ਚੀਨ ਦੀ ਮਹਾਨ ਦੀਵਾਰ
ਚੀਨ ਦੀ ਮਹਾਨ ਦੀਵਾਰ

ਚੀਨ ਦੀ ਮਹਾਨ ਦਿਵਾਰ ਚੀਨ ਦੇ ਪੂਰਬ ਤੋਂ ਲੈਕੇ ਪੱਛਮ ਤੱਕ ਮਾਰੂ ਥਲਾਂ, ਚਰਾਂਦਾਂ, ਪਹਾੜਾਂ ਅਤੇ ਪਠਾਰਾਂ ਵਿੱਚ ਦੀ ਸੱਪ ਵਾਂਗ ਮੇਲ੍ਹਦੀ ਹੋਈ ਤਕਰੀਬਨ 6700 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਇਸ ਦਾ ਇਤਿਹਾਸ 2000 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਹੁਣ ਇਸ ਦੇ ਬਹੁਤ ਸਾਰੇ ਹਿੱਸੇ ਖੰਡਰ ਬਣ ਚੁੱਕੇ ਹਨ ਅਤੇ ਤਕਰੀਬਨ ਅਲੋਪ ਹੋ ਚੁੱਕੇ ਹਨ। ਫਿਰ ਵੀ ਇਹ ਦੁਨੀਆ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਇਸ ਦੀ ਇਤਿਹਾਸਿਕ ਮਹੱਤਤਾ ਹੈ ਅਤੇ ਇਹ ਵਿਸ਼ਵ ਦੀ ਪੁਰਾਤਨ ਨਿਰਮਾਣ-ਕਲਾ ਦਾ ਇੱਕ ਉੱਘਾ ਅਜੂਬਾ ਹੈ।ਚੀਨ ਦੇ ਇਤਿਹਾਸ ਵਿੱਚ ਤਿੰਨ ਮਹਾਨ ਰਾਜ-ਘਰਾਣੇ ‘ਕਿਨ, ਹੈਨ ਅਤੇ ਮਿੰਗ’ ਹੋਏ ਹਨ। ਚੀਨ ਦੀ ਇਹ ਮਹਾਨ ਦਿਵਾਰ ਦੀ ਉਸਾਰੀ ਦਾ ਸਿਹਰਾ ਉੱਪਰੋਕਤ ਰਾਜ-ਘਰਾਣਿਆਂ ਨੂੰ ਜਾਂਦਾ ਹੈ। ਇਸ ਸਮੇਂ ਜਿਹੜੀ ਦਿਵਾਰ ਬਣਾਈ ਗਈ ਉਸ ਦੀ ਨੀਂਹ ਵਿੱਚ ਇੱਟਾਂ ਅਤੇ ਗਰੇਨਾਈਟ (ਇੱਕ ਕਿਸਮ ਦਾ ਪੱਥਰ) ਵਰਤੇ ਗਏ। ਫ਼ੌਜੀ ਦ੍ਰਿਸ਼ਟੀਕੋਨ ਤੋਂ ਨਵੀਨ ਡਿਜ਼ਾਇਨ ਦੇ ਦੱਰਰੇ ਅਤੇ ਚੌਕਸੀ-ਬੁਰਜ ਬਣਾਏ ਗਏ। ਦਿਵਾਰ ਵਿੱਚ ਦੱਰਰੇ ਹੁੰਦੇ ਸਨ। ਦਿਵਾਰ ਉੱਤੇ ਚੌਕਸੀ-ਬੁਰਜ ਆਦਿ ਬਣਾਏ ਜਾਂਦੇ ਸਨ। ਦਿਵਾਰ ਦੇ ਨਾਲ ਨਾਲ ਖਾਈ ਹੁੰਦੀ ਸੀ। ਇਹ ਮਹਾਨ ਦਿਵਾਰ ਔਸਤਨ 10 ਮੀਟਰ ਉੱਚੀ ਅਤੇ 5 ਮੀਟਰ ਚੌੜੀ ਸੀ। ਚੀਨ ਦੀ ਮਹਾਨ ਦਿਵਾਰ ਚੀਨ ਦੇ ਮਾਣ-ਮੱਤੇ ਇਤਿਹਾਸ, ਸੱਭਿਆਚਾਰ ਅਤੇ ਆਰਥਕ ਵਿਕਾਸ ਦਾ ਸਮੁੱਚਾ ਸਰੋਤ ਪੇਸ਼ ਕਰਦੀ ਹੈ। ਇਹ ਦਿਵਾਰ ਚੀਨੀ ਲੋਕਾਂ ਦੇ ਲੋਕ ਗੀਤਾਂ ਅਤੇ ਲੋਕ ਕਥਾਵਾਂ ਦਾ ਨਿੱਗਰ ਹਿੱਸਾ ਹੈ।