ਵਿਕੀਪੀਡੀਆ:ਚੁਣਿਆ ਹੋਇਆ ਲੇਖ/2 ਅਗਸਤ
ਮਰਦਮਸ਼ੁਮਾਰੀ ਕਿਸੇ ਵਿਸ਼ੇਸ਼ ਅਬਾਦੀ ਦੇ ਜੀਆਂ ਬਾਬਤ ਸੂਚਨਾ ਨੂੰ ਇਕੱਠਿਆਂ ਕਰਕੇ ਪੱਕੇ ਰੂਪ ਵਿੱਚ ਦਰਜ ਕਰਨ ਦੀ ਵਿਵਸਥਤ ਕਾਰਜ-ਪ੍ਰਣਾਲੀ ਨੂੰ ਕਿਹਾ ਜਾਂਦਾ ਹੈ। ਇਹ ਕਿਸੇ ਅਬਾਦੀ ਦੀ ਨੇਮਪੂਰਵਕ ਵਾਪਰਦੀ ਅਧਿਕਾਰਕ ਗਿਣਤੀ ਹੁੰਦੀ ਹੈ। ਇਸ ਸ਼ਬਦ ਦੀ ਆਮ ਵਰਤੋਂ ਰਾਸ਼ਟਰੀ ਅਬਾਦੀ ਅਤੇ ਮਕਾਨਾਂ ਦੇ ਸਬੰਧ ਵਿੱਚ ਹੁੰਦੀ ਹੈ; ਹੋਰ ਆਮ ਮਰਦਮਸ਼ੁਮਾਰੀਆਂ ਵਿੱਚ ਖੇਤੀਬਾੜੀ, ਵਪਾਰ ਅਤੇ ਆਵਾਜਾਈ ਸ਼ਾਮਲ ਹਨ। ਮਰਦਮਸ਼ੁਮਾਰੀ ਤੋਂ ਭਾਵ ਦੇਸ਼ ਦੇ ਜਨਸਮੂਹ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ ਤਾਂ ਜੋ ਲੋਕਾਂ ਦੀ ਭਲਾਈ ਲਈ ਸਾਲਾਨਾ, ਪੰਜ-ਸਾਲਾ ਅਤੇ ਹੋਰ ਯੋਜਨਾਵਾਂ ਬਣਾਈਆਂ ਜਾ ਸਕਣ। ਮਰਦਮਸ਼ੁਮਾਰੀ ਦੁਆਰਾ ਪਤਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਨੂੰ ਮਨੁੱਖਾਂ ਦੇ ਕਿਹੜੇ ਵਰਗ ਦੀ ਭਲਾਈ ਲਈ ਕਿਹੋ ਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਇਹ ਦੇਸ਼ ਭਰ ਵਿੱਚੋਂ ਇਕੱਠੇ ਕੀਤੇ ਜਾਂਦੇ ਅੰਕੜਿਆਂ ਦਾ ਮੁੱਖ ਆਧਾਰ ਹੈ। ਮਰਦਮਸ਼ੁਮਾਰੀ ਦਾ ਮੁੱਖ ਮੰਤਵ ਦੇਸ਼ ਵਾਸੀਆਂ ਦੇ ਰਹਿਣ ਸਹਿਣ, ਧਰਮ, ਜਾਤੀ,ਅਪਾਹਜਤਾ, ਮਾਂ-ਬੋਲੀ, ਸਾਖਰਤਾ, ਕੰਮਕਾਜ, ਪਰਵਾਸ, ਜਨਮ ਮਿਤੀ, ਜਨਮ ਸਥਾਨ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ ਤਾਂ ਜੋ ਭਾਰਤ ਦੀ ਕੁੱਲ ਅਬਾਦੀ ਦੇ ਨਿਸ਼ਚਿਤ ਵੇਰਵੇ ਪ੍ਰਾਪਤ ਹੋਣ ਅਤੇ ਇਸ ਨੂੰ ਭਵਿੱਖ ਦੀਆਂ ਯੋਜਨਾਵਾਂ ਦਾ ਆਧਾਰ ਬਣਾਇਆ ਜਾ ਸਕੇ।