ਮਿਖਾਇਲ ਗੋਰਬਾਚੇਵ
ਮਿਖਾਇਲ ਗੋਰਬਾਚੇਵ

ਮਿਖਾਇਲ ਸੇਰਗੇਈਵਿੱਚ ਗੋਰਬਾਚੇਵ (ਜਨਮ 2 ਮਾਰਚ 1931) ਸਾਬਕਾ ਸੋਵੀਅਤ ਰਾਜਨੇਤਾ ਹੈ। ਉਹ 1985 ਤੋਂ 1991 ਤੱਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, 1988 ਤੋਂ 1991 ਵਿੱਚ ਸੋਵੀਅਤ ਯੂਨੀਅਨ ਭੰਗ ਹੋਣ ਤੱਕ ਰਾਜ ਦਾ ਮੁਖੀ ਰਿਹਾ। ਸੋਵੀਅਤ ਯੂਨੀਅਨ ਦੇ ਇਤਹਾਸ ਵਿੱਚ ਉਹੀ ਇਕੱਲਾ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਸੀ ਜਿਸਦਾ ਜਨਮ ਅਕਤੂਬਰ ਇਨਕਲਾਬ ਤੋਂ ਬਾਅਦ ਹੋਇਆ ਸੀ। ਗੋਰਬਾਚੇਵ ਦੱਖਣ ਰੂਸ ਦੇ ਪਿੰਡ ਪ੍ਰਿਵੋਲਨੋਏ, ਸਤਾਵਰੋਪੋਲ ਕਰਾਈ, ਸੋਵੀਅਤ ਯੂਨੀਅਨ ਵਿੱਚ 2 ਮਾਰਚ 1931 ਨੂੰ ਪੈਦਾ ਹੋਇਆ। ਉਸ ਦੇ ਦਾਦਾ ਅਤੇ ਨਾਨਾ ਦੋਨੋਂ ਸਟਾਲਿਨ ਦੇ ਸਮੇਂ ਦਮਨ ਚੱਕਰ ਦਾ ਸ਼ਿਕਾਰ ਹੋਏ ਸਨ। ਉਸ ਦੇ ਦਾਦਾ ਨੌਂ ਸਾਲ ਸਾਇਬੇਰੀਆ ਕੈਦ ਵਿੱਚ ਰਹੇ। ਉਸ ਦੇ ਪਿਤਾ ਫੌਜ ਵਿੱਚ ਸਨ ਅਤੇ ਦੂਸਰੀ ਸੰਸਾਰ ਜੰਗ ਵਿੱਚ ਮਾਰੇ ਗਏ। ਭੈੜੇ ਹਾਲਾਤ ਦੇ ਬਾਵਜੂਦ ਉਹ ਸਕੂਲ ਵਿੱਚ ਇੱਕ ਚੰਗੇ ਵਿਦਿਆਰਥੀ ਸਨ। 1950 ਵਿੱਚ ਉਸ ਨੇ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਪਰਵੇਸ਼ ਕੀਤਾ ਜਿਥੋਂ ਉਸ ਨੇ 1955 ਵਿੱਚ ਕਨੂੰਨ ਦੀ ਡਿਗਰੀ ਲਈ। ਇੱਥੇ ਹੀ ਉਸਨੂੰ ਆਪਣੀ ਭਵਿੱਖੀ ਪਤਨੀ ਰਾਇਸਾ ਗੋਰਬਾਚੇਵਾ ਮਿਲੀ ਸੀ।