ਵਿਕੀਪੀਡੀਆ:ਚੁਣਿਆ ਹੋਇਆ ਲੇਖ/24 ਨਵੰਬਰ
ਜੀਵ ਪ੍ਰਜਾਤੀਆਂ ਦੀ ਉਤਪਤੀ ਚਾਰਲਸ ਡਾਰਵਿਨ ਨੇ ਜਾਣਕਾਰੀਆਂ ਅਤੇ ਅਧਿਐਨ ਸਮੱਗਰੀ ਦਾ ਭੰਡਾਰ ਇਕੱਠਾ ਕਰ ਲਿਆ, ਇਹੀ ਅਗੇ ਜਾ ਕੇ ਡਾਰਵਿਨ ਦੀ ਸੰਸਾਰ ਪ੍ਰਸਿੱਧ ਪੁਸਤਕ ਬਣੀ। ਡਾਰਵਿਨ ਨੇ ਜੀਵ ਵਿਕਾਸ ਸਬੰਧੀ ਦੋ ਮਹੱਤਵਪੂਰਨ ਧਾਰਨਾਵਾਂ ‘ਕੁਦਰਤੀ ਚੋਣ‘ ਤੇ ‘ਯੋਗਤਮ ਦਾ ਬਚਾਅ’ ਨੂੰ ਵਿਕਸਤ ਕੀਤਾ ਅਤੇ 1859 ਵਿੱਚ ਆਪਣੀ ਕਿਤਾਬ ‘ਜੀਵ ਪ੍ਰਜਾਤੀਆਂ ਦੀ ਉਤਪਤੀ’ ਪੂਰੀ ਕੀਤੀ। ਉਸੇ ਸਾਲ ਨਵੰਬਰ, 1859 ਵਿੱਚ ਇਹ ਕਿਤਾਬ ਛਪ ਗਈ। ਉਸ ਦੀ ਕਿਤਾਬ ਨੂੰ ਖਰੀਦਣ ਤੇ ਪੜ੍ਹਣ ਵਾਲੇ ਪਹਿਲੇ ਵਿਅਕਤੀਆਂ ਵਿੱਚ ਸਾਡੇ ਸਮਿਆਂ ਦੇ ਮਹਾਨ ਵਿਗਿਆਨੀ ਤੇ ਦਾਰਸ਼ਨਿਕ ਕਾਰਲ ਮਾਰਕਸ ਤੇ ਫ਼ਰੀਡਰਿਸ਼ ਐਂਗਲਸ ਵੀ ਸ਼ਾਮਿਲ ਸਨ। ਉਸ ਨੇ ਸਿੱਧ ਕਰ ਦਿੱਤਾ ਕਿ ਧਰਤੀ ‘ਤੇ ਜੀਵਾਂ ਦੀਆਂ ਪ੍ਰਜਾਤੀਆਂ ਸਦਾ ਤੋਂ ਇਕੋ ਜਿਹੀਆਂ ਤੇ ਇਕੋ ਗਿਣਤੀ ‘ਚ ਨਹੀਂ ਰਹੀਆਂ ਅਤੇ ਨਾ ਹੀ ਜੀਵ ਸਦਾ ਤੋਂ ਧਰਤੀ ‘ਤੇ ਰਹੇ ਹਨ। ਜੀਵਾਂ ਦਾ ਵਿਕਾਸ ਹੋਇਆ ਹੈ, ਧਰਤੀ ਉਪਰਲੇ ਜੀਵਨ ਵਿੱਚ ਲਗਾਤਾਰ ਬਦਲਾਅ ਆਉਂਦੇ ਰਹੇ ਹਨ ਅਤੇ ਇਹ ਬਦਲਾਅ ਆਉਣ ਵਿੱਚ ਲੱਖਾਂ ਸਾਲ ਲੱਗੇ ਹਨ। ਜਦੋਂ ਡਾਰਵਿਨ ਨੇ ਆਪਣੀ ਕਿਤਾਬ ‘ਮਨੁੱਖ ਦੀ ਉਤਪਤੀ’ ਵਿੱਚ ਇਕ ਖੁਲਾਸਾ ਕੀਤਾ ਕਿ ਮਨੁੱਖ ਦਾ ਵਿਕਾਸ ਬਾਂਦਰਾਂ ਦੀ ਇੱਕ ਕਿਸਮ ‘ਏਪ’ ਤੋਂ ਹੋਇਆ ਹੈ ਤਾਂ ਬਾਂਦਰ ਦੇ ਧੜ ਉੱਪਰ ਡਾਰਵਿਨ ਦਾ ਚਿਹਰਾ ਲਗਾ ਕੇ ਉਸ ਦੀ ਖਿੱਲੀ ਉਡਾਈ ਗਈ।