇ ਇਸ ਦਾ ਸਪਸ਼ਟ ਸ਼ਬਦਾ ਵਿੱਚ ਵਿਵੇਚਨ ਕੀਤਾ ਹੈ ਅਤੇ ਕਿਹਾ ਹੈ ਕਿ ਵਕ੍ਰੋਕਤੀ ਤੋ ਬਿਨਾ ਵਾਕ ਵਿੱਚ ਕਾਵਿਤਵ ਹੀ ਨਹੀਂ ਹੁੰਦਾ।ਉਹ ਸਿਰਫ ਵਾਰਤਾਮਾਤ੍ ਹੀ ਹੁੰਦਾ ਹੈ।[2]

ਵਕ੍ਰੋਕਤੀ ਸਬੰਧੀ ਆਚਾਰੀਆ ਦੇ ਵਿਚਾਰ

ਭਾਮਹ ~ਭਾਮਹ ਅਨੁਸਾਰ ਵਕ੍ਰੋਕਤੀ ਤੋ ਭਾਵ ਸ਼ਬਦ ਅਤੇ ਅਰਥ ਦੋਹਾ ਦੀ ਵਕ੍ਰਤਾ ਅਰਥਾਤ ਵਿੰਗੇਪਨ ਜਾ ਵਿਅੰਗ ਤੋ ਹੈ।[3]

ਦੰਡੀ ~ਆਚਾਰੀਆ ਦੰੰਡੀ ਨੇ ਵਕ੍ਰੋਕਤੀ ਨੂੰ ਕੋਈ ਖਾਸ ਅਲੰਕਾਰ ਨਾ ਮੰਨ ਕੇ ਸਾਰੇ ਅਰਥਾਲੰਕਾਰ ਦੇ ਸਮੁੱਚੇ ਰੂਪ ਵਿੱਚ ਦਸਿਆ ਹੈ ਅਤੇ ਕਿਹਾ ਹੈ ਕਿ ਵਕ੍ਰੋਕਤੀ ਦੀ ਸ਼ੋਭਾ ਸਲੇਸ਼ਾ ਦੁਆਰਾ ਹੋਰ ਵਧਦੀ ਹੈ।[4]

ਵਾਮਨ~ਪਰਇਵਰਤੀ ਵਾਮਨ ਨੇ ਇਸ ਦੇ ਖੇਤਰ ਨੂੰ ਸੀਮਤ ਕਰਕੇ ਇੱਕ ਅਲੰਕਾਰ ਹੀ ਮੰਨਿਆ ਹੈ। ਵਾਮਨ ਦੇ ਮਤ ਵਿੱਚ ਸਮਾਨਤਾ ਅਥਵਾ ਸਦ੍ਰਿਸ਼ਤਾ ਤੇ ਆਧਾਰਿਤ ਲਕਸ਼ਣਾ ਵ੍ਰਿਤੀ ਹੀ ਵਕ੍ਰੋਕਤੀ ਹੈ।ਇਸ ਨੂੰ ਹੀ ਵਾਮਨ ਨੇ ਅਰਥਾਲੰਕਾਰ ਕਿਹਾ ਹੈ।[5]

ਰੁੁਦ੍ਰਟ ~ਆਚਾਰੀਆ ਰੁੁਦ੍ਰਟ ਨੇ ਇਸ ਨੂੰ ਸ਼ਬਦਾਲੰਕਾਰ ਕਹਿ ਕੇ ਇਸ ਦੇ ਦੋ ਭੇਦ ਮੰਨੇ ਹਨ।ਕਾਕੂ ਵਕ੍ਰੋਕਤੀ ਅਤੇ ਸਲੇਸ਼ ਵਕ੍ਰੋਕਤੀ 1-ਕਾਕੂ ਵਕ੍ਰੋਕਤੀ ~ਬੋਲਣ ਦੇ ਉਤਰਾ ਚੜ੍ਹਾਅ ਦੁੁੁਆਰਾ ਕਥਨ ਵਿੱਚ ਵਿਅੰਗ ਜਾ ਵਕ੍ਰਤਾ ਪੈੈਦਾ ਕਰਨਾ।

2-ਸਲੇਸ਼ ਵਕ੍ਰਤਾ ~ਇਕੋ ਸ਼ਬਦ ਦੇ ਦੋ ਤਿੰਨ ਅਰਥ ਜਾਂ ਇਕੋ ਸ਼ਬਦ ਨੂੰ ਤੋੜ ਮਰੋੜ ਕੇ ਦੋ ਸ਼ਬਦ ਬਣਾ ਕੇ ਚਮਤਕਾਰੀ ਅਰਥ ਕਢਣਾ।[6]

ਅਨੰਦਵਰਧਨ ~ਆਚਾਰੀਆ ਅਨੰਦਵਰਧਨ ਨੇ ਵਾਮਨ ਵਾਗ ਵਕ੍ਰੋਕਤੀ ਨੂੰ ਇੱਕ ਵਿਸ਼ੇਸ਼ ਅਲੰਕਾਰ ਤਾਂ ਮੰਨਿਆ ਹੈ ਪਰ ਕਾਵਿ ਦੇ ਕਾਵਿਗਤ ਦਾ ਮੂਲ ਆਧਾਰ ਨਹੀਂ।

ਮਹਿਮਭੱਟ ~ਮਹਿਮਭੱਟ ਨੇ ਸਪਸ਼ਟ ਕਿਹਾ ਹੈ ਕਿ ਵਿਚਿੱਤ੍ਤਾ ਦੀ ਸਿੱਧੀ ਲਈ ਜਿੱਥੇ ਆਮ ਪ੍ਰਸਿੱਧ ਸ਼ੈਲੀ ਨੂੰ ਛੱਡ ਕੇ ਉਹੋ ਭਾਵ ਦੂਜੀ ਤਰਾ ਪ੍ਰਸਤੁਤ ਕੀਤਾ ਜਾਵੇ ਤਾਂ ਵਕ੍ਰੋਕਤੀ ਕਹਾਉਦਾ ਹੈ।[5]

ਅਭਿਨਵਗੁਪਤ ~ਵਕ੍ਰੋਕਤੀ ਨੂੰ ਸ਼ਬਦ ਅਤੇ ਅਰਥ ਦੇ ਵਿਸ਼ੇਸ਼ ਭਾਂਤ ਦੇ ਸੰਗਠਨ ਦੇ ਅਰਥਾ ਵਿੱਚ ਵਿਚਰਦਾ ਹੈ

ਭਾਮਹ ਤੋ ਬਾਅਦ ਭੋਜਰਾਜ ਨੇ ਵਕ੍ਰੋਕਤੀ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ ਅਤੇ ਵਕ੍ਰੋਕਤੀ ਦੀ ਸਪਸ਼ਟ ਵਿਆਖਿਆ ਕਰਕੇ ਇਸ ਨੂੰ ਕਾਵਿ ਦਾ ਮੂਲ ਆਧਾਰ ਮੰਨਿਆ ਹੈ।

ਕੁੰਤਕ ਤੋ ਬਾਅਦ ਆਚਾਰੀਆ ਵਿੱਚੋ ਮੰਮਟ, ਰੁੱਯਕ,ਅਤੇ ਵਿਸ਼ਵਨਾਥ ਨੇ ਵਕ੍ਰੋਕਤੀ ਨੂੰ ਸਿਰਫ ਇੱਕ ਅਲੰਕਾਰ ਹੀ ਮੰਨਿਆ ਹੈ। ਇਨਾ ਵਿੱਚੋ ਵੀ ਹੇਮਚੰਦ੍, ਜਯਦੇਵ,ਵਿਦਿਆਧਰ ਅਤੇ ਵਿਦਿਆਨਾਥ ਕੇਸ਼ਵ ਮਿਸ਼ਰ ਨੇ ਵਕ੍ਰੋਕਤੀ ਨੂੰ ਸਿਰਫ ਅਲੰਕਾਰ ਹੀ ਮੰਨਿਆ ਹੈ।[7]

ਕੁਤੰਕ ਅਨੁਸਾਰ ਵਕ੍ਰੋਕਤੀ ਦੀ ਪਰਿਭਾਸ਼ਾ ਅਤੇ ਸਰੂਪ

ਕੁੰਤਕ ਨੇ ਵਕ੍ਰੋਕਤੀ ਦਾ ਵਿਵੇਚਨ ਕਰਦੇ ਹੋਏ ਇਸ ਨੂੰ ਕਾਵਿ ਦੀ ਆਤਮਾ (ਪ੍ਰਾਣ)ਸਵੀਕਾਰ ਕੀਤਾ ਹੈ ਅਤੇ ਵਕ੍ਰੋਕਤੀ ਨੂੰ ਕਾਾਵਿ ਦਾ ਸਰਵਸਣ ਅਤੇੇ ਮੂਲ ਆਧਾਰ ਘੋਸ਼ਿਤ ਕੀਤਾ ਹੈ।

ਕੁੰਤਕ ਅਨੁਸਾਰ ਆਮ ਪ੍ਰਸਿੱਧ ਕਥਨ ਤੋ ਵੱਖਰੀ ਵਿਚਿਤਰ ਅਦਭੁਤ ਵਰਣਨ ਸ਼ੈਲੀ ਹੀ ਵਕ੍ਰੋਕਤੀ ਹੈ।ਇਹ ਕਿਸ ਤਰਾ ਦੀ ਹੈ। ਇਸ ਸਵਾਲ ਨੂੰ ਉਠਾਓਦਿਆ ਕੁੰਤਕ ਜਵਾਬ ਦਿੰਦੇ ਹਨ ਕਿ ਵਿਧਗਪਤਾ ਨਾਲ ਭਰਪੂੂਰ ਉਕਤੀ ਭਾਵ ਉਹ ਕਾਵਿ ਉਚਾਰ ਜਿਸ ਵਿੱਚ ਕਵੀ ਦੇ ਕਰਮ ਦਾ ਕੋਸ਼ਲ ਦਾ ਚਮਤਕਾਰ ਹੋਵੇ। ਇਸ ਚਮਤਕਾਰ ਨਾਲ ਪੈਦਾ ਹੁੰਦੇ ਸੁਹਜ ਨਾਲ ਭਰਪੂਰ ਵਚਿਤਰ ਕਾਵਿ ਉਚਾਰ ਹੀ ਵਕ੍ਰੋਕਤੀ ਹੈ।[8]

ਕੁੰਤਕ ਦੀ ਇਸ ਵਿਆਖਿਆ ਰਾਹੀ ਸਪਸ਼ਟ ਹੁੰਦਾ ਹੈ ਕਿ ਵਕ੍ਰੋਕਤੀ ਦਾ ਅਰਥ ਇੱਕ ਵਚਿੱਤਰ ਸ਼ੈਲੀ ਹੈ।ਅਨੋਖੀ ਵਰਣਨ ਸ਼ੈਲੀ ਦਾ ਨਾਮ ਹੀ ਵਕ੍ਰੋਕਤੀ ਹੈ। ਇਥੇ ਵਚਿੱਤਰ ਦਾ ਮਤਲਬ ਹੈ ਆਮ ਪ੍ਰਚਲਿਤ ਤੇ ਪ੍ਰਸਿੱਧ ਕਥਨ ਸ਼ੈਲੀ ਤੋ ਵੱਖਰੀ ਜਾ ਚੁਸਤ ਤੇ ਵਿਅੰਗਭਰਪੂਰ ਸੁਹਜਾਤਮਕ ਕਾਵਿ ਉਚਾਰ ਜਾ ਵਿਲੱਖਣ ਅੰਦਾਜ-ਏ-ਬਿਆਨ ਜਾ ਬਿਆਨ ਕਰਨ ਦਾ ਵਿਲੱਖਣ ਅੰਦਾਜ਼।[7]

ਕੁੰਤਕ ਨੇ ਕਵੀ ਕੋਸ਼ਲ ਲਈ ਕਵੀ ਵਿਆਪਾਰ (ਵਾਪਾਰ)ਪਦ ਦੀ ਵਰਤੋ ਕੀਤੀ ਹੈ। ਜਿਸ ਦਾ ਅਰਥ ਹੈ ਕਵੀ ਪ੍ਰਤਿਭਾ ਤੇ ਆਧਾਰਿਤ ਕਵੀ ਕਰਮ ਹੈ।ਕਵੀ ਪ੍ਰਤਿਭਾ ਬਾਰੇ ਕੁੰਤਕ ਦੀ ਧਾਰਨਾ ਹੈ ਕਿ ਪੂਰਬਲੇ ਜਨਮ ਅਥਵਾ ਇਸ ਜਨਮ ਦੇ ਸੰਸਕਾਰਾ ਦੀ ਪਰਪੱਕਤਾ ਨਾਲ ਪਰਪੱਕ ਕਵੀ -ਸ਼ਕਤੀ ਦਾ ਨਾਮ ਪ੍ਰਤਿਭਾ ਹੈ।

ਇਕ ਹੋਰ ਥਾਂ ਤੇ ਕੁੰਤਕ ਨੇ ਕਿਹਾ ਹੈ ਕਿ ਵਕ੍ਰੋਕਤੀ ਦੀ ਇਸ ਵਿਚਿੱਤ੍ਤਾ ਅਥਵਾ ਵਕ੍ਰਤਾ ਲਈ ਅਤਜਰੂਰੀ ਗੁਣ ਇਹ ਹੈ ਉੱਕਤੀ (ਕਥਨ -ਪ੍ਰਕਾਰ)ਵਿੱਚ ਸਰੋਤੇ ਦੇ ਮਨ ਨੂੰ ਚਮਤਕ੍ਤ ਅਥਵਾ ਰਸਲੀਨ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ।

[9]

ਇਸ ਤਰ੍ਹਾਂ ਇਹਨਾਂ ਪ੍ਰੀਭਾਸ਼ਾਵਾਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਵਕ੍ਰੋਕਤੀ ਸੰਪ੍ਰਦਾਇ ਦਾ ਕੇਂਦਰੀ ਤੱਤ ਵਕ੍ਰਤਾ ਹੈ ਮਤਲਬ ਕਿ ਵਿਅੰਗਪੁਣਾ ਜੋ ਆਮ ਸਹਿਜ-ਸੁਭਾਅ ਲੋਕ-ਕਥਨ ਤੋਂ ਬਿਲਕੁਲ ਉਲਟ ਹੈ।

ਕੁੰਤਕ ਨੇ ਆਪਣੇ ਗ੍ਰੰਥ ‘ਵਕ੍ਰੋਕਤੀ ਜੀਵਤੰ' ਵਿੱਚ ਵਕ੍ਰੋਕਤੀ ਦੀਆਂ ਛੇ ਕਿਸਮਾਂ ਮੰਨੀਆਂ ਹਨ ਜੋ ਇਸ ਤਰ੍ਹਾਂ ਹੈ-

  1. ਵਰਣ ਵਿਨਿਆਸ ਵਕ੍ਰਤਾ
  2. ਪਦ-ਪੂਰਵਾਰਧ ਵਕ੍ਰਤਾ
  3. ਪਦ-ਪਗਰਾਧ ਵਕ੍ਰਤਾ
  4. ਵਾਕ-ਵਕ੍ਰਤਾ
  5. ਪ੍ਰਕਰਣ ਵਕ੍ਰਤਾ
  6. ਪ੍ਰਬੰਧ-ਵਕ੍ਰਤਾ

ਹਵਾਲਾ - ਪੱਛਮੀ ਤੇ ਭਾਰਤੀ ਆਲੋਚਨਾ ਦਾ ਸਿਧਾਂਤ (ਪ੍ਰੋਫੈਸਰ ਪਿਆਰਾ ਸਿੰਘ ਭੋਗਲ)

1. ਵਰਣ ਵਿਨਿਆਸ ਵਕ੍ਰਤਾ ਸੋਧੋ

ਇਸ ਵਕ੍ਰਤਾ ਬਾਰੇ ਕ੍ਰਤੰਕ ਨੇ ਲਿਖਿਆ ਹੈ, “ਜਿੱਥੇ ਇਕ, ਦੋ ਜਾਂ ਬਹੁਤ ਸਾਰੇ ਵਰਣ ਥੋੜੇ ਫ਼ਰਕ ਨਾਲ ਵਾਰ-ਵਾਰ ਰੱਖੇ ਗਏ ਜਾਂ ਗੁੰਦੇ ਗਏ ਹੁੰਦੇ ਹਨ ਉੱਥੇ ਵਰਣ ਵਕ੍ਰਤਾ ਹੈ।” ਉਹ ਕਹਿੰਦੇ ਹਨ ਕਿ ਇੱਕ ਉੱਤਮ ਕਵੀ ਆਪਣੀ ਕਵਿਤਾ ਦੀ ਸਿਰਜਣ ਪ੍ਰਕਿਰਿਆ ਵਿੱਚ ਭਾਸ਼ਾ-ਧੂਨੀਆਂ ਦੀ ਤਰਤੀਬ ਤੇ ਯੋਜਨਾਂ ਨੂੰ ਇਸ ਤਰ੍ਹਾਂ ਗੁੰਦਦਾ, ਚਿਣਦਾ, ਜੜਦਾ, ਪ੍ਰੋਂਦਾ ਤੇ ਦੁਹਰਾਉਦਾ ਹੈ ਕਿ ਇਸ ਜੁਗਤ ਨਾਲ ਕਿਸੇ ਕਲਾਤਮਕ ਸੁਗਤ ਦੀ ਪ੍ਰਤੀ ਹੁੰਦੀ ਹੈ। ਵਰਨ ਵਕ੍ਰਤਾ ਤਿੰਨ ਪ੍ਰਕਾਰ ਦੀ ਮੰਨੀ ਗਈ ਹੈ, ਇੱਕਦੁਹਰਾਉ, ਦੋ ਵਰਣਾਂ ਦਾ ਦੁਹਰਾਉ ਅਤੇ ਅਨੇਕ ਵਰਣਾਂ ਦਾ ਦੁਹਰਾਉ। ਭਾਵ ਜਿੱਥੇ ਬਾਰ ਬਾਰ ਥੋੜ੍ਹੀ ਜਿਹੀ ਦੂਰੀ ਨਾਲ ਯੋਜਨਾ ਕੀਤੀ ਜਾਂਦੀ ਹੈ ਉਹ ਇਸ ਵਕ੍ਤਾ ਦਾ ਪਹਿਲਾ ਭੇਦ ਹੈ। 'ਤ' 'ਲ' 'ਨ' ਆਦਿ ਭਾਵ 'ਤਕਾਰ' 'ਲਕਾਰ' ਤੇ 'ਨਕਾਰ' ਆਦਿ ਵਰਣ ਦੋ ਵਾਰ ਆਉਣ ਵਾਲੇ ਦੁਗਣੇ ਹੋ ਕੇ ਬਾਰ ਬਾਰ ਜਿੱਥੇ ਥੋੜ੍ਹੀ ਦੂਰੀ ਵਿੱਚ ਦੁਹਰਾਏ ਜਾਂਦੇ ਹਨ ਉੱਥੇ ਇਸ ਵਕ੍ਤਾ ਦਾ ਦੂਜਾ ਭੇਦ ਹੈ। ਇਨ੍ਹਾਂ ਤੋਂ ਭਿੰਨ ਬਾਕੀ ਦੇ ਜੋ ਸਾਰੇ ਵਿਅੰਜਨ ਵਰਣ ਹਨ ਉਹ ਰੇਫ ਆਦਿ ਨਾਲ ਮਿਲ ਕੇ ਜਦੋਂ ਬਾਰ ਬਾਰ ਥੋੜ੍ਹੇ ਜਿਹੇ ਫਾਸਲੇ ਨਾਲ ਵਰਤੇ ਜਾਂਦੇ ਹਨ ਤਾਂ ਉਹ ਇਸ ਵਕ੍ਤਾ ਦਾ ਤੀਜਾ ਭੇਦ ਬਣਦਾ ਹੈ। ਇਨ੍ਹਾਂ ਸਾਰੇ ਭੇਦਾਂ ਵਿੱਚ ਵਰਤੇ ਗਏ ਵਿਅੰਜਨਾਂ ਦਾ ਥੋੜ੍ਹੇ ਅੰਤਰ ਵਾਲੇ ਭਾਵ ਸੀਮਿਤ ਰੁਕਾਵਟ ਨਾਲ ਸੰਬੰਧ ਹੈ।

ਉਦਾਹਰਨ-

ਤੀਨ ਬੇਰ ਖਾਤੀ ਵੋਹ ਤੋਂ ਤੀਨ ਬੇਰ ਖਾਤੀ ਥੀ।

ਇਸ ਕਾਵਿ ਸਤਰ ਵਿੱਚ ‘ਤੀਨ ਬੇਰ' ਨੂੰ ਦੋ ਵਾਰ ਦੁਹਰਾਇਆ ਗਿਆ ਹੈ। ਪਹਿਲੇ ਬੇਰ ਦਾ ਅਰਥ ਹੈ ਵਾਰ, ਵੇਲਾ, ਦਫਾ, ਦੂਜੇ ਬੇਰ ਦਾ ਅਰਥ ਹੈ ਬੇਰੀ ਦਾ ਫਲ਼। ਮਤਲਬ ਕਿ ਤਿੰਨ ਵਾਰ ਬੇਰ, ਜਿਹੜਾ ਇੱਕ ਫਲ਼ ਹੈ, ਉਹ ਖਾਂਦੀਆਂ ਸਨ। ਇਕੋ ਚਾਰ ਵਰਣਾਂ ਦੀ ਦੋ ਵਾਰ ਆਵ੍ਰਿਤੀ (ਦੁਹਰਾਉ) ਹੋਣ ਕਰਕੇ ਧੂਨੀ ਸਮਾਨਤਾ ਪੈਦਾ ਹੁੰਦੀ ਹੈ ਜਿਸ ਨਾਲ ਲੈ-ਸੁਰ ਦੀ ਤਰਜ ਪੈਦਾ ਹੁੰਦੀ ਹੈ। ਜਿਸਨੂੰ ਵਰਨ ਵਿਨਿਆਸ ਵਕ੍ਰਤਾ ਕਿਹਾ ਜਾਂਦਾ ਹੈ।

2. ਪਦ-ਪੂਰਵਾਰਧ ਵਕ੍ਰਤਾ ਸੋਧੋ

ਪਦ-ਪੂਰਵਾਰਧ ਸ਼ਬਦ ਦੋ ਸ਼ਬਦਾਂ ਤੋ ਬਣਿਆ ਹੈ ਪੂਰਵ+ਅਰਧ ਜਿਵੇਂ:

ਪਦ = ਪਦਪੂਰਵਾਰਧ + ਪਦ-ਪਰਾਰਧ

ਬੁੱਧੀਮਾਨ = ਬੁੱਧੀ + ਮਾਨ
ਪ੍ਰਭਾਵਸ਼ਾਲੀ = ਪ੍ਰਭਾਵ + ਸ਼ਾਲੀ

ਪਦ-ਪੂਰਵਾਰਧ ਦਾ ਭਾਵ ਹੈ ਪਦ (ਸ਼ਬਦ) ਦਾ ਪਹਿਲਾ ਅੱਧ। ਪਦ ਪੂਰਵਾਰਧ ਨੂੰ ਸੰਸਕ੍ਰਿਤ ਵਿਆਕਰਨ ਵਿੱਚ ‘ਪ੍ਰਕਿਰਤੀ ਕਿਹਾ ' ਜਾਂਦਾ ਹੈ। ਪ੍ਰਕਿਰਤੀ ਰੂਪ ਮੂਲ ਸ਼ਬਦ ਜੋ ਇਥੇ ਭਾਵ, ਗੁਣ, ਪ੍ਰਭਾਵ, ਬੁੱਧੀ ਆਦਿ ਅੰਸ਼ ਹੈ। ਪਦਾਂ ਦੇ ਜਿਹੜੇ ਪੂਰਵਾਰਧ ਹਨ ਉਹ ਕਦੇ ਵਿਸ਼ੇਸਣ, ਕਦੇ ਪਰਿਆਇ (ਸਮਾਨ ਅਰਥਕ), ਕਦੇ ਕ੍ਰਿਆ ਦੇ ਰੂਪਾਂ ਵਿੱਚ ਵਰਤੇ ਜਾਂਦੇ ਹਨ। ਇਹਨਾਂ ਪਦਾਂ ਵਿੱਚ ਕਵੀ ਆਪਣੀ ਪ੍ਰਤਿਭਾ ਵਿਸ਼ੇਸਣਾ, ਪਰਿਆਵਾਂ, ਰੂੜੀ ਕਾਦਿ ਵਿੱਚ ਵਿਚਿਤ੍ਰਤਾ ਪੈਦਾ ਕਰਕੇ ਵਕ੍ਰਤਾ ਦੀ ਸਿਰਜਣਾ ਕਰਦੇ ਹਨ। ਜਿਵੇਂ ਗੁਰੂ ਤੇਗ ਬਹਾਦਰ ਜੀ ਬਾਰੇ ਬ੍ਰਜੀ ਕਾਵੀ ਹੈ-

ਧਰਮ ਹੇਤ ਸਾਕਾ ਜਿਨਿ ਕੀਆ
ਸੀਸ ਦੀਆ ਪਰ ਸਿਰਰ ਨਾ ਦੀਆ।

ਇਸ ਕਾਵਿ ਟੋਟੇ ਵਿੱਚ ਜਿਹੜਾ ‘ਸਿਰਰ’ ਸ਼ਬਦ ਵਰਤਿਆ ਗਿਆ ਹੈ ਉਹ ਪੂਰਵਾਰਧ ਵਕ੍ਰਤਾ ਹੈ। ‘ਸਿਰਰ ’ ਸ਼ਬਦ ਦਾ ਅਰਥ ਹੁੰਦਾ ਸਿਰੜ, ਸਿਰੜ ਸ਼ਬਦ ਦੇ ਕਈ ਸਮਾਨਆਰਥਕ ਹਨ ਜਿਵੇਂ ਹਠ, ਜ਼ਿਕ, ਅੜੀ। ਪਰ ਕਵੀ ਨੇ ਸਿਰਰ ਦਾ ਪ੍ਰਯੋਗ ਕਰਕੇ ਸੀਸ ਤੇ ਸਿਰਰ ਵਿੱਚ ਸੱਸੇ ਵਰਣ ਦੇ ਦੁਹਰਾਉ ਨਾਲ ਨਾਦ-ਸੌਂਦਰਯ ਪੈਦਾ ਕੀਤਾ ਹੈ। ਇਸ ਤਰ੍ਹਾਂ ‘ਸਿਰਰ’ ਸ਼ਬਦ ਦੇ ਪ੍ਰਯੋਗ ਨਾਲ ਹੀ ਇਸ ਸਾਰੇ ਕਾਵੀ ਟੋਟੇ ਵਿੱਚ ਕਾਵਿ ਚਮਤਕਾਰ ਪੈਦਾ ਹੋਇਆ ਹੈ ਤੇ ਜਿਸਨੂੰ ਅਸੀਂ ਪਦ ਪੂਰਵਾਰਧ ਵਕ੍ਰਤਾ ਕਹਿ ਸਕਦੇ ਹਾਂ।

ਆਚਾਰੀਆ ਕੁੰਤਕ ਦੁਆਰਾ ਪਦ-ਪੂਰਵਾਰਧ ਦੇ ਅੱਗੇ ਅੱਠ ਹੋਰ ਉਪਭੇਦ ਕੀਤੇ ਗਏ ਹਨ:

  1. ਰੂੜੀ ਵੈਚਿਤ੍ਰ ਵਕ੍ਰਤਾ
  2. ਪਰਿਆਇ ਵਕ੍ਰਤਾ
  3. ਉਪਚਾਰ ਵਕ੍ਰਤਾ
  4. ਵਿਸ਼ੇਸਣ ਵਕ੍ਰਤਾ
  5. ਸੰਵ੍ਰਿਤੀ ਵਕ੍ਰਤਾ
  6. ਵ੍ਰਿਤੀ ਵਕ੍ਰਤਾ
  7. ਲਿੰਗ ਵਕ੍ਰਤਾ
  8. ਕ੍ਰਿਆ ਵੈਚਿਤ੍ਰ ਵਕ੍ਰਤਾ

1. ਰੂੜੀ ਵੈਚਿਤ੍ਰ ਵਕ੍ਰਤਾ ਰੂੜੀ ਦਾ ਅਰਥ ਹੈ ਪਰੰਪਰਾ ਜਾਂ ‘ਲੋਕ-ਵਿਵਹਾਰ’ ਵਿੱਚ ਪ੍ਰਸਿੱਧ ਅਰਥ। ਜਦੋਂ ਕਵੀ ਕਿਸੇ ਆਮ ਰੂੜੀ ਅਰਥ ਉੱਤੇ ਅਜਿਹੇ ਅਰਥਾਂ ਦਾ ਆਰੋਪਣ ਕਰਦਾ ਹੈ, ਜਿਸ ਨਾਲ ਸੰਬੰਧਿਤ ਰੂੜੀਗਤ ਸ਼ਬਦ ਵਿੱਚ ਅਦਭੂਤ ਚਮਤਕਾਰ ਪੈਦਾ ਹੋ ਜਾਂਦਾ ਹੈ ਤਾਂ ਉੱਥੇ ਰੂੜੀ ਵੈਚਿਤ੍ਰ ਵਕ੍ਰਤਾ ਹੁੰਦੀ ਹੈ। ਰੂੜੀ ਵੈਚਿਤ੍ਰ ਵਕ੍ਰਤਾ ਵਿੱਚ ਇਹ ਤੱੱਤ ਹੈ ਕਿ ਇਸ ਵਿੱਚ ਰੂੜੀ ਸ਼ਬਦ ਦੇ ਦੁਆਰਾ ਉਸ ਦੇ ਸਧਾਰਨ ਅਰਥ ਦਾ ਤਿਆਗ ਕਰਕੇ ਕਵੀ ਵਿਸ਼ੇਸ਼ ਅਰਥ ਦਾ ਬੋਧ ਕਰਾਉਣ ਦੀ ਸਮਰੱਥਾ ਵਾਲੀ ਸੁੰਦਰਤਾ ਦਾ ਉਤਕਰਸ਼ ਪ੍ਰਤਿਪਾਦਿਤ ਕਰਦਾ ਹੈ। ਸੰਗਿਆ ਸ਼ਬਦ ਕਿਉਂਕਿ ਕਿ ਕਿਸੇ ਨਿਸਚਿਤ ਅਰਥ ਦੀ ਪ੍ਰਤੀਤੀ ਕਰਾਉਣ ਵਾਲੇ ਹੁੰਦੇ ਹਨ ਇਸ ਲਈ ਉਨ੍ਹਾਂ ਵਿੱਚ ਸਾਮਾਨਯ ਵਿਸ਼ੇਸ਼ ਭਾਵ ਹੋ ਹੀ ਨਹੀਂ ਸਕਦਾ ਅਜਿਹਾ ਕਹਿਣਾ ਠੀਕ ਨਹੀਂ ਕਿਉਂਕਿ ਉਨ੍ਹਾਂ ਵਿੱਚ ਵੀ ਅਜਿਹੀਆਂ ਕਈ ਸਥਿਤੀਆਂ ਹੁੰਦੀਆਂਂ ਹਨ ਜਿੱਥੇ ਸਾਧਾਰਨ ਜਾਂ ਸਾਮਾਨਯ ਰਹਿਣ ਵਾਲੇ ਵਾਚਯ ਦੀ ਇੱਕ ਚੰਗੇ ਕਵੀ ਦੁਆਰਾ ਚਾਹੇ ਜਾਣ ਤੇ ਉਸ ਵਾਚਯ ਵਿਸ਼ੇਸ਼ ਅਵਸਥਾ ਦੀ ਕਾਰਜ ਦੀ ਨਿਸ਼ਠਤਾ ਸੰਭਵ ਹੁੰਦੀ ਹੈ।ਜਿਵੇਂ-

ਨਾਨਕ ਤਾਂ ਪਹਿਲੇ ਦਿਨ ਹੀ
ਵਦਿਆਲੇ ਨੂੰ
ਵਿਦਿਆ ਦੀ ਵਲਗਣ ਨੂੰ
ਰੱਦ ਕੇ ਘਰ ਮੁੜੇ

ਨਾਨਕ ਸ਼ਬਦ ਰੂੜ ਰੂਪ ਵਿੱਚ ਉਸ ਪੈਗੰਬਰ ਲਈ ਵਰਤਿਆ ਗਿਆ ਹੈ ਜਿਸ ਨੇ ਸੰਸਾਰ ਵਿੱਚ ਵਿਦਿਆ ਤੇ ਗਿਆਨ ਦਾ ਪ੍ਰਸਾਰ ਕੀਤਾ ਪ੍ਰਭੂ ਉਪਰੋਕਤ ਕਾਵਿ-ਬੰਦ ਵਿੱਚ ਇਸ ਰੂੜ ਸ਼ਬਦ ਉੱਤੇ ਅਸੰਭਵ-ਅਰਥਾਂ ਦਾ ਆਰੋਧ ਕੀਤਾ ਗਿਆ ਹੈ ਅਤੇ ‘ਨਾਨਕ’ ਨੂੰ ਵਿਦਿਆ ਅਤੇ ਵਿਦਿਆਲੇ ਨੂੰ ਰੱਦਣ ਵਾਲੇ ਰੂਪ ਵਿੱਚ ਪੇਸ਼ ਕੀਤਾ ਹੈ ਜਦ ਕਿ ਉਹਨਾਂ ਨੇ ਇਸ ਵਿਦਿਆ ਨੂੰ ਰੱਦਿਆ ਹੈ ਜੋ ਗਿਆਨ ਦੀ ਥਾਂ ਅਗਿਆਨਤਾ ਵਧਾਉਂਦੀ ਹੈ, ਸੋ ਰੂੜ ਸ਼ਬਦ ਉੱਤੇ ਅਸੰਭਵ ਅਰਥਾਂ ਦਾ ਆਰੋਪ ਕਰਨ ਕਰਕੇ ਇੱਥੇ ਰੂੜੀ ਵਕ੍ਰਤਾ ਦੀ ਪੇਸ਼ਕਾਰੀ ਕੀਤੀ ਗਈ।

2. ਪਰਿਆਇ ਵਕ੍ਰਤਾ ਪਰਿਆਇ ਸ਼ਬਦ ਦਾ ਅਰਥ ਹੈ ‘ਸਮਾਨਆਰਥਕ ਸ਼ਬਦ’ ਭਾਵ ਜਿਨ੍ਹਾਂ ਸ਼ਬਦਾਂ ਵਿੱਚ ਦੂਜੇ ਸ਼ਬਦਾਂ ਦਾ ਸਥਾਨ ਲੈਣ ਦੀ ਸਮਰਥਾ ਪ੍ਰਧਾਨ ਰੂਪ ਵਿੱਚ ਹੁੰਦੀ ਹੈ, ਉੱਥੇ ਪਰਿਆਇ ਵਕ੍ਰਤਾ ਹੁੰਦੀ ਹੈ। ਪਰਿਆਇ ਸ਼ਬਦਾਂ ਵਿੱਚ ਅਰਥ ਦੀ ਏਕਤਾ ਹੁੰਦੀ ਹੈ ਅਤੇ ਹਰੇਕ ਭਾਸ਼ਾ ਵਿੱਚ ਇੱਕ ਅਰਥ ਦੇ ਵਾਚਕ ਕਈ ਪਰਿਆਇ ਸ਼ਬਦ ਹੁੰਦੇ ਹਨ। ਪਰਿਆਇ ਵਕ੍ਰਤਾ ਦੇ ਅੱਗੇ ਵੀ ਕਈ ਉਪਭੇਦ ਕੀਤੇ ਜਾਂਦੇ ਹਨ।ਪਰਿਆਇ ਵਕ੍ਤਾ ਦਾ ਅਰਥ ਬਹੁਤ ਹੀ ਅੰਦਰੂਨੀ ਹੈ ਉਸ ਵਾਚਯ ਅਰਥ ਦੇ ਅਤਿਸ਼ੈ ਦੀ ਪੁਸ਼ਟੀ ਕਰਨ ਵਾਲਾ ਹੈ ਜੋ ਖੁਦ ਅਤੇ ਆਪਣੇ ਵਿਸ਼ੇਸ਼ਣ ਦੁਆਰਾ ਸੁੰਦਰ ਬਣੀ ਹੋਈ ਆਪਣੀ ਇੱਕ ਹੋੋੋਰ ਸ਼ੋਭਾ ਨਾਲ ਉਸ ਵਾਚ ਅਰਥ ਨੂੰ ਅਲੰੰਕ੍ਤ ਕਰਨ ਕਰਨ ਵਿੱਚ ਸਮਰੱਥ ਹੈ, ਆਪਣੀ ਸ਼ੋਭਾ ਦੇ ਉਤਕਰਸ਼ ਨਾਲ ਸੁੰਦਰ ਬਣਿਆ ਹੋਇਆ ਹੈ ਅਤੇ ਜੋ ਪਰਿਆਇ ਸੰਭਾਵਨਾ ਨਾ ਕੀਤੇ ਜਾ ਸਕਣ ਵਾਲੇ ਅਰਥ ਦਾ ਪਾਤਰ ਹੋਣ ਦੇ ਆਸ਼ੇ ਵਾਲਾ ਮੰਨਿਆ ਜਾਂਦਾ ਹੈ। ਅਲੰੰਕਾਰ ਦੇ ਕਾਰਨ ਪੈਦਾ ਹੋਣ ਵਾਲੀ ਦੂੂੂੂਜੀ ਸ਼ੋਭਾ ਨਾਲ ਜਾਂ ਅਲੰਕਾਰਾਂ ਦੀ ਦੂੂੂੂਜੀ ਸ਼ੋਭਾ ਨੂੰ ਪੈਦਾ ਕਰਨ ਕਰਕੇ ਮਨੋਹਰ ਰਚਨਾ ਵਾਲਾ ਪਰਿਆਇ ਹੁੁੰਦਾ ਹੈ। ਪਰਿਆਇ ਵਕ੍ਰਤਾ ਦੀ ਉਦਾਹਰਣ-


ਸੀਸ ਤਲੀ ਤੇ ਧਰਕੇ ਜਾਣਾ ਪੈਂਦਾ ਹੈ
ਪ੍ਰੇਮ ਗਲੀ ਵਿੱਚ ਫੇਰਾ ਪਾਉਣਾ ਸੋਖਾ ਨਹੀਂ।

ਉਪਰੋਕਤ ਸ਼ਿਅਰ ਵਿੱਚ ‘ਸੀਸ’ ਸ਼ਬਦ ਦੀ ਥਾਂ ਤੇ ‘ਸਿਰ’, ‘ਤਲੀ’ ਦੀ ਥਾਂ ਤੇ ‘ਹੱਥ’ ਜਾਂ ‘ਹੱਥਲੀ’ ਅਤੇ ‘ਪ੍ਰੇਮ ਗਲੀ’ ਦੀ ਥਾਂ ਉੱਤੇ ‘ਪਿਆਰ ਗਲੀ’ ਆਦਿ ਪਰਿਆਇ ਸ਼ਬਦ ਵਰਤੇ ਜਾਣ ਤਾਂ ਸ਼ਿਅਰ ਦਾ ਸਾਰਾ ਸੁਆਦ ਖ਼ਤਮ ਹੋ ਜਾਵੇਗਾ। ਇਸ ਤਰ੍ਹਾਂ ‘ਸੀਸ ਤਲੀ’ ਅਤੇ ‘ਪ੍ਰੇਮ ਗਲੀ’ ਪਦਾਂ ਵਿੱਚ ਪਰਿਆਇ ਵਕ੍ਰਤਾ ਹੈ।

3. ਉਪਚਾਰ ਵਕ੍ਰਤਾ: ਇਹ ਵਕ੍ਰਤਾ ਉੱਥੇ ਹੁੰਦੀ ਹੈ ਜਿਥੇ ‘ਪ੍ਰਸਤੁਤ’ ਵਸਤੂ ਵਿੱਚ ‘ਅਪ੍ਰਸਤੁਤ’ ਦੇ ਕਿਸੇ ਸਾਧਾਰਨ ਧਰਮ ਦਾ ਠੀਕ ਅਰੋਪ ਕੀਤਾ ਜਾਂਦਾ ਹੈ। ਉਪਚਾਰ ਵਕ੍ਰਤਾ ਦੀ ਵਰਤੋ ਲਗਪਗ ਸਾਰੇ ਕਾਵਿ-ਰੂਪਾਂ ਵਿੱਚ ਬੜੇ ਸੁੰਦਰ ਰੂਪ ਵਿੱਚ ਕੀਤੀ ਮਿਲਦੀ ਹੈ।ਜਿਸਦੇ ਮੂੂੂਲ ਵਿੱਚ ਹੋਣ ਕਰਕੇ ਰੂਪਕ ਆਦਿ ਅਲੰਕਾਰ ਚਮਤਕਾਰ ਵਾਲੇੇ ਬਣ ਜਾਂਦੇ ਹਨ ਉਹ ਉਪਚਾਰ ਦੀ ਪ੍ਰਮੁੱਖਤਾ ਵਾਲੀ ਕੋਈ ਅਲੌਕਿਕ ਹੀ ਵਕ੍ਰਤਾ ਕਹੀ ਜਾਂਦੀ ਹੈ।ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਇਤਿਹਾਸ ਦਾ ਹਉਂਕਾ’ ਵਿੱਚੋਂ ਇੱਕ ਕਾਵਿ ਟੋਟਾ ਇਸ ਤਰ੍ਹਾਂ ਹੈ ਜਿਸ ਵਿੱਚ ਉਪਚਾਰ ਵਕ੍ਰਤਾ ਪਾਈ ਜਾਂਦੀ ਹੈ-

‘‘ਇਹ ਕਿਸ ਤਰ੍ਹਾਂ ਦੀ ਰਾਤ ਸੀ, ਇਹ ਕਿਸ ਤਰ੍ਹਾਂ ਦੀ ਬਾਤ ਹੈ,
ਨੀਂਦਰ ਸੀ ਅਜ ਕੇਹੋ ਜਹੀ, ਸੁਪਨੇ ਦਾ ਮੱਥਾ ਠਣਕਿਐ।’’

ਸੁਪਨਾ ਅਮੂਰਤ ਤੇ ਅਚੇਤ ਪਦਾਰਥ ਹੈ ਪਰ ‘ਮੱਥਾ ਠਣਕਣਾ’ ਸਚੇਤਨ ਵਸਤੂ ਦਾ ਧਰਮ ਹੈ। ਪਰ ਇੱਥੇ ਮੁਹਾਵਰੇ ਭਾਸ਼ਾ ਵਿੱਚ ਸਚੇਤਨ ਧਰਮ ਦਾ ਅਚੇਤ ਵਸਤੂ ਤੇ ਆਰੋਪ ਹੋਣ ਕਰਕੇ ਉਪਚਾਰ ਵਕ੍ਰਤਾ ਹੈ।

4. ਵਿਸ਼ੇਸਣ ਵਕ੍ਰਤਾ- ਜਦੋਂ ਵਿਸ਼ੇਸਣ ਦੀ ਖਾਸੀਅਤ ਕਾਰਨ ਕ੍ਰਿਆ ਜਾਂ ਕਾਰਕ ਦੀ ਸੁੰਦਰਤਾ ਪ੍ਰਗਟ ਹੁੰਦੀ ਹੈ, ਉਸਨੂੰ ਵਿਸ਼ੇਸ਼ਣ ਵਕ੍ਰਤਾ ਕਿਹਾ ਜਾਂਦਾ ਹੈ ‘ਭਾਈ ਕਾਨੁ ਸਿੰਘ ਨਾਭਾ ਵਿਸ਼ੇਸ਼ਣ ਦਾ ਅਰਥ’ ‘ਦੂਸਰੀ ਵਸਤੂ’ ਤੇਂ ਭਿੰਨ ਕਰਨ ਵਾਲੀ ਖਾਸ ਸਿਫ਼ਤ ਵਜੋਂ ਕਰਦੇ ਹਨ। ਵਿਸ਼ੇਸਣ ਵਕ੍ਰਤਾ ਬਾਰੇ ਕੁੰਤਕ ਦਾ ਕਹਿਣਾ ਹੈ ਕਿ ‘‘ਜੋ ਆਪਣੀ ਮਹੱਤਵ ਨਾਲ ਰਸ, ਸੁਭਾਅ ਅਤੇ ਅਲੰਕਾਰ ਨੂੰ ਅਲੌਕਿਕ ਸੁੰਦਰਤਾ ਨਾਲ ਯੁਕਤ ਬਣਾ ਦਏ, ਅਜਿਹੇ ਹੀ ਵਿਸ਼ੇਸ਼ਣ ਦਾ ਪ੍ਰਯੋਗ ਕਰਨਾ ਚਾਹੀਦਾ ਹੈ।’’ ਭਾਵ ਜਿਸ ਵਕ੍ਤਾ ਵਿੱਚ ਕ੍ਰਿਆਰੂਪਵਸਤੂ ਦੀ ਜਾਂ ਕਾਰਕਰੂਪ ਵਸਤੂ ਦੀ ਵਿਸ਼ੇੇੇਸ਼ਣਾਂ ਦੀ ਖਾਸੀਅਤ ਦੇ ਕਾਰਨ ਸੁੰਦਰਤਾ ਪ੍ਰਗਟ ਹੁੰਦੀ ਹੈ। ਅਰਥਾਤ ਇਨ੍ਹਾਂ ਕ੍ਰਿਆ ਅਤੇ ਕਾਰਕ ਰੂਪ ਦੋਹਾਂ ਵਸਤੂਆਂ ਦੇ ਜੋ ਵਿਸ਼ੇਸ਼ਣ ਇੱਕ ਦੂਜੇ ਨੂੰ ਆਪਣੇ ਤੋਂ ਵੱਖਰਾ ਕਰਦੇ ਹਨ।

ਜਿਵੇਂ ‘ਬਾਬੂ ਸਿੰਘ ਮਾਨ ਮਰਾੜਾਂਵਾਲੇ ਦੇ ਗੀਤ ਵਿੱਚ ਵਿਸ਼ੇਸਣ ਵਕ੍ਰਤਾ ਇਸ ਤਰ੍ਹਾਂ ਹੈ-

ਕਾਲੇ ਡੋਰੀਏ ’ਚ ਮੁਖੜਾ ਲੁਕਾ ਲੈ ਗੋਰੀਏ,
ਨੀ, ਹਾਸਾ ਚਿੱਟਿਆਂ ਦੰਦਾਂ ਦਾ ਮਾਰੇ।

[10]

ਹਾੜਾ ਨੀਲੀਆਂ ਅੱਖਾਂ ਤੇ ਪਹਿਰੇ ਲਾ ਲੈ ਗੋਰੀਏ,
ਨੀ ਕਾਲੇ ਸੁਰਮੇ ਨੇ ਕਹਿਰ ਗੁਜ਼ਾਰੇ।

9ਇਸ ਗੀਤ ਵਿੱਚ ਕਾਲੇ ਡੋਰੀਆ, ਚਿੱਟੇ ਦੰਦ, ਨੀਲੀਆਂ ਅੱਖਾਂ, ਕਾਲਾ ਸੁਰਮਾ ਆਦਿ ਵਿਸ਼ੇਸ਼ਣ ਗੀਤ ਵਿਚਲੇ ਸਿੰਗਾਰ ਰਸੀ ਭਾਵਾਂ ਨੂੰ ਹੋਰ ਵੀ ਪੇਸ਼ ਕਰ ਰਹੇ ਹਨ ਜਿਸ ਕਰਕੇ ਇਸ ਗੀਤ ਵਿੱਚ ਵਿਸ਼ੇਸਣ ਵਕ੍ਰਤਾ ਹੈ।

5. ਸੰਵ੍ਰਿਤੀ ਵਕ੍ਰਤਾ: ਇਹ ਵਕ੍ਰਤਾ ਉੱਥੇ ਹੁੰਦੀ ਹੈ ਵਿੱਚਿਤਰਤਾ ਦਾ ਚਮਤਕਾਰ ਉਤਪੰਨ ਕਰਮ ਲਈ ਪੜਨਾਂਵ ਆਦਿ ਦੁਆਰਾ ਪਦਾਰਥ ਨੂੰ ਲੁਕੋ ਲਿਆ ਜਾਂਦਾ ਹੈ। ਸੰਵ੍ਰਿਤੀ ਦਾ ਅਰਥ ਹੀ ਲੁਕਾਉਣਾ, ਛੁਪਾਉਣਾ, ਗੋਝ ਰੱਖਣਾ ਜਾਂ ਗੁਪਤ ਰੱਖਣਾ ਹੁੰਦਾ ਹੈ। ਉਸ ਰਚਨਾ ਨੂੰ ਸੰਵ੍ਰਿਤੀ ਵਕ੍ਤਾ ਦੀ ਪ੍ਰਧਾਨਤਾ ਵਾਲੀ ਰਚਨਾ ਕਿਹਾ ਜਾਂਦਾ ਹੈ ਜਾਂ ਕਹੋ ਕਿ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ। ਭਾਵ ਛਿਪਾਉਣ ਕਾਰਨ ਜੋ ਵਕ੍ਤਾ ਹੁੰਦੀ ਹੈ ਜਾਂ ਛਿਪਾਉਣਾ ਹੀ ਜਿਸ ਵਿੱਚ ਪ੍ਰਧਾਨ ਹੁੰਦਾ ਹੈ।ਇਹ ਦੋਵੇਂ ਤਰ੍ਹਾਂ ਦੇ ਸਮਾਸ ਹੀ ਇੱਥੇ ਹੋ ਸਕਦੇ ਹਨ। ਇਸ ਨੂੰ ਅੱਗੇ ਵੀ ਹੇਰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਵਕ੍ਰਤਾ ਦੀ ਉਦਾਹਰਣ ਇਸ ਤਰ੍ਹਾਂ ਹੈ-

ਅਜ਼ੀਅਤ, ਮੁਸੀਬਤ, ਮੁਲਾਮਤ ਬਲਾਏਂ
ਤੇਰੇ ਇਸ਼ਕ ਮੇ ਮੈਨੇ ਕਯਾ-ਕਯਾ ਨਾ ਦੇਖਾ।

ਉਪਰੋਕਤ ਕਾਵਿ ਬੰਦ ਵਿੱਚ ਇਸ਼ਕ ਵਰਗੇ ਨਾਜ਼ਕ ਭਾਵਾਂ ਵਿਚਲੀ ਮਾਨਸਿਕ ਪੀੜ ਨੂੰ ‘ਕਯਾ-ਕਯਾ’ ਪੜਨਾਂਵ ਰਾਹੀਂ ਪੇਸ਼ ਕੀਤਾ ਹੈ।

6. ਵ੍ਰਿਤੀ-ਵੈਚਿਤ੍ਰਯ ਵਕ੍ਰਤਾ- ਇਹ ਵਕ੍ਰਤਾ ਅਸਲ ਵਿੱਚ ਸ਼ਬਦਾਂ ਨਵੇਂ-ਨਵੇਂ ਪ੍ਰਯੋਗ ਨਾਲ ਸੰਬੰਧਿਤ ਹੈ। ਭਾਵ ਜਿੱਥੇ ਵਕ੍ਰਤਾ ਦਾ ਸੁਹਜ-ਸੌਂਦਰਯ ਸ਼ਬਦ ਜੁਗਤਾਂ ਉੱਤੇ ਆਧਾਰਿਤ ਹੋਵੇ। ਇਸ ਦਾ ਸੁੰਦਰ ਪ੍ਰਯੋਗ ਕਵੀ ਦੀ ਵਿਲੱਖਣ ਬੁੱਧੀ ਉੱਤੇ ਨਿਰਭਰ ਕਰਦਾ ਹੈ। ਜਿਸ ਵਿੱਚ ਵਿਚਿੱਤ੍ਤਾ ਪੈਦਾ ਹੁੰਦੀ ਹੈ ਅਰਥਾਤ ਅਵਯਯੀਭਾਵ' ਸਮਾਸ ਜਿਸ ਵਿੱਚ ਮੁੱਖ ਜਾਂ ਪ੍ਰਧਾਨ ਹੁੰਦੇ ਹਨ, ਵ੍ਰਿੱਤੀਆ ਦੀ ਸੁੰਦਰਤਾ ਝਲਕਦੀ ਹੈ। ਵਿਆਕਰਣ ਦੇ ਜਾਣਨ ਵਾਲਿਆਂ ਵਿੱਚ ਪ੍ਰਸਿੱਧ ਅਵਯਯੀਭਾਵ ਪ੍ਰਧਾਨਤਾ ਵਾਲੇ ਸਮਾਸ 'ਤਧਿੱਤ' ਅਤੇ 'ਸੁਪ' ਧਾਤੂਆਂ ਵਾਲੀਆਂ ਵ੍ਰਿੱਤੀਆ ਦੀ ਸੁੰਦਰਤਾ ਜਿੱਥੇ ਪ੍ਰਗਟ ਹੁੁੰਦੀ ਹੈ। ਇਸ ਦਾ ਆਸ਼ਾ ਇਹ ਹੋੋੋਇਆ ਕਿ ਜਿੱਥੇ ਇਨ੍ਹਾਂ ਸਮਾਸ ਅਤੇ ਤਧਿੱਤ ਆਦਿ ਵ੍ਰਿੱਤੀਆ ਦੀ ਆਪਣੀ ਸਹਿਜ ਸੁੰਦਰਤਾ ਇੱਕ ਉਚਿੱਤ ਭੂਮਿਕਾ ਉੱਪਰ ਰੱਖੀ ਜਾਂਦੀ ਹੋਈ ਪ੍ਰਗਟ ਹੁੰਦੀ ਹੈ ਉਥੇ 'ਵ੍ਰਿਤੀ-ਵੈਚਿਤ੍ਰਯ-ਵਕ੍ਤਾ' ਮੰਨੀ ਜਾਂਦੀ ਹੈੈ।

ਉਦਾਹਰਨ ਵਜੋਂ-

ਜੇ ਮੈਂ ਰੁੱਸ ਜਾਂ ਕਿਸੇ ਮਨੋਣਾ ਨਈਂ
ਮੈਨੂੰ ਰੋਂਦੇ ਨੂੰ ਪੀਰ ਬਣਾਉਣਾ ਨਈਂ
ਤੂੰ ਮੁੜ ਕੇ ਬਾਬਲਾ ਔਣਾ ਨਈਂ
ਕਰ ਤੁਰ ਗਿਉਂ ਪੈੜਾ ਕੂੜ ਦੀਆਂ

ਇਸ ਕਵਿਤਾ ਵਿੱਚ ‘ਮਨੌਣਾ ਨਈਂ, ਔਣਾ ਨਈ, ਗਿਉਂ’ ਅਜਿਹੇ ਸ਼ਬਦ ਹਨ ਜਿਹਨਾਂ ਕਰਕੇ ਵ੍ਰਿਤੀ ਵਕ੍ਰਤਾ ਪੈਦਾ ਹੁੰਦੀ ਹੈ।

7. ਲਿੰਗ-ਵੈਚਿਤ੍ਰਯ ਵਕ੍ਰਤਾ- ਇਹ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ਕਾਵਿ ਦਾ ਸਾਰਾ ਸੁਹਜ-ਸੁਆਦ ਅਤੇ ਚਮਤਕਾਰ ਲਿੰਗ ਸ਼ਬਦਾਂ ਦੀ ਵਿਲੱਖਣਤਾ ਉਤੇ ਅਧਾਰਿਤ ਹੁੰਦਾ ਹੈ। ਅਰਥਾਤ ਜਿੱਥੇ ਵੱੱਖ-ਵੱਖ ਸਰੂਪ ਵਾਲੇੇ ਲਿੰਗਾਂ ਦਾ ਸਮਾਨਾਧਿਕਰਣਯ ਅਰਥਾਤ ਸਮਾਨ ਆਸਰਾ ਹੋਣ ਕਰਕੇ ਇੱਕ ਰੂਪ ਹੋ ਜਾਣ ਨਾਲ ਕੋਈ ਨਿਰਾਲੀ ਸ਼ੋਭਾ ਪੈਦਾ ਹੁੰਦੀ ਹੈ ਅਰਥਾਤ ਸੁੰਦਰਤਾ ਆ ਜਾਂਦੀ ਹੈ। ਭਾਵੇਂ ਕਿ ਇਸ ਵਕ੍ਰਤਾ ਦੇ ਕਈ ਭੇਦ ਕੀਤੇ ਜਾਂਦੇ ਹਨ। ਪਰ ਆਧੁਨਿਕ ਕਵਿਤਾ ਵਿੱਚ ਇਸ ਦੇ ਦੋ ਭੇਦ ਮੰਨੇ ਗਏ ਹਨ:

(i) ਲਿੰਗ ਵੈਚਿਤ੍ਰਯ ਵਕ੍ਰਤਾ- ਜਿੱਥੇ ਵੱਖ-ਵੱਖ ਲਿੰਗ ਸ਼ਬਦਾਂ ਨੂੰ ਭਾਵ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਨੂੰ ਇੱਕਠਿਆ ਪ੍ਰਯੋਗ ਕਰਕੇ ਵਿਲੱਖਣ ਚਮਤਕਾਰ ਪੈਦਾ ਕੀਤਾ ਜਾਂਦਾ ਹੈ। ਜਿਵੇਂ

ਬੁੱਢੀ ਬੁੱਢਾ ਮਾਰੀ ਹੈ ਜਿਉਂ ਸੰਨ ਉਪੱਰ ਚੋਗ।

ਇਸ ਕਾਵਿ ਬੰਦ ਵਿੱਚ ‘ਬੁੱਢੀ’ ਤੇ ‘ਬੁੱਢਾ’ ਸ਼ਬਦ ਵਰਤੇ ਗਏ ਹਨ ਜੋ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ ਰਾਹੀਂ ਕਾਵਿ ਵਿੱਚ ਵਿਲੱਖਣ ਚਮਤਕਾਰ ਪੈਦਾ ਹੋਇਆ ਹੈ।

ਇਸ ਵਕ੍ਰਤਾ ਦਾ ਦੂਜਾ ਉਪਭੇਦ ਉੱਥੇ ਹੁੰਦਾ ਹੈ, ਜਿੱਥੇ ਕੋਮਲ ਭਾਵਾਂ ਦੀ ਪੇਸ਼ਕਾਰੀ ਲਈ ਇਸਤਰੀ ਲਿੰਗ ਸ਼ਬਦਾਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਹੈ ਜਿਵੇਂ-

ਨਦੀਏ ਨੀ ਪਿਆਰੀਏ ਨਦੀਏ,
ਮਿਲਣ ਤੈਨੂੰ ਜਦ ਆਵਾਂ
ਮੈਂ ਤੇਰੇ ਤੋਂ ਤੈਨੂੰ ਮੰਗਾਂ
ਤੂੰ ਮੈਥੋਂ ਸਿਰਨਾਵਾਂ’

ਇਸ ਕਾਵਿ ਟੋਟੇ ਵਿੱਚ ਜਿਹੜਾ ‘ਨਦੀਏ’ ਸ਼ਬਦ ਵਰਤਿਆ ਗਿਆ ਹੈ ਉਹ ਇਸਤਰੀ ਲਿੰਗ ਨੂੰ ਪੇਸ਼ ਕਰਦਾ ਹੈ ਜਿਸ ਰਾਹੀ ਕਾਵਿ ਵਿੱਚ ਚਮਤਕਾਰ ਪੈਦਾ ਹੋਇਆ ਹੈ।

8. ਕ੍ਰਿਆ ਵੈਚਿਤ੍ਰ ਵਕ੍ਰਤਾ: ਕੁਤੰਕ ਰਾਹੀ ਕ੍ਰਿਆ ਵੈਚਿਤ੍ਰ ਵਕ੍ਰਤਾ ਉਥੇ ਹੁੰਦੀ ਹੈ, ‘‘ਜਿੱਥੇ ਅਰਥ ਦੀ ਵੈਚਿਤ੍ਰਤਾ ਤੇ ਸੁਹਜਾਤਮਕ ਕਾਵਿ ਵਿੱਚ ਵਰਤੀ ਗਈ ਕ੍ਰਿਆ ਦੀ ਅਦਭੁਤ ਵਰਤੋਂ ਉੱਤੇ ਆਧਾਰਿਤ ਹੁੰਦੀ ਹੈ।’’

ਇਸ ਵਕ੍ਰੋਕਤੀ ਦੇ ਵੀ ਦੋ ਉਪਭੇਦ ਮੰਨੇ ਜਾਂਦੇ ਹਨ ਕਰਤਾ ਅਤੇ ਕ੍ਰਿਆ ਦੀ ਨੇੜਤਾ ਦੂਜੇ ਕਰਤਾ ਕਾਰਨ ਕ੍ਰਿਆ ਵਿਲੱਖਣ ਸਰੂਪ ਧਾਰਨ ਕਰਦੀ ਹੈ ਅਤੇ ਦੂਸਰਾ ਜਦੋਂ ‘ਉਪਚਾਰ’ ਵਿਸ਼ੇਸ਼ਣ ਕਾਰਨ ਕਿਰਿਆ ਹੋਵੇ:

‘‘ਕੱਚੀ ਮਿੱਟੀ ਵਾਂਗ ਉਸਦੀ ਹੋਂਦ ਵੀ

ਦੂਰ ਜਾਂਦੇ ਪਾਣੀਆ ’ਚ ਘੁਲਦੀ ਰਹੀ’’

ਇਸ ਕਾਵਿ ਟੋਟੇ ਵਿੱਚ ‘ਕੱਚੀ ਮਿੱਟੀ’ ਪਦ ਵਿਸ਼ੇਸ਼ਣ ਦੇ ਤੋਰ ਤੇ ਅਤੇ ‘ਘੁਲਦੀ ਰਹੀ’ ਕਿਰਿਆ ਦੇ ਤੋਰ ਤੇ ਕਾਵਿ ਵਿੱਚ ਅਦਭੁਦਤਾ ਪੇਸ਼ ਕਰਦੀ ਹੈ।

3. ਪਦ-ਪਰਾਰਧ ਵਕ੍ਰਤਾ: ਸੋਧੋ

ਪਦ-ਪਰਾਰਧ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ‘ਪਦ’ ਭਾਵ ਕਿ ਸ਼ਬਦ ਦੇ ਪਰਲੇ ਅੱਧ (ਪਰਾਰਧ) ਵਿੱਚ ਕਵੀ ਜਦੋਂ ਪ੍ਰਯੋਗ ਵਿੱਚ ਕੋਈ ਅਨੋਖਾਪਣ ਜਾਂ ਵੈਚਿਤ੍ਰਤਾ ਪੈਦਾ ਕੀਤੀ ਜਾਂਦੀ ਹੈ,ਉੱਥੇ ਪਦ-ਪਰਾਰਧ ਵਕ੍ਰਤਾ ਹੁੰਦੀ ਹੈ ਜਿਵੇਂ

ਪਦ = ਪੂਰਵਾਰਧ + ਪਰਾਰਧ ਕਸੁੰਭੜਾ = ਕਸੁੰਭ + ੜਾ

1.ਡੰਡਾ ਪੀਰ ਹੈ ‘ਵਿਗੜਿਆ-ਤਿਗੜਿਆ’ ਦਾ 2.ਲੋੜੀਦਾਂ ਗੁੜ ਢਿੱਲਾ

ਇਨ੍ਹਾਂ ਪ੍ਰਚਲਿਤ ਮਹਾਵਰਿਆਂ ਵਿੱਚ ‘ਵਿਗੜਿਆ-ਤਿਗੜਿਆ’ ਅਤੇ ‘ਲੋੜੀਦਾਂ’ ਅਜਿਹੇ ਪਦ ਹਨ ਜਿਨ੍ਹਾਂ ਵਿੱਚ ਪਦ-ਪਰਾਰਧ ਵਕ੍ਰਤਾ ਮੌਜੂਦ ਹੈ।

ਕੁੰਤਕ ਦੁਆਰਾ ਪਦਪਰਾਰਧ ਦੇ ਅੱਗੇ ਛੇ ਉਪਭੇਦ ਕੀਤੇ ਗਏ ਹਨ: i.ਕਾਲ (ਭੂਤ, ਭਵਿੱਖ ਤੇ ਵਰਤਮਾਨ) ii.ਕਾਰਕ (ਕਰਤਾ, ਕਰਮ, ਕਰਣ, ਸੁੰਪ੍ਰਦਾਨ, ਅਪਾਦਾਨ, ਸੰਬੰਧ, ਅਧਿਕਰਣ) iii.ਵਚਨ (ਇੱਕ ਵਚਨ, ਦ੍ਵਿਵ ਵਚਨ, ਬਹੁਵਚਨ) iv.ਪੁਰਸ਼ (ਉੱਤਮ, ਮੱਧਮ, ਪ੍ਰਥਮ) v.ਉਪਗ੍ਰਹ (ਆਤਮਨੇਪਦ ਤੇ ਪਰਸਮੇਪਦ ਕ੍ਰਿਆਵੀ ਪ੍ਰਤਿਐ) vi.ਪ੍ਰਤਯਯ (ਤੋਧਿਤ)

(i) ਕਾਲ- ਵੈਚਿਤ੍ਰ ਵਕ੍ਰਤਾ ਸੋਧੋ

ਜਿਸ ਰਚਨਾ ਵਿੱਚ ਕਾਲ ਦਾ ਔਚਿਤਯ ਚਮਤਕਾਰ ਪੈਦਾ ਹੁੰਦਾ ਹੈ, ਉੱਥੇ ਕਾਲ ਵੈਚਿਤ੍ਰਅਵਕ੍ਰਤਾ ਹੁੰਦੀ ਹੈ ਭਾਵ ਜਦੋਂ ਭੂਤ, ਭਵਿੱਖ ਤੇ ਵਰਤਮਾਨ ਦੀ ਕਿਸੇ ਕ੍ਰਿਆ ਦਾ ਕਾਲ ਰਮਣੀਕਤਾ ਸਾਹਿਤ ਉਜਾਗਰ ਹੁੰਦਾ ਹੈ। ਕਾਲ ਦਾ ਅਰਥ ਹੈ ਵਿਆਕਰਣ ਸ਼ਾਸਤਰ ਦੇ ਜਾਣੂੰਆਂ ਵਿੱਚ ਪ੍ਰਸਿੱਧ ਲਟ੍ ਆਦਿ ਪ੍ਰਤਯਯਾਂ ਦੇ ਦੁਆਰਾ ਕਹੇ ਜਾਣ ਵਾਲੇ ਪਦਾਰਥਾਂ ਦੇ ਨਿਕਲਣ ਤੇ ਛੁਪਣ ਦੀ ਵਿਵਸਥਾ ਕਰਨ ਵਾਲਾ ਵਰਤਮਾਨ ਆਦਿ ਕਾਲ, ਉਸਦੀ ਵਿਚਿੱਤ੍ਤਾ ਦਾ ਭਾਵ ਹੈ ਉਸ ਤਰੀਕੇ ਨਾਲ ਉਸਦਾ ਵਰਣਨ, ਭਾਵ ਉਸਦੇ ਕਾਰਨ ਜਿਹੜੀ ਵਕ੍ਤਾ ਦੀ ਸੁੰਦਰਤਾ ਹੁੰਦੀ ਹੈ। ਕਿਸ ਤਰ੍ਹਾਂ ਦੀ ਹੈ ? ਜਿੱਥੇ ਭਾਵ ਜਿਸ ਵਿੱਚ ਕਿਹਾ ਜਾਣ ਵਾਲਾ ਕਾਲ ਚਮਤਕਾਰ ਪੈਦਾ ਕਰਦਾ ਹੈ, ਭਾਵ ਸੁੰਦਰ ਹੋ ਜਾਂਦਾ ਹੈ, ਕਿਸ ਕਾਰਨ ਕਰਕੇ ? ਔਚਿਤਯ[10] ਦਾ ਬਹੁਤ ਨਜਦੀਕੀ ਹੋਣ ਕਰਕੇ, ਭਾਵ ਹੈ, ਪ੍ਰਸੰਗ ਪ੍ਰਾਪਤ ਹੋਣ ਕਰਕੇ ਪ੍ਰਕਰਣ ਦੀ ਮੁੱਖ ਵਸਤੂ ਦਾ ਜਿਹੜਾ ਔਚਿਤਯ ਭਾਵ ਉਪਯੁਕਤਤਾ ਹੈ ਉਸਦੇ ਅਤਿਅੰਤ ਹੀ ਨਜਦੀਕ ਹੋਣ ਕਰਕੇ, ਭਾਵ ਉਸ ਵਸਤੂ ਵਿੱਚ ਸੇਸਟਤਾ ਪੈਦਾ ਕਰਨ ਕਰਕੇ। ਜਿਵੇਂ:

ਸੁਨਤੇ ਹੈ ਕੀਮਤ ਤੁਮਾਰੀ ਲੱਗ ਰਹੀ ਹੈ ਆਜ-ਕਲ
ਸਬ ਸੇ ਅੱਛੇ ਦਾਮ ਕਿਸ ਕੇ ਹੈ, ਯੇ ਬਤਲਾਨਾ ਹਮੇ।

ਇਸ ਕਾਵਿ ਟੋਟੇ ਵਿੱਚ ‘ਆਜ-ਕਲ’ ਪਦ ਵਰਤਮਾਨਤਾ ਅਤੇ ‘ਬਤਲਾਨਾ’ ਪਦ ਭਵਿੱਖ ਕਾਲ ਦੀ ਰਮਣੀਕਤਾ ਉਜਾਗਰ ਕਰਦਾ ਹੈ।

(ii) ਕਾਰਕ ਵੈਚਿਤ੍ਰ ਵਕ੍ਰਤਾ ਸੋਧੋ

ਕਾਰਕ ਵੈਚਿਤ੍ਰ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ਆਮ ਕਾਰਕ ਨੂੰ ਗੌਣ ਰੱਖਣ ਦੀ ਥਾਂ ਉਸ ਉੱਤੇ ਪ੍ਰਮੁੱਖਤਾ ਦਾ ਆਰੋਪ ਕਰਨ ਨਾਲ ਕਾਰਕਾਂ ਵਿੱਚ ਚਮਤਕਾਰ ਪੈਦਾ ਹੁੰਦਾ ਹੈ ਭਾਵ ਹਰ ਵਾਕ ਵਿੱਚ ਇੱਕ ਕਰਤਾ ਹੁੰਦਾ ਹੈ, ਜੋ ਪ੍ਰਮੁੱਖ ਹੁੰਦਾ ਹੈ ਗੌਣ ਰੂਪ ਵਿੱਚ ਹੁੰਦਾ ਹੈ। ਜਦੋਂ ਕਰਤਾ ਛੱਡ ਕੇ ਕਾਰਕ ਭਾਵ ਗੌਣ ਉੱਤੇ ਪ੍ਰਮੁੱਖਤਾ ਦਾ ਆਰੋਪ ਕੀਤਾ ਜਾਂਦਾ ਹੈ ਤਾਂ ਉੱਥੇ ਕਾਰਕ ਵਕ੍ਰਤਾ ਹੁੰਦੀ ਹੈ ਭਾਵ ਕਾਰਕਾਂ ਦੇ ਚਮਤਕਾਰ ਕਾਰਨ ਹੋਣ ਵਾਲੀ ਸ਼ੋਭਾ ਕਿਹਾ ਜਾਂਦਾ ਹੈ। ਜਿਸ ਵਿੱਚ ਕਾਰਕਾਂ ਦੀ ਵਿਲੋਮਤਾ ਭਾਵ ਸਾਧਨਾਂ ਦੀ ਖਾਸ ਤਬਦੀਲੀ ਰਹਿੰਦੀ ਹੈ ਭਾਵ ਗੌਣ ਅਤੇ ਪ੍ਰਮੁੱਖ ਦੀ ਇੱਕ ਦੂਜੇ ਨਾਲ ਬਰਾਬਰੀ ਹੋ ਜਾਂਦੀ ਹੈ।ਜਿਵੇਂ:

ਮੇਰੇ ਪੈਰਾਂ ਦੀ ਬੇਗਾਨਗੀ
ਮੈਨੂੰ ਲੈ ਗਈ ਕਿੱਧਰ-ਕਿੱਧਰ
ਨਾ ਉਹ ਸਾਦਗੀ ਨਾ ਰਵਾਨਗੀ
ਨਾ ਹੀ ਚਾਲ ਵਿੱਚ ਕੋਈ ਤਾਲ ਹੈ।

ਇੱਥੇ ‘ਕਰਨ ਕਾਰਕ’ (ਪੈਰ) ਉੱਪਰ ‘ਕਰਤਾ ਕਾਰਕ’ ਦਾ ਆਰੋਪ ਕਰਨ ਕਾਰਕ ‘ਕਾਰਕ ਵਕ੍ਰਤਾ ਹੈ।

(iii) ਵਚਨ ਵਚਿਤ੍ਰਯ ਵਕ੍ਰਤਾ ਸੋਧੋ

ਇਹ ਵਕ੍ਰਤਾ ਉੱਥੇ ਹੰਦੀ ਹੈ ਜਿੱਥੇ ਕਾਵਿ ਵਿੱਚ ਵਚਿਤ੍ਰਤਾ ਲਿਆਉਣ ਲਈ ਆਪਣੀ ਇੱਛਾ ਦੇ ਅਧੀਨ ਹੋ ਕੇ ਵਚਨਾ ਦੀ ਤਬਦੀਲੀ ਕਰ ਦਿਤੀ ਜਾਂਦੀ ਹੈ। ਇਥੇ ਇਸਦਾ ਮਤਲਬ ਹੈ ਕਿ ਇੱਕ ਵਚਨ ਜਾਂ ਦਿਵਚਨ ਦਾ ਪ੍ਰਯੋਗ ਕਰਨ ਦੇ ਮੌਕੇ ਤੇ ਵਿਚਿੱਤ੍ਤਾ ਪੈਦਾ ਕਰਨ ਲਈ ਹੋਰ ਕਿਸੇ ਵਚਨ ਦਾ ਪ੍ਰਯੋਗ ਹੁੰਦਾ ਹੈ ਜਾਂ ਜਿੱਥੇ ਭਿੰਨ ਭਿੰਨ ਵਚਨਾਂ ਦਾ ਸਮਾਨ-ਅਧਿਕਰਣ ਪ੍ਰਯੋਗ ਕੀਤਾ ਜਾਂਦਾ ਹੈ ਉਥੇ ਵਚਨ-ਵਚਿਤ੍ਰਯ-ਵਕ੍ਰਤਾ ਹੁੰਦੀ ਹੈ।ਜਿਵੇ:-

ਸਾਨੂ ਪੈਰ ਪੈਰ ਉਤੇ ਉਨ੍ਹਾਂ ਦਿੱਤੇ ਨੇ ਫਰੇਬ,
ਅਸੀ ਤੋੜ ਤੱਕ ਨਿਭੇ ਜਿਹਨਾ ਹਾਣੀਆ ਦੇ ਨਾਲ।

ਇੱਥੇ ਪਦ ‘ਸਾਨੂੰ’, ‘ਉਹਨਾਂ’, ‘ਜਿਹਨਾ’ ਵਿੱਚ ਇੱਕ ਵਚਨ ਦੀ ਥਾਂ ਬਹੁਵਚਨ ਦੀ ਪ੍ਰਤੀਤੀ ਹੁੰਦੀ ਹੈ ਜਿਸ ਕਰਕੇ ਵਚਨ ਵੈਚਿਤ੍ਰਯ ਪੈਦਾ ਹੁੰਦੀ ਹੈ।

(iv) ਪੁਰਸ਼ ਵੈਚਿਤ੍ਰ ਵਕ੍ਰਤਾ ਸੋਧੋ

ਵਿਆਕਰਣ ਅਨੁਸਾਰ ਭਾਸ਼ਾ ਵਿੱਚ ਤਿੰਨ ਪੁਰਸ਼ ਹੰਦੇ ਹਨ। ਉੱਤਮ ਪੁਰਸ਼, ਮੱਧਮ ਪੁਰਸ, ਅਨਯ ਪੁਰਸ਼। ਜਦੋਂ ਵਚਿਤ੍ਰਤਾ ਤੇ ਸੁਹਜ ਪੈਦਾ ਕਰਨ ਲਈ ਉੱਤਮ ਪੁਰਸ਼ ਦੀ ਥਾਂ ਮੱਧਮ ਪੁਰਸ਼ ਤੇ ਇਸ ਦੀ ਥਾਂ ਤੇ ਅਨਯ ਪੁਰਸ਼ ਦਾ ਪ੍ਰਯੋਗ ਕੀਤਾ ਜਾਂਦਾ ਹੈ ਉੱਥੇ ਪੁਰਸ਼ ਵੈਚਿਤ੍ਰ ਵਕ੍ਰਤਾ ਹੁੰਦੀ ਹੈ।ਅਰਥਾਤ ਜਿੱਥੇ ਵਿਚਿੱਤ੍ਤਾ ਦੀ ਰਚਨਾ ਕਰਨ ਲਈ ਆਪਣੇ ਅਤੇ ਦੂਜੇ ਦੇ ਸਰੂਪ ਨੂੰ ਤਬਦੀਲ ਕਰਕੇ ਰਚਨਾ ਕੀਤੀ ਜਾਂਦੀ ਹੈ। ਜਿਵੇਂ:-

ਤਾਂਘ ਮਾਹੀ ਦੀ ਜਲੀਆ
ਨਿੱਤ ਕਾਗ ਉਡਾਵਾਂ ਖਲੀਆ

ਇੱਥੇ ‘ਤੇਰੀ’ ਦੀ ਥਾਂ ਤੇ ‘ਮਾਹੀ’ ਸ਼ਬਦ ਭਾਵ ਮੱਧਮ ਪੁਰਸ਼ ਦੀ ਥਾਂ ‘ਅਨਯ ਪੁਰਸ਼’ ਦਾ ਪ੍ਰਯੋਗ ਕੀਤਾ ਗਿਆ ਹੈ।

(v) ਉਪਗ੍ਰਹਿ ਵਕ੍ਰਤਾ ਸੋਧੋ

ਉਪਗ੍ਰਹਿ ਦਾ ਮਤਲਬ ਹੰਦਾ ਹੈ ਧਾਤੂ– ਪਦ ਸੰਸਕਿ੍ਤ ਭਾਸਾ ਵਿੱਚ ਧਾਤੂਆਂ ਦੇ ਦੋ ਪਦ ਮੰਨੇ ਗਏ ਹਨ:-

'‘ਪਰਸਮੈ ਪਦ’ ਤੇ ‘ਆਤਮਨੇ ਪਦਾ’। ਜਿੱਥੇ ਕਾਵਿ ਵਿੱਚ ਸੁਹਜ ਪੈਦਾ ਕਰਨ ਲਈ ਇਹਨਾਂ ਦੋਹਾਂ ਪਦ–ਪ੍ਰਯੋਗ ਵਿੱਚ ਇੱਕ ਦੀ ਵੀ ਉੱਚਿਤ ਵਰਤੋਂ ਕੀਤੀ ਜਾਂਦੀ ਹੈ ਉੱਥੇ ਉਪ ਗ੍ਰਹਿ ਵਕ੍ਰਤਾ ਹੁੰਦੀ ਹੈ। ਪੰਜਾਬੀ ਵਿੱਚ ਇਸ ਵਕ੍ਰਤਾ ਦਾ ਪ੍ਰਯੋਗ ‘ਕਰਮ–ਕਰਤਰੀ ਵਾਚ’ ਵਿੱਚ ਮਿਲਦੇ ਹਨ ਭਾਵ ਕਰਮ ਹੀ ਕਰਤਾ ਰੂਪ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ। ਜਿਵੇਂ:-

ਅੱਖ ਨੂੰ ਕੋਈ ਹੋਰ ਖੋਲਦਾ ਹੈ, ਪਰ ਅਸੀਂ ਆਖਦੇ ਹਾਂ
“ਅੱਖ ਖੁਲ ਗਈ” ਇਸ ਵਿੱਚ ਕਰਮ ਹੀ ਕਰਤਾ ਬਣ ਗਿਆ।

(vi) ਪ੍ਰਤਿਐ ਵਕ੍ਰਤਾ:- ਸੋਧੋ

ਪੰਜਾਬੀ ਵਿੱਚ ਪ੍ਰਤਿਐ ਨੂੰ ਪਿਛੇਤਰ ਵੀ ਕਿਹਾ ਜਾਂਦਾ ਹੈ। ਪ੍ਰਤਿਐ ਵਕ੍ਰਤਾ ਉੱਥੇ ਹੁੰਦੀ ਹੈ ਜਿੱਥੇ ਕਿਤੇ ਕੋਈ ਕਵੀ ਸਿੱਧ ਜਾਂ ਸੰਪੂਰਨ ਪਦ (ਸ਼ਬਦ) ਨਾਲ ਸੁਹਜ ਚਮਤਕਾਰ ਪੈਦਾ ਕਰਨ ਲਈ ਕੋਈ ਵਾਧੂ ਦੂਹਰਾ ਪ੍ਰਤਿਐ (ਪਿਛੇਤਰ) ਸੰਯੁਕਤ ਕਰ ਦਿੰਦੀ ਹੈ:- 
ਮੈ ਕਸੁੰਭੜਾ ਚੁੱਗ–ਚੁੱਗ ਹਾਰੀ
ਏਸ ਕੁਸਭੰੜੇ ਦੇ ਕੰਡੜੇ ਭਲੇਰੇ
ਮੇਰੀ ਅੜ–ਅੜ ਚੁੰਨੜੀ ਪਾੜੀ।

ਇਸ ਵਿੱਚ ਕਸੁੰਭੜਾ, ਕੰਡੜੇ, ਚੁੰਨੜੀ ਪਦ ਅਜਿਹੇ ਪਦ ਹਨ। ਜਿਹਨਾ ਦੇ ਪਿਛੇਤਰ ਵਿੱਚ ‘ੜ’ ਸ਼ਬਦ ਵਰਤਿਆ ਗਿਆ ਹੈ। ਜਿਸ ਕਾਰਨ ਸੁਹਜ ਚਮਤਕਾਰ ਪੈਦਾ ਹੁੰਦਾ ਹੈ।

4. ਵਾਕ ਵਕ੍ਰਤਾ ਸੋਧੋ

ਕਾਵਿ ਵਿੱਚ ਧੁਨੀਆਂ, ਸ਼ਬਦਾਂਸ਼ ਅਤੇ ਸ਼ਬਦਾਂ ਦਾ ਜੋ ਸਮੁੱਚਾ ਅਰਥ ਉਭਰਦਾ ਹੈ, ਉਹ ਅਰਥ ਸਮੁੱਚਤਾ ਹੀ ‘ਵਾਕ ਵਕ੍ਰਤਾ’ ਅਖਵਾਉਂਦੀ ਹੈ। ਵਾਕ ਦਾ ਅਰਥ ਵਾਕ ਵਿੱਚ ਵਰਣਨ ਕੀਤੀ ਵਿਸ਼ੇ-ਵਸਤੂ ਤੋ ਲਿਆ ਜਾਂਦਾ ਹੈ। ਇਸ ਲਈ ਕੁਤੰਕ ਨੇ ਵਾਕ ਵਕ੍ਰਤਾ, ਅਰਥ ਜਾਂ ਵਸਤੂ ਨੂੰ ਇੱਕੋ ਮੰਨਿਆ ਹੈ। ਕੁਤੰਕ ਅਨਸਾਰ “ਵਰਨਣ ਕੀਤੀ ਜਾਣ ਵਾਲੀ ਸ਼ਬਦਾਰਥ ਰੂਪੀ ਵਸਤੂ ਦਾ ਸਹਿਜ ਸੁਭਾਵਿਕ ਸੁੰਦਰ ਰੂਪ ਵਿੱਚ ਵਰਨਣ ਵਸਤੂ ਹੀ ਵਕ੍ਰਤਾ ਹੁੰਦੀ ਹੈ।"ਉਦਾਹਰਣ

ਕੰਮ ਕਰਦਿਆਂ- ਕਰਦਿਆਂ ਭੁਸ ਪੈਂਦਾ
ਮੁਰਖ ਆਦਮੀ ਹੁੰਦੇ ਸੁਜਾਨ ਵੇਖੋ
ਘੱਸ-ਘੱਸ ਕੇ ਸ਼ੈਲ ਦੀ ਹਿੱਕੜੀ ਤੇ
ਰੱਸੀ ਨਾਲ ਵੀ ਹੁੰਦੇ ਨਿਸ਼ਾਨ ਵੇਖੋ।

ਇਸ ਕਾਵਿ ਟੁੱਕੜੇ ਵਿੱਚ ਪੁਨੀਆਂ, ਸ਼ਬਦਾਂਸ਼ਾ ਤੇ ਸ਼ਬਦਾਂ ਦਾ ਸਮੁੱਚਾ ਅਰਥ ਉਭਰਦਾ ਹੈ ਇਸ ਕਰਕੇ ਇੱਥੇ ਵਾਕ ਵਕ੍ਰਤਾ ਹੈ।ਕੁਤੰਕ ਨੇ ਦੋ ਹੋਰ ਵਰਣਿਤ ਰੂਪ ਵਾਕ ਵਕ੍ਰਤਾ ਦੇ ਮੰਨੇ ਹਨ:-

  1. ਚੇਤਨ
  2. ਅਚੇਤਨ

ਚੇਤਨ ਤੋ ਭਾਵ ਹੈ ਉਹ ਪ੍ਰਾਣੀ ਜਿਨ੍ਹਾਂ ਦੇ ਅੰਦਰ ਗਿਆਨ ਹੁੰਦਾ ਹੈ ਅਤੇ ਅਚੇਤਨ ਪਦਾਰਥ ਬੁੱਧੀ ਰਹਿਤ ਹੁੰਦੇ ਹਨ। ਚੇਤਨ ਵਸਤੂ ਵਿੱਚ ਕੁਤੰਕ ਨੇ ਮਨੁੱਖ ਆਦਿ ਉੱਚੀਆਂ ਪ੍ਰਧਾਨ ਜੂਨਾਂ ਨੂੰ ਅਤੇ ਅਪ੍ਰਧਾਨ ਜੂਨਾਂ ਵਿੱਚ ਪਸ਼ੂ ਪੰਛੀ ਆਦਿ ਤਿਰਕ (ਟੇਢੀਆਂ) ਜੂਨਾਂ ਨੂੰ ਸ਼ਾਮਿਲ ਕੀਤਾ ਹੈ।

ਵਰਣਿਤ ਵਿਸ਼ਿਆ ਦੇ ਆਧਾਰ ਤੇ ਹੀ ਕੁਤੰਕ ਨੇ ਵਾਕਯ ਵਕ੍ਰੋਕਤੀ ਦੇ ਦੋ ਹਰ ਉਪਭੇਦ ਮੰਨੇ ਹਨ:- ਸਹਿਜ ਅਤੇ ਆਹਰਯ। ‘ਸਹਿਜ’ ਦਾ ਅਰਥ ਹੈ ਸੁਭਾਵਿਕ ਇਸ ਵਿੱਚ ਕਵੀ ਆਪਣੀ ਸਿਹਜ ਪ੍ਰਤਿਭਾ ਰਾਹੀ ਵਰਣਿਤ ਵਸਤੂ ਦੀ ਸੁਭਾਵਿਕ ਜਾ ਕੁਦਰਤੀ ਸ਼ੋਭਾ ਦਾ ਸੰਜੀਵ ਵਰਨਣ ਕਰਕੇ ਸਹਿਰਦ ਵਿਅਕਤੀਆ ਨੂੰ ਆਨੰਦਿਤ ਕਰਦਾ ਹੈ।‘ਆਹਰਯ’ ਦਾ ਅਰਥ ਹੈ ‘ਨਿਪੁਣਤਾ’ ਜਾਂ ‘ਸਿੱਖਿਆ’ ਅਭਿਆਸ ਰਾਹੀ ਪ੍ਰਾਪਤ ਕੀਤੀ ਪ੍ਰਤਿਭਾ। ਇਸ ਰਾਹੀ ਕਵੀ ਵਿੱਚ ਖਿੱਚ ਰਹਿਤ ਵਸਤੂਆ ਦੇ ਵਿਸ਼ੇਸ਼ ਗੁਣਾਂ ਨੂੰ ਆਪਣੀ ਪ੍ਰਤਿਭਾ ਰਾਹੀ ਅਜਿਹਾ ਚਮਕਾਉਂਦਾ ਹੈ ਕਿ ਉਹ ਵਿਲੱਖਣ ਪ੍ਰਤੀਤ ਹੋਣ ਲੱਗਦੇ ਹਨ। ਅਸਲ ਵਿੱਚ ਪ੍ਰਧਾਨ ਤੌਰ 'ਤੇ ਅਰਥ ਅਲੰਕਾਰਾਂ ਦੀ ਸਿਰਜਣਾ ਵਕ੍ਰਤਾ ਦੇ ਇਸੇ ਭੇਦ ਅਧੀਨ ਹੀ ਕੀਤੀ ਜਾਂਦੀ ਹੈ।

5. ਪ੍ਰਕਰਣ ਵਕ੍ਰਤਾ ਸੋਧੋ

ਸਮੁੱਚੀ ਕਥਾ ਨੂੰ ਪ੍ਰਬੰਧ ਕਿਹਾ ਜਾਂਦਾ ਹੈ ਅਤੇ ਉਸਦੇ ਜੋ ਵੱਖ-ਵੱਖ ਅੰਗ ਹੰਦੇ ਹਨ ਉਹਨਾਂ ਨੂੰ ‘ਪ੍ਰਕਰਣ’ ਕਿਹਾ ਜਾਂਦਾ ਹੈ। ਜਦੋਂ ਕਿਸੇ ਵਿਸ਼ੇਸ਼ ਪ੍ਰਕਰਣ ਕਾਰਨ ਸਾਰਾ ਕਥਾ ਵਿਧਾਨ ਹੀ ਉੱਨਤ ਹੋ ਜਾਂਦਾ ਹੈ ਤਾਂ ਉੱਥੇ ਪ੍ਰਕਰਣ ਵਕ੍ਰਤਾ ਦਾ ਚਮਤਕਾਰ ਹੁੰਦਾ ਹੈ। ਪ੍ਰਕਰਣ ਵਕ੍ਰਤਾ ‘ਕਥਾਤਮਕ ਕਾਵਿ’ ਨਾਲ ਵਧੇਰੇ ਸੰਬੰਧਿਤ ਹੈ। ਜਿਵੇਂ ਮਹਾਕਾਵਿ, ਪ੍ਰਬੰਧ ਕਾਵਿ, ਨਾਟਕ ਕਾਵਿ ਆਦਿ ਕਥਾਤਮਕ ਕਾਵਿ ਦੇ ਹੀ ਭੇਦ ਹਨ। ਜਦੋਂ ਕੋਈ ਪ੍ਰਤੀਭਾਸ਼ਾਲੀ ਕਵੀ ਕਥਾਤਮਕ ਕਾਵਿ ਦੇ ਇਹਨਾਂ ਭੇਦਾਂ ਦੇ ਭਿੰਨ-ਭਿੰਨ ਪ੍ਰਕਰਣਾਂ ਨੂੰ ਅਤਿ ਚਮਤਕਾਰਮਈ ਤੇ ਵਕ੍ਰਤਾ ਭਰਪੂਰ ਰੂਪ ਵਿੱਚ ਚਿਤਰਦਾ ਹੋਇਆ ਵਿਲੱਖਣ ਸੁਹਜ ਪੈਦਾ ਕਰਦਾ ਹੈ ਤਾਂ ਉੱਥੇ ‘ਪ੍ਰਕਰਣ ਵਕ੍ਰਤਾ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਕਾਵਿ ਕਿਰਤੀ ਵਿੱਚ ਵਿਸ਼ੇਸ਼ ਪ੍ਰਸੰਗ ਦੇ ਸਜੀਵ ਚਿਤਰਨ ਨੂੰ ਹੀ ਕੁੰਤਕ ਨੇ ਪ੍ਰਕਰਣ ਵਕ੍ਤਾ ਮੰਨਿਆ ਹੈ। ਕੁੰਤਕ ਦੇ ਅਨੁਸਾਰ ਪ੍ਰਕਰਣ ਏਕ ਦੇਸ਼ ਹੈ। ਜਦੋਂ ਕਵੀ ਕਥਾ ਕਾਵਿ ਦੇ ਨਿੱਕੇ ਨਿੱਕੇ ਪ੍ਰਸੰਗਾਂ ਤੇ ਅੰਸ਼ਾਂ ਨੂੰ ਪ੍ਰਧਾਨ ਕਥਾ ਵਸਤੂ ਦੇ ਸੰਦਰਭ ਵਿੱਚ ਸਰਸ ਤੇ ਸਜੀਵ ਰੂਪ ਚਿਤਰਦਾ ਜਾਂ ਚਮਤਕਾਰੀ ਢੰਗ ਨਾਲ ਕਲਪਦਾ ਜਾਂ ਮੇਲਦਾ ਹੈ ਤਾਂ ਪ੍ਰਕਰਣ ਵਕ੍ਤਾ ਉਭਰਦੀ ਹੈ।

ਜਿਵੇ:-

‘ਰਮਾਇਣ’ ਮਹਾਂਕਾਵਿ ਵਿੱਚ ਰਾਮ ਦੇ ਪਿਤਾ ਦਸ਼ਰਥ ਦੁਆਰਾ ਆਪਣੀ ਪਤਨੀ ਨੂੰ ਯੁੱਧ ਦੇ ਮੈਦਾਨ ਵਿੱਚ ਦੋ ਵਚਨ ਦੇਣ ਦਾ ਪ੍ਰਸੰਗ ਸਮੁੱਚੇ ਮਹਾਕਾਵਿ ਦੇ ਘਟਨਾਕ੍ਰਮ ਦਾ ਆਧਾਰ ਬਣਦਾ ਹੈ। ਇਸ ਪ੍ਰਸੰਗ ਦੇ ਆਉਣ ਨਾਲ ਸਾਰਾ ਪ੍ਰਬੰਧ ਉਚਿਤ ਹੋ ਜਾਂਦਾ ਹੈ। ਜੋ ਪ੍ਰਕਰਣ ਵਕ੍ਰਤਾ ਹੈ।

ਪ੍ਰਕਰਣ ਵਕ੍ਰਤਾ ਦੇ ਉਪਭੇਦ ਸੋਧੋ

(i) ਭਾਵ ਪੂਰਨ ਸਥਿਤੀ ਦੀ ਸਿਰਜਨਾ (ਪਾਤਰ-ਚਿਤ੍ਰਣ ਵਕ੍ਰਤਾ)
(ii) ਸਧ੍ਰਰ ਕਲਪਨਾ (ਉਤਪਾਦਯ ਲਾਵਣਯ: ਨਵੀਨ ਪ੍ਰਸੰਗ ਵਕ੍ਰਤਾ)

(ੳ) ਅਣਹੋਂਦ ਦੀ ਕਲਪਨਾ

(ਅ) ਹੋਂਦ ਦੀ ਸੇਧ

(iii) ਪ੍ਰਬੰਧ ਤੇ ਉਪਕਰਣਾਂ ਵਿੱਚ ਉਪਕਾਰ ਭਾਵ (ਉਪਕਾਰ ਭਾਵ ਵਕ੍ਰਤਾ)
(iv) ਵਿਸ਼ੇਸ਼ ਪ੍ਰਕਰਣ ਦੀ ਅਤਿਰੰਜਨਾ (ਦੁਹਰਾਉ)
(v) ਰੌਚਕ ਪ੍ਰਸੰਗਾ ਦਾ ਵਿਸਤ੍ਰਿਤ ਵਰਣਨ
(vi) ਅਪ੍ਰਧਾਨ ਪ੍ਰਸੰਗ ਦਾ ਵਿਸਤ੍ਰਿਤ ਵਰਣਨ
(vii) ਗਰਭ ਅੰਕ (ਗਰਭਾਂਕ) (ਨਾਟਕੀ ਵਕ੍ਰਤਾ)
(viii) ਅਗਲੇ-ਪਿਛਲੇ ਪ੍ਰਕਰਣਾਂ ਦਾ ਸੁਮੇਲ
(i) ਭਾਵ ਪੂਰਨ ਸਥਿਤੀ ਦੀ ਸਿਰਜਨਾ:- ਸੋਧੋ

ਜਦੋ ਅਜਿਹੀ ਸਥਿਤੀ ਦੀ ਸਿਰਜਣਾ ਕੀਤੀ ਜਾਵੇ ਜੋ ਪਾਤਰ ਚਿਤ੍ਰਣ ਵਿੱਚ ਵਕ੍ਰਤਾਮਈ ਚਮਤਕਾਰ ਪੈਦਾ ਕਰਦੀ ਹੈ, ਤਾਂ ਉਥੇ ਪਾਤਰ-ਚਿਤਰਣ ਵਕ੍ਰਤਾ ਹੁੰਦੀ ਹੈ, ਭਾਵ ਕਿ ਭਾਵ ਪੂਰਣ ਸਥਿਤੀ ਦੀ ਸਿਰਜਣਾ ਵਾਲਾ ਭੇਦ ਹੁੰਦਾ ਹੈ।

(ii) ਮਧੁਰ ਕਲਪਨਾ:- ਸੋਧੋ

ਜਦੋ ਕਵੀ ਆਪਣੀ ਕਲਪਨਾ ਰਾਹੀ ਕਿਸੇ ਇਤਿਹਾਸਕ ਕਥਾ-ਵਸਤੂ ਵਿੱਚ ਚਮਤਕਾਰ ਪੈਦਾ ਕਰ ਦਿੰਦਾ ਹੈ, ਉੱਥੇ ਇਹ ਕਲਪਨਾ-ਉਤਪੰਨ ਮਧੁਰ ਕਲਪਨਾ ਪ੍ਰਕਰਣ ਵਕ੍ਰਤਾ ਦਾ ਭੇਦ ਹੈ। ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ:-

  1. ਅਣਹੋਂਦ ਦੀ ਕਲਪਨਾ
  2. ਹੋਂਦ ਦੀ ਸੇਧ

ਅਣਹੋਂਦ ਦੀ ਕਲਪਨਾ ਤੋਂ ਭਾਵ ਹੈ ਕਿ ਨਵੀਨ ਪ੍ਰਸੰਗ ਦੀ ਸਿਰਜਣਾ ਅਤੇ ਇਸ ਦੇ ਉਲਟ, ਹੋਂਦ ਦੀ ਸੇਧ ਤੋਂ ਭਾਵ ਹੈ ਕਿ ਜਿੱਥੇ ਕੋਈ ਘਟਨਾ ਅਣਸੁਖਾਵੀਂ ਜਾਂ ਅਨੁਚਿਤ ਹੋਵੇ ਉੱਥੇ ਕਵੀ ਉਸ ਵਿੱਚ ਲੋੜੀਦੀ ਸੋਧ-ਸੁਧਾਈ ਕਰਕੇ ਮੂਲ ਕਥਾ ਦੇ ਅਨੁਕੂਲ ਕਰ ਦਿੰਦਾ ਹੈ।

(iii) ਪ੍ਰਬੰਧ ਤੇ ਉਪਕਾਰ ਭਾਵ:- ਸੋਧੋ

ਪ੍ਰਬੰਧ ਤੇ ਉਪਕਾਰ ਭਾਵ ਤੋਂ ਮਤਲਬ ਹੈ ਕਿ ਜਿੱਥੇ ਪ੍ਰਬੰਧ ਕਥਾ ਵਿੱਚ ਜਦੋਂ ਸਾਰੇ ਪ੍ਰਕਰਮ ਇੱਕ-ਦੂਜੇ ਦੀ ਸਹਾਇਤਾ ਨਾਲ ਅੱਗੇ ਵੱਧਦੇ ਹਨ ਅਤੇ ਪ੍ਰਧਾਨ ਕਾਰਜ ਦੀ ਪੂਰਤੀ ਵਿੱਚ ਸਹਾਇਕ ਹੁੰਦੇ ਹਨ।

(iv) ਵਿਸ਼ੇਸ਼ ਪ੍ਰਕਰਣ ਦੀ ਅਤਿਰੰਜਨਾ:- ਸੋਧੋ

ਭਾਵ ਕਿ ਜਦੋਂ ਕਾਵਿ ਵਿੱਚ ਅਜਿਹੇ ਪ੍ਰਕਰਣ ਵਰਤੇ ਜਾਂਦੇ ਹਨ, ਜਿਹਨਾਂ ਦੇ ਦੁਹਰਾਉ ਨਾਲ ਕਾਵਿ ਵਿਚਲੀ ਰਸਾਤਮਕਤਾ ਹੋਰ ਵੀ ਪ੍ਰਤਿਭਾਸ਼ਾਲੀ ਰੂਪ ਧਾਰਨ ਕਰਦੀ ਹੈ।

(v) ਰੌਚਕ ਪ੍ਰਸੰਗਾਂ ਦਾ ਵਿਸਤ੍ਰਿਤ ਵਰਣਨ:- ਸੋਧੋ

ਕਾਵਿ ਵਿੱਚ ਸੁੰਦਰਤਾ ਤੇ ਵ੍ਰਕਤਾ ਪੈਦਾ ਕਰਨ ਲਈ ਜਦੋਂ ਵੱਖ-ਵੱਖ ਪ੍ਰਕਾਰ ਦੇ ਚਮਤਕਾਰੀ ਪ੍ਰਕਰਣ ਵ੍ਰਕਤਾ ਹੋਵੇ ਤਾਂ ਉੱਥੇ ਰੌਚਕ ਪ੍ਰਸੰਗਾ ਦਾ ਵਿਸਤ੍ਰਿਤ ਵਰਣਨ ਕੀਤਾ ਹੁੰਦਾ ਹੈ।

(vi) ਅਪ੍ਰਧਾਨ ਪ੍ਰਸੰਗ ਦੀ ਕਲਪਨਾ:- ਸੋਧੋ

ਜਦੋ ਕਵੀ ਕਿਸੇ ਕਾਵਿ ਵਸਤੂ ਦੀ ਸਫਲਤਾ ਲਈ ਸੁੰਦਰ, ਪਰ ਅਪ੍ਰਧਾਨ ਪ੍ਰਸੰਗ ਦੀ ਕਲਪਨਾ ਕਰਦਾ ਹੈ ਤਾਂ ਉੱਥੇ ਪ੍ਰਕਰਣ ਵਕ੍ਰਤਾ ਦਾ ਅਪ੍ਰਧਾਨ ਪ੍ਰਸੰਗ ਦੀ ਕਲਪਨਾ ਭੇਦ ਹੰਦਾ ਹੈ।

(vii) ਗਰਭਾਂਕ:- ਸੋਧੋ

ਗਰਭ ਦਾ ਮਤਲਬ ਹੁੰਦਾ ਹੈ ਗੱਭੇ, ਵਿਚਾਲੇ, ਅੰਦਰ। ਜਦੋਂ ਕਾਵਿ ਵਿੱਚ ਵਕ੍ਰਤਾਮਈ ਚਮਤਕਾਰ ਪੈਦਾ ਕਰਨ ਲਈ ਨਾਟਕ, ਮਹਾਂਕਾਵਿ ਜਾਂ ਕਥਾ ਕਾਵਿ ਦੇ ਅੰਤਰਗਤ ਕੋਈ ਹੋਰ ਨਾਟਕ ਜੋੜ ਦਿੱਤਾ ਜਾਂਦਾ ਤਾਂ ਉਸ ਨੂੰ ਅਸੀਂ ਗਰਭਾਂਕ ਕਹਿੰਦੇ ਹਾਂ।

(viii) ਅਗਲੇ-ਪਿਛਲੇ ਪ੍ਰਕਰਣਾਂ ਦਾ ਸੁਮੇਲ:- ਸੋਧੋ

ਪ੍ਰਬੰਧ ਕਾਵਿ ਜਾਂ ਨਾਟਕ ਵਿੱਚ ਪਹਿਲੇ ਪ੍ਰਕਰਣਾਂ ਦਾ ਮਗਰਲੇ ਪ੍ਰਕਰਣਾਂ ਨਾਲ ਸੁਮੇਲ ਪ੍ਰਕਰਣ ਵਕ੍ਰਤਾ ਦਾ ਇੱਕ ਪ੍ਰਮੁੱਖ ਰੂਪ ਹੈ। ਜੇਕਰ ਵੱਖ-ਵੱਖ ਪ੍ਰਕਰਣ ਅਗਲੇ-ਪਿਛਲੇ ਕ੍ਰਮ ਨਾਲ ਆਪੋ ਵਿੱਚ ਜੁੜੇ ਹੋਏ ਨਹੀਂ ਹੋਣਗੇ ਤਾਂ ਕਥਾ ਦੀ ਜਿਹੜੀ ਤੰਦ ਹੈ ਉਹ ਟੁੱਟ ਜਾਂਦੀ ਹੈ। ਇਸ ਲਈ ਜਦੋਂ ਨਾਟਕ ਜਾਂ ਪ੍ਰਬੰਧ ਕਾਵਿ ਵਿੱਚ ਪਹਿਲੇ ਅਤੇ ਪਿਛਲੇ ਪ੍ਰਕਰਣਾਂ ਦਾ ਸੁਮੇਲ ਕ੍ਰਮ ਅਨੁਸਾਰ ਤੇ ਚਮਤਕਾਰੀ ਢੰਗ ਨਾਲ ਹੋਇਆ ਹੁੰਦਾ ਹੈ ਤਾਂ ਉੱਥੇ ‘ਪ੍ਰਕਰਣ ਵਕ੍ਰਤਾ’ ਦਾ ਅਗਲੇ-ਪਿਛਲੇ ਪ੍ਰਕਰਣਾਂ ਦਾ ਸੁਮੇਲ ਭੇਦ ਹੁੰਦਾ ਹੈ।

6. ਪ੍ਰਬੰਧ ਵਕ੍ਰਤਾ ਸੋਧੋ

ਪ੍ਰਬੰਧ ਵਕ੍ਰਤਾ ਕਾਵਿ ਦੀ ਸਭ ਤੋਂ ਵੱਧ ਵਿਆਪਕ ਵਕ੍ਰੋਕਤੀ ਹੈ। ਇਸਦਾ ਆਧਾਰ ਨਾ ਤਾਂ ਵਰਣ (ਧੁਨੀਆਂ, ਅੱਖਰ), ਹਨ, ਨਾ ਸ਼ਬਦ, ਨਾ ਵਾਕ, ਨਾ ਪ੍ਰਕਰਣ, ਸਗੋਂ ਆਦਿ-ਅੰਤ ਸਮੁੱਚਾ ਪ੍ਰਬੰਧ ਕਾਵਿ ਜਾਂ ਨਾਟਕ ਹੁੰਦਾ ਹੈ। ਪ੍ਰਬੰਧ ਵਕ੍ਤਾ ਦੇ ਦਾਇਰੇ ਵਿੱਚ ਸਾਰੇ ਪ੍ਰਬੰਧ ਕਾਵਿ ਅਰਥਾਤ ਮਹਾਕਾਵਿ ਤੇ ਨਾਟਕ ਦਾ ਵਸਤੂ ਕੌਸ਼ਲ ਸ਼ਮੋਇਆ ਰਹਿੰਦਾ ਹੈ।ਇਸ ਦਾ ਆਧਾਰ ਖੇਤਰ ਬਹੁਤ ਵਿਸ਼ਾਲ ਤੇ ਵਿਆਪਕ ਹੈ। ਕੁੰਤਕ ਨੇ ਪ੍ਰਬੰਧ-ਵਕ੍ਰਤਾ ਦੇ ਛੇ ਉਪਭੇਦ ਕੀਤੇ ਹਨ:-

  1. ਮੂਲ ਰਸ-ਪਰਿਵਰਤਨ।
  2. ਨਾਇਕ ਦੇ ਚਰਿਤ੍ਰ ਨੂੰ ਉੱਨਤ ਕਰਨ ਵਾਲੀ ਚਰਮ ਘਟਨਾ ਉੱਤੇ ਕਥਾ ਦੀ ਸਮਾਪਤੀ।
  3. ਕਥਾ ਦੇ ਅੱਧ-ਵਿਚਾਲੇ ਹੀ ਕਿਸੇ ਹੋਰ ਕਾਰਜ ਦੁਆਰਾ ਪ੍ਰਧਾਨ ਕਾਰਜ।
  4. ਨਾਇਕ ਦੁਆਰਾ ਅਨੇਕ ਫਲ਼ਾਂ ਦੀ ਪ੍ਰਾਪਤੀ
  5. ਪ੍ਰਧਾਨ ਕਥਾ ਦਾ ਸੂਚਕ ਨਾਮਕਰਣ।
  6. ਇੱਕੋ ਹੀ ਮੂਲ-ਕਥਾ ਉੱਤੇ ਅਧਾਰਿਤ ਪ੍ਰਬੰਧਾ ਦੀ ਅਲੌਕਿਕ ਵਿਲੱਖਣਤਾ ਵਿੱਚ ਭਿੰਨਤਾ।

ਇਹਨਾਂ ਬਾਰੇ ਵਰਨਣ ਇਸ ਤਰਾਂ ਹੈ:-

  1. ਮੂਲ ਰਸ ਦਾ ਪਰਿਵਰਤਨ:- ਜਦੋਂ ਕਿਸੇ ਇਤਿਹਾਸਕ ਕਥਾ ਵਸਤੂ ਨੂੰ ਵਧੇਰੇ ਚਮਤਕਾਰੀ ਬਣਾਉਣ ਲਈ ਉਸਦੇ ਮੂਲ ਰਸ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ।
  2. ਜਦੋਂ ਕਾਵਿ ਵਿੱਚ ਨਾਇਕ ਦੇ ਚਰਿੱਤਰ ਨੂੰ ਉੱਨਤ ਕਰਨ ਵਾਲੀ ਘਟਨਾ ਉੱਤੇ ਕਥਾ- ਕਾਵਿ ਦੀ ਸਮਾਪਤੀ ਹੁੰਦੀ ਹੈ ਤਾਂ ਉੱਥੇ ਨਾਇਕ ਦੇ ਚਰਿਤ੍ਰ ਨੂੰ ਉਨੱਤ ਕਰਨ ਵਾਲੀ ਚਰਮ ਘਟਨਾ ਉੱਥੇ ਕਥਾ ਦੀ ਸਮਾਪਤੀ ਵਾਲਾ ਭੇਦ ਹੁੰਦਾ ਹੈ।
  3. ਕਥਾ ਦੇ ਅਧੱ-ਵਿਚਾਲੇ ਹੀ ਕਿਸੇ ਹੋਰ ਕਾਰਜ ਦੁਆਰਾ ਪ੍ਰਧਾਨ ਕਾਰਜ:- ਜਦੋਂ ਕਥਾ-ਕਾਵਿ ਦੇ ਵਿਚਕਾਰ ਕਿਸੇ ਹੋਰ ਕਾਰਜ ਦੁਆਰਾ ਪ੍ਰਧਾਨ ਕਾਰਜ ਨੂੰ ਪੂਰਾ ਕਰ ਦਿੱਤਾ ਜਾਂਦਾ ਹੈ।
  4. ਨਾਇਕ ਦੁਆਰਾ ਅਨੇਕ ਫਲਾਂ ਦੀ ਪ੍ਰਾਪਤੀ:- ਆਚਾਰੀਆਂ ਕੁਤੰਕ ਇਸ ਵਕ੍ਰਤਾ ਨੂੰ ‘ਅਨਸ਼ੰਗਿਕ-ਫਲ-ਵਕ੍ਰਤਾ’ ਦਾ ਨਾਂ ਦਿੰਦੇ ਹਨ। ਇਸ ਵਕ੍ਰਤਾ ਦੇ ਭੇਦ ਵਿੱਚ ਨਾਇਕ ਨੂੰ ਅਨੇਕ ਫਲਾਂ ਦੀ ਪ੍ਰਾਪਤੀ ਹੁੰਦੀ ਹੈ।
  5. ਪ੍ਰਧਾਨ ਕਥਾ ਦਾ ਸੂਚਕ ਨਾਮਕਰਣ (ਸਿਰਲੇਖ):- ਜਦੋਂ ਕਥਾ ਦੇ ਸੂਚਕ ਨਾਲ ਨਾਲ ਕਵੀ ਆਪਣੇ ਕਾਵਿ ਵਿੱਚ ਕੋਈ ਅਪੂਰਣ ਸੁੰਦਰਤਾ ਪੈਦਾ ਕਰਦਾ ਹੈ।
  6. ਇੱਕੋ ਹੀ ਮੂਲ-ਕਥਾ ਉੱਥੇ ਅਧਾਰਿਤ ਪ੍ਰਬੰਧਾਂ ਦੀ ਅਲੌਕਿਕ ਵਿਲੱਖਣਤਾ ਵਿੱਚ ਭਿੰਨਤਾ:- ਇੱਕ ਹੀ ਮੂਲ ਕਥਾ ਦੇ ਆਧਾਰ ‘ਤੇ ਮਹਾਂਕਵੀਆਂ ਵੱਲੋ ਰਦੇ ਗਏ ਕਾਵਿ, ਨਾਟਕ ਆਦਿ ਇੱਕ-ਦੂਜੇ ਤੋਂ ਵਿਲੱਖਣ ਹੋਣ ਕਰਕੇ ਕਿਸੇ ਅਦਭੂਦ ਵਕ੍ਰਤਾ ਦੀ ਪੁਸ਼ਟੀ ਹੁੰਦੀ ਹੈ।

ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਕ੍ਰੋਕਤੀ ਦੀ ਚਰਚਾ ਕੁਤੰਕ ਤੋਂ ਪਹਿਲਾ ਅਤੇ ਬਾਅਦ ਵਿੱਚ ਵੀ ਹੁੰਦੀ ਰਹੀ ਹੈ,ਪਰ ਇਸ ਨੂੰ ਕਾਵਿ ਦੀ ਆਤਮਾ ਵਜੋਂ ਕੁਤੰਕ ਤੋ ਸਿਵਾ ਹੋਰ ਕਿਸੇ ਵੀ ਆਚਾਰਯ ਨੇ ਸਵੀਕਾਰ ਨਾ ਕੀਤਾ। ਇੱਥੋ ਤੱਕ ਕਿ ਕੁਤੰਕ ਤੋਂ ਬਾਅਦ ਇਸ ਦਾ ਕੁਤੰਕ ਤੋ ਪਹਿਲਾ ਵਾਲਾ ਰੂਪ ਵੀ ਕਾਇਮ ਨਾ ਰਹਿ ਗਿਆ। ਵਕ੍ਰੋਕਤੀ ਨਾਲ ਕਾਵਿ ਉਕਤੀ ਆਮ ਗੱਲ ਬਾਤ ਤੋਂ ਉਲਟ ਇੱਕ ਖਾਸ ਉਕਤੀ ਹੁੰਦੀ ਹੈ। ਉਸ ਵਿੱਚ ਕੋਈ ਨਾ ਕੋਈ ਅਨੋਖਾਪਨ ਹੋਣਾ ਜਰੂਰੀ ਹੈ। ਇਹ ਅਨੋਖਾਪਨ ਸ਼ਬਦ ਤੇ ਅਰਥ ਦੋਹਾਂ ਵਿੱਚ ਹੁੰਦਾ ਹੈ। ਇਸ ਲਈ ਵਕ੍ਰੋਕਤੀ ਦਾ ਸੰਬਧ ਸਮੁੱਚੇ ਵਿਅਕਤਿਤਵ ਅਤੇ ਸਾਰੇ ਕਾਵਿ ਰਚਨਾ ਨਾਲ ਹੁੰਦਾ ਹੈ। ਵਕ੍ਰੋਕਤੀ ਇੱਕ ਅਜਿਹਾ ਤੱਤ ਵੀ ਹੈ। ਜਿਸ ਨੂੰ ਕਾਵਿ ਤੋਂ ਕਿਸੇ ਵੀ ਹਾਲਤ ਵਿੱਚ ਵੱਖ ਨਹੀਂ ਕੀਤਾ ਜਾ ਸਕਦਾ। ਜਿਵੇਂ-ਜਿਵੇਂ ਕਾਵਿ ਦਾ ਰੂਪ ਬਦਲਦਾ ਜਾਵੇਗਾ ਉਵੇਂ ਹੀ ਵਕ੍ਰੋਕਤੀ ਵੀ ਉਸੇ ਅਨੁਪਾਤ ਵਿੱਚ ਸਵੀਕਾਰ ਹੁੰਦੀ ਚਲੀ ਜਾਵੇਗੀ।

ਵਕ੍ਰੋਕਤੀ ਦਾ ਕਾਵਿ ਦੇ ਦੂਜੇ ਪ੍ਰਮੁੱਖ ਤੱਤਾਂ ਨਾਲ਼ ਸੰਬੰਧ[11] ਸੋਧੋ

ਭਾਰਤੀ ਕਾਵਿ-ਸ਼ਾਸ਼ਤਰ ਵਿੱਚ ਸੁਭਾਵੋਕਤੀ ਦੇ ਵਕ੍ਰੋਕਤੀ ਵਿੱਚ ਸਮਾਵੇਸ਼ ਬਾਰੇ ਅਚਾਰੀਆਂ ਦਾ ਮਤਭੇਦ ਰਿਹਾ ਹੈ।ਸਪਸ਼ਟ ਤੌਰ 'ਤੇ ਵਰਣਨਯੋਗ ਵਸਤੂ ਅਥਵਾ ਬਾਲਕ ਆਦਿ ਦੇ ਸੁਭਾਅ,ਰੂਪ ਜਾਂ ਕਿਸੇ ਵੀ ਤੱਤ ਆਦਿ ਦਾ ਉਸੇ ਰੂਪ ਵਿੱਚ ਵਰਣਨ ਕਰਨਾ 'ਸੁਭਾਵੋਕਤੀ' ਅਤੇ ਸਧਾਰਣ ਮਾਰਗ ਤੋਂ ਵਿਲੱਖਣਤਾ ਨਾਲ਼ ਕਥਨ 'ਵਕ੍ਰੋਕਤੀ' ਹੈ।ਸਭ ਤੋਂ ਪਹਿਲਾਂ ਭਾਮਹ ਨੇ ਸੁਭਾਵੋਕਤੀ ਨੂੰ ਸਪਸ਼ਟ ਰੂਪ ਵਿੱਚ ਆਪਣੇ-ਆਪ ਸਵੀਕਾਰ ਨਾ ਕਰ ਕੇ ਦੂਜਿਆਂ ਦੇ ਮਤਾਂ ਦਾ ਉਲੇਖ ਕੀਤਾ ਹੈ।ਦੰਡੀ ਨੇ ਸੁਭਾਵੋਕਤੀ ਨੂੰ ਸਭ ਤੋਂ ਪਹਿਲਾ ਅਲੰਕਾਰ ਮੰਨਦੇ ਹੋਏ ਵਕ੍ਰੋਕਤੀ ਨੂੰ ਵੱਖਰਾ ਸਵੀਕਾਰ ਕੀਤਾ ਹੈ।ਪਰੰਤੂ ਕੁੰਤਕ ਨੇ ਦੋਹਾਂ ਪੱਖਾਂ 'ਤੇ ਵਿਸ਼ੇਸ਼ ਵਿਚਾਰ ਕਰਦੇ ਹੋਏ ਸੁਭਾਵੋਕਤੀ ਨੂੰ ਅਲੰਕਾਰ ਨਾ ਮੰਨਕੇ ਅਲੰਕਾਰਯ ਕਿਹਾ ਹੈ।

(ੳ) ਵਕ੍ਰੋਕਤੀ ਅਤੇ ਰਸ ਸੋਧੋ

ਕੁੰਤਕ ਚਮਤਕਾਰਵਾਦੀ ਅਚਾਰੀਆ ਹਨ ਅਤੇ ਵਿਚਿੱਤਰ ਅਵਿਧਾਰੂਪ ਵਕ੍ਰੋਕਤੀ ਨੂੰ ਹੀ ਕਾਵਿ ਦਾ ਜੀਵਿਤ ਮੰਨਦੇ ਅੰਗ ਮੰਨਦੇ ਹਨ;ਪ੍ਰੰਤੂ ਇਹਨਾਂ ਨੇ ਕਾਵਿ 'ਚ 'ਰਸ'ਨੂੰ ਹੀ ਵਿਸ਼ੇਸ਼ ਮਹੱਤਵ ਦਿੱਤਾ ਹੈ।ਇਸੇ ਤਰਾਂ ਹੋਰ ਅਨੇਕ ਥਾਵਾਂ 'ਤੇ ਕੁੰਤਕ ਨੇ 'ਰਸ'ਨੂੰ ਬਹੁਤ ਮਹੱਤਵ ਦਿੱਤਾ ਹੈ।ਅਲੰਕਾਰਵਾਦੀ ਅਚਾਰੀਆਂ ਨੇ 'ਰਸ'ਨੂੰ ਸਿਰਫ਼ 'ਰਸਵਤ੍'ਅਲੰਕਾਰ ਕਹਿ ਕੇ ਇਸਨੂੰ ਗੌਣ(ਦੂਜਾ) ਸਥਾਨ ਦਿੱਤਾ ਹੈ;ਪ੍ਰੰਤੂ ਕੁੰਤਕ ਨੇ ਉਕਤ ਮਤ ਦਾ ਖੰਡਨ ਕਰਕੇ 'ਰਸ'ਨੂੰ ਅਲੰਕਾਰਯ ਮੰਨਿਆ ਹੈ।ਧੁਨਿਵਾਦੀ ਅਚਾਰੀਆਂ ਵਾਂਗ ਕੁੰਤਕ ਵੀ 'ਰਸ' ਨੂੰ ਪ੍ਰਤੀਯਮਾਨ ਮੰਨਦੇ ਹਨ ਤੇ ਕਿਹਾ ਹੈ ਕਿ ਜੇ ਰਸਾਂ ਦੇ ਸ਼੍ਰਿੰਗਾਰ ਆਦਿ ਦੇ ਨਾਮ-ਕਥਨ ਨਾਲ਼ ਹੀ 'ਰਸ' ਦਾ ਉਦ੍ਰਰੇਕ(ਅਨੁਭੂੱਤੀ) ਹੋ ਸਕਦਾ ਹੈ ਤਾਂ ਘਿਓ-ਮਾਲ੍ਹਪੁੜਾ ਆਦਿ ਸ਼ਬਦਾਂ ਨਾਲ਼ ਹੀ ਸ੍ਰੋਤੇ ਨੂੰ ਇਸਦੇ ਸੁਆਦ ਦੀ ਅਨੁਭੂੱਤੀ ਕਿਉਂ ਨਹੀਂ ਹੋ ਜਾਂਦੀ? ਕਾਵਿ'ਚ 'ਰਸ'ਨੂੰ ਇੰਨਾ ਮਹੱਤਵ ਦੇ ਕੇ ਵੀ ਇਹਨਾਂ ਨੇ 'ਵਕ੍ਰੋਕਤੀ'ਨੂੰ ਹੀ ਕਾਵਿ ਦਾ ਜੀਵਿਤ(ਪ੍ਰਾਣ) ਮੰਨਿਆ ਹੈ ਕਿਉਂਕਿ ਕਾਵਿ 'ਚ ਰਸ ਦੀ ਨਿਸ਼ਪੱਤੀ 'ਵਕ੍ਰਤਾ' ਤੋਂ ਬਿਨਾਂ ਨਹੀਂ ਹੋ ਸਕਦੀ ਜਦੋਂ ਕਿ 'ਵਕ੍ਰਤਾ' ਰਸ ਤੋਂ ਬਿਨਾਂ ਰਹਿ ਸਕਦੀ ਹੈ।

(ਅ) ਵਕ੍ਰੋਕਤੀ ਅਤੇ ਅਲੰਕਾਰ ਸੋਧੋ

ਅਚਾਰੀਆ ਕੁੰਤਕ ਦੀ 'ਵਕ੍ਰੋਕਤੀ' ਅਤੇ ਵਕ੍ਰੋਕਤੀ-ਅਲੰਕਾਰ ਵਿੱਚ ਅਨੇਕ ਸਮਾਨਤਾਵਾਂ ਹਨ ਪ੍ਰੰਤੂ ਅਲੰਕਾਰ-ਸੰਪਰਦਾਇ ਵਿੱਚ ਵਕ੍ਰੋਕਤੀ-ਅਲੰਕਾਰ ਦਾ ਅਤੇ ਵਕ੍ਰੋਕਤੀ-ਸੰਪਰਦਾਇ ਵਿੱਚ ਵਕ੍ਰੋਕਤੀ ਦਾ ਚਮਤਕਾਰ ਹੈ।ਅਲੰਕਾਰ ਦਾ ਚਮਤਕਾਰ ਕਾਵਿ ਦੇ ਬਾਹਰਲੇ ਸੌਂਦਰਯ ਨੂੰ ਪ੍ਰਗਟਾਉਂਦਾ ਹੈ,ਪਰ ਵਕ੍ਰੋਕਤੀ ਕਾਵਿ ਦੇ ਸੂਖ਼ਮ ਤੱਤਾਂ ਦਾ ਪ੍ਰਕਾਸ਼ਨ ਕਰਦੀ ਹੈ।ਦੂਜਾ,ਵਕ੍ਰੋਕਤੀ-ਸਿਧਾਂਤ ਅਲੰਕਾਰ-ਸਿਧਾਂਤ ਦੀ ਆਪੇਖਿਆ ਜ਼ਿਆਦਾ ਵਿਆਪਕ ਜਾਪਦਾ ਹੈ।

(ੲ) ਵਕ੍ਰੋਕਤੀ ਅਤੇ ਰੀਤੀ: ਸੋਧੋ

ਅਚਾਰੀਆ ਵਾਮਨ ਨੇ 'ਰੀਤੀ' ਨੂੰ ਕਾਵਿ ਦੀ ਆਤਮਾ ਕਿਹਾ ਹੈ,ਪਰ ਕੁੰਤਕ ਨੇ 'ਰੀਤੀ' ਨੂੰ 'ਵਕ੍ਰਤਾ'ਦਾ ਹੀ ਇੱਕ ਭੇਦ ਮੰਨਿਆ ਹੈ।ਕੁੰਤਕ ਨੇ 'ਰੀਤੀ' ਲਈ 'ਮਾਰਗ'ਪਦ ਦਾ ਪ੍ਰਯੋਗ ਕਰਦੇ ਹੋਏ ਵੈਦਰਭੀ ਰੀਤੀ ਨੂੰ ਸੁਕੁਮਾਰ-ਮਾਰਗ,ਗੌੜੀ ਨੂੰ ਵਿਚਿੱਤਰ-ਮਾਰਗ ਅਤੇ ਪਾਂਚਾਲੀ ਨੂੰ ਮਧਿਅਮ-ਮਾਰਗ ਕਿਹਾ ਹੈ।ਵਕ੍ਰੋਕਤੀ ਦਾ ਖੇਤਰ 'ਰੀਤੀ' ਦੀ ਆਪੇਖਿਆ ਜ਼ਿਆਦਾ ਵਿਆਪਕ ਹੈ ਕਿਉਂਕਿ 'ਰੀਤੀ' ਪਦਾਂ ਦੀ ਸੰਘਟਨਾ(ਯੋਜਨਾ) ਤੱਕ ਸੀਮਿਤ ਹੈ ਅਤੇ ਇਹ (ਰੀਤੀ) ਵਰਣ-ਪ੍ਰਕ੍ਰਿਤੀ-ਪ੍ਰਤਿਅਯ-ਵਾਕ-ਵਕ੍ਰਤਾਵਾਂ 'ਚ ਸਮਾ ਜਾਂਦੀ ਹੈ,ਪਰ ਵਕ੍ਰੋਕਤੀ 'ਚ ਪ੍ਰਕਰਣ ਅਤੇ ਪ੍ਰਬੰਧਵਕ੍ਰਤਾ ਰਸ-ਨਿਸ਼ਪੱਤੀ ਦਾ ਸੰਕੇਤ ਕਰਦੀਆਂ ਹਨ।

(ਸ) ਵਕ੍ਰੋਕਤੀ ਅਤੇ ਔਚਿਤਯ: ਸੋਧੋ

ਅਚਾਰੀਆ ਕੁੰਤਕ ਨੇ ਕਾਵਿ 'ਚ ਔਚਿਤਯ ਨੂੰ ਕਾਫ਼ੀ ਮਹੱਤਵ ਦਿੱਤਾ ਹੈ ਜਿਹੜਾ ਕਿ ਕੁੰਤਕ ਦੇ ਕਾਵਿ-ਲਕ੍ਸ਼ਣ ਤੋਂ ਲੈ ਕੇ ਪ੍ਰਬੰਧਵਕਰਤਾ ਦੇ ਵਿਵੇਚਨ ਤੱਕ ਮਿਲਦਾ ਹੈ ਅਤੇ ਔਚਿਤਯ ਨੂੰ ਵਕ੍ਰਤਾ ਦਾ ਪ੍ਰਾਣ ਦੱਸਿਆ ਹੈ।ਕੁੰਤਕ ਦੇ ਅਨੁਸਾਰ ਕਾਵਿ 'ਚ ਔਚਿਤਯ ਤੋਂ ਬਿਨ੍ਹਾਂ ਸਹ੍ਰਿਦਯ ਨੂੰ ਆਹਲਾਦ ਦੀ ਅਨੁਭੂੱਤੀ ਵਿੱਚ ਰੁਕਾਵਟ ਪੈਦਾ ਹੁੰਦੀ ਹੈ।ਸਪਸ਼ਟ ਸ਼ਬਦਾਂ 'ਚ ਕੁੰਤਕ ਨੇ ਜਿੱਥੇ ਵਕ੍ਰੋਕਤੀ ਨੂੰ ਕਾਵਿ ਦਾ ਪ੍ਰਾਣ ਮੰਨਿਆ ਹੈ,ਉਥੇ ਹੀ ਔਚਿਤਯ ਨੂੰ ਵੀ ਕਾਵਿ ਦਾ ਪ੍ਰਾਣ ਤੱਤ ਸਵੀਕਾਰ ਕੀਤਾ ਹੈ।ਇੰਨਾ ਹੋਣ ਦੇ ਬਾਵਜੂਦ ਵੀ ਕੁੰਤਕ ਨੇ ਕਿਹਾ ਹੈ ਕਿ ਵਕ੍ਰੋਕਤੀ ਵਸਤੂਨਿਸ਼ਠ ਅਤੇ ਕਾਵਿ ਦੇ ਸਾਰੇ ਅੰਗਾਂ ਨਾਲ਼ ਜ਼ਿਆਦਾ ਸਬੰਧਿਤ ਹੈ,ਪਰ ਔਚਿਤਯ ਦਾ ਸਬੰਧ ਸਿਰਫ਼ ਕਵੀ ਦੇ ਵਿਵੇਕ ਨਾਲ਼ ਹੈ।

(ਹ) ਵਕ੍ਰੋਕਤੀ ਅਤੇ ਧੁਨੀ: ਸੋਧੋ

ਅਚਾਰੀਆ ਕੁੰਤਕ ਨੇ ਆਪਣੇ ਗ੍ਰੰਥ 'ਵਕ੍ਰੋਕਤੀਜੀਵਿਤਮ੍' ਵਿੱਚ ਆਨੰਦਵਰਧਨ ਦੇ ਧੁਨੀ-ਸਿਧਾਂਤਾਂ ਦਾ ਅਨੇਕ ਵਾਰ ਉਲੇਖ ਕੀਤਾ ਹੈ।ਵਕ੍ਰੋਕਤੀ ਅਤੇ ਧੁਨੀ ਵਿੱਚ ਅਨੇਕ ਤਰਾਂ ਦੀ ਸਮਾਨਤਾ ਅਤੇ ਵਿਸ਼ਮਤਾ(ਅੰਤਰ) ਦੋਨੋਂ ਹਨ।ਦੋਹਾਂ ਵਿੱਚ ਲੋਕ-ਪ੍ਰਸਿੱਧ ਅਰਥ ਦਾ ਅਤਿਕ੍ਰਮਣ ਹੁੰਦਾ ਹੈ।ਕੁੰਤਕ ਦੀ ਵਕ੍ਰੋਕਤੀ ਵਿਚਿਤ੍ਰ ਅਭਿਧਾ-ਵਿਆਪਾਰ;ਪਰ ਧੁਨੀ ਵਾਚਕ-ਵਾਚਯ ਤੋਂ ਭਿੰਨ ਵਿਅੰਗ-ਵਿਅੰਜਕ ਭਾਵ ਦੁਆਰਾ ਕਾਵਿ'ਚ ਰਮਣੀਯਤਾ ਦੀ ਪ੍ਰਤਿਪਾਦਕ ਹੈ ਪਰ ਕੁੰਤਕ ਨੇ ਅਨੰਦਵਰਧਨ ਦੇ ਵਿਅੰਗ-ਵਿਅੰਜਕਭਾਵ ਨੂੰ 'ਉਪਚਾਰ' ਦੁਆਰਾ 'ਵਾਚਕ' ਦੇ ਅੰਤਰਗਤ ਹੀ ਮੰਨਿਆ ਹੈ।ਕੁੰਤਕ ਨੇ ਧੁਨੀ ਦੇ ਅਨੇਕ ਪ੍ਰਮੁੱਖ ਭੇਦਾਂ ਨੂੰ ਵਕ੍ਰੋਕਤੀ ਦੇ ਪ੍ਰਮੁੱਖ ਭੇਦਾਂ 'ਚ ਸਮਾਹਿਤ ਕਰ ਲਿਆ ਹੈ।ਇਸੇ ਤਰ੍ਹਾਂ ਕੁੰਤਕ ਨੇ ਅਨੰਦਵਰਧਨ ਦੇ ਪ੍ਰਤੀਯਮਾਨ(ਵਿਅੰਗ) ਅਰਥ ਨੂੰ ਸਪਸ਼ੱਟ ਸ਼ਬਦਾਂ 'ਚ ਸਵੀਕਾਰ ਕਰਦੇ ਹੋਏ ਅਲੰਕਾਰਾਂ ਦੇ ਵਾਚਯ,ਪ੍ਰਤੀਯਮਾਨ-ਦੋ ਰੂਪ ਮੰਨੇ ਹਨ ਅਤੇ ਰੂਪਕ ਅਲੰਕਾਰ ਲਈ ਤਾਂ 'ਪ੍ਰਤੀਯਮਾਨ'ਪਦ ਵਿਸ਼ੇਸ਼ਣ ਵਜੋਂ ਪ੍ਰਯੋਗ ਕੀਤਾ ਹੈ।ਇੰਨੀ ਕੁ ਆਪਸੀ ਸਮਾਨਤਾ ਹੋਣ 'ਤੇ ਵੀ ਕੁੰਤਕ ਧੁਨੀ ਵਿਰੋਧੀ ਅਚਾਰੀਆ ਹਨ ਕਿਉਂਕਿ ਅਨੰਦਵਰਧਨ ਨੇ ਜਿਸ ਧੁਨੀ-ਤੱਤ ਨੂੰ ਵਿਅੰਜਨਾ ਸ਼ਬਦ ਸ਼ਕਤੀ ਦੁਆਰਾ ਪ੍ਰਤਿਪਾਦਿਤ ਕਰਕੇ ਪ੍ਰਤੀਯਮਾਨ ਮੰਨਿਆ ਹੈ,ਉਸੇ ਨੂੰ ਕੁੰਤਕ ਨੇ ਵਿਚਿਤ੍ਰ-ਅਭਿਧਾ ਵ੍ਰਿਤੀ (ਸ਼ਕਤੀ) ਦੁਆਰਾ ਅਭਿਧੀਯਮਾਨ ਕਿਹਾ ਹੈ।

ਹਵਾਲੇ ਸੋਧੋ

  1. ਸਿੰਘ, ਡਾ:ਸੁਰਜੀਤ (2019). "ਵਕ੍ਰੋਕਤੀ ਸੰਪਰਦਾਇ (ਕਲਾਸ ਨੋਟਿਸ)": 1 – via ਪੰਜਾਬੀ ਵਿਭਾਗ. {{cite journal}}: Cite journal requires |journal= (help)
  2. ਸ਼ਰਮਾ, ਪ੍ਰੋ; ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 232. ISBN 978-81-302-0462-8.
  3. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 232. ISBN 978-81-302-0462-8.
  4. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 232. ISBN 978-81-302-0462-8.
  5. 5.0 5.1 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 233. ISBN 978-81-302-0462-8.
  6. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 233. ISBN 978-81-302-0462-8.
  7. 7.0 7.1 ਸਿੰਘ, ਡਾ:ਸੁਰਜੀਤ (2019). "ਵਕ੍ਰੋਕਤੀ ਸੰਪਰਦਾਇ (ਕਲਾਸ ਨੋਟਿਸ)": 2 – via ਪੰਜਾਬੀ ਵਿਭਾਗ. {{cite journal}}: Cite journal requires |journal= (help)
  8. ਸ਼ਰਮਾ, ਪ੍ਰੋ:ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. 234, 235. ISBN 978-81-302-0462-8.
  9. ਸ਼ਰਮਾ, ਪ੍ਰੋ:ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 235. ISBN 978-81-302-0462-8.
  10. 10.0 10.1 ਡਾ:ਰਵਿੰਦਰ, ਕੌਰ (2011). ਵਕ੍ਰੋਕਤੀ ਜੀਵਿਤ ਕੁੰਤਕ. ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਲੈਟੀਨਮ ਕੰਪਿਊਟਰਜ਼, ਪਟਿਆਲਾ. p. 78. ISBN 81-302-0272-7.
  11. ਸ਼ਰਮਾ, ਸੁਕਦੇਵ (2017). ਭਾਰਤੀ ਕਾਵਿ ਸ਼ਾਸ਼ਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ. pp. 249, 250, 251, 252. ISBN 978-81-302-0462-8.