ਸਪੂਤਨਿਕ-1
ਸਪੂਤਨਿਕ-1 ਸਪੂਤਨਿਕ ਦਾ ਭਾਵ ਹੈ ‘ਸਾਥੀ’ ਤੇ ਨੰਬਰ 1 ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਅਜਿਹੇ ਹੋਰ ਉਪਗ੍ਰਹਿ ਵੀ ਪੁਲਾੜ ਵੱਲ ਦਾਗੇ ਜਾਣਗੇ ਅਤੇ ਇਹ ਉਨ੍ਹਾਂ ਵਿੱਚੋਂ ਪਹਿਲਾ ਹੈ। ਗੋਲਾਕਾਰ ਸ਼ਕਲ ਦੇ ਇਸ ਬਣਾਉਟੀ ਉਪਗ੍ਰਹਿ ਦਾ ਭਾਰ 83 ਕਿਲੋਗ੍ਰਾਮ ਅਤੇ 600 ਗ੍ਰਾਮ ਸੀ। ਬਣਤਰ ਪੱਖੋਂ ਇਹ ਮਨੁੱਖੀ ਸਿਰਜਣਾ ਦੀ ਬੇਮਿਸਾਲ ਕਿਰਤ ਸੀ। ਸਪੂਤਨਿਕ-1 ਦੀ ਧਰਤੀ ਤੋਂ ਪੁਲਾੜ ਵੱਲ ਯਾਤਰਾ ਬੜੀ ਦਿਲਚਸਪ ਘਟਨਾ ਸੀ।
ਕੁਦਰਤੀ ਉਪਗ੍ਰਹਿ ਅਤੇ ਬਣਾਉਟੀ ਉਪਗ੍ਰਹਿ ਦਾ ਕੰਮ
ਸੋਧੋਚੰਦਰਮਾ ਸਾਡੀ ਧਰਤੀ ਦਾ ਕੁਦਰਤੀ ਉਪਗ੍ਰਹਿ ਹੈ। ਇਹ ਪ੍ਰਿਥਵੀ ਦੁਆਲੇ ਲਗਾਤਾਰ ਪਰਿਕਰਮਾ ਕਰ ਰਿਹਾ ਹੈ। ਸਾਡੇ ਸੂਰਜ-ਮੰਡਲ ਵਿੱਚ ਭਿੰਨ-ਭਿੰਨ ਗ੍ਰਹਿਆਂ ਦੁਆਲੇ ਘੁੰਮ ਰਹੇ ਅਜਿਹੇ 32 ਹੋਰ ਚੰਦਰਮਾ ਹਨ। ਮਨੁੱਖੀ ਸਦੀਆਂ ਤੋਂ ਧਰਤੀ ਉੱਪਰ ਖੜ੍ਹ ਕੇ ਰਾਤ ਸਮੇਂ ਚੰਦਰਮਾ ਨੂੰ ਤੱਕਦਾ ਰਿਹਾ ਹੈ। ਪੁਰਾਤਨ ਮਨੁੱਖ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਸ ਦੁਆਰਾ ਤਿਆਰ ਕੀਤੇ ਚੰਦਰਮਾ ਵਰਗੇ ਬਣਾਉਟੀ ਉਪਗ੍ਰਹਿ ਕਦੇ ਆਸਮਾਨ ਵਿੱਚ ਟਿਮਟਿਮਾ ਰਹੇ ਹੋਣਗੇ। ਮਨੁੱਖ ਦੁਆਰਾ ਤਿਆਰ ਕੀਤੇ ਸੈਂਕੜੇ ਬਣਾਉਟੀ ਉਪਗ੍ਰਹਿ ਜਾਂ ਚੰਦਰਮਾ, ਧਰਤੀ ਦੁਆਲੇ ਚੱਕਰ ਲਗਾ ਰਹੇ ਹਨ। ਧਰਤੀ ਦੇ ਕੋਨੇ-ਕੋਨੇ ਦੀ ਜਾਣਕਾਰੀ ਇਨ੍ਹਾਂ ਬਣਾਉਟੀ ਉਪਗ੍ਰਹਿਆਂ ਦੁਆਰਾ ਇਕੱਠੀ ਕੀਤੀ ਜਾ ਰਹੀ ਹੈ। ਪੁਲਾੜ ਵਿੱਚ ਧਰਤੀ ਦੁਆਲੇ ਘੁੰਮ ਰਹੇ ਇਹ ਉਪਗ੍ਰਹਿ ਧਰਤੀ ਉੱਪਰਲੇ ਮੌਸਮ ਦੇ ਹਾਲ ਤੋਂ ਲੈ ਕੇ ਹਰ ਪਲ ਦੀ ਖ਼ਬਰ ਆਪਣੇ ਕੈਮਰਿਆਂ ਵਿੱਚ ਕੈਦ ਕਰ ਰਹੇ ਹਨ। ਫਿਰ ਇਹੋ ਸੂਚਨਾ ਤੇ ਚਿੱਤਰ ਸਾਡੇ ਟੈਲੀਵਿਜ਼ਨ ਤਕ ਪਹੁੰਚਦੇ ਹਨ। ਸਾਡੇ ਮੋਬਾਈਲ ਫੋਨ ਤੋਂ ਚੱਲੀ ਆਵਾਜ਼ ਮੋਬਾਈਲ ਟਾਵਰ ਤੋਂ ਹੋ ਕੇ ਇਨ੍ਹਾਂ ਬਣਾਉਟੀ ਉਪਗ੍ਰਹਿਆਂ ਤਕ ਹੁੰਦੀ ਹੋਈ ਦੁਨੀਆ ਦੇ ਦੂਜੇ ਕੋਨਿਆਂ ਤਕ ਜਾ ਪਹੁੰਚਦੀ ਹੈ। ਪੁਲਾੜ ਵਿਗਿਆਨ ਦਾ ਇਤਿਹਾਸ ਫਰੋਲ ਕੇ ਦੇਖੀਏ ਤਾਂ ਬਣਾਉਟੀ ਉਪਗ੍ਰਹਿਆਂ ਨੂੰ ਪੁਲਾੜ ਤਕ ਭੇਜਣ ਦਾ ਦੌਰ ਕੋਈ ਬਹੁਤਾ ਪੁਰਾਣਾ ਨਹੀਂ ਹੈ। ਅੱਜ ਤੋਂ ਸਿਰਫ਼ ਅੱਧੀ ਕੁ ਸਦੀ ਪਹਿਲਾਂ ਮਨੁੱਖ ਨੇ ਬਣਾਉਟੀ ਉਪਗ੍ਰਹਿਆਂ ਨੂੰ ਪੁਲਾੜ ਵੱਲ ਦਾਗਣ ਵਿੱਚ ਸਫ਼ਲਤਾ ਹਾਸਲ ਕੀਤੀ।
4 ਅਕਤੂਬਰ 1957
ਸੋਧੋਦੁਨੀਆ ਭਰ ਦੇ ਲੋਕਾਂ ਨੇ 4 ਅਕਤੂਬਰ 1957 ਨੂੰ ਦੇਖਿਆ ਕਿ ਤਾਰੇ ਵਾਂਗ ਟਿਮਟਿਮਾਉਂਦੀ ਹੋਈ ਇੱਕ ਵਸਤੂ ਬੜੀ ਤੇਜ਼ ਰਫ਼ਤਾਰ ਨਾਲ ਆਕਾਸ਼ ਵਿੱਚ ਚੱਲ ਰਹੀ ਸੀ। ਰੇਡੀਓ ਉੱਪਰ ਖ਼ਬਰ ਪ੍ਰਸਾਰਤ ਹੋਈ ਕਿ ਰੂਸ ਦੇ ਪੁਲਾੜ ਵਿਗਿਆਨੀਆਂ ਨੇ ਸਫ਼ਲਤਾਪੂਰਵਕ ਦੁਨੀਆ ਦੇ ਪਹਿਲੇ ਬਣਾਉਟੀ ਉਪਗ੍ਰਹਿ ਨੂੰ ਪੁਲਾੜ ਵਿੱਚ ਸਹੀ ਰਸਤੇ ਉੱਪਰ ਤੋਰ ਦਿੱਤਾ ਹੈ। ਪੂਰੀ ਦੁਨੀਆ ਦੇ ਲੋਕ ਆਕਾਸ਼ ਵੱਲ ਟਿਕਟਿਕੀ ਲਗਾ ਕੇ ਇਸ ਚਮਕੀਲੇ ਉਪਗ੍ਰਹਿ ਨੂੰ ਦੇਖਣਾ ਚਾਹੁੰਦੇ ਸਨ। ਮਨੁੱਖੀ ਜਾਤੀ ਲਈ ਇਹ ਇੱਕ ਇਤਿਹਾਸਕ ਦਿਹਾੜਾ ਸੀ ਕਿ ਉਸ ਨੇ ਇੱਕ ਨਵਾਂ ਚੰਦਰਮਾ ਸਿਰਜ ਕੇ ਧਰਤੀ ਦੁਆਲੇ ਘੁੰਮਣ ਲਗਾ ਦਿੱਤਾ ਸੀ। ਇਹ ਕਿਸੇ ਪਰੀ ਕਹਾਣੀ ਦੀ ਤਰ੍ਹਾਂ ਸੀ। ਫ਼ਰਕ ਸਿਰਫ਼ ਇੰਨਾ ਸੀ ਕਿ ਇਹ ਕਹਾਣੀ ਅਸਲੀ ਸੀ।
ਪੁਲਾੜੀ ਯੁੱਗ
ਸੋਧੋਪੁਲਾੜੀ ਯੁੱਗ ਦਾ ਆਰੰਭ ਹੋ ਚੁੱਕਿਆ ਸੀ। ਗੈਲੀਲੀਓ, ਕੋਪਰਨੀਕਸ ਅਤੇ ਨਿਊਟਨ ਵਰਗੇ ਮਹਾਨ ਵਿਗਿਆਨੀ ਦੀ ਮਿਹਨਤ ਨੂੰ ਲੱਗੇ ਫਲ ਹੀ ਸਨ। ਪ੍ਰਿਥਵੀ ਨੂੰ ਇੱਕ ਹੋਰ ਨਵਾਂ ਚੰਦਰਮਾ ਮਿਲ ਗਿਆ ਸੀ। ਪੁਲਾੜ ਵਿਗਿਆਨੀ ਫੁੱਲੇ ਨਹੀਂ ਸਮਾ ਰਹੇ ਸਨ। ਉਨ੍ਹਾਂ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿਖਾਈ ਸੀ। ਵਿਸ਼ਾਲ ਪੁਲਾੜ ਨੂੰ ਸਰ ਕਰਨ ਦੀ ਮੁੱਢਲੀ ਯੋਜਨਾ ਕਾਰਗਰ ਹੋ ਗਈ ਸੀ।
ਰਾਕੇਟ
ਸੋਧੋਇਸ ਉਪਗ੍ਰਹਿ ਨੂੰ ਪੁਲਾੜ ਤਕ ਧੱਕ ਕੇ ਲੈ ਜਾਣ ਵਾਲਾ ਰਾਕੇਟ ‘ਸੋਪਾਨ’ ਬੜਾ ਹੀ ਸ਼ਕਤੀਸ਼ਾਲੀ ਕਿਸਮ ਦਾ ਸੀ। ਤਿੰਨ ਪੜਾਵਾਂ ਵਾਲੇ ਇਸ ਰਾਕੇਟ ਨੇ ਇਸ ਉਪਗ੍ਰਹਿ ਨੂੰ 8000 ਕਿਲੋਮੀਟਰ ਪ੍ਰਤੀ ਸਕਿੰਟ ਦੀ ਗਤੀ ਦਿੱਤੀ। ਰਾਕੇਟ ਦੇ ਪਹਿਲੇ ਪੜਾਅ ਦੀ ਮੋਟਰ ਨੇ ਇਸ ਨੂੰ 264000 ਪੌਂਡ ਦਾ ਧੱਕਾ ਦਿੱਤਾ। ਦੂਜੇ ਪੜਾਅ ਵਿੱਚ ਪਹੁੰਚ ਕੇ ਰਾਕੇਟ ਨੇ ਇਸ ਨੂੰ 79 ਹਜ਼ਾਰ ਪੌਂਡ ਦਾ ਧੱਕਾ ਦਿੱਤਾ। ਤੀਜੇ ਪੜਾਅ ਵਿੱਚ ਇਹ ਬਣਾਉਟੀ ਉਪਗ੍ਰਹਿ ਪੁਲਾੜ ਵਿੱਚ ਪਹੁੰਚ ਚੁੱਕਿਆ ਸੀ। ਧਰਤੀ ਦੀ ਖਿੱਚ ਤੋਂ ਬਾਹਰ ਨਿਕਲ ਕੇ ਇਹ ਪੁਲਾੜ ਵਿੱਚ ਧਰਤ ਦੇ ਦੁਆਲੇ ਚੱਕਰ ਲਗਾਉਣ ਲੱਗ ਪਿਆ। ਸਪੂਤਨਿਕ-1 ਉਪਗ੍ਰਹਿ ਪ੍ਰਿਥਵੀ ਤੋਂ 900 ਕਿਲੋਮੀਟਰ ਉੱਪਰ ਜਾ ਕੇ ਆਪਣੇ ਗ੍ਰਹਿ ਪੰਧ ਉੱਪਰ ਪਿਆ ਸੀ।
ਪੜਾਅ ਬਾਅਦ ਪੜਾਅ
ਸੋਧੋ- ਸਪੂਤਨਿਕ-1 ਨੂੰ ਜਦੋਂ ਪਹਿਲੇ ਪੜਾਅ ਦੀ ਮੋਟਰ ਨੇ ਧੱਕਾ ਦਿੱਤਾ ਤਾਂ ਇਸ ਦੀ ਰਫ਼ਤਾਰ 4500 ਮੀਲ ਪ੍ਰਤੀ ਘੰਟਾ ਸੀ।
- ਦੂਜੇ ਪੜਾਅ ਦੀ ਮੋਟਰ ਚੱਲੀ ਤਾਂ ਇਸ ਦੀ ਰਫ਼ਤਾਰ ਹੋਰ ਤੇਜ਼ ਹੋ ਗਈ। ਅਜਿਹਾ ਇਸ ਲਈ ਹੋਇਆ ਕਿਉਂਕਿ ਪ੍ਰਿਥਵੀ ਤੋਂ ਇਹ ਜਿੰਨਾ ਉੱਪਰ ਉਠਦਾ ਗਿਆ, ਉਤਨੀ ਹੀ ਹਵਾ ਦੀ ਸੰਘਣਤਾ ਘਟਦੀ ਗਈ। ਇਸ ਦੇ ਫਲਸਰੂਪ ਇਸ ਉਪਗ੍ਰਹਿ ਦੇ ਵਿਰੋਧੀ ਹਵਾ ਦੀ ਕਿਰਿਆ ਘਟਦੀ ਅਤੇ ਇਸ ਦੀ ਰਫ਼ਤਾਰ ਵਧਦੀ ਗਈ। ਸਪੂਤਨਿਕ-1 ਨੂੰ ਧੱਕਾ ਲਗਾ ਰਹੇ ਰਾਕੇਸ਼ ਦੀ ਤੀਜੀ ਮੋਟਰ ਦਾ ਸਹੀ ਸਮੇਂ ਚੱਲਣਾ ਬਹੁਤ ਜ਼ਰੂਰੀ ਸੀ। ਇਸ ਮੋਟਰ ਨੇ ਇਸ ਨੂੰ ਸਹੀ ਰਫ਼ਤਾਰ ਪ੍ਰਦਾਨ ਕਰ ਕੇ ਪ੍ਰਿਥਵੀ ਦੁਆਲੇ ਪਰਿਕਰਮਾ ਪੰਧ ਉੱਪਰ ਪਾਉਣਾ ਸੀ। ਜੇਕਰ ਅਜਿਹਾ ਨਾ ਹੁੰਦਾ ਤਾਂ ਸਪੂਤਨਿਕ-1 ਨੇ ਪਟਕ ਕੇ ਧਰਤੀ ਉੱਪਰ ਆ ਡਿੱਗਣਾ ਸੀ ਪਰ ਸਭ ਕੁਝ ਠੀਕ ਹੋਇਆ ਅਤੇ ਇਹ ਬਣਾਉਟੀ ਉਪਗ੍ਰਹਿ ਧਰਤੀ ਦੁਆਲੇ ਪਰਿਕਰਮਾ ਕਰਨ ਲੱਗਿਆ। ਸਪੂਤਨਿਕ-1 ਨੂੰ ਪੁਲਾੜ ਤਕ ਪਹੁੰਚਾਉਣ ਉੱਪਰੰਤ ਇਸ ਨਾਲ ਜੁੜੇ ਹੋਏ ਰਾਕੇਟ ਦਾ ਕੋਈ ਕੰਮ ਬਾਕੀ ਨਹੀਂ ਰਹਿ ਗਿਆ ਸੀ। ਰਾਕੇਟ ਦਾ ਕੰਮ ਸਿਰਫ਼ ਸਪੂਤਨਿਕ-1 ਨੂੰ ਧਰਤੀ ਤੋਂ ਉਡਾ ਕੇ ਵਾਯੂ ਮੰਡਲ ਤੋਂ ਬਾਹਰ ਕੱਢ ਕੇ ਪੁਲਾੜ ਤਕ ਪਹੁੰਚਾਉਣਾ ਸੀ। ਪੁਲਾੜ ਵਿੱਚ ਪਹੁੰਚ ਕੇ ਸਪੂਤਨਿਕ-1 ਨੇ ਧਰਤੀ ਦੁਆਲੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਹੁਣ ਉਸ ਨੂੰ ਚੱਲਣ ਲਈ ਕਿਸੇ ਰਾਕੇਟ ਦੇ ਧੱਕੇ ਦੀ ਜ਼ਰੂਰਤ ਨਹੀਂ ਸੀ। ਸਪੂਤਨਿਕ-1 ਨੂੰ ਧਰਤੀ ਤੋਂ ਉਡਾ ਕੇ ਲਿਜਾਣ ਵਾਲੇ ਤਿੰਨ-ਪੜਾਵੀ ਰਾਕੇਟ ਦੀ ਪਹਿਲੀ ਅਤੇ ਦੂਜੇ ਮੋਟਰ ਆਪਣਾ ਕੰਮ ਕਰਨ ਉੱਪਰੰਤ ਰਸਤੇ ਵਿੱਚ ਹੀ ਇਸ ਨਾਲੋਂ ਟੁੱਕ ਕੇ ਡਿੱਗ ਪਈਆਂ ਸਨ।
- ਤੀਜੇ ਪੜਾਅ ਦੀ ਮੋਟਰ ਉਦੋਂ ਵੱਖਰੀ ਹੋ ਗਈ ਜਦੋਂ ਸਪੂਤਨਿਕ-1 ਪੁਲਾੜ ਵਿੱਚ ਪਹੁੰਚ ਗਿਆ। ਰਾਕੇਟ ਦੀਆਂ ਮੋਟਰਾਂ ਜਦੋਂ ਟੁੱਟ ਕੇ ਡਿੱਗਣ ਮਗਰੋਂ ਧਰਤੀ ਤਕ ਨਹੀਂ ਪਹੁੰਚਦੀਆਂ। ਇਹ ਤਾਂ ਵਾਯੂਮੰਡਲ ਦੀਆਂ ਸੰਘਣੀਆਂ ਤਹਿਆਂ ਵਿੱਚ ਦਾਖਲ ਹੋਣ ਉੱਪਰੰਤ ਰਗੜ ਖਾ ਕੇ ਭਸਮ ਹੋ ਜਾਂਦੀਆਂ ਹਨ।
ਧਰਤੀ ਦੇ ਚੱਕਰ
ਸੋਧੋਸਪੂਤਨਿਕ-1 ਧਰਤੀ ਦੁਆਲੇ ਬੜੇ ਮਲਕੜੇ ਜਿਹੇ ਚੱਕਰ ਕੱਟਣ ਲੱਗ ਪਿਆ। ਇਹ ਨਿਕਚੂ ਜਿਹਾ ਬਣਾਵਟੀ ਉਪਗ੍ਰਹਿ ਪ੍ਰਿਥਵੀ ਦੁਆਲੇ ਬਗੈਰ ਕਿਸੇ ਇੰਜਣ ਦੀ ਮਦਦ ਤੋਂ 18 ਹਜ਼ਾਰ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪਰਿਕਰਮਾ ਕਰ ਰਿਹਾ ਸੀ। ਗੌਰਤਲਬ ਹੈ ਕਿ 4 ਅਕਤੂਬਰ 1957 ਤੋਂ ਪਹਿਲਾਂ ਮਨੁੱਖ ਵੱਲੋਂ ਈਜਾਦ ਕੀਤੀ ਕਿਸੇ ਵਸਤੂ ਦੀ ਵੱਧ ਤੋਂ ਵੱਧ ਰਫ਼ਤਾਰ ਪੌਣੇ ਕੁ ਸੱਤ ਹਜ਼ਾਰ ਮੀਲ ਪ੍ਰਤੀ ਘੰਟਾ ਸੀ ਪਰ ਇਸ ਦਿਨ ਨੂੰ ਧਰਤੀ ਦੁਆਲੇ ਪੁਲਾੜੀ ਪੰਧ ਉੱਪਰ ਪੈ ਚੱਕੇ ਸਪੂਤਨਿਕ-1 ਦੀ ਰਫ਼ਤਾਰ 18 ਹਜ਼ਾਰ ਮੀਲ ਪ੍ਰਤੀ ਘੰਟਾ ਸੀ। ਪੁਲਾੜ ਵਿਗਿਆਨੀਆਂ ਨੇ ਬੜੀ ਸ਼ਿੱਦਤ ਨਾਲ ਇਸ ਬਣਾਵਟੀ ਉਪਗ੍ਰਹਿ ਦਾ ਧਰਤੀ ਦੁਆਲੇ ਪਰਿਕਰਮਾ ਪੰਧ ਅੰਡਾਕਾਰ ਬਣਾਈ ਰੱਖਿਆ। ਆਪਣੇ ਇਸ ਅੰਡਾਕਾਰ ਪੱਥ ਉੱਪਰ ਚਲਦਾ-ਚਲਦਾ ਸਪੂਤਨਿਕ-1 ਕਦੇ-ਕਦੇ ਤਾਂ ਧਰਤੀ ਤੋਂ 588 ਮੀਲ ਦੂਰ ਚਲਿਆ ਜਾਂਦਾ ਸੀ ਅਤੇ ਕਦੇ ਇਹ ਸਿਰਫ਼ 142 ਮੀਲ ਦੀ ਦੂਰੀ ਉੱਤੇ ਹੀ ਰਹਿ ਜਾਂਦਾ ਸੀ। ਸਿਰਫ਼ ਇੰਨਾ ਹੀ ਨਹੀਂ ਕਈ ਵਾਰ ਤਾਂ ਇਹ ਧਰਤੀ ਦੇ ਹਵਾ-ਮੰਡਲ ਜਾਂ ਏਟਮੋਸਫੀਅਰ ਦੀਆਂ ਸੰਘਣੀਆਂ ਵਾਯੂ ਪਰਤਾਂ ਵਿੱਚ ਵੀ ਦਾਖਲ ਹੋ ਜਾਂਦਾ ਸੀ। ਭਾਵੇਂ ਇਹ ਧਰਤੀ ਦੇ ਹਵਾ-ਮੰਡਲ ਵਿੱਚ ਬਹੁਤ ਥੋੜ੍ਹੀ ਦੇਰ ਲਈ ਹੀ ਦਾਖਲ ਹੁੰਦਾ ਸੀ ਪਰ ਇੱਥੇ ਰਗੜਾਂ ਖਾਣ ਨਾਲ ਇਸ ਨੂੰ ਬਹੁਤ ਨੁਕਸਾਨ ਹੋ ਜਾਂਦਾ ਸੀ। ਇਸ ਕਰ ਕੇ ਇਹ ਸਿਰਫ਼ ਤਿੰਨ ਮਹੀਨੇ ਬਾਅਦ ਹੀ ਨਸ਼ਟ ਹੋ ਗਿਆ।
ਮਹੱਤਵਪੂਰਨ ਜਾਣਕਾਰੀ
ਸੋਧੋਸਪੂਤਨਿਕ-1 ਜਿੰਨੀ ਦੇਰ ਤਕ ਪੁਲਾੜ ਵਿੱਚ ਰਿਹਾ ਇਸ ਨੇ ਬੜੀ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ ਅਤੇ ਧਰਤੀ ਵੱਲ ਭੇਜਦਾ ਰਿਹਾ। ਜਿਉਂ ਹੀ ਇਹ ਪੁਲਾੜ ਪੰਧ ਉੱਪਰ ਪਿਆ ਤਾਂ ਇਸ ਦੇ ਬਾਹਰ ਲੱਗੇ ਐਨਟੀਨਾ ਜਾਂ ਏਰੀਅਲ ਕੜਿੱਕ ਕਰ ਕੇ ਖੁੱਲ੍ਹ ਗਏ। ਇਸ ਬਣਾਉਟੀ ਉਪਗ੍ਰਹਿ ਦੇ ਬਾਹਰ ਚਾਰ ਏਰੀਅਲ ਲੱਗੇ ਹੋਏ ਸਨ, ਜਿਹਨਾਂ ਵਿੱਚੋਂ ਦੋ ਦੀ ਲੰਬਾਈ 2.9 ਮੀਟਰ ਅਤੇ ਦੋ ਦੀ ਲੰਬਾਈ 2.4 ਮੀਟਰ ਸੀ। ਤਕਰੀਬਨ 83 ਕਿਲੋਗ੍ਰਾਮ ਅਤੇ 600 ਗ੍ਰਾਮ ਭਾਰੇ ਇਸ ਉਪਗ੍ਰਹਿ ਵਿੱਚ ਫਿੱਟ ਕੀਤੇ ਦੋ ਟਰਾਂਸਮੀਟਰ ਲਗਾਤਾਰ ਧਰਤੀ ਵੱਲ ਸੰਕੇਤ ਭੇਜਦੇ ਰਹੇ। ਪੁਲਾੜ ਦੇ ਅਨਜਾਣ ਕੋਨਿਆਂ ਤੋਂ ਇਕੱਤਰ ਕੀਤੀ ਜਾਣਕਾਰੀ ਨਿਰੰਤਰ ਪ੍ਰਿਥਵੀ ਵੱਲ ਪਹੁੰਚ ਰਹੀ ਸੀ।
ਸਪੂਤਨਿਕ ਨੂੰ ਦੇਖਣ ਦਾ ਸਮਾਂ
ਸੋਧੋਸਪੂਤਨਿਕ-1 ਲਗਾਤਾਰ ਧਰਤੀ ਦੁਆਲੇ ਚੱਕਰ ਕੱਟੀ ਜਾ ਰਿਹਾ ਸੀ। ਇਹ ਇੱਕ ਦਿਨ ਵਿੱਚ ਪ੍ਰਿਥਵੀ ਦੇ 15 ਚੱਕਰ ਕੱਢ ਲੈਂਦਾ ਸੀ। ਇਸ ਨੂੰ ਦੇਖਣ ਲਈ ਸਭ ਤੋਂ ਵਧੀਆ ਸਮਾਂ ਤਾਂ ਹੁੰਦਾ ਸੀ ਸੂਰਜ ਦੀ ਟਿੱਕੀ ਦੇ ਚੜ੍ਹਨ ਤੋਂ ਥੋੜ੍ਹਾ ਪਹਿਲਾਂ ਜਾਂ ਫਿਰ ਇਸ ਦੇ ਛਿਪਣ ਤੋਂ ਥੋੜ੍ਹਾ ਬਾਅਦ। ਦਿਨ ਸਮੇਂ ਸੂਰਜ ਦਾ ਤੇਜ਼ ਪ੍ਰਕਾਸ਼ ਇਸ ਨੂੰ ਸਾਡੀਆਂ ਨਜ਼ਰਾਂ ਤੋਂ ਛੁਪਾ ਲੈਂਦਾ ਸੀ। ਸਿਰਫ਼ ਸਵੇਰ ਅਤੇ ਸ਼ਾਮ ਦੇ ਸਮੇਂ ਇਹ ਇੱਕ ਟਿਮਟਿਮਾਉਂਦੇ ਹੋਏ ਲਾਲ ਤਾਰੇ ਵਾਂਗ ਦਿਖਾਈ ਦਿੰਦਾ ਸੀ।
ਸਮਾਂ
ਸੋਧੋਤਕਰੀਬਨ 94 ਦਿਨਾਂ ਤਕ ਸਪੂਤਨਿਕ-1 ਨੇ ਪ੍ਰਿਥਵੀ ਦੁਆਲੇ ਪਰਿਕਰਮਾ ਜਾਰੀ ਰੱਖੀ। ਇਸ ਸਮੇਂ ਦੌਰਾਨ ਇਸ ਨੇ ਪ੍ਰਿਥਵੀ ਦੁਆਲੇ 1440 ਚੱਕਰ ਕੱਟੇ ਅਤੇ 6 ਕਰੋੜ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। 4 ਜਨਵਰੀ 1958 ਨੂੰ ਇਹ ਪਹਿਲਾ ਬਣਾਉਟੀ ਉਪਗ੍ਰਹਿ ਵਾਯੂ ਮੰਡਲ ਦੀਆਂ ਤਹਿਆਂ ਨਾਲ ਰਗੜਾਂ ਖਾ ਕੇ ਸੁਆਹ ਹੋ ਗਿਆ।
ਭਾਰਤੀ ਉਪਗ੍ਰਹਿ
ਸੋਧੋਭਾਰਤ ਵੱਲੋਂ ਪੁਲਾੜ ਵੱਲ ਛੱਡੇ ਉਪਗ੍ਰਹਿਆਂ ਵਿੱਚੋਂ ਕੁਝ ਕੁ ਮਹੱਤਵਪੂਰਨ ਹਨ, ਜਿਵੇਂ ਆਰੀਆ ਭੱਟ, ਭਾਸਕਰ-1, ਭਾਸਕਰ-2, ਰੋਹਿਨੀ, ਇਨਸੈੱਟ, ਆਈ.ਆਰ.ਐੱਸ. ਅਤੇ ਜੀ.ਐੱਸ.ਐੱਲ.ਵੀ. ਸੀਰੀਜ਼।