ਰੈੱਡ ਕਰਾਸ ਸੰਸਥਾ ਸੰਸਾਰ ਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ਦੀ ਯਾਦ ਵਿੱਚ 'ਰੈੱਡ ਕਰਾਸ ਦਿਵਸ' ਵਜੋਂ ਮਨਾਉਂਦੀ ਹੈ। ਸੰਸਥਾ ਨੂੰ ਤਿੰਨ ਵਾਰੀ ਸਾਲ 1917, 1944, ਅਤੇ 1963 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਾਲ 1922 ਤੋਂ ਹੀ ਰੈੱਡ ਕਰਾਸ ਅਤੇ ਰੈੱਡ ਕਰੀਸੈਂਟ ਸੁਸਾਇਟੀਜ਼ ਨੇ ਸੰਸਾਰ ਭਰ ਦੇ ਨੌਜਵਾਨਾਂ ਨੂੰ ਰੈੱਡ ਕਰਾਸ ਮੁਹਿੰਮ ਦਾ ਅਨਿੱਖੜਵਾਂ ਹਿੱਸਾ ਸਮਝਿਆ ਹੈ ਅਤੇ ਇਸ ਮੁਹਿੰਮ ਦੇ ਮਾਨਵਤਾਵਾਦੀ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦੇ ਆਗੂ ਮੰਨਿਆ ਹੈ। ਰੈੱਡ ਕਰਾਸ ਦੇ ਕੁੱਲ ਸਵੈ-ਸੇਵਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਨੌਜਵਾਨ ਹਨ। ਭਾਰਤੀ ਰੈੱਡ ਕਰਾਸ ਸੁਸਾਇਟੀ ਨਾਲ ਜੁੜੇ 1.2 ਕਰੋੜ ਦੇ ਕਰੀਬ ਸਵੈ-ਸੇਵਕਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਦਿਨ-ਰਾਤ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਸੰਸਥਾ ਸਲਾਮ ਕਰਦੀ ਹੈ। ਰੈਡ ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਸਨ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਹੈਨਰੀ ਡਿਊਨਾ ਦੇ ਯਤਨਾਂ ਸਦਕਾ ਹੀ ਬੱਝਿਆ। ਇਸ ਇਨਸਾਨ ਨੇ ਭਾਵੇਂ ਜੀਵਨ ਭਰ ਹਾਲਾਤ ਨਾਲ ਜੱਦੋ-ਜਹਿਦ ਕੀਤੀ ਪਰ ਮਨੁੱਖਤਾ ਦੀ ਸੇਵਾ ਦਾ ਟੀਚਾ ਹਰ ਪਲ ਉਸ ਦੇ ਸਾਹਮਣੇ ਰਿਹਾ। ਹੈਨਰੀ ਡਿਊਨਾ ਦਾ ਜਨਮ 8 ਮਈ ਸੰਨ 1828 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਇੱਕ ਸਮਾਜ ਸੇਵੀ ਪਰਿਵਾਰ ਵਿੱਚ ਪਿਤਾ ਜੀਨ ਜੈਕ ਡਿਊਨਾ ਦੇ ਘਰ ਮਾਤਾ ੲੈਨ ਐਨਟੋਇਨੀ ਦੀ ਕੁੱਖੋਂ ਹੋਇਆ। ਦੁਨੀਆਂ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ ਸਾਲਫਰੀਨੋ ਦੀ ਜੰਗ ਦੇ ਮੈਦਾਨ ਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਕੋਮਲ ਚਿੱਤ ਇਨਸਾਨ ਹੈਨਰੀ ਡਿਊਨਾ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੋਇਆ ਸੀ। 24 ਜੂਨ, 1859 ਨੂੰ ਇਟਲੀ ਦੇ ਉਤਰੀ ਹਿੱਸੇ ਦੇ ਇੱਕ ਕਸਬੇ ਸਾਲਫਰੀਨੋ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ। ਦਇਆਵਾਨ ਇਨਸਾਨ ਹੈਨਰੀ ਡਿਊਨਾ ਜੋ ਆਪਣੇ ਨਿੱਜੀ ਮਨੋਰਥ ਲਈ ਨੈਪੋਲੀਅਨ ਨੂੰ ਮਿਲਣ ਦੀ ਇੱਛਾ ਨਾਲ ਸਾਲਫਰੀਨੋ ਪੁੱਜਾ ਸੀ, ਨੇ ਇਹ ਭਿਆਨਕ ਲੜਾਈ ਦੇ ਦ੍ਰਿਸ਼ ਤੱਕੇ। ਜੰਗ ਦੇ ਮੈਦਾਨ ਵਿੱਚ ਇੱਕ ਦਰਦਨਾਕ ਨਜ਼ਾਰਾ ਸੀ। ਹਰ ਪਾਸੇ ਫੱਟੜ ਸੈਨਿਕ ਤੜਪ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਚਾਰੇ ਪਾਸੇ ਖੂਨ ਨਾਲ ਲੱਥਪੱਥ ਮੈਦਾਨ ਦਿਖ ਰਿਹਾ ਸੀ।