‘ਸਮਾਨ੍ਹੋ ’ (ਕੁੱਤਾ ਤੇ ਆਦਮੀ) ਗੁਰਦਿਆਲ ਸਿੰਘ ਦੀ ਲਿਖੀ ਇੱਕ ਪੰਜਾਬੀ ਕਹਾਣੀ ਹੈ।‘ਸਮਾਨੋ੍ਹ’ ਕਹਾਣੀ ਵਿੱਚ ਸਾਹਬੋ ਦੀ ਝੋਟੀ ਨਵੇਂ ਦੁੱਧ ਹੋ ਗਈ ਸੀ। ਗੁੜ ਵਾਲੀ ਪਰਾਤ ਚੁੱਕੀ ਫਿਰਦਿਆਂ ਉਹ ਘਰ-ਘਰ ਇਹ ਦੱਸਦੀ ਫਿਰਦੀ ਸੀ। ਉਸਦੀ ਗੱਲ ਸੁਣ ਨਿਹਾਲੋ, ਕੱਲੋ ਹੱਸ ਛੱਡਦੀਆਂ ਤੇ ਮਸ਼ਕਰੀਆਂ ਕਰਦੀਆਂ ਹਨ। ਪਰ ਸਾਹਬੋ ਬਹੁਤ ਖੁਸ਼ ਸੀ। ਸਾਹਬੋ ਦੇ ਜਾਂਦਿਆਂ ਉਹ ਹੱਸੀਆਂ, ਨਿਹਾਲੋ ਨੇ ਇਹ ਕਿਹਾ ਕਿ ‘ਐ ਪਰਾਤ ਚੁੱਕੀ ਫਿਰਦੀ ਐਂ ਜਿਮੇਂ ਮੁੰਡਾ ਹੋਇਆ ਹੁੰਦੈ।’ ਝੋਟੀ ਆਸ ਲੱਗਣ `ਤੇ ਗੁੜ ਵੰਡਣ ਵਾਲੀ ਗੱਲ ਦੀ ਚਰਚਾ ਸਾਰੇ ਪਿੰਡ ਵਿੱਚ ਹੋਈ। ਜੀਓ-ਜੀਅ ਉਹਦੇ ਇਸ ਕਮਲ ਉੱਤੇ ਹੱਸਿਆ। ਭਰ ਸਾਹਬੋ ਦਾ ਚਾਅ ਕਿਧਰੇ ਮਿਉਂਦਾ ਨਹੀਂ ਸੀ। ਜਿਸ ਘਰੇ ਵੜਦੀ ਆਪਣੀ ਝੋਟੀ ਦੀਆਂ ਗੱਲਾਂ ਮੁੱਕਣ ਈ ਨਾ ਦਿੰਦੀ। ਉਹ ਬੱਸੋ ਮੋਚਣ ਨੂੰ ਗੁੜ ਦੇਣ ਗਈ ਤੇ ਉਹਨੇ ਸਾਹਬੋ ਨੂੰ ਕਿਹਾ ਕਿ ‘ਸੁਣਿਐ ਕੱਲ੍ਹ ਨੂੰ ਆਪਣੀ ਧਰਮਸ਼ਾਲਾ ‘ਚ ਇੱਕ ਡਾਕਦਾਰਨੀ ਆਊਗੀ।’ ਉਹ ਚੰਗੀ ਤੇ ਸਿਆਣੀ ਐ ਤੇ ਕੁੱਖ ਹਰੀ ਕਰ ਦਿੰਦੀ ਐ। ਇਹ ਸੁਣ ਕੇ ਸਾਹਬੋ ਬੱਸੋ ਨੂੰ ਦੁਆਵਾਂ ਦਿੰਦੀ ਹੈ। ਸਾਹਬੋ ਇਹ ਸੁਣ ਕੇ ਅਗਲੇ ਘਰ ਗੁੜ ਵੰਡਣਾ ਭੁੰਲ ਗਈ। ਉਹ ਘਰ ਆਈ ਉਸਦਾ ਮਝੇਰੂ ਘਰ ਨਹੀਂ ਸੀ ਆਇਆ। ਮੰਦਰ ਦੇ ਅਵਾਜ਼ ਮਾਰਨ ਤੇ ਉਹ ਭੂਰੋ ਨੂੰ ਪਾਣੀ ਪਿਲਾ ਕੇ ਰੋਟੀਆਂ ਬਣਾਉਣ ਲਈ ਆ ਗਈ। ਜਦੋਂ ਉਹ ਆਪਣੇ ਮੰਦਰ ਨੂੰ ਇੰਝ ਸਾਉ ਮਝੇਰੁ ਆਖਦੀ ਤੇ ਫੇਰ ਤੈਨੂੰ ਰੱਬ ਬੱਚਾ ਦੇਵੇ ਦੀ ਅਸੀਸ ਦਿੰਦੀ, ਤਾਂ ਮੰਦਰ ਦੀ ਗੱਲ ਸੁਣ ਕੇ ਮਲੋਮਲੀ ਹਾਸੀ ਨਿਕਲ ਜਾਂਦੀ। ਉਹ ਸਿਰ ਤੋਂ ਪੈਰਾਂ ਤੱਕ ਆਪਣੀ ਸਮਾਨੋ੍ਹ ਦੇ ‘ਚਕਲੇ ਵਰਗੇ’ ਨਿਗਰ ਸ਼ਰੀਰ ਨੂੰ ਵੇਖਦਾ ਤੇ ਲੰਮਾ ਹਉਕਾ ਭਰ ਕੇ ਨੀਵੀਂ ਪਾ ਲੈਂਦਾ। ਮੰਦਰ ਕਦੇ-ਕਦੇ ਸਾਹਬੋ ਨੂੰ ਹਉਕੇ ਨਾਲ ਕਹਿੰਦਾ, ‘ਤੈਨੂੰ ਕੁਸ਼ ਨਾ ਲੱਗਿਆ ਮੁਟਿਆਰੇ, ਬੇਰੀਆਂ ਨੂੰ ਬੇਰ ਲੱਗ ਗਏ।’ ਮੰਦਰ ਸਾਹਬੋ ਦੇ ਕਮਲੇਪਨ ਤੋਂ ਐਨਾਂ ਅੱਕ ਗਿਆ ਸੀ ਕਿ ਪਹਿਲੇ ਦੀ ਤਰ੍ਹਾਂ ਉਹ ਉਹਨੂੰ ਮਾਰਦਾ ਕੁੱਟਦਾ ਨਹੀਂ ਸੀ, ਕਿਉਂਕਿ ਹੁਣ ਉਸਦੀ ਦਸ਼ਾ ਹੋਰ ਵੀ ਖਰਾਬ ਹੋ ਗਈ ਸੀ। ਸ਼ੁਦਾਅ ਦਾ ਦੌਰਾ ਪਿਆ, ਵੇਖ ਕੇ ਉਹਨੂੰ ਗੁੱਸਾ ਆ ਗਿਆ। ਅਗਲੇ ਦਿਨ ਸਾਹਬੋ ਡਾਕਟਰਨੀ ਕੋਲ ਧਰਮਸ਼ਾਲਾ ਗਈ। ਉਥੇ ਜਾ ਕੇ ਉਹ ਪਹਿਲਾਂ ਡਾਕਟਰਨੀ ਨੂੰ ਅਸੀਸਾਂ ਦਿੰਦੀ ਹੈ। ਫਿਰ ਉਹਨੂੰ ਯਾਦ ਆ ਗਈ ਤੇ ਉਹ ਕਹਿੰਦੀ ਹੈ ‘ਕੁੜੇ ਡਾਕਦਰਨੀਏ, ਤੇਰੀ ਗੋਦ ਭਰੀ ਰਹੇ, ਸੁਣਿਐ ਤੂੰ ਜਿਵੇਂ ਜੀ ਕਰੇ ਕਰ ਦਿਨੀ ਐਂ? ਭੈਣੇ ਮੇਰੀਏ, ਕੋਈ ਐਸੀ ਦੁਆਈ-ਬੂਟੀ ਦਿਹ, ਜੀਹਦੇ ਨਾਲ ਬਸ ਅਗਲੇ ਵਰੇ੍ਹ ਮੁੰਡਾ ਹੋ-ਜੇ...ਆਹ ਵੇਖ ਭੈਣੇ! ਤੈਨੂੰ ਰੱਬ ਬੱਚਾ ਦੇਵੇ, ਤੇਰੇ ਪੈਰ ਫੜਦੀ ਐਂ!’ ਤੇ ਪਾਸ ਖੜ੍ਹੀਆਂ ਤੀਵੀਆਂ ਉਹਦੀ ਗੱਲ ਸੁਣ ਕੇ ਹੱਸਦੀਆਂ ਨੇ। ਇਹ ਸੁਣ ਕੇ ਡਾਕਦਾਰਨੀ ਕਹਿੰਦੀ ਹੈ ਕਿ ਤੁਹਾਨੂੰ ਸ਼ਾਇਦ ਪਤਾ ਨਹੀਂ ਅਸੀਂ ਤਾਂ ਵਾਧੂ ਬੱਚੇ ਬੰਦ ਕਰਨ ਦਾ ਇਲਾਜ ਕਰਦੇ ਐਂ। ਸਾਡੇ ਕੋਲ... ‘ਇਹ ਸੁਣ ਕੇ ਸਾਹਬੋ ਨੂੰ ਝਟਕਾ ਲੱਗਾ ਤੇ ਉਹ ਬੱਸੋ ਮੋਚਣ ਨੂੰ ਗਾਲਾਂ ਕੱਢਣ ਲੱਗ ਪਈ ਤੇ ਧਰਮਸ਼ਾਲਾ ਵਿੱਚੋਂ ਬਾਹਰ ਨਿਕਲ ਕੇ ਆ ਗਈ। ਉਹ ਡਾਕਦਾਰਨੀ ਨੂੰ ਵੀ ਗਾਲ੍ਹਾਂ ਕੱਢਣ ਲੱਗੀ ਤੇ ਕਹਿਣ ਲੱਗੀ ਕਿ ਉਹ ਇੱਥੇ ਕਿਉਂ ਤੇ ਕੀ ਕਰਨ ਆਈ ਹੈ। ਇਹ ਸੁਣ ਕੇ ਇੱਕ ਵੱਡੀ ਉਮਰ ਦੀ ਬੁੱਢੀ ਨੇ ਕਿਹਾ, ‘ਜੀ ਇਹਦਾ ਗੁੱਸਾ ਨਾ ਕਰਿਓ, ਇਹ ਤਾਂ ਸਿਧਰੀ ਐ।’ ਪਰ ਅੰਦਰ ਜਾ ਕੇ ਉਹ ਕਾਗਜ਼ ‘ਤੇ ਕੁਝ ਲਿਖਣ ਲੱਗੀ ਤਾਂ ਉਹਦੀ ਕਲਮ ਤਿਲਕਣ ਲੱਗ ਪਈ।[1]

ਹਵਾਲਾ

ਸੋਧੋ
  1. ਡਾ. ਤਰਸੇਮ ਸਿੰਘ, “ ਗੁਰਦਿਆਲ ਸਿੰਘ ਸੰਦਰਭ ਕੋਸ਼”, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ