ਵਿਕੀਪੀਡੀਆ:ਚੁਣਿਆ ਹੋਇਆ ਲੇਖ/16 ਸਤੰਬਰ
ਗੁਰਸ਼ਰਨ ਭਾਅ ਜੀ ਜਾਂ ਭਾਈ ਮੰਨਾ ਸਿੰਘ (16 ਸਤੰਬਰ 1929 - 27 ਸਤੰਬਰ 2011) ਜੋ ਉੱਘੇ ਰੰਗਕਰਮੀ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਸ਼ੇਰ-ਏ-ਪੰਜਾਬ, ਇੱਕ ਇੰਜੀਨੀਅਰ, ਲੇਖਕ, ਨਾਟਕਕਾਰ, ਅਦਾਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ, ਵਕਤਾ ਅਤੇ ਸਭ ਤੋਂ ਉਪਰ ਇੱਕ ਵਧੀਆ ਇਨਸਾਨ ਸਨ। ਉਹ ਇੱਕ ਤੁਰਦੀ-ਫਿਰਦੀ ਸੰਸਥਾ ਸਨ। ਗੁਰਸ਼ਰਨ ਸਿੰਘ ਭਾਅ ਜੀ ਦਾ ਜਨਮ 16 ਸਤੰਬਰ, 1929 ਨੂੰ ਡਾਕਟਰ ਗਿਆਨ ਸਿੰਘ ਦੇ ਘਰ ਮੁਲਤਾਨ (ਪਾਕਿਸਤਾਨ) ਵਿੱਚ ਹੋਇਆ। ਲੋਕਾਂ ਦੇ ਇਸ ਨਾਇਕ ਨੇ ਨਿਕੇ ਹੁੰਦਿਆਂ ਤੋਂ ਸਮਿਆਂ ਦੀ ਨਬਜ਼ ਪਛਾਣ ਲਈ ਤੇ ਲੋਕਾਈ ਦੀ ਪੀੜ੍ਹ ਨੂੰ ਵੀ ਮਹਿਸੂਸ ਕੀਤਾ। ਉਨ੍ਹਾਂ ਐਮ.ਐਸਸੀ. (ਆਨਰਜ਼) ਟੈਕਨੀਕਲ ਕੈਮਿਸਟਰੀ ਤਕ ਵਿੱਦਿਆ ਪ੍ਰਾਪਤ ਕੀਤੀ। ਮੁਲਤਾਨ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਪੰਜਾਬੀ ਤੇ ਉਰਦੂ ਜ਼ੁਬਾਨਾਂ ਸਿੱਖੀਆਂ। ਬਹੁਤੀ ਵਿੱਦਿਆ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਨਾਟਕਾਂ ਵਿੱਚ ਆਪਣੀ ਪਤਨੀ ਕੈਲਾਸ਼ ਕੌਰ ਅਤੇ ਦੋ ਧੀਆਂ ਨੂੰ ਨਾਲ ਲੈ ਕੇ ਮੋਢਿਆਂ ਉਤੇ ਨਾਟ-ਸਮੱਗਰੀ ਦੇ ਥੈਲੇ ਚੁੱਕੀ ਭਾਅ ਜੀ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਦੇ, ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦੇ, ਨਾਟਕ ਖੇਡਦੇ, ਲੋਕਾਂ ਵਿੱਚ ਚੰਗਾ ਸਾਹਿਤ ਲੈ ਕੇ ਜਾਂਦੇ, ਬਿਨਾਂ ਕੋਈ ਟਿਕਟ ਲਾਇਆਂ ਹਜ਼ਾਰਾਂ, ਲੱਖਾਂ ਲੋਕਾਂ ਸਾਹਮਣੇ ਨਾਟਕ ਖੇਡਦੇ, ਕਿਸਾਨਾਂ, ਮਜ਼ਦੂਰਾਂ ਦੇ ਘਰਾਂ 'ਚ ਰੁੱਖੀ-ਮਿੱਸੀ ਦਾਲ ਰੋਟੀ ਛੱਕ ਕੇ ਠੰਡਾ ਪਾਣੀ ਪੀ ਕੇ ਫੇਰ ਅਗਲੇ ਪਿੰਡ ਲੋਕਾਂ ਨੂੰ ਪ੍ਰੇਰਨ ਵਾਲਾ ਜ਼ਿੰਦਗੀ ਦਾ ਮਸੀਹਾ, ਲੱਖਾਂ ਨੌਜਵਾਨਾਂ ਨੂੰ ਪ੍ਰੇਰਦਾ। ਆਪ 27 ਸਤੰਬਰ 2011 ਨੂੰ ਸਰੀਰਕ ਤੌਰ 'ਤੇ ਸਦਾ ਸਦਾ ਲਈ ਵਿਛੜ ਗਏ।