ਪੰਜਾਬੀ ਯੂਨੀਵਰਸਿਟੀ
ਪੰਜਾਬੀ ਯੂਨੀਵਰਸਿਟੀ

ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪਰੈਲ, 1962 ਈ ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਜ਼ੁਬਾਨ ਦੇ ਨਾਮ ਉੱਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ। ਭਾਵੇਂ ਸ਼ੁਰੂ ਵਿੱਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ, ਪਰ ਸਹਿਜੇ ਸਹਿਜੇ ਇਸ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਇਹ ਇੱਕ ਬਹੁ-ਪੱਖੀ ਅਤੇ ਬਹੁ-ਸਹੂਲਤ ਵਾਲੇ ਵਿਸ਼ਾਲ ਵਿਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ। ਯੂਨੀਵਰਸਿਟੀ ਕੈਂਪਸ ਵਿੱਚ ਇਸ ਸਮੇਂ ਵੱਖੋ-ਵੱਖ ਫੈਕਲਟੀਆਂ ਦੇ ਤਹਿਤ ਉਚੇਰੀ ਸਿੱਖਆ ਪ੍ਰਦਾਨ ਕਰਨ ਹਿਤ 65 ਅਧਿਆਪਨ ਅਤੇ ਖੋਜ ਵਿਭਾਗ ਹਨ। ਯੂਨੀਵਰਸਿਟੀ ਨਾਲ ਪੰਜ ਰੀਜਨਲ ਸੈਂਟਰ, ਛੇ ਨੇਬਰਹੁਡ ਕੈਂਪਸ ਸਮੇਤ 230 ਕਾਲਜ ਸੰਪੂਰਨ ਰੂਪ ਵਿੱਚ ਗਤੀਸ਼ੀਲ ਹਨ। ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦਾ ਪ੍ਰਮੱਖ ਵਿਭਾਗ ਹੈ ਜਿਸ ਦੀ ਸਥਾਪਨਾ ਯੂਨੀਵਰਸਿਟੀ ਦੇ ਹੋਂਦ ਵਿੱਚ ਆਉਣ ਦੇ ਨਾਲ 1962 ਵਿੱਚ ਹੀ ਕਰ ਦਿੱਤੀ ਗਈ। ਪੰਜਾਬੀ ਵਿਭਾਗ ਦਾ ਪ੍ਰਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰਾਂ ਵਿੱਚ ਉਚੇਰੀ ਖੋਜ ਅਤੇ ਅਧਿਆਪਨ ਨੂੰ ਪ੍ਰਫੁਲਿਤ ਕਰਨਾ ਹੈ ਜੋ ਕਿ ਇਸ ਯੂਨੀਵਰਸਿਟੀ ਦਾ ਮੁੱਖ ਮੰਤਵ ਹੈ। ਇਸ ਮੰਤਵ ਹਿਤ ਵਿਭਾਗ ਵਿੱਚ ਪੜ੍ਹਾਈ ਅਤੇ ਖੋਜ ਦੇ ਮਹੱਤਵਪੂਰਨ ਪਹਿਲੂਆਂ ਨੂੰ ਅੱਗੇ ਰੱਖਿਆ ਗਿਆ ਹੈ। ਪੰਜਾਬੀ ਵਿਭਾਗ ਨੂੰ ਮਾਣ ਹੈ ਕਿ ਇੱਥੇ ਪ੍ਰਸਿੱਧ ਨਾਟਕਕਾਰ ਵਿਭਾਗੀ ਅਧਿਆਪਨ ਫ਼ੈਕਲਟੀ ਦੇ ਮੈਂਬਰ ਰਹੇ ਹਨ।