ਸੋਹਣ ਸਿੰਘ ਸੀਤਲ

ਸੋਹਣ ਸਿੰਘ ਸੀਤਲ (7 ਅਗਸਤ 1909 - 23 ਸਤੰਬਰ 1998) ਪੰਜਾਬੀ ਗਾਇਕ ਅਤੇ ਸਾਹਿਤਕਾਰ ਸਨ ਉਨ੍ਹਾਂ ਦਾ ਮੁੱਖ ਪੇਸ਼ਾ ਢਾਡੀ ਕਲਾ ਸੀ। ਉਹ ਗੀਤ, ਗਲਪ ਅਤੇ ਇਤਹਾਸਕ ਬਿਰਤਾਂਤ ਵੀ ਲਿਖਦੇ ਸਨ। ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। 1924 ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖਬਾਰ ਵਿਚ ਛਪੀ। 1927 ਵਿੱਚ ਉਨ੍ਹਾਂ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ ਕਵੀ ਵਿਚ ਛਪੀ। ਇਹ ਕਵਿਤਾ ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਸੱਜਰੇ ਹੰਝੂ ਵਿਚ ਸ਼ਾਮਲ ਹੈ। 1932 ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ਉਨ੍ਹਾਂ ਦੀਆਂ ਕਹਾਣੀਆਂ ਕਦਰਾਂ ਬਦਲ ਗਈਆਂ, ਅਜੇ ਦੀਵਾ ਬਲ ਰਿਹਾ ਸੀ ਅਤੇ ਜੇਬ ਕੱਟੀ ਗਈ ਜ਼ਿਕਰਯੋਗ ਹਨ। 1935 ਈ. ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ। ਸੋਹਣ ਸਿੰਘ ਸੀਤਲ ਵੱਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ', 'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ ਤੇ ਮਹੱਤਵ ਪੂਰਨ ਹਨ।