ਓਸ਼ੋ
ਓਸ਼ੋ

ਓਸ਼ੋ (11 ਦਸੰਬਰ 1931–19 ਜਨਵਰੀ 1990) ਇੱਕ ਭਾਰਤੀ ਰਹੱਸਵਾਦੀ ਅਤੇ ਧਾਰਮਕ ਗੁਰੂ ਸਨ। ਉਹਨਾਂ ਦਾ ਜਨਮ ਦਾ ਨਾਂ ਚੰਦਰ ਮੋਹਨ ਜੈਨ ਹੈ ਅਤੇ 1960 ਤੋਂ ਓਹਨਾਂ ਨੂੰ ਅਚਾਰੀਆ ਰਜਨੀਸ਼, 1970 ਅਤੇ 80ਵਿਆਂ ਦੇ ਵਿੱਚ ਭਗਵਾਨ ਸ਼੍ਰੀ ਰਜਨੀਸ਼ ਅਤੇ 1989 ਤੋਂ ਲੈ ਕੇ ਓਸ਼ੋ ਕਿਹਾ ਜਾਂਦਾ ਹੈ। ਮੱਧ ਪ੍ਰਦੇਸ਼ ਦੇ ਕੁਛਵਾੜਾ ਪਿੰਡ ਵਿੱਚ 11 ਦਸੰਬਰ 1931 ਨੂੰ ਜਨਮੇ ਓਸ਼ੋ ਦੇ ਆਗਮਨ ਨਾਲ ਮਾਨਵੀ ਇਤਿਹਾਸ ਦੇ ਇੱਕ ਨਵੇਂ ਅਤੇ ਵੱਖਰੇ ਯੁੱਗ ਦਾ ਆਰੰਭ ਹੋਇਆ। ਉਹ ਫ਼ਲਸਫ਼ੇ ਦੇ ਪ੍ਰੋਫ਼ੈਸਰ ਸਨ। ਉਹਨਾਂ ਕਾਮੁਕਤਾ ਪ੍ਰਤੀ ਖੁੱਲ੍ਹਾ ਨਜ਼ਰੀਆ ਅਪਣਾਇਆ ਜਿਸ ਕਰ ਕੇ ਭਾਰਤੀ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਓਹਨਾਂ ਨੂੰ ਕਾਮ ਗੁਰੂ ਵੀ ਕਿਹਾ ਗਿਆ। ਪਿਛਲੀ ਸਦੀ ਦਾ ਮਹਾਨ ਵਿਚਾਰਕ ਅਤੇ ਅਧਿਆਤਮਕ ਨੇਤਾ ਓਸ਼ੋ, ਭਾਵਨਾਵਾਂ ਦਾ ਇੱਕ ਅਜਿਹਾ ਸੰਗੀਤਕ ਤੇ ਲੈਅਬੱਧ ਆਪਮੁਹਾਰਾ ਪ੍ਰਵਾਹ ਹੈ ਜਿਸ ਵਿੱਚ ਮਾਨਵੀ ਜੀਵਨ ਦੀਆਂ ਮੂੜਤਾਵਾਂ ਦੀ ਆਲੋਚਨਾ ਵੀ ਹੈ ਅਤੇ ਇੱਕ ਨਵੀਂ ਕ੍ਰਾਂਤੀ ਦੀ ਸੂਚਨਾ ਵੀ। ਉਸ ਦੇ ਵਿਚਾਰਾਂ ਵਿੱਚ ਬੌਧਿਕਤਾ ਅਤੇ ਭਾਵਨਾਵਾਂ ਦੀ ਇੱਕ ਅਜਿਹੀ ਸਮਤਾ ਹੈ, ਜੋ ਸਾਡੇ ਹਿਰਦਿਆਂ ਵਿੱਚ ਜਿੱਥੇ ਆਨੰਦਮਈ ਭਾਵਾਂ ਦਾ ਹੜ੍ਹ ਪੈਦਾ ਕਰਦੀ ਹੈ, ਉੱਥੇ ਸਾਨੂੰ ਉਹ ਕੁਝ ਵੀ ਵੇਖਣ ਦੇ ਯੋਗ ਬਣਾਉਂਦੀ ਹੈ ਜਿਸ ਨੂੰ ਅਸੀਂ ਪ੍ਰੰਪਰਾਗਤ ਮਾਨਤਾਵਾਂ ਅਤੇ ਸੰਸਕ੍ਰਿਤੀਆਂ ਦੀ ਗੁਲਾਮੀ ਕਾਰਨ ਵੇਖਣਾ ਨਹੀਂ ਚਾਹੁੰਦੇ। ਜਿਸ ਨੇ ਮਨੁੱਖ ਨੂੰ ਵਿਅਕਤੀਗਤ ਪੱਧਰ ‘ਤੇ ਉਸ ਦੀ ਚਰਮ ਸੀਮਾ ਤਕ ਪਹੁੰਚਣ ਦੀ ਪੂਰੀ ਆਜ਼ਾਦੀ ਦਿੱਤੀ। ਇਸ ਨਵੇਂ ਸੰਨਿਆਸ ਵਿੱਚ ਬੁੱਧ ਦਾ ਧਿਆਨ, ਕ੍ਰਿਸ਼ਨ ਦੀ ਬੰਸਰੀ, ਮੀਰਾ ਦੇ ਘੁੰਗਰੂ ਗਰੂ ਅਤੇ ਕਬੀਰ ਦੀ ਮਸਤੀ ਸ਼ਾਮਲ ਹੈ। ਭਾਰਤ ਵਿੱਚ ਧਰਮ ਅਤੇ ਦਰਸ਼ਨ ਦੇ ਸਮੇਂ-ਸਮੇਂ ਸਿਰ ਅਨੇਕ ਮੱਤ ਵਿਕਸਤ ਹੋਏ, ਜਿਹੜੇ ਬਾਅਦ ਵਿੱਚ ਅੰਧ-ਵਿਸ਼ਵਾਸੀ ਵਿਆਖਿਆ ਕਾਰਨ ਅਤੇ ਤਰਕ ਤੇ ਵਿਗਿਆਨ ਨੂੰ ਅੱਖੋਂ ਓਹਲੇ ਕਰਨ ਕਾਰਨ ਗੁੰਝਲਦਾਰ ਬਣਦੇ ਗਏ।