ਰੈੱਡ ਕਰਾਸ ਸੰਸਥਾ ਸੰਸਾਰ ਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੁਨਾਂਟ ਦੇ ਜਨਮ ਦਿਨ ਦੀ ਯਾਦ ਵਿੱਚ 'ਰੈੱਡ ਕਰਾਸ ਦਿਵਸ' ਵਜੋਂ ਮਨਾਉਂਦੀ ਹੈ। ਸੰਸਥਾ ਨੂੰ ਤਿੰਨ ਵਾਰੀ ਸਾਲ 1917, 1944, ਅਤੇ 1963 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਾਲ 1922 ਤੋਂ ਹੀ ਰੈੱਡ ਕਰਾਸ ਅਤੇ ਰੈੱਡ ਕਰੀਸੈਂਟ ਸੁਸਾਇਟੀਜ਼ ਨੇ ਸੰਸਾਰ ਭਰ ਦੇ ਨੌਜਵਾਨਾਂ ਨੂੰ ਰੈੱਡ ਕਰਾਸ ਮੁਹਿੰਮ ਦਾ ਅਨਿੱਖੜਵਾਂ ਹਿੱਸਾ ਸਮਝਿਆ ਹੈ ਅਤੇ ਇਸ ਮੁਹਿੰਮ ਦੇ ਮਾਨਵਤਾਵਾਦੀ ਸਿਧਾਂਤਾਂ ਅਤੇ ਕਦਰਾਂ ਕੀਮਤਾਂ ਦੇ ਆਗੂ ਮੰਨਿਆ ਹੈ। ਰੈੱਡ ਕਰਾਸ ਦੇ ਕੁੱਲ ਸਵੈ-ਸੇਵਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਨੌਜਵਾਨ ਹਨ। ਭਾਰਤੀ ਰੈੱਡ ਕਰਾਸ ਸੁਸਾਇਟੀ ਨਾਲ ਜੁੜੇ 1.2 ਕਰੋੜ ਦੇ ਕਰੀਬ ਸਵੈ-ਸੇਵਕਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਦਿਨ-ਰਾਤ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਨੂੰ ਸੰਸਥਾ ਸਲਾਮ ਕਰਦੀ ਹੈ। 26 ਅਕਤੂਬਰ, 1863 ਨੂੰ ਇੱਕ ਕਾਨਫ਼ਰੰਸ ਦੇ ਤਹਿਤ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਇੱਕ ਸੰਸਥਾ ਸਥਾਪਿਤ ਕੀਤੀ ਗਈ। ਬਾਅਦ ਵਿੱਚ ਇਸ ਕਮੇਟੀ ਨੂੰ ਰੈੱਡ ਕਰਾਸ ਦਾ ਨਾਂਅ ਮਿਲਿਆ। ਭਾਰਤ ਵਿੱਚ ਰੈੱਡ ਕਰਾਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਅਧੀਨ 1920 ਵਿੱਚ ਬਣੀ। ਅੱਜ ਸੰਸਾਰ ਦੇ ਲਗਭਗ ਹਰ ਮੁਲਕ ਵਿੱਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ।