ਵਰਤੋਂਕਾਰ:ਅਮਨਦੀਪ ਸਿੰਘ ਮਹਿੜਾ/ਕੱਚਾ ਖਾਕਾ
ਆਚਾਰੀਆ ਵਾਗ੍ਭਟ - II
ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਵਾਗ੍ਭਟ-II ਨੂੰ ਇੱਕ ਬਹੁਤ ਪ੍ਰਸਿੱਧ ਕਾਵਿਸ਼ਾਸਤਰੀ ਮੰਨਿਆ ਜਾਂਦਾ ਹੈ। ਉਹਨਾਂ ਦਾ ਸਮਾਂ 14 ਵੀਂ ਈ. ਸਦੀ ਦੇ ਲਗਭਗ ਮੰਨਿਆ ਜਾਂਦਾ ਹੈ। ਉਹਨਾਂ ਨੂੰ ‘ਕਾਵਿ-ਆਨੁਸ਼ਾਸਨ' ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਇਹ ਵਾਗ੍ਭਟ - II ਤੋਂ ਵੱਖਰੇ ਹਨ, ਇਹ ਗੱਲ ਉਹਨਾਂ ਦੀ ਆਪਣੀ ਹੀ ਰਚਨਾ 'ਚ ਵਿਦਮਾਨ ਉੱਲੇਖਾਂ ਤੋਂ ਸਪਸ਼ਟ ਹੋ ਜਾਂਦੀ ਹੈ। ਦੂਜਾ, ਗ੍ਰੰਥ 'ਚ ਪ੍ਰਤਿਪਾਦਿਤ ਵਿਸ਼ੈ ਅਤੇ ਸ਼ੈਲੀ ਵੀ ਇਹਨਾਂ ਨੂੰ ਪਹਿਲੇ ਵਾਗ੍ਭਟ ਤੋਂ ਵੱਖਰਾ ਕਰਦੀ ਹੈ। ਇੱਕੋ ਵਿਸ਼ੈ ਲਈ ਦੂਜੇ ਗ੍ਰੰਥ ਦੀ ਰਚਨਾ ਕਰਨ 'ਚ ਵੀ ਕੋਈ ਔਚਿਤਯ ਨਹੀਂ ਜਾਪਦਾ ਹੈ। ਇਸ ਤੋਂ ਇਲਾਵਾ ਦੋਹਾਂ ਦੇ ਵਿਚਕਾਰ ਸਮੇਂ ਦਾ ਬਹੁਤ ਵੱਡਾ ਅੰਤਰਾਲ ਵੀ ਦੋਹਾਂ ਨੂੰ ਵੱਖ-ਵੱਖ ਹੀ ਸਿੱਧ ਕਰਦਾ ਹੈ।
ਜੀਵਨ
ਸੋਧੋਆਚਾਰੀਆ ਵਾਗ੍ਭਟ - II ਦੇ ਜੀਵਨ ਅਤੇ ਸਮੇਂ ਬਾਰੇ ਕੋਈ ਸੂਚਨਾ ਪ੍ਰਾਪਤ ਨਹੀਂ ਹੈ। ਸਿਰਫ਼ ਇਹਨਾਂ ਦੇ ਗ੍ਰੰਥ 'ਚ ਪ੍ਰਾਪਤ ਕੁੱਝ ਉੱਲੇਖਾਂ ਦੇ ਆਸਰੇ ਹੀ ਕੁੱਝ ਤੱਥਾਂ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਹ ਜੈਨ ਮਤ ਦੇ ਅਨੁਯਾਯੀ ਅਤੇ ‘ਨੇਮੀਕੁਮਾਰ’ ਦੇ ਪੁੱਤਰ ' ਸਨ (ਜਦੋਂ ਕਿ ਪਹਿਲੇ ਦੇ ਪਿਤਾ ‘ਸੋਮ’ ਸਨ)। ਇਹਨਾਂ ਦੁਆਰਾ ਆਪਣੇ ਗ੍ਰੰਥ ’ਚ-ਭੇਦਘਾਟ (ਮੇਵਾੜ੍ਹ), ਰਾਹੜ੍ਹਪੁਰ, ਨਲੋਟਕਪੁਰ ਆਦਿ ਦੇ ਉੱਲੇਖ ਤੋਂ ਜਾਪਦਾ ਹੈ ਕਿ ਇਹ ਮੇਵਾੜ ਪ੍ਰਦੇਸ਼ ਦੇ ਰਹਿਣ ਵਾਲੇ ਹੋਣਗੇ? ਇਹਨਾਂ ਨੂੰ ਪਹਿਲੇ ਵਾਗ੍ਭਟ - II ਤੋਂ ਵੱਖਰਾ ਕਰਨ ਲਈ ਸਭ ਤੋਂ ਪੱਕਾ ਪ੍ਰਮਾਣ ਹੈ ਕਿ ਇਹਨਾਂ ਨੇ ਪਹਿਲੇ ਵਾਗ੍ਭਟ ਨੂੰ ਕਾਵਿ ’ਚ ਦਸ ਗੁਣਾਂ ਦਾ ਪ੍ਰਤਿਪਾਦਕ ਕਿਹਾ ਹੈ ਜਦੋਂ ਕਿ ਆਪਣੇ-ਆਪ ਤਿੰਨ ਗੁਣਾਂ ਦਾ ਵਿਵੇਚਨ ਕੀਤਾ ਹੈ। ਇਸ ਲਈ ਇਹ ਵਾਗ੍ਭਟ ਪਹਿਲੇ ਵਾਗ੍ਭਟ ਤੋਂ ਬਿਲਕੁਲ ਭਿੰਨ ਹੈ ਅਤੇ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇਹਨਾਂ ਦੀ ਵਾਗ੍ਭਟ - II ਦੇ ਰੂਪ 'ਚ ਹੀ ਪ੍ਰਸਿੱਧੀ ਹੈ।ਵਾਗ੍ਭਟ - II ਨੇ ਆਪਣੇ ਗ੍ਰੰਥ 'ਚ ਮੰਮਟ ਅਤੇ ਵਾਗ੍ਭਟ - I ਦਾ ਉੱਲੇਖ ਕੀਤਾ ਹੈ; ਇਸ ਲਈ ਇਹਨਾਂ ਦਾ ਸਮਾਂ 12 ਵੀਂ ਈ. ਸਦੀ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਭਾਰਤੀ ਕਾਵਿ-ਸ਼ਾਸਤਰ ਦੇ ਸਮੀਖਿਆਕਾਰਾਂ ਅਤੇ ਸੰਸਕ੍ਰਿਤ ਸਾਹਿਤ ਦੇ ਇਤਿਹਾਸਕਾਰਾਂ ਦੇ ਅਨੁਸਾਰ ਇਹ 14 ਵੀਂ ਸਦੀ ਦੇ ਲਗਭਗ ਹੋਏ ਹੋਣਗੇ ।
ਆਚਾਰੀਆ ਵਾਗ੍ਭਟ - II ਦੇ ਅਲੰਕਾਰਸ਼ਾਸਤਰੀ ਗ੍ਰੰਥ ‘ਕਾਵਿਆਨੁਸ਼ਾਸਨ’ ਤੋਂ ਇਲਾਵਾ ਇਹਨਾਂ ਨੇ ਆਪਣੇ ਗ੍ਰੰਥ ਚ 'ਰਿਸ਼ਭਦੇਵਚਰਿਤ' ਮਹਾਕਾਵਿ ਅਤੇ ‘ਛੰਦੋਨੁਸ਼ਾਸਨ’ ਨਾਮ ਦੀਆਂ ਦੋ ਹੋਰ ਕਿਰਤਾਂ ਦਾ ਉੱਲੇਖ ਕੀਤਾ ਹੈ। ਪਰ ਇਹ ਦੋਨੋਂ ਰਚਨਾਵਾਂ ਅਪ੍ਰਾਪਤ ਹਨ। ਭਾਰਤੀ ਕਾਵਿ-ਸ਼ਾਸਤਰ ਦੇ ਖੇਤਰ 'ਚ ਇਹਨਾਂ ਦੀ ਕਾਵਿਸ਼ਾਸਤਰੀ ਰਚਨਾ ‘ਕਾਵਿਆਨੁਸ਼ਾਸਨ` ਬਹੁਤ ਪ੍ਰਸਿੱਧ ਅਤੇ ਇਹ ਆਚਾਰੀਆ
ਹੇਮਚੰਦ ਦੇ ‘ਕਾਵਿਆਨੁਸ਼ਾਸਨ' ਤੋਂ ਬਿਲਕੁਲ ਵੱਖਰੀ ਹੈ। ਇਸ ਗ੍ਰੰਥ ਦੀ ਰਚਨਾ ਗਦਮਯ ਸੂਤ੍ਰਾਂ ’ਚ ਅਤੇ ਸ੍ਵੈ-ਰਚਿਤ ‘ਅਲੰਕਾਰਤਿਲਕ' ਨਾਮ ਦੀ ਵਿੱਰਤੀ ਦੁਆਰਾ, ਉਦਾਹਰਣਾਂ ਦਾ ਪ੍ਰਤਿਪਾਦਨ ਹੈ। ਉਦਾਹਰਣ ਦੂਜੀਆਂ ਕਿਰਤਾਂ ਵਿੱਚੋਂ ਸੰਗ੍ਰਹੀਤ ਹਨ। ਭਾਰਤੀ ਸਮੀਖਿਆਕਾਰਾਂ ਦੇ ਅਨੁਸਾਰ ਇਸ ਵਿੱਚ ‘ਕਾਵਿਮੀਮਾਂਸਾ’, ‘ਕਾਵਿਪ੍ਰਕਾਸ਼' ਆਦਿ ਕਾਵਿਸ਼ਾਸਤਰੀ ਗ੍ਰੰਥਾਂ 'ਚੋਂ ਸਾਮਗ੍ਰੀ ਨੂੰ ਸੰਕਲਿਤ ਕੀਤਾ ਗਿਆ ਹੈ। ਇਸ ਗ੍ਰੰਥ ’ਚ ਪੰਜ ਅਧਿਆਇ ਹਨ; ਜਿਨ੍ਹਾਂ ਵਿੱਚ ਕਾਵਿ ਦੇ ਲਗਭਗ ਸਾਰਿਆਂ ਤੱਤਾਂ ਦਾ ਪ੍ਰਤਿਪਾਦਨ ਹੋਇਆ ਹੈ।
ਅਧਿਆਇ 1. ਵਿੱਚ ਕਾਵਿ-ਪ੍ਰਯੋਜਨ, ਕਾਵਿ- ਹੇਤੂ ਕਾਵਿ-ਰਚਨਾ ਦਾ ਪ੍ਰਮੁੱਖ ਕਾਰਣ ਪ੍ਰਤਿਭਾ ਅਤੇ ਇਸਦੇ ਸਹਾਇਕ ਕਾਰਣ ਵਿਉਤਪੱਤੀ ਅਤੇ ਅਭਿਆਸ, ਇਹਨਾਂ ਦੇ ਲਕ੍ਸ਼ਣ, ਕਵੀ-ਸੰਕੇਤ (ਸਮਯ), ਕਾਵਿ ਲਕ੍ਸ਼ਣ, ਗਦ-ਪਦ-ਮਿਸ਼ਰ ਕਾਵਿ ਦੇ ਤਿੰਨ ਭੇਦ, ਮਹਾਕਾਵਿ-ਆਖਿਆਇਕਾ-ਕਥਾ-ਚੰਪੂ-ਮਿਸ਼ਕਾਵਿ ਦੇ ਲਕ੍ਸ਼ਣ, ਦਸ ਰੂਪਕਾਂ ਅਤੇ ਗੇਯ ਕਾਵਿਆਂ ਦਾ ਵਿਵੇਚਨ।
ਅਧਿਆਇ-2 ਵਿੱਚ ਪਦ ਅਤੇ ਵਾਕ ਦੇ 16-16 ਭੇਦ; ਅਰਥ ਦੇ 14 ਭੇਦ, ਦੰਡੀ-ਵਾਮਨ ਵਾਗ੍ਭਟ-1 ਆਦਿ ਦੁਆਰਾ ਨਿਰੂਪਿਤ ਦਸ ਗੁਣਾਂ ਦਾ ਵਿਵੇਚਨ ਕਰਕੇ ਆਪਣੇ ਮਤਾਨੁਸਾਰ ਮਾਧੁਰਯ, ਓਜ, ਪ੍ਸਾਦ ਤਿੰਨ ਗੁਣਾਂ ਦਾ ਵਿਵੇਚਨ; ਵੈਦਰਭੀ, ਗੌੜੀਯਾ, ਪਾਂਚਾਲੀ ਤਿੰਨ ਰੀਤੀਆਂ ਦਾ ਪਤਿਪਾਦਨ।
ਅਧਿਆਇ-3. ਵਿੱਚ 63 ਅਰਥਾਲੰਕਾਰਾਂ ਦਾ ਲਕ੍ਸ਼ਣ-ਉਦਾਹਰਣ ਸਹਿਤ ਵਿਵੇਚਨ ਇਹਨਾਂ ਅਲੰਕਾਰਾਂ ਵਿੱਚ-ਅਨਯ, ਅਪਰ, ਪੂਰਵ, ਲੇਸ਼, ਪਿਹਿਤ, ਮਤ, ਉਭਯਨਿਆਸ, ਭਾਵ, ਆਸ਼ੀਹ-ਇਹ ਨਵੇਂ ਅਤੇ ਵਿਲਕ੍ਸ਼ਣ ਅਲੰਕਾਰ ਜਾਪਦੇ ਹਨ।
ਅਧਿਆਇ-4 ਵਿੱਚ ਛੇ ਸ਼ਬਦਾਲੰਕਾਰਾਂ ਦਾ ਲਕ੍ਸ਼ਣ ਉਦਾਹਰਣਸਹਿਤ ਵਿਵੇਚਨ।
ਅਧਿਆਇ-5. ਵਿੱਚ ਨੌਂ ਰਸ; ਵਿਭਾਵ-ਅਨੁਭਾਵ-ਵਿਅਭਿਚਾਰਿਭਾਵਾਂ ਦਾ ਪ੍ਰਤਿਪਾਦਨ, ਨਾਇਕ-ਨਾਇਕਾ ਭੇਦ; ਪ੍ਰੇਮ ਦੀਆਂ ਦਸ ਅਵਸਥਾਵਾਂ ਅਤੇ ਰਸ- ਦੋਸ਼ਾਂ ਦਾ ਵਿਵੇਚਨ ਹੈ।
ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਵਾਗ੍ਭਟ- II ਨੂੰ ਜ਼ਿਆਦਾ ਮਹਤੱਵ ਨਹੀਂ ਮਿਲਿਆ ਕਿਉਂਕਿ ਜ਼ਿਆਦਾਤਰ ਸਮੀਖਿਆਕਾਰਾਂ ਦੀ ਧਾਰਣਾ ਹੈ ਕਿ ਇਹਨਾਂ ਨੇ ਸਿਰਫ਼ ਪ੍ਰਾਚੀਨ ਕਾਵਿ-ਸ਼ਾਸਤਰ ਦੇ ਆਚਾਰੀਆਂ ਦੇ ਸਿੱਧਾਂਤਾਂ ਅਤੇ ਮਤਾਂ ਦਾ ਹੀ ਸੰਗ੍ਰਹਿ ਕੀਤਾ ਹੈ। ਪਰ ਇਹਨਾਂ ਦੁਆਰਾ ਨਵੇਂ, ਅਪਰ, ਪੂਰਵ, ਲੇਸ਼, ਪਿਹਿਤ, ਮਤ, ਉਭਯਨਿਆਸ, ਭਾਵ, ਆਸ਼ੀਹ-ਨੌਂ ਅਲੰਕਾਰਾਂ ਦੀ ਉਦਭਾਵਨਾ ਪਰਵਰਤੀ ਆਚਾਰੀਆਂ ਲਈ ਜ਼ਰੂਰ ਪ੍ਰੇਰਣਾ ਦੇਣ ਵਾਲੀ ਕਹੀ ਜਾ ਸਕਦੀ ਹੈ।
- ↑ ਪ੍ਰੋ.ਸ਼ੁਕਦੇਵ ਸ਼ਰਮਾ -ਭਾਰਤੀ ਕਾਵਿਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. 2017. pp. 365–367. ISBN 978-81-302-0462-8.