ਜੀਵਨ ਵਿੱਚ ਇੰਟਰਨੈੱਟ ਦੀ ਮਹੱਤਤਾ

ਸੋਧੋ

ਸਾਡੇ ਰੋਜ਼ਾਨਾ ਜੀਵਨ ਵਿੱਚ ਇੰਟਰਨੈੱਟ ਦਾ ਪ੍ਰਭਾਵ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਇਸ ਨੇ ਸਾਡੇ ਲਈ ਜਾਣਕਾਰੀ ਅਤੇ ਸੰਚਾਰ ਦੀ ਇੱਕ ਜਾਦੂਈ ਦੁਨੀਆ ਖੋਲ੍ਹ ਦਿੱਤੀ ਹੈ। ਇਸ ਦੇ ਦਾਇਰੇ ਅਤੇ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇੰਟਰਨੈੱਟ ਤੋਂ ਬਿਨਾਂ ਇਸ ਦੁਨੀਆਂ ਦੀ ਵਰਤਮਾਨ ਸਮੇਂ ਕਲਪਨਾ ਕਰਨਾ ਵੀ ਮੁਸ਼ਕਲ ਹੈ। ਇਹ ਕਦੇ ਨਾ ਖਤਮ ਹੋਣ ਵਾਲੀ ਨਵੀਨਤਾ ਅਤੇ ਰਚਨਾਤਮਕਤਾ ਦਾ ਪ੍ਰਗਟਾਵਾ ਹੈ। ਇੰਟਰਨੈੱਟ ਜਿਸ ਨੂੰ ਆਮ ਤੌਰ ’ਤੇ ‘ਨੈੱਟ’ ਵੀ ਕਿਹਾ ਜਾਂਦਾ ਹੈ, ਅੱਜ ਦੇ ਸਮੇਂ ਹਰ ਉਮਰ ਅਤੇ ਪੇਸ਼ੇ ਦੇ ਲੋਕਾਂ ਲਈ ਇੱਕ ਵੱਡੀ ਆਰਥਿਕ ਸੰਭਾਵਨਾਵਾਂ ਲਿਆ ਰਿਹਾ ਹੈ। ਇਕ ਰਿਪੋਰਟ ਅਨੁਸਾਰ ਪੂਰੀ ਦੁਨੀਆਂ ਵਿੱਚ ਲਗਭਗ ਪੰਜ ਅਰਬ ਉਪਭੋਗਤਾਵਾਂ ਦੇ ਨਾਲ, ਇੰਟਰਨੈੱਟ ਸੰਚਾਰ ਦੇ ਸਭ ਤੋਂ ਮਹੱਤਵਪੂਰਨ ਸਾਧਨਾਂ ਵਜੋਂ ਉੱਭਰ ਰਿਹਾ ਹੈ। ਇੰਟਰਨੈੱਟ ਨੇ ਸਾਡੀ ਜ਼ਿੰਦਗੀ ’ਤੇ ਬਹੁਤ ਪ੍ਰਭਾਵ ਛੱਡਿਆ ਹੈ, ਜਦੋਂ ਤੋਂ ਇੰਟਰਨੈੱਟ ਦੀ ਸਥਾਪਨਾ ਕੀਤੀ ਗਈ ਹੈ, ਇਹ ਸਾਡੀ ਉਂਗਲੀਆਂ ’ਤੇ ਜਾਣਕਾਰੀ ਅਤੇ ਗਿਆਨ ਲੈ ਕੇ ਆਇਆ ਹੈ। ਇੰਟਰਨੈੱਟ ਅਜੋਕੇ ਸਮੇਂ ਦੀ ਸਭ ਤੋਂ ਉਪਯੋਗੀ ਤਕਨਾਲੌਜੀ ਹੈ, ਜਿਸ ਵਿੱਚ ਵਿਸ਼ਵ ਪੱਧਰ ’ਤੇ ਆਪਸ ਵਿੱਚ ਜੁੜੇ ਹੋਏ ਕੰਪਿਊਟਰ ਨੈੱਟਵਰਕ ਹਨ। ਜਿਹੜੇ ਕਿ ਦੁਨੀਆ ਭਰ ਦੇ ਅਰਬਾਂ ਉਪਭੋਗਤਾਵਾਂ ਦੀ ਸੇਵਾ ਲਈ ਉਪਕਰਨਾਂ ਨੂੰ ਜੋੜਨ ਲਈ ਇੰਟਰਨੈੱਟ ਪ੍ਰੋਟੋਕੋਲ ਸੂਟ (ਟੀਸੀਪੀ/ਆਈਪੀ) ਦੀ ਵਰਤੋਂ ਕਰਦੇ ਹਨ, ਸੰਖੇਪ ਵਿੱਚ ਇੰਟਰਨੈਟ ਇੱਕ ਆਪਟੀਕਲ ਫਾਈਬਰ ਕੇਬਲਾਂ ਦਾ ਜਾਲ ਹੈ, ਜੋ ਜ਼ਮੀਨ ਅਤੇ ਸਮੁੰਦਰ ’ਚ ਵਿਛਾਈਆਂ ਹੋਈਆਂ ਹਨ, ਜਿਨ੍ਹਾਂ ਰਾਹੀਂ ਵੱਖ-ਵੱਖ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਦੇ ਡਾਟਾ ਸੈਂਟਰ, ਕੰਪਿਊਟਰ ਅਤੇ ਮੋਬਾਈਲ ਫੋਨ ਆਪਸ ਵਿੱਚ ਜੁੜੇ ਹੁੰਦੇ ਹਨ। ਅੱਜ ਦੁਨੀਆ ਨੂੰ ਇੱਕ ਗਲੋਬਲ ਪਿੰਡ ਵਜੋਂ ਜਾਣਿਆ ਜਾਂਦਾ ਹੈ, ਇਹ ਪਰਿਭਾਸ਼ਾ ਇੰਟਰਨੈੱਟ ਦੀ ਮਹੱਤਤਾ ਨੂੰ ਆਪ-ਮੁਹਾਰੇ ਸਪੱਸ਼ਟ ਕਰਦੀ ਹੈ ਜਦੋਂ ਇੱਕ ਬਟਨ ਦੇ ਕਲਿੱਕ ਨਾਲ ਵਿਸ਼ਵਵਿਆਪੀ ਵਿਅਕਤੀਆਂ ਨੂੰ ਜੋੜਨ ਦੀ ਗੱਲ ਆਉਂਦੀ ਹੈ, ਕੀ ਤੁਸੀਂ ਇੰਟਰਨੈੱਟ ਕੁਨੈਕਸ਼ਨ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਕਰ ਸਕਦੇ ਹੋ? ਮੈਨੂੰ ਲੱਗਦਾ ਨਹੀਂ। ਵਰਤਮਾਨ ਸਮੇਂ ਹਰ ਸਰਵਿਸ ਨਾਲ ਈ ਸ਼ਬਦ ਜੁੜ ਰਿਹਾ ਹੈ। ‘ਈ’ ਤੋਂ ਭਾਵ ਇਲੈਕਟ੍ਰਾਨਿਕ ਹੈ, ਭਾਵ ਇੰਟਰਨੈੱਟ ਉਪਰ ਮਿਲਣ ਵਾਲੀ ਸੇਵਾ। ਇਨ੍ਹਾਂ ਸਾਰੀਆਂ ਬਹੁਪੱਖੀ ਸੇਵਾਵਾਂ ਦੇ ਮੱਦੇਨਜ਼ਰ ਕੌਮਾਂਤਰੀ ਇੰਟਰਨੈੱਟ ਦਿਵਸ ਪੂਰੀ ਦੁਨੀਆ ਵਿੱਚ 29 ਅਕਤੂਬਰ ਨੂੰ ਹਰ ਸਾਲ ਬੜੀ ਹੀ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ ਹੀ ਕੰਪਿਊਟਰ ਨੈੱਟਵਰਕ ਉਪਰ ਪਹਿਲਾ ਸੁਨੇਹਾ ਇਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਉਪਰ ਭੇਜਿਆ ਗਿਆ ਸੀ। ਸਾਲ 2005 ਤੋਂ ਇਸ ਦਿਨ ਨੂੰ ਉਸ ਮਹਾਨ ਕਾਢ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਜਿਸ ਨੇ ਸੂਚਨਾ ਤਕਨੀਕ ਦੇ ਖੇਤਰ ਵਿੱਚ ਬਹੁਤ ਹੀ ਹੈਰਾਨੀਜਨਕ ਕ੍ਰਾਂਤੀ ਲਿਆਂਦੀ। ਇਹ ਸਾਲਾ-ਬੱਧੀ ਇਸ ਖੇਤਰ ਨਾਲ ਜੁੜੇ ਵਿਗਿਆਨੀਆਂ ਦੀ ਸਖ਼ਤ ਘਾਲਣਾ ਅਤੇ ਮਿਹਨਤ ਦਾ ਹੀ ਸਿੱਟਾ ਹੈ। ਇੰਟਰਨੈੱਟ ਦੀ ਬਦੌਲਤ ਮਨੁੱਖ ਨੇ ਕਈ ਸਾਲਾ ਦਾ ਸਫ਼ਰ ਕੁੱਝ ਘੰਟਿਆਂ ਵਿੱਚ ਤੈਅ ਕੀਤਾ ਹੈ। ਕਈ ਵਾਰ ਇੰਟਰਨੈੱਟ ਅਤੇ www (ਵਰਲਡ ਵਾਈਡ ਵੈੱਬ) ਨੂੰ ਇੱਕੋ ਹੀ ਟਰਮ ਸਮਝ ਲਿਆ ਜਾਂਦਾ ਹੈ ਪਰ ਅਸਲੀਅਤ ਵਿੱਚ ਇਹ ਦੋ ਵੱਖ-ਵੱਖ ਕੰਪਿਊਟਰ ਟਰਮ ਹਨ। ਇੰਟਰਨੈੱਟ ਨੈੱਟਵਰਕ ਦਾ ਇੱਕ ਗਲੋਬਲ ਨੈੱਟਵਰਕ ਹੈ ਜਦੋਂ ਕਿ ਵੈੱਬ, ਜਿਸ ਨੂੰ ਰਸਮੀ ਤੌਰ ’ਤੇ ਵਰਲਡ ਵਾਈਡ ਵੈੱਬ (www) ਵੀ ਕਿਹਾ ਜਾਂਦਾ ਹੈ, ਜਾਣਕਾਰੀ ਦਾ ਸੰਗ੍ਰਹਿ ਹੈ, ਜਿਸ ਦੀ ਵਰਤੋਂ ਇੰਟਰਨੈੱਟ ਰਾਹੀਂ ਕੀਤੀ ਜਾਂਦੀ ਹੈ। ਅਸੀਂ ਇੰਟਰਨੈੱਟ ਨੂੰ ਹਾਰਡਵੇਅਰ ਅਤੇ ਵੈੱਬ ਨੂੰ ਸਾਫ਼ਟਵੇਅਰ ਵਜੋਂ ਸੋਚ ਸਕਦੇ ਹਾਂ। ਵਰਲਡ ਵਾਈਡ ਵੈੱਬ ਇਕ ਅਜਿਹਾ ਸਿਸਟਮ ਹੈ, ਜਿਸ ਦੀ ਵਰਤੋਂ ਅਸੀਂ ਇੰਟਰਨੈੱਟ ਤਕ ਪਹੁੰਚਣ ਲਈ ਕਰਦੇ ਹਾਂ। ਅਸੀਂ ਆਮ ਤੌਰ ’ਤੇ ਮਾਈਕਰੋਸਾਫਟ ਐਜ਼, ਗੂਗਲ ਕਰੋਮ, ਐਪਲ ਸਫਾਰੀ ਅਤੇ ਮੋਜ਼ੀਲਾ ਫਾਇਰਫੌਕਸ ਵਰਗੇ ਬ੍ਰਾਊਜ਼ਰ ਦੁਆਰਾ ਵੈੱਬ ਤਕ ਪਹੁੰਚ ਕਰਦੇ ਹਾਂ। ਇਨ੍ਹਾਂ ਦੀ ਵਰਤੋਂ ਕਰਕੇ, ਤੁਸੀਂ ਵੱਖੋ ਵੱਖਰੀਆਂ ਵੈੱਬ ਸਾਈਟਾਂ ’ਤੇ ਜਾ ਸਕਦੇ ਹੋ ਅਤੇ ਹੋਰ ਆਨਲਾਈਨ ਸਮਗਰੀ ਨੂੰ ਦੇਖ ਸਕਦੇ ਹੋ। ਇੰਟਰਨੈੱਟ ਦੇ ਜਿਸ ਰੂਪ ਦੀ ਵਰਤੋਂ ਆਮ ਵਰਤੋਂਕਾਰ ਕਰਦਾ ਹੈ ਉਸ ਨੂੰ ‘ਸਰਫੇਸ ਇੰਟਰਨੈੱਟ’ (ਵਿਜ਼ਬਿਲ ਵੈਬ, ਇੰਡੈਕਸਡ ਵੈਬ ਅਤੇ ਕਲੀਅਰਨੇਟ ਵੀ ਕਿਹਾ ਜਾਂਦਾ ਹੈ) ਅਤੇ ਇਹ ਤੁਸੀ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਪੂਰੇ ਇੰਟਰਨੈੱਟ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ। ਇਸ ਦੇ ਦੋ ਵੱਡੇ ਰੂਪ ‘ਡੀਪ ਵੈੱਬ’ ਅਤੇ ‘ਡਾਰਕ ਵੈੱਬ’ ਹਨ। ਡੀਪ ਵੈੱਬ (ਲੁਕਿਆ ਹੋਇਆ ਇੰਟਰਨੈੱਟ) ਅਤੇ ਡਾਰਕਨੈੱਟ (ਅਦਿੱਖ ਇੰਟਰਨੈੱਟ ਜਾਂ ਅਦਿੱਖ ਵੈੱਬ) ਵਰਲਡ ਵਾਈਡ ਵੈੱਬ ਦੇ ਉਹ ਹਿੱਸੇ ਹਨ, ਜਿਨ੍ਹਾਂ ਦੀ ਸਮੱਗਰੀ ਨੂੰ ਸਟੈਂਡਰਡ ਵੈੱਬ ਸਰਚ ਇੰਜਨਾਂ ਦੁਆਰਾ ਇੰਡੈੱਕਸ ਨਹੀਂ ਕੀਤਾ ਜਾਂਦਾ ਹੈ। ‘ਡਾਰਕ ਵੈੱਬ’ ਐਨਕ੍ਰਿਪਟਡ ਆਨਲਾਈਨ ਸਮੱਗਰੀ ਦਾ ਉਹ ਵੱਡਾ ਭਾਗ ਹੈ, ਜੋ ਰਵਾਇਤੀ ਸਰਚ ਇੰਜਨਾਂ ਦੁਆਰਾ ਸੂਚੀਬੱਧ ਨਹੀਂ ਹੁੰਦਾ। ਇਸ ਨੂੰ “ਡਾਰਕਨੈੱਟ” ਵਜੋਂ ਜਾਣਿਆ ਜਾਂਦਾ ਹੈ, ‘ਟੌਰ’ ਵਰਗੇ ਖ਼ਾਸ ਬ੍ਰਾਊਜ਼ਰ ਦੀ ਵਰਤੋ ਕਰਕੇ ਡਾਰਕ ਵੈੱਬ ਸਾਈਟਾਂ ਤੱਕ ਪਹੁੰਚ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਵਿੱਚ ਗੈਰਕਾਨੂੰਨੀ ਲੈਣ-ਦੇਣ, ਨਸ਼ਿਆਂ ਲਈ ਆਨਲਾਈਨ ਮਾਰਕੀਟ ਪਲੇਸ, ਚੋਰੀ ਹੋਏ ਵਿੱਤੀ ਅਤੇ ਪ੍ਰਾਈਵੇਟ ਡਾਟਾ ਦਾ ਆਦਾਨ ਪ੍ਰਦਾਨ ਅਤੇ ਹੋਰ ਗੈਰਕਾਨੂੰਨੀ ਸਮੱਗਰੀ ਸ਼ਾਮਲ ਹੁੰਦੀ ਹੈ। ਇੱਥੇ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਡਾਰਕ ਵੈੱਬਸਾਈਟ ਦਾ ਜ਼ਿਕਰ ਸਿਰਫ਼ ਪਾਠਕਾਂ ਨੂੰ ਇੰਟਰਨੈੱਟ ਦੇ ਵੱਡੇ ਰੂਪ ਬਾਰੇ ਸਥਿਤੀ ਸਪੱਸ਼ਟ ਕਰਨਾ ਹੈ ਅਤੇ ਮੈਂ ਡਾਰਕ ਵੈੱਬ ਦੀ ਵਰਤੋਂ ਨਾ ਕਰਨ ਦੀ ਹੀ ਸਲਾਹ ਦੇਵੇਗਾ ਕਿਉਂਕਿ ਇਸ ਦੀ ਵਰਤੋ ਕਰਕੇ ਕੋਈ ਵੀ ਇੰਟਰਨੈੱਟ ਦੀ ਇਸ ਘੁੱਪ ਹਨ੍ਹੇਰੀ ਦੁਨੀਆ ਵਿੱਚ ਕਿਸੇ ਵੀ ਠੱਗੀ ਜਾਂ ਜ਼ੁਲਮ ਦਾ ਸ਼ਿਕਾਰ ਹੋ ਸਕਦਾ ਹੈ। ਜਿੱਥੇ ਇੰਟਰਨੈੱਟ ਦੀ ਸਾਕਾਰਾਤਮਕ ਵਰਤੋਂ ਤੁਹਾਡੇ ਸਾਹਮਣੇ ਗਿਆਨ-ਵਿਗਿਆਨ ਅਤੇ ਹੋਰ ਜਾਣਕਾਰੀ ਦੇ ਵਡਮੁੱਲੇ ਅਣਗਿਣਤ ਰਾਹ ਖੋਲ੍ਹਦੀ ਹੈ, ਉੱਥੇ ਇਸ ਦੀ ਨਾਕਾਰਾਤਮਕ ਵਰਤੋਂ ਕਿਸੇ ਵੀ ਇਨਸਾਨ ਨੂੰ ਉਸ ਦੀ ਜ਼ਿੰਦਗੀ ਦੇ ਰਾਹਾਂ ਤੋਂ ਭਟਕਾ ਸਕਦੀ ਹੈ। ਅੱਜ ਦੇ ਸਮੇਂ ਇੰਟਰਨੈੱਟ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਜਾਂ ਵਪਾਰ ਦਾ ਧੁਰਾ ਬਣਦਾ ਜਾ ਰਿਹਾ ਹੈ, ‘ਇੰਟਰਨੈੱਟਲਾਈਵਸਟੇਟਸ’ ਨਾਮਕ ਵੈਬਸਾਈਟ ਦੇ ਅੰਕੜਿਆਂ ਅਨੁਸਾਰ ਮੌਜੂਦਾ ਸਮੇਂ ਪੂਰੀ ਦੁਨੀਆਂ ਵਿੱਚ ਇੰਟਰਨੈੱਟ ਯੂਜ਼ਰਜ਼ ਦੀ ਗਿਣਤੀ ਪੰਜ ਕਰੋੜ ਤੋਂ ਵੀ ਜ਼ਿਆਦਾ ਹੈ ਅਤੇ ਇਹ ਗਿਣਤੀ ਨਿਰੰਤਰ ਵਧਦੀ ਜਾ ਰਹੀ ਹੈ। ਇੰਟਰਨੈੱਟ ਉੱਪਰ ਤਕਰੀਬਨ 180 ਕਰੋੜ ਤੋਂ ਵੱਧ ਵੈੱਬਸਾਈਟ ਹਨ, ਰੋਜ਼ਾਨਾ 2 ਖਰਬ ਤੋਂ ਵੱਧ ਈ-ਮੇਲ ਭੇਜੀਆਂ ਜਾਂਦੀਆਂ ਹਨ। ਇਹ ਕਹਿਣਾ ਸੱਚਮੁੱਚ ਉਚਿਤ ਹੈ ਕਿ ਇੰਟਰਨੈੱਟ ਤੋਂ ਬਿਨਾਂ ਜ਼ਿੰਦਗੀ ਮੁਸ਼ਕਲ ਹੋਵੇਗੀ ਪਰ ਇੱਕ ਸਿੱਕੇ ਦੇ ਹਮੇਸ਼ਾ ਦੋ ਪਾਸੇ ਹੁੰਦੇ ਹਨ। ਸਾਡੇ ਰੋਜ਼ਾਨਾ ਜੀਵਨ ਤੇ ਇੰਟਰਨੈੱਟ ਦੇ ਪ੍ਰਭਾਵ ਵੀ ਇਹੋ-ਜਿਹੇ ਹਨ, ਇਸ ਲਈ, ਸਿੱਟੇ ਵਜੋਂ, ਇੰਟਰਨੈੱਟ ਦਾ ਵਿਕਾਸ ਇੱਕ ਵਰਦਾਨ ਦੇ ਨਾਲ ਨਾਲ ਸਾਡੇ ਲਈ ਇੱਕ ਸਰਾਪ ਵੀ ਹੈ। ਮੌਜੂਦਾ ਸਮੇਂ ਸਾਈਬਰ ਧੋਖਾਧੜੀ, ਪ੍ਰੋਨੋਗ੍ਰਾਫੀ, ਗੈਰ ਕਾਨੂੰਨੀ ਲੈਣ-ਦੇਣ, ਪਾਇਰੇਸੀ, ਹੈਕਿੰਗ, ਨਾਜਾਇਜ਼ ਹਥਿਆਰਾਂ, ਨਸ਼ਾ ਅਤੇ ਮਨੁੱਖੀ ਤਸਕਰੀ ਵਰਗੇ ਗੈਰ-ਕਾਨੂੰਨੀ ਕੰਮ ਦੇ ਲਈ ਇਸ ਦੀ ਵਰਤੋਂ ਵੱਖ-ਵੱਖ ਦੇਸ਼ਾਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ। ਅੱਜ ਦੇ ਇਸ ਸੂਚਨਾ ਤਕਨੀਕ ਦੇ ਯੁੱਗ ਵਿੱਚ ਇਹੀ ਕਿਆਸਾਂ ਲਗਾਈਆਂ ਜਾ ਰਹੀਆਂ ਹਨ ਕਿ ਹੁਣ ਦੇਸ਼ਾਂ ਦੀ ਆਪਸੀ ਜੰਗ ਸਰਹੱਦਾਂ ਤੋਂ ਬਦਲ ਕੇ ਇੰਟਰਨੈੱਟ ਉੱਪਰ ਆ ਜਾਵੇਗੀ ਅਤੇ ਪਿਛਲੇ ਕੁੱਝ ਸਾਲਾ ਤੋਂ ਇਸ ਤਰ੍ਹਾਂ ਦੇ ਘਟਨਾਕ੍ਰਮ ਪੂਰੇ ਸੰਸਾਰ ਵਿੱਚ ਵੇਖਣ-ਸੁਣਨ ਨੂੰ ਵੀ ਮਿਲ ਰਹੇ ਹਨ। ਇਸ ਦੇ ਨਾਲ ਹੀ ਇਕ ਰਿਪੋਰਟ ਅਨੁਸਾਰ ਰੋਜ਼ਾਨਾ ਹੈਕ ਹੋਣ ਵਾਲੀਆਂ ਵੈੱਬਸਾਈਟ ਦੀ ਗਿਣਤੀ 1,89,765 ਹੈ। ਆਨਲਾਈਨ ਗੇਮਿੰਗ, ਸੋਸ਼ਲ ਮੀਡੀਆ, ਪੋਰਨ ਸਾਈਟਾਂ, ਈ-ਗੈਬਲਿੰਗ (ਜੂਆ) ਦੀ ਵੱਧ ਵਰਤੋਂ ਵੀ ਮੌਜੂਦਾ ਸਮੇਂ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕਈ ਦੇਸ਼ਾਂ ਨੇ ਤਾਂ ਆਪਣੇ ਨਾਗਰਿਕਾਂ ਨੂੰ ਇੰਟਰਨੈੱਟ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇਲਾਜ ਕੇਂਦਰ ਵੀ ਖੋਲ੍ਹੇ ਹਨ। ਇਸ ਸੰਦਰਭ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਸਾਨੂੰ ਸਾਰਿਆਂ ਨੂੰ ਚੋਕਸ ਅਤੇ ਚੁਕੰਨੇ ਹੋ ਕੇ ਇੰਟਰਨੈੱਟ ਦੀ ਸਾਕਾਰਾਤਮਕ ਵਰਤੋਂ ਪ੍ਰਤੀ ਵਚਨਬੱਧਤਾ ਵਿਖਾਉਣੀ ਚਾਹੀਦੀ ਹੈ। ਅੰਤ ਵਿੱਚ ਤੁਹਾਨੂੰ ‘ਬ੍ਰੈਂਡਨ ਓ ਬ੍ਰਾਇਨ’ ਦੇ ਵਿਚਾਰ ਉਪਰ ਛੱਡਦਾ ਹਾਂ ਕਿ “ਜੇ ਤੁਸੀਂ ਸੋਚਦੇ ਹੋ ਕਿ ਇੰਟਰਨੱੈਟ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਹੈ, ਤਾਂ ਦੁਬਾਰਾ ਸੋਚੋ, ‘ਚੀਜ਼ਾਂ ਦਾ ਇੰਟਰਨੈੱਟ’ (Internet Of Things) ਇਸ ਨੂੰ ਦੁਬਾਰਾ ਬਦਲਣ ਵਾਲਾ ਹੈ!” ਸਰਲ ਸ਼ਬਦਾਂ ਵਿੱਚ, ਇਹ ਅਸਲ ਵਿੱਚ ਕਿਸੇ ਵੀ ਉਪਕਰਨ ਨੂੰ ਇੰਟਰਨੈੱਟ (ਅਤੇ/ਜਾਂ ਇੱਕ ਦੂਜੇ ਨਾਲ) ਨੂੰ ਚਾਲੂ ਅਤੇ ਬੰਦ ਕਰਨ ਦੇ ਨਾਲ ਜੋੜਨ ਦਾ ਸੰਕਲਪ ਹੈ। ਉਦਾਹਰਣ ਵਜੋਂ ਮੰਨੋ ਕਿ ਤੁਸੀਂ ਕਿਸੇ ਮੀਟਿੰਗ ਵਿੱਚ ਜਾ ਰਹੇ ਹੋ, ਤੁਹਾਡੀ ਕਾਰ ਤੁਹਾਡੇ ਈ-ਕੈਲੰਡਰ ਤੱਕ ਪਹੁੰਚ ਪ੍ਰਾਪਤ ਕਰ ਸਕਦੀ ਹੈ ਅਤੇ ਪਹਿਲਾਂ ਹੀ ਜਾਣ ਦਾ ਸਭ ਤੋਂ ਵਧੀਆ ਰਸਤਾ ਚੁਣਦੀ ਹੈ, ਜੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤਾਂ ਤੁਹਾਡੀ ਕਾਰ ਦੂਜੀ ਧਿਰ ਨੂੰ ਸੂਚਿਤ ਕਰ ਸਕਦੀ ਹੈ ਕਿ ਤੁਹਾਨੂੰ ਦੇਰ ਹੋ ਜਾਵੇਗੀ। ਉਦੋਂ ਕੀ ਜੇ ਤੁਹਾਡੀ ਅਲਾਰਮ ਘੜੀ ਤੁਹਾਨੂੰ ਸਵੇਰੇ 5 ਵਜੇ ਜਗਾਉਂਦੀ ਹੈ ਅਤੇ ਫਿਰ ਤੁਹਾਡੇ ਕੌਫੀ ਮੇਕਰ ਨੂੰ ਸੂਚਿਤ ਕਰਦੀ ਹੈ ਕਿ ਉਹ ਤੁਹਾਡੇ ਲਈ ਕੌਫੀ ਬਣਾਉਣਾ ਸ਼ੁਰੂ ਕਰੇ? ਬਹੁਤ ਹੋਰ ਕੁੱਝ ਜੋ ਸਾਡੀ ਕਲਪਨਾਵਾਂ ਤੋਂ ਵੀ ਪਰੇ ਹੈ, ਜਲਦ ਹੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਨ ਜਾ ਰਿਹਾ ਹੈ।