ਸਪੀਕਰ ਲਾਉਣਾ
ਲਾਉਡ ਸਪੀਕਰ ਨੂੰ ਆਮ ਤੌਰ ਤੇ ਸਪੀਕਰ ਕਿਹਾ ਜਾਂਦਾ ਹੈ। ਲਾਊਡ ਸਪੀਕਰ ਦਾ ਸ਼ਾਬਦਿਕ ਅਰਥ ਹੈ, ਆਵਾਜ਼ ਨੂੰ ਉੱਚੀ ਕਰਨ ਵਾਲਾ ਸੰਦ। ਅੱਜ ਤੋਂ ਕੋਈ 50 ਕੁ ਸਾਲ ਪਹਿਲਾਂ ਲਾਊਡ ਸਪੀਕਰ ਲਾਉਣ ਤੋਂ ਬਿਨਾਂ ਵਿਆਹ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ। ਵਿਆਹ ਵਿਚ ਰੋਟੀ ਵਾਲੇ ਦਿਨ ਤੋਂ ਸਪੀਕਰ ਲਾ ਦਿੱਤਾ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਹਰ ਖੁਸ਼ੀ ਦੇ ਸਮਾਗਮ ਤੇ ਸਪੀਕਰ ਲਾਇਆ ਜਾਂਦਾ ਸੀ। ਸਪੀਕਰ ਆਮ ਤੌਰ ਤੇ ਕੋਠੇ ਉੱਪਰ ਦੋ ਮੰਜਿਆਂ ਨੂੰ ਪੁੱਠੇ ਲੋਟ ਖੜ੍ਹੇ ਕਰ ਕੇ ਪਾਵਿਆਂ ਨਾਲ ਬੰਨ੍ਹਿਆ ਜਾਂਦਾ ਸੀ। ਸਪੀਕਰ ਨੂੰ ਚਲਾਉਣ ਵਾਲਾ ਬੰਦਾ ਆਪਣੀ ਮਸ਼ੀਨ ਲੈ ਕੇ ਬੈਠਕ ਵਿਚ ਜਾਂ ਵਰਾਂਡੇ ਵਿਚ ਬੈਠਦਾ ਸੀ। ਸਪੀਕਰ ਬੈਟਰੀ ਨਾਲ ਚਲਦਾ ਸੀ। ਲਾਖ ਦੇ ਤਵੇ ਹੁੰਦੇ ਸਨ। ਦੋਵੇਂ ਪਾਸੇ ਗੀਤ/ਗਾਣੇ ਭਰੇ ਹੁੰਦੇ ਸਨ। ਮਸ਼ੀਨ ਨੂੰ ਚਾਬੀ ਦੇ ਕੇ ਉੱਪਰ ਤਵਾ ਰੱਖਿਆ ਜਾਂਦਾ ਸੀ। ਮਸ਼ੀਨ ਦੀ ਸੂਈ ਤਵੇ ਦੇ ਇਕ ਪਾਸੇ ਹੀ ਕੰਮ ਦਿੰਦੀ ਸੀ। ਜਦ ਤਵੇ ਦਾ ਪਾਸਾ ਬਦਲਿਆ ਜਾਂਦਾ ਸੀ, ਉਸ ਸਮੇਂ ਸੂਈ ਵੀ ਬਦਲੀ ਜਾਂਦੀ ਸੀ। ਸ਼ਾਮ ਨੂੰ ਜੰਨ ਲੜਕੀ ਦੇ ਪਿੰਡ ਪਹੁੰਚਦੀ ਸੀ। ਪਿੰਡ ਪਹੁੰਚਣ ਤੇ ਹੀ ਸਪੀਕਰ ਲਾ ਦਿੱਤਾ ਜਾਂਦਾ ਸੀ। ਅਸਲ ਵਿਚ ਸਪੀਕਰ ਲੱਗਣ ਤੇ ਹੀ ਪਤਾ ਲੱਗਦਾ ਸੀ ਕਿ ਬਰਾਤ ਆ ਗਈ ਹੈ। ਆਮ ਤੌਰ ਤੇ ਅੱਧੀ ਰਾਤ ਤੱਕ ਸਪੀਕਰ ਚੱਲਦਾ ਰਹਿੰਦਾ ਸੀ। ਉਨ੍ਹਾਂ ਸਮਿਆਂ ਵਿਚ ਢਾਡੀ ਅਮਰ ਸਿੰਘ ਤੇ ਢਾਡੀ ਦੀਦਾਰ ਸਿੰਘ ਦੇ ਕਲੀਆਂ ਦੇ ਤਵੇ ਬਹੁਤ ਮਸ਼ਹੂਰ ਸਨ। ਕਰਨੈਲ ਸਿੰਘ ਰਾਮੂਵਾਲੀਆਂ ਦੇ ਕਵੀਸ਼ਰੀ ਦੇ ਤਵੇ ਆਮ ਚਲਦੇ ਸਨ। ਏਸੇ ਤਰ੍ਹਾਂ ਉਸ ਸਮੇਂ ਦੇ ਪੰਜਾਬੀ ਪਿਕਚਰਾਂ ਦੇ ਗੀਤਾਂ ਦੇ ਤਵੇ ਚਲਦੇ ਸਨ। ਬਰਾਤੀ ਤੇ ਪਿੰਡ ਵਾਲੇ ਆਪਣੀ-ਆਪਣੀ ਪਸੰਦ ਦੇ ਤਵੇ ਲਾਉਣ ਦੀ ਸਿਫਾਰਸ਼ ਵੀ ਕਰਦੇ ਰਹਿੰਦੇ ਸਨ। ਸਵੇਰ ਆਸਾਂ ਦੀ ਵਾਰ ਤੇ ਅਨੰਦ ਕਾਰਜ ਦੀ ਰਸਮ ਤੱਕ ਸਪੀਕਰ ਲੜਕੀ ਵਾਲਿਆਂ ਦੇ ਘਰ ਲਾਇਆ ਜਾਂਦਾ ਸੀ। ਉਸ ਤੋਂ ਪਿੱਛੋਂ ਜੰਨ ਦੇ ਡੇਰੇ ਆ ਕੇ ਫਿਰ ਸਪੀਕਰ ਲਾ ਦਿੰਦੇ ਸਨ। ਜਿਨ੍ਹਾਂ ਚਿਰ ਜੰਨ ਲੜਕੀ ਹੀ ਪਿੰਡ ਰਹਿੰਦੀ ਸੀ, ਸਪੀਕਰ ਚਲਦਾ ਹੀ ਰਹਿੰਦਾ ਸੀ।ਹੁਣ ਵਿਆਹਾਂ ਵਿਚ ਕੋਈ ਵੀ ਸਪੀਕਰ ਨਹੀਂ ਲਾਉਂਦਾ। ਹੁਣ ਤਾਂ ਵਿਆਹਾਂ ਵਿਚ ਡੀ.ਜੇ. ਚਲਦਾ ਹੈ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.