ਵਰਤ ਗੁਰਮਤਿ ਅਨੁਸਾਰ ਠੀਕ ਨਹੀਂ ਹੈ ਭੁੱਖੇ ਰਹਿਣ ਨਾਲ ਕੋਈ ਉਮਰ ਨਹੀਂ ਵੱਧਦੀ।

ਵਰਤ ਕਥਾ ਸੋਧੋ

ਵਰਤ ਕਥਾ ਧਰਮ ਕਥਾ ਦੀ ਵਿਸ਼ੇਸ਼ ਵੰਨਗੀ ਹੈ ਜੋ ਵਿਸ਼ੇਸ਼ ਤਿੱਥਾਂ, ਵਾਂਗ, ਤਿਉਹਾਰਾਂ ਸੰਬੰਧੀ ਰੱਖੇ ਜਾਣ ਵਾਲੇ ਵਰਤਾਂ ਦਾ ਅਟੁੱਟ ਅੰਗ ਹੈ। ਇਹ ਕਥਾ, ਕਥਾ ਵਰਤ ਖੋਲ੍ਹਣ ਦੀ ਇੱਕ ਵਿਧੀ ਹੈ। ਵਰਤ ਧਾਰਨ ਕਰਨ ਵਾਲਾ ਵਿਅਕਤੀ ਨਿਸ਼ਚਿਤ ਸਮੇਂ ਉੱਤੇ ਵਰਤ ਨਾਲ ਸੰਬੰਧਿਤ ਕਥਾ ਸੁਣ ਕੇ ਹੀ ਵਰਤ ਖੋਲ੍ਹ ਸਕਦਾ ਹੈ ਜੇ ਉਹ ਅਜਿਹਾ ਨਹੀਂ ਕਰਦਾ ਅਤੇ ਕਥਾ ਸੁਣੇ ਬਿਨ੍ਹਾਂ ਹੀ ਵਰਤ ਖੋਲ੍ਹ ਦਿੰਦਾ ਹੈ ਤਾਂ ਉਸ ਦਾ ਵਰਤ ਟੁੱਟ ਜਾਂਦਾ ਹੈ ਅਤੇ ਉਸਨੂੰ ਵਰਤ ਰੱਖਣ ਦਾ ਫਲ ਪ੍ਰਾਪਤ ਨਹੀਂ ਹੁੰਦਾ। ਵਰਤ ਕਥਾ ਦਾ ਦੂਸਰਾ ਮਨੋਰਥ ਵਰਤ ਦੇ ਮਹਾਤਮ ਉੱਤੇ ਪ੍ਰਕਾਸ਼ ਪਾਉਣਾ ਹੈ। ਇਸੇ ਲਈ ਇਸਨੂੰ ਮਹਾਤਮਾ ਕਥਾ ਵੀ ਕਿਹਾ ਜਾਂਦਾ ਹੈ। ਵਰਤ ਨਾਲ ਜੁੜੀ ਕਥਾ ਹੀ ਦਸਦੀ ਹੈ ਕਿ ਵਿਸ਼ੇਸ਼ ਵਰਤ ਦੀ ਸਾਰਥਕਤਾ ਕੀ ਹੈ। ਇਸਨੂੰ ਵਿਧੀਵਤ ਰੱਖਣ ਨਾਲ ਮਨੁੱਖ ਦੀਆਂ ਕਿਹੜੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਨਾਂ ਰੱਖਣ ਜਾਂ ਵਿਧਾਨ ਅਨੁਸਾਰ ਪੂਰਾ ਨਾ ਕਰਨ ਦੀ ਹਾਲਤ ਵਿੱਚ ਕਿਸ ਪ੍ਰਕਾਰ ਦੀ ਦੈਵੀ ਕਰੋਪੀ ਦਾ ਸ਼ਿਕਾਰ ਹੋਣਾ ਪੈਂਦਾ ਹੈ।1

ਵਰਤ ਦੀ ਪਰਿਭਾਸ਼ਾ ਸੋਧੋ

ਵਰਤ ਲਈ ਉਪਵਾਸ ਅਤੇ ਉਪਾਸ ਸ਼ਬਦ ਪ੍ਰਚਲਿਤ ਹਨ। ‘ਉਪਵਾਸ ਦਾ ਅਰਥ ਹੈ ਬਿਨ੍ਹਾਂ ਭੋਜਨ ਤੋਂ ਰਹਿਣਾ। ਡਾ. ਵਣਜਾਰਾ ਬੇਦੀ ਨੇ ਵਰਤ ਲਈ ਉਪਵਾਸ ਸ਼ਬਦ ਦੀ ਵਰਤੋਂ ਕੀਤੀ ਹੈ ਅਤੇ ਇਸ ਦੇ ਅਰਥ ਚੰਗੇ ਗੁਣਾਂ ਨੂੰ ਆਤਮਾ ਵਿੱਚ ਨਿਵਾਸ ਕਰਾਉਣਾ ਕੀਤੇ ਹਨ। ਇਸ ਤਰ੍ਹਾਂ ਨਾਲ ਵਰਤ ਦਾ ਅਰਥ ਸਿਰਫ਼ ਭੁੱਖਿਆਂ ਰਹਿਣਾ ਹੀ ਨਹੀਂ, ਸਗੋਂ ਸਦਾਚਾਰਕ ਨਿਯਮਾਂ ਨੂੰ ਗ੍ਰਹਿਣ ਕਰਨਾ ਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਵੀ ਹੈ।2

ਕਰਵਾ ਦਾ ਅਰਥ ਸੋਧੋ

ਕਰਵਾ ਦਾ ਅਰਥ ਹੈ ਪਾਣੀ ਦਾ ਭਰਿਆ ਬਰਤਨ ਅਰਥਾਤ ਛੋਟਾ ਘੜਾ ਜਾਂ ਕੁੱਜਾ।3

ਚੌਥ ਦਾ ਅਰਥ ਸੋਧੋ

ਚੌਥ ਚੰਦਰਮਾ ਦੇ ਹਨੇਰੇ ਅਤੇ ਚਾਨਣੇ-ਪੱਖ ਦੇ ਚੌਥੇ ਦਿਨ ਨੂੰ ਆਖਿਆ ਜਾਂਦਾ ਹੈ। ਪਾਣੀ ਦਾ ਭਰਿਆ ਕਰੁਆ ਜ਼ਿੰਦਗੀ ਦਾ ਪ੍ਰਤੀਕ ਹੈ। ਕਰੁਏ ਦੇ ਕਾਰਨ ਹੀ ਇਸ ਦਾ ਨਾਂ ਕਰਵਾ ਚੌਥ ਪਿਆ ਹੈ।4

ਕਰਵਾ ਚੌਥ ਦਾ ਵਰਤ ਸੋਧੋ

ਕਰਵਾ ਚੌਥ ਦਾ ਵਰਤ ਸੁਹਾਗਣਾਂ ਰੱਖਦੀਆਂ ਹਨ ਅਤੇ ਇਹ ਵਰਤ ਗੌਰੀ (ਪਾਰਵਤੀ-ਸ਼ਿਵ ਜੀ ਦੀ ਪਤਨੀ) ਨੂੰ ਖੁਸ਼ ਕਰਨ ਲਈ ਰੱਖਿਆ ਜਾਂਦਾ ਹੈ। ਲੋਕ ਧਾਰਨਾ ਹੈ ਕਿ ਇਸ ਵਰਤ ਦਾ ਦੈਵੀ ਫਲ, ਸੁਹਾਗ ਦੀ ਲੰਮੀ ਉਮਰ ਹੈ। ਕਰਵਾ ਚੌਥ ਦਾ ਵਰਤ ਸੁਹਾਗਣਾਂ ਦਾ ਵਰਤ ਹੈ। ਇਹ ਵਰਤ ਔਰਤਾਂ ਨਿਰਜਲ ਰਹਿ ਕੇ ਸੰਪੂਰਨ ਕਰਦੀਆਂ ਹਨ। ਆਮ ਪ੍ਰਥਾ ਹੈ ਕਿ ਵਰਤ ਦੇ ਵਿਧੀ ਵਿਧਾਨ ਅਨੁਸਾਰ ਵਰਤ ਰੱਖਣ ਤੋਂ ਪਹਿਲਾਂ ਵਰਤਾਚਾਰੀ ਉਸ ਵਰਤ ਦੀ ਕਥਾ/ਪਾਠ ਕਰਦੇ ਹਨ। ਇਹ ਇੱਕ ਅਜਿਹਾ ਵਰਤ ਹੈ, ਜਿਸ ਦੀ ਕਥਾ ਸੁਹਾਗਣਾਂ ਆਪ ਨਹੀਂ ਕਰਦੀਆਂ ਸਗੋਂ ਕਿਸੇ ਬ੍ਰਾਹਮਣੀ ਕੋਲੋਂ ਸੁਣਦੀਆਂ ਹਨ।5

ਵਰਤ ਕਥਾ ਸੋਧੋ

ਵਰਤ ਕਥਾ ਕਿਸੇ ਬ੍ਰਾਹਮਣੀ ਵੱਲੋਂ ਸੁਣਾਈ ਜਾਂਦੀ ਹੈ ਜੋ ਇਸ ਤਰ੍ਹਾਂ ਹੈ: ਬੜੇ ਪੁਰਾਣੇ ਸਮੇਂ ਦੀ ਗੱਲ ਹੈ ਕਿ ਵੀਰਾਂਵਾਲੀ ਨੇ ਕਰਵਾ ਚੌਥ ਦਾ ਵਰਤ ਰੱਖਿਆ। ਵਰਤ ਸਮੇਂ ਉਹ ਪੇਕੇ ਘਰ ਵਿੱਚ ਆਈ ਹੋਈ ਸੀ ਕਿਉਂਕਿ ਇਹ ਵਰਤ ਬਹੁਤ ਕਠਿਨ ਹੈ ਜਿਸ ਵਿੱਚ ਪਾਣੀ ਵੀ ਪੀਤਾ ਨਹੀਂ ਜਾ ਸਕਦਾ। ਸੋ ਵੀਰਾਂਵਾਲੀ ਭੁੱਖ ਅਤੇ ਪਿਆਸ ਨਾਲ ਤੜਪਣ ਲੱਗੀ। ਵੀਰਾਂਵਾਲੀ ਦੇ ਸੱਤ ਭਰਾ ਅਤੇ ਸੱਤ ਭਰਜਾਈਆ ਸਨ। ਉਹ ਆਪਣੀ ਪਿਆਰੀ ਭੈਣ ਨੂੰ ਇਸ ਹਾਲਤ ਵਿੱਚ ਸਹਿਨ ਨਾ ਕਰ ਸਕੇ ਸੋ ਉਹਨਾਂ ਨੇ ਵੀਰਾਂਵਾਲੀ ਨੂੰ ਪਾਣੀ ਪਿਆ ਦਿੱਤਾ। ਪਾਣੀ ਪੀਂਦਿਆਂ ਹੀ ਉਸ ਦੇ ਪਤੀ ਦੇ ਸਰੀਰ ਉੱਪਰਲੇ ਵਾਲ ਸੂਈਆਂ ਬਣ ਕੇ ਸਰੀਰ ਵਿੱਚ ਖੁਭ ਗਏ। ਉਸ ਦੀ ਹਾਲਤ ਤਰਸਯੋਗ ਹੋ ਗਈ। ਇਸ ਹਾਲਤ ਨੂੰ ਦੇਖ ਕੇ ਵੀਰਾਂਵਾਲੀ ਬਹੁਤ ਦੁਖੀ ਰਹਿਣ ਲੱਗੀ। ਇੱਕ ਦਿਨ ਉਸ ਨੂੰ ਬਾਹਰ ਦਰੱਖਤ ਕੋਲ ਇੱਕ ਦੇਵੀ ਮਿਲੀ। ਉਸ ਨੇ ਉਸਨੂੰ ਨਿਰਾਸ਼ਤਾ ਦਾ ਕਾਰਨ ਪੁੱਛਿਆ ਤਾਂ ਵੀਰਾਂਵਾਲੀ ਨੇ ਸਾਰੀ ਗੱਲ ਦੱਸੀ। ਇਸ ਉੱਪਰੰਤ ਉਸ ਦੇਵੀ ਨੇ ਕਿਹਾ ਕਿ ਉਹ ਮਰਿਆਦਾ ਪੂਰਵਕ ਇਹ ਵਰਤ ਮੁੜ ਰੱਖੇ ਤਾਂ ਉਸ ਦਾ ਪਤੀ ਠੀਕ ਹੋ ਜਾਵੇਗਾ। ਵੀਰਾਂਵਾਲੀ ਨੇ ਇਹ ਵਰਤ ਪੂਰਨ, ਮਰਿਆਦਾ ਨਾਲ ਰੱਖਿਆ ਤਾਂ ਉਸ ਦਾ ਪਤੀ ਪਹਿਲਾਂ ਵਾਂਗ ਹੀ ਤੰਦਰੁਸਤ ਹੋ ਗਿਆ। ਸੋ ਇਸ ਕਥਾ ਨੂੰ ਸੁਣਨ ਤੋਂ ਬਾਅਦ ਸੁਹਾਗਣਾਂ ਕਰਵੇ ਦੀ ਪੂਜਾ ਕਰਦੀਆਂ ਹਨ।6

ਪੋਹੀਆ ਸੋਧੋ

ਕਰਵੇ ਕੋਲ ਇੱਕ ਥਾਲੀ ਵਿੱਚ ਮਠਿਆਈ, ਫਲ, ਬਾਦਾਮ, ਕੱਪੜੇ ਤੇ ਸੁਹਾਗੀ ਆਦਿ ਚੀਜ਼ਾਂ ਪਾ ਕੇ ਰੱਖੀ ਜਾਂਦੀ ਹੈ, ਜਿਸ ਨੂੰ ਪੋਹੀਆ ਕਿਹਾ ਜਾਂਦਾ ਹੈ। ਇਹ ਪੋਹੀਆ ਕਰਵਾ ਪੂਜਾ ਮਗਰੋਂ ਸੱਸ ਨੂੰ ਭੇਟ ਕੀਤਾ ਜਾਂਦਾ ਹੈ। ਜੇਕਰ ਸੱਸ ਜੀਵਿਤ ਨਾ ਹੋਵੇ ਤਾਂ ਨਣਾਨ ਨੂੰ ਦੇ ਦਿੱਤਾ ਜਾਂਦਾ ਹੈ।7

ਅਰਗ ਚੜ੍ਹਾਉਣਾ ਜਾਂ ਦੇਣਾ ਸੋਧੋ

ਵਰਤ ਖੋਲ੍ਹਣ ਤੋਂ ਪਹਿਲਾਂ ਚੰਦਰਮਾ ਨੂੰ ਅਰਗ ਚੜ੍ਹਾਏ ਜਾਂਦੇ ਹਨ। ਕਰਵੇ ਵਿੱਚ ਪਈ ਕੱਚੀ ਲੱਸੀ ਰਾਹੀਂ ਹੀ ਚੰਨ੍ਹ ਦੇ ਪਰਛਾਵੇਂ ਨੂੰ ਤੱਕਿਆ ਜਾਂਦਾ ਹੈ। ਇਸ ਤੋਂ ਬਾਅਦ ਕੱਚੀ ਲੱਸੀ ਚੰਦਰਮਾ ਨੂੰ ਭੇਟ ਕਰਨ ਤੋਂ ਬਾਅਦ ਉਸੇ ਨਾਲ ਹੀ ਵਰਤ ਖੋਲ੍ਹ ਲਿਆ ਜਾਂਦਾ ਹੈ।8

ਸਰਘੀ ਸੋਧੋ

ਇਸ ਵਰਤ ਵਾਲੀ ਰਾਤ ਨੂੰ ਸੁਹਾਗਣਾਂ ਤਾਰਿਆਂ ਦੀ ਛਾਵੇਂ ਸਰਘੀ ਖਾਂਦੀਆਂ ਹਨ। ਸਰਘੀ ਦੁੱਧ, ਫੈਣੀਆਂ, ਸੇਵੀਆਂ, ਫਲ ਅਤੇ ਮਠਿਆਈ ਆਦਿ ਉਹਨਾਂ ਵਸਤਾਂ ਨੂੰ ਆਖਿਆ ਜਾਂਦਾ ਹੈ ਜੋ ਵਰਤੀ ਦੀ ਸੱਸ ਵੱਲੋਂ ਭੇਟ ਕੀਤੀਆਂ ਜਾਂਦੀਆਂ ਹਨ।9 [1]

  1. 1) ਟੀ.ਆਰ. ਵਿਨੋਦ, ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ, ਹਰੀਸ਼ ਜੈਨ ਲੋਕਗੀਤ ਪ੍ਰਕਾਸ਼ਨ, ਸਰਹਿੰਦ, ਸੰਨ 1990, ਪੰਨਾ 85 2) ਡਾ. ਰੁਪਿੰਦਰ ਕੌਰ, ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ, ਰਵੀ ਸਾਹਿਤ ਪ੍ਰਕਾਸ਼ਨ, ਸੰਨ 2011, ਪੰਨਾ 56 3) ਡਾ. ਰੁਪਿੰਦਰ ਕੌਰ ਪੰਜਾਬੀ ਲੋਕਧਾਰਾ ਸਮੱਗਰੀ ਤੇ ਪੇਸ਼ਕਾਰੀ, ਰਵੀ ਸਾਹਿਤ ਪ੍ਰਕਾਸ਼ਨ, ਸੰਨ 2011, ਪੰਨਾ 58 4) ਉਹੀ, ਪੰਨਾ 58 5) ਉਹੀ, ਪੰਨਾ 57 6) ਡਾ. ਦਰਿਆ, ਪੰਜਾਬੀ ਲੋਕ ਧਰਮ ਇੱਕ ਅਧਿਐਨ, ਰਵੀ ਸਾਹਿਤ ਪ੍ਰਕਾਸ਼ਨ, ਸੰਨ 2004, ਪੰਨਾ 89-90 7) ਉਹੀ, ਪੰਨਾ 90 8) ਉਹੀ, ਪੰਨਾ 90 9) ਉਹੀ, ਪੰਨਾ 90