ਜਿੱਥੇ ਯੁੱਧ, ਦਾਨ, ਧਰਮ ਦੇ ਸੰਬੰਧ ਵਿੱਚ ੳਤਸ਼ਾਹ ਦੀ ਪੁਸ਼ਟੀ ਹੋਵੇ ਉੱਥੇ ਵੀਰ ਰਸ ਹੁੰਦਾ ਹੈ। ਇਹ ਉਤਸ਼ਾਹ ਉੱਤਮ ਪ੍ਰਕ੍ਰਿਤੀ ਅਰਥਾਤ ਉੱਤਮ ਕਿਸਮ ਦਾ ਹੁੰਦਾ ਹੈ "ਭਾਵ ਪ੍ਰਕਾਸ਼" ਵਿੱਚ ਲਿਖਿਆ ਹੈ ਕਿ ਕਿਸੇ ਕਾਰਜ ਨੂੰ ਸੰਪੂਰਨ ਕਰਨ ਵਾਸਤੇ ਸਾਡੇ ਮਨਾਂ ਵਿੱਚ ਜਿਹੜੀ ਇੱਕ ਖਾਸ ਕਿਸਮ ਦੀ ਹੌਂਸਲਾ ਭਰਪੂਰ ਕ੍ਰਿਆ ਪੈਦਾ ਹੁੰਦੀ ਹੈ ਉਹੋ ਹੀ ਉਤਸ਼ਾਹ ਹੈ। ਇਹ ਉਤਸ਼ਾਹ ਵੀਰ ਰਸ ਦਾ ਸਥਾਈ ਭਾਵ ਹੈ।

ਦੁਸ਼ਮਣ;ਦੀਨ-ਗਰੀਬ, ਭਿਖਾਰੀ, ਤੀਰਥ, ਆਦਿ ਇਸ ਦੇ ਆਲੰਬਨ ਵਿਭਾਵ ਹਨ, ਦੁਸ਼ਮਣ ਦੀਆਂ ਹਰਕਤਾਂ, ਭਿਖਾਰੀ ਦੀ ਦੀਨ ਹੀਨ-ਅਵਸਥਾ ਇਸ ਦੇ ਉੱਦੀਪਨ ਵਿਭਾਵ ਹਨ, ਰੋਮਾਂਚ, ਅਭਿਮਾਨ-ਭਰੀ ਗਲਬਾਤ, ਭਿਖਾਰੀ ਲਈ ਦਯਾ ਦੇ ਵਚਨ ਇਸ ਦੇ ਅਨੁਭਾਵ ਹਨ, ਗਰਵ, ਸਮ੍ਰਿਤੀ, ਉੱਲਾਸ, ਆਵੇਗ ਆਦਿ ਇਸ ਦੇ ਸੰਚਾਰੀ ਭਾਵ ਹਨ[1]

ਆਚਾਰੀਆ ਨੇ ਵੀਰ ਰਸ ਦੇ ਚਾਰ ਭੇਦ ਮੰਨੇ ਹਨ:

ੳ • ਯੁੱਧ ਵੀਰ

ਅ • ਧਰਮ ਵੀਰ

ੲ • ਦਾਨ ਵੀਰ

ਸ • ਦਯਾ ਵੀਰ

ਇਹਨਾਂ ਚਾਰੇ ਵੀਰ ਰਸਾਂ ਦਾ ਸਥਾਈ ਭਾਵ ਉਤਸ਼ਾਹ ਹੀ ਹੈ ਪਰ ਇਹਨਾਂ ਦਾ ਮਨੋਰਥ ਵੱਖ-ਵੱਖ ਹੁੰਦਾ ਹੈ।[2] ਯੁੱਧ ਵੀਰ ਦਾ ਉਤਸ਼ਾਹ ਰਣਭੂਮੀ ਲਈ ਹੁੰਦਾ ਹੈ, ਧਰਮ ਵੀਰ ਦਾ ਉਤਸ਼ਾਹ ਧਰਮ-ਰਕਸ਼ਾ ਲਈ ਹੁੰਦਾ ਹੈ, ਦਾਨ ਵੀਰ ਦਾ ਉਤਸ਼ਾਹ ਦਾਨ ਦੇਣ ਲਈ ਹੁੰਦਾ ਹੈ, ਦਯਾ ਵੀਰ ਦਾ ਉਤਸ਼ਾਹ ਭਿਖਾਰੀਆਂ; ਨਿਰਾਸਰਿਆਂ ਲਈ ਦਯਾ, ਕਿ੍ਪਾ-ਦਿਖਾਉਣ ਲਈ ਹੁੰਦਾ ਹੈ। ਇਸ ਸਥਾਈ ਭਾਵ ਦੇ ਆਧਾਰ ਤੇ ਹੀ ਇਹ ਸਾਰੇ ਭੇਦ ਵੀਰ ਰਸ ਵਿੱਚ ਸ਼ਾਮਲ ਕੀਤੇ ਗਏ ਹਨ।[2]

ਉਦਾਹਰਣ:-

''ਬਲੀ ਸਿੰਘ ਰਣਜੀਤ ਘੋੜਾ ਕੁਦਾਇਆਂ

ਨਿਕਲ ਤੇਗ ਨੇ ਇੱਕ ਨਜ਼ਾਰਾ ਵਿਖਾਇਆ

ਉਡੇ ਪੌਣ ਤੋ ਤੇਜ ਰਾਕੀ ਰੰਗੀਲਾ

ਰਹਿਆਂ ਮਾਰ ਯੋਧਾ ਹੈ ਨਾਅਰਾ ਜੁਸ਼ੀਲਾ

ਭਖੇ ਨੈਣ, ਚੜ੍ਹਿਆ ਮਨੋ ਜਾਮ ਹੋਏ

ਉਠੀ ਧੂੜ, ਘੋੜੇ ਹਜ਼ਾਰਾਂ ਨੇ ਦੋੜੇ

ਚੜ੍ਹੇ ਸਿੰਘ ਬਲਵਾਨ ਸੀਨੇ ਨੇ ਚੌੜੇ

ਫੜੋ ! ਮਾਰ ਲੌ! ਜਾਣ ਬਚਕੇ ਨਾ ਵੈਰੀ

ਭਖੇ ਰਣ 'ਚਿ ਆਵਾਜ਼ ਏਹਾ ਹੈ ਲਹਿਰੀ "

ਇਸ ਵਿੱਚ ਕਸੂਰ ਦੀ ਲੜਾਈ ਦਾ ਵਰਣਨ ਹੈ। 'ਮਹਾਰਾਜਾ ਰਣਜੀਤ ਸਿੰਘ ਆਸ਼੍ਰਯ ਹੈ: ਦੁਸ਼ਮਣ ਆਲੰਬਨ ਵਿਭਾਵ ਹੈ, ਦੁਸ਼ਮਣ ਦੇ ਕੁਕਰਮ ਉਦੀਪਨ ਵਿਭਾਵ ਹੈ, ਘੋੜਾ ਦੁੜੋਨਾ, ਨਾਅਰੇ ਲੋਣਾ, ਰੋਮ ਖੜੇ ਹੋਣਾ ਅਨੁਭਵ ਹਨ, ਗਰਬ, ਯੁਧ ਦਾ ਚਾਉ, ਜਾਤੀ ਧਰਮ ਦੀ ਰਕਸ਼ਾ ਦੀ ਉਤਸੁਕਤਾ ਆਦਿ ਸੰਚਾਰੀ ਭਾਵ ਹਨ।[3]

ਹਵਾਲੇ ਸੋਧੋ

  1. ਧਾਲੀਵਾਲ, ਡਾ.ਪ੍ਰੇਮ ਪ੍ਰਕਾਸ਼ (2019). ਭਾਰਤੀ ਕਾਵਿ ਸ਼ਾਸਤ੍ਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਮਦਾਨ ਪਬਲੀਸਿੰਗ ਹਾਉਸ. p. 99.
  2. 2.0 2.1 ਸ਼ਰਮਾ, ਪ੍ਰੋ.ਸੁ਼ਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 173. ISBN 978-81-302-0462-8.
  3. ਸਿੰਘ, ਡਾ.ਪ੍ਰੇਮ ਪ੍ਰਕਾਸ਼ (1998). ਭਾਰਤੀ ਕਾਵਿ-ਸ਼ਾਸਤ੍ਰ. ਲੁਧਿਆਣਾ: ਲਾਹੋਰ ਬੁਕ ਸ਼ਾਪ, ਲੁਧਿਆਣਾ. p. 244. ISBN 81-7647-018-X.