ਦੋ ਜਾਂ ਦੋ ਤੋਂ ਵੱਧ ਸੰਪੂਰਨ ਸ਼ਬਦਾਂ ਦੇ ਸੁਮੇਲ ਨਾਲ ਸਿਰਜਿਆ ਨਵਾਂ ਸ਼ਬਦ ਸਮਾਸ ਕਹਿਲਾਉਂਦਾ ਹੈ। ਇਸ ਦੀ ਸਿਰਜਣਾ ਦਾ ਬਾਕਾਇਦਾ ਵਿਧੀ-ਵਿਧਾਨ ਤੇ ਉਦੇਸ਼ ਹੁੰਦਾ ਹੈ। ਪੰਜਾਬੀ ਭਾਸ਼ਾ ਵਿੱਚ ਮੌਜੂਦ ਸਮਾਸਾਂ ਦੇ ਅਧਿਐਨ ਉਪਰੰਤ ਇਸ ਬਾਰੇ ਜੋ ਪੱਖ ਦ੍ਰਿਸ਼ਟੀਗੋਚਰ ਹੋਏ ਹਨ, ਉਨ੍ਹਾਂ ਵਿੱਚੋਂ ਪ੍ਰਮੁੱਖ ਪੱਖ ਨਿਮਨ-ਅੰਕਿਤ ਹਨ:

1. ਜਦੋਂ ਦੋ ਵਿਭਿੰਨ ਸ਼ਬਦਾਂ ਦੇ ਵਿਭਿੰਨ ਸੰਕਲਪ ਮਿਲ ਕੇ ਇੱਕ ਸਾਂਝੇ ਸੰਕਲਪ ਨੂੰ ਜਨਮ ਦਿੰਦੇ ਹਨ। ਜਿਵੇਂ ਹੱਥਕੜੀ। ਇਸ ਸਮਾਸ ਵਿੱਚ ਹੱਥ ਤੇ ਕੜੀ (ਜੰਜ਼ੀਰ) ਦੋ ਵਿਭਿੰਨ ਸੰਕਲਪਾਂ (ਅਰਥਾਂ) ਵਾਲੇ ਸ਼ਬਦ ਹਨ ਪਰ ਇਨ੍ਹਾਂ ਦਾ ਸਮਾਸ ਦੋਹਾਂ ਦੇ ਸਾਂਝੇ ਅਰਥਾਂ ਵਿੱਚ ਪ੍ਰਗਟ ਹੋਇਆ ਹੈ। ਕਹਿਣ ਦਾ ਭਾਵ ਹੈ ਕਿ ‘ਹੱਥਕੜੀ’ ਹੱਥ ਨੂੰ ਲਗਾਉਣ ਵਾਲੀ ਕੜੀ ਹੈ। ਪੰਜਾਬੀ ਵਿੱਚ ਅਜਿਹੇ ਸਮਾਸਾਂ ਦੀ ਭਰਮਾਰ ਹੈ ਜਿਵੇਂ- ਚਾਰਦੀਵਾਰੀ, ਆਤਮ-ਹੱਤਿਆ, ਕਬਰਿਸਥਾਨ (ਕਬਰਿਸਤਾਨ), ਸ਼ਮਸ਼ਾਨਘਾਟ, ਧੋਬੀਘਾਟ, ਜ਼ਿਕਰਯੋਗ, ਤਸੱਲੀਬਖਸ਼, ਉਦੇਸ਼ਪੂਰਨ, ਬਦਚਲਨ ਆਦਿ।

2. ਜਿੱਥੇ ਉਪਰੋਕਤ ਵੰਨਗੀ ਵਿੱਚ ਦੋ ਵਿਭਿੰਨ ਸ਼ਬਦ ਸਮਾਸ ਵਿੱਚ ਆਪਣੇ ਸੰਪੂਰਨ ਰੂਪ ਵਿੱਚ ਸੁਰੱਖਿਅਤ ਰਹਿੰਦੇ ਹਨ, ਉੱਥੇ ਦੂਸਰੀ ਵੰਨਗੀ ਵਿੱਚ ਉਨ੍ਹਾਂ ਦੇ ਸਮਾਸ ਵਿੱਚ ਪਹਿਲੇ ਦੀ ਆਖਰੀ ਧੁਨੀ (ਭਾਵਅੰਸ਼) ਤੇ ਦੂਸਰੇ ਦੇ ਪਹਿਲੀ ਧੁਨੀ ਸੰਧੀ ਕਰਕੇ ਆਪੋ-ਆਪਣੇ ਸ਼ਬਦ ਦਾ ਰੂਪ ਬਦਲ ਦਿੰਦੀ ਹੈ ਅਤੇ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਨਵਾਂ ਸ਼ਬਦ ਸਮਾਸ ਹੈ ਜਿਵੇਂ:- ਆਮਦਨ ਸਮਾਸ ਹੈ ਜੋ ਆਮਦ + ਧਨ ਦਾ ਸੁਮੇਲ ਹੈ ਅਰਥਾਤ, ਜੋ ਧਨ ਕਿਸੇ ਪਾਸ ਆਮਦ ਕਰਦਾ ਹੈ (ਆਉਂਦਾ ਹੈ) ਉਹ ਆਮਦਨ ਕਹਿਲਾਉਂਦਾ ਹੈ।

3. ਜਦੋਂ ਕਿਸੇ ਵਿਚਾਰ, ਸੰਕਲਪ ਜਾਂ ਕਾਰਜ ਨੂੰ ਵਧੇਰੇ ਜ਼ੋਰਦਾਰ ਬਣਾਉਣਾ ਹੋਵੇ ਤਾਂ ਉਦੋਂ ਵਿਭਿੰਨ ਸ਼ਬਦਾਂ ਦੀ ਬਜਾਏ ਇਕੋ ਸ਼ਬਦ ਦੇ ਦੁਹਰਾਉ ਨਾਲ ਸਮਾਸ ਸਿਰਜ ਲਿਆ ਜਾਂਦਾ ਹੈ ਜਿਵੇਂ: ਰੁਕ ਰੁਕ ਕੇ ਜਾਂ ਡਰ ਡਰ ਕੇ ਨਾ ਚੱਲੋ, ਸਗੋਂ ਮਰ ਮਰ ਕੇ ਮੈਂ ਖੇਤੀ ਬੀਜੀ, ਭਰ ਭਰ ਬੋਹਲ ਲਗਾਏ ਆਦਿ ਕਾਵਿ-ਬੰਦ ਇਸ ਦੀ ਪੁਸ਼ਟੀ ਕਰਦੇ ਹਨ। ਹੋਰ ਵੇਖੋ: ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ…।

4. ਕਈ ਵਾਰ ਕਿਸੇ ਗੱਲ (ਵਿਚਾਰ) ਨੂੰ ਵਧੇਰੇ ਸਪਸ਼ਟ ਤੇ ਭਰਵੇਂ ਰੂਪ ਵਿੱਚ ਪੇਸ਼ ਕਰਨਾ ਹੋਵੇ ਤਾਂ ਇਕੋ ਸ਼ਬਦ ਦੇ ਦੁਹਰਾਉ ਸਮੇਂ ਦੋਹਾਂ ਵਿਚਾਲੇ ਕੋਈ ਭਾਵ-ਅੰਸ਼ ਲਾ ਦਿੱਤਾ ਜਾਂਦਾ ਹੈ ਜਿਸ ਦਾ ਉਚਾਰਨ ਦੂਸਰੇ ਸ਼ਬਦ ਨਾਲ ਮਿਲ ਕੇ ਹੁੰਦਾ ਹੈ ਜਿਵੇਂ:- ਖਾਹਮਖਾਹ (ਖਾਹ+ ਮ+ਖਾਹ), ਕਸ਼ਮਕਸ਼ (ਕਸ਼+ਮ+ਕਸ਼), ਤਣਪੱਤਣ (ਤਣ+ਪ+ਤਣ), ਵਾਦ-ਵਿਵਾਦ (ਵਾਦ+ਵਿ+ਵਾਦ), ਹੂਬਹੂ (ਹੂ+ਬ+ਹੂ), ਕਮਸੇਕਮ (ਕਮ+ਸੇ+ਕਮ) (ਕਮ+ਅਜ਼+ਕਮ) ਆਦਿ ਸਮਾਸ ਹਨ।

5. ਜਦੋਂ ਕਿਸੇ ਸਥਿਤੀ ਨੂੰ ਵਧੇਰੇ ਸਪਸ਼ਟ ਕਰਨਾ ਹੋਵੇ ਤਾਂ ਉਹ ਸਥਿਤੀ ਨਾਲ ਸਬੰਧਤ ਸ਼ਬਦ ਤੇ ਸ਼ਬਦ ਨਾਲ ਸਬੰਧਤ ਕਾਰਜ ਜਾਂ ਕਿਰਿਆ ਨੂੰ ਜੋੜ ਕੇ ਸਮਾਸ ਸਿਰਜ ਲਿਆ ਜਾਂਦਾ ਹੈ ਜਿਵੇਂ:- ਖੂਨ-ਖਰਾਬਾ, ਲਹੂ-ਲੁਹਾਣ, ਹਨੇਰਗਰਦੀ, ਸ਼ਾਨ-ਸ਼ੌਕਤ, ਹੇਰਾਫੇਰੀ ਆਦਿ ਸਮਾਸ ਹਨ।

6. ਪੰਜਵੀਂ ਵੰਨਗੀ ਨਾਲ ਮਿਲਦੀ ਇੱਕ ਹੋਰ ਵੰਨਗੀ ਹੈ, ਜਿਸ ਵਿੱਚ ਕਿਸੇ ਕਾਰਜ ਨੂੰ ਵਧੇਰੇ ਸਪਸ਼ਟ ਤੇ ਜ਼ੋਰਦਾਰ ਦਰਸਾਉਣ ਲਈ ਇਕੋ ਸ਼ਬਦ ਦਾ ਹੀ ਇੱਕ ਹੋਰ ਰੂਪ ਜੋੜ ਕੇ ਸਮਾਸ ਘੜ ਲਿਆ ਜਾਂਦਾ ਹੈ। ਵੇਖੋ ਇੱਕ ਲੜਾਈ ਦੇ ਦ੍ਰਿਸ਼ ਨਾਲ ਸਬੰਧਤ ਵਾਕ- ਬੱਚੇ ਜੁੰਡੋ-ਜੁੰਡੀ, ਔਰਤਾਂ ਗੁਤੋ-ਗੱੁਤੀ, ਜਵਾਨ ਡਾਂਗੋ-ਡਾਂਗੀ ਤੇ ਬਜ਼ੁਰਗ ਔਰਤਾਂ ਤੇ ਮਰਦ ਮੇਹਣੋਂ-ਮੇਹਣੀ ਤੇ ਗਾਲੋ-ਗਾਲੀ ਹੋ ਰਹੇ ਸਨ। ਰਾਤੋ-ਰਾਤ, ਦਿਨੋ-ਦਿਨ, ਸਾਹੋ-ਸਾਹ ਆਦਿ ਵੀ ਅਜਿਹੇ ਸਮਾਸ ਹਨ।

7. ਜਦੋਂ ਕਿਸੇ ਇਕੋ ਕਾਰਜ ਨੂੰ ਵਧੇਰੇ ਪ੍ਰਭਾਵਸ਼ਾਲੀ ਦਰਸਾਉਣਾ ਹੋਵੇ ਤਾਂ ਉਸ ਕਾਰਜ ਨਾਲ ਸਬੰਧਤ ਦੋ ਵਿਭਿੰਨ ਕਾਰਜ ਦਰਸਾਉਂਦੇ ਸ਼ਬਦਾਂ ਦਾ ਸਮਾਸ ਬਣਾ ਲਿਆ ਜਾਂਦਾ ਹੈ। ਵੇਖੋ ਇੱਕ ਵਾਕ ਵਿੱਚ ਅਜਿਹੇ ਸਮਾਸ- ਉਸ ਨੇ ਬਥੇਰਾ ਓਹੜ-ਪੋਹੜ ਕੀਤਾ, ਮਿੰਨਤਾਂ-ਤਰਲੇ ਕੱਢੇ ਪਰ ਮਰੇ-ਮੁੱਕਰੇ ਦਾ ਕਾਹਦਾ ਦਾਰੂ ਉਸ ਦੇ ਹੰਝੂ-ਹੌਕੇ ਵਿਅਰਥ ਗਏ। ਵਿਗੜਿਆ-ਤਿਗੜਿਆ, ਉਥਲ-ਪੁਥਲ ਹੋਰ ਸਮਾਸ ਹਨ।

8. ਕਈ ਵਾਰ ਕਿਸੇ ਕਾਰਜ ਜਾਂ ਸਥਿਤੀ ਨੂੰ ਸੰਪੂਰਨ ਰੂਪ ਵਿੱਚ ਪੇਸ਼ ਕਰਨ ਲਈ ਦੋ ਵਿਪਰੀਤ ਸ਼ਬਦਾਂ ਦਾ ਸੁਮੇਲ ਕਰ ਦਿੱਤਾ ਜਾਂਦਾ ਹੈ। ਇਸ ਸੁਮੇਲ ਨਾਲ ਸਬੰਧਤ ਇੱਕ ਵਾਕ ਵਿਚਾਰੋ:- ਉਸ ਨੇ ਆਪਣੀ ਮੰਜ਼ਲ ਪਾਉਣ ਲਈ ਨਾ ਚੰਗਾ-ਮਾੜਾ ਵੇਖਿਆ, ਨਾ ਪਾਪ-ਪੁੰਨ ਵਿਚਾਰਿਆ, ਨਾ ਕਿਸੇ ਨੂੰ ਵੱਡਾ-ਛੋਟਾ ਨਾ ਅਮੀਰ-ਗਰੀਬ, ਨਾ ਵੈਰੀ-ਮਿੱਤਰ ਜਾਣਿਆ, ਸਗੋਂ ਦੁਖ-ਸੁਖ ਤੇ ਗਰਮੀ-ਸਰਦੀ ਸਹਾਰਦਾ ਹੋਇਆ ਦਿਨ-ਰਾਤ ਜੁਟਿਆ ਰਿਹਾ।

9. ਕਈ ਵਾਰ ਉਪਰੋਕਤ ਧਾਰਨਾ ਦੀ ਪੂਰਤੀ ਲਈ ਇਕੋ ਸ਼ਬਦ ਦੇ ਨਾਂਹ-ਵਾਚੀ ਰੂਪ ਨੂੰ ਜੋੜ ਕੇ ਸਮਾਸ ਬਣਾ ਲਿਆ ਜਾਂਦਾ ਹੈ ਜਿਵੇਂ:- ਸਾਨੂੰ ਵੇਲੇ-ਕੁਵੇਲੇ, ਰਾਤ-ਬਰਾਤੇ, ਬੰਦਾ-ਕੁਬੰਦਾ ਵੇਖ ਕੇ ਚੱਲਣਾ ਚਾਹੀਦਾ ਹੈ ਤਾਂ ਜੋ ਰਾਹੋਂ ਕੁਰਾਹੇ ਨਾ ਪੈ ਜਾਈਏ।

10. ਜਦੋਂ ਇਕੋ ਕਾਰਜ ਨਾਲ ਸਬੰਧਤ ਦੋ ਮਿਲਵੇਂ-ਜੁਲਵੇਂ ਸ਼ਬਦਾਂ ਨੂੰ ਜੋੜ ਲਿਆ ਜਾਂਦਾ ਹੈ ਤਾਂ ਉਸ ਨਾਲ ਬਣਿਆ ਸਮਾਸ ਵਧੇਰੇ ਅਰਥ ਭਰਪੂਰ ਬਣ ਜਾਂਦਾ ਹੈ। ਜਿਵੇਂ ਘਰ-ਪਰਿਵਾਰ, ਆਂਢ-ਗੁਆਂਢ, ਰੋਟੀ-ਪਾਣੀ, ਤੰਦ-ਤਾਣੀ, ਰੰਗ-ਰੂਪ, ਰੰਗ-ਢੰਗ, ਜਲਵਾਯੂ, ਪੌਣ-ਪਾਣੀ, ਝੱਗਾ-ਮੂਕਾ ਆਦਿ।

11. ਜਦੋਂ ਕਿਸੇ ਵਿਅਕਤੀ ਦਾ ਬਿੰਬ ਜਾਂ ਚਿੱਤਰ ਪੇਸ਼ ਕਰਨਾ ਹੋਵੇ ਤਾਂ ਉਸ ਦੇ ਸਰੀਰ ਦੇ ਅੰਗਾਂ ਨੂੰ ਸਮਾਸ ਵਿਧੀ ਰਾਹੀਂ ਪੇਸ਼ ਕੀਤਾ ਜਾਂਦਾ ਹੈ ਜਿਵੇਂ:- ਮੂੰਹ-ਮੱਥਾ, ਨੈਣ-ਨਕਸ਼, ਨੱਕ-ਬੁੱਲ੍ਹ, ਹੱਥ-ਪੈਰ, ਲੱਤਾਂ-ਬਾਹਾਂ, ਰੰਗ-ਰੂਪ, ਡੀਲ-ਡੌਲ ਆਦਿ।

12. ਕਈ ਵਿਸ਼ੇਸ਼ ਮੌਕਿਆਂ ਉਤੇ ਸਾਰਥਕ ਸ਼ਬਦ ਨਾਲ ਉਸ ਦਾ ਨਿਰਾਰਥਕ ਰੂਪ ਲਾ ਕੇ ਸਮਾਸ ਘੜ ਲਿਆ ਜਾਂਦਾ ਹੈ ਜਿਵੇਂ:- ਰੋਟੀ-ਰਾਟੀ, ਕੰਮ-ਕੁੰਮ, ਪਾਣੀ-ਧਾਣੀ, ਚਾਹ-ਚੂਹ ਆਦਿ। ਅਜਿਹੇ ਸਮਾਸੀ ਸ਼ਬਦ ਘੜਣ ਤੇ ਬੋਲਣ ਵਿੱਚਪੰਜਾਬੀ ਪਹਿਲੇ ਨੰਬਰ ਉਤੇ ਹਨ ਜਿਸ ਨੂੰ ‘ਵਿਦਵਾਨ’ ਲੋਕ ਭਾਸ਼ਾ ਦਾ ਵਿਗਾੜ ਗਰਦਾਨਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੁੰਦਾ। ਮਿਸਾਲ ਵਜੋਂ ਜਦੋਂ ਕੋਈ ਵਿਅਕਤੀ ਬਾਹਰੋਂ ਭੁੱਖਾ ਆ ਕੇ ਘਰੇ ਪੁੱਛਦਾ ਹੈ, ‘ਕੋਈ ਰੋਟੀ ਰਾਟੀ ਹੈ?’ ਤਾਂ ਉਸ ਦਾ ਭਾਵ ਇਕੱਲੀ ਰੋਟੀ ਤੋਂ ਨਹੀਂ ਹੈ, ਸਗੋਂ ਭੁੱਖ ਮਿਟਾਉਣ ਲਈ ਰੋਟੀ ਨਾ ਹੋਣ ਦੀ ਸੂਰਤ ਵਿੱਚ ਰੋਟੀ ਦੇ ਬਦਲ ਵਜੋਂ ਬਰੈੱਡ ਜਾਂ ਹੋਰ ਕੋਈ ਖਾਣ ਵਾਲੀ ਵਸਤੂ ਦੀ ਮੰਗ ਹੈ, ਜਿਸ ਨੂੰ ਉਹ ਰਾਟੀ ਕਹਿੰਦਾ ਹੈ। ਸਪਸ਼ਟ ਹੈ ਕਿ ਰੋਟੀ ਸ਼ਬਦ ਸਿਰਫ ਰੋਟੀ ਲਈ ਨਿਸਸ਼ਿਤ ਹੈ ਜਦੋਂ ਕਿ ਰਾਟੀ ਵਿੱਚ ਕੋਈ ਵੀ ਖਾਣਯੋਗ ਵਸਤੂ ਸ਼ਾਮਲ ਹੈ। ਇਉਂ ਰੋਟੀ ਨਾਲੋਂ ਰਾਟੀ ਸ਼ਬਦ ਵਧੇਰੇ ਬਹੁ-ਅਰਥਕ (ਸਾਰਥਕ) ਬਣ ਜਾਂਦਾ ਹੈ।

13. ਪੰਜਾਬੀ ਭਾਸ਼ਾ ਤੇ ਪੰਜਾਬੀਆਂ ਲਈ ਤੇਰ੍ਹਵੀਂ ਵੰਨਗੀ ਸੱਚਮੁੱਚ ਹੀ ਜੱਗੋਂ-ਤੇਰਵੀਂ ਦਾ ਉਤਫਲ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਫਲਸਰੂਪ, ਆਏ ਦਿਨ ਇਨ੍ਹਾਂ ਦਾ ਬਦੇਸ਼ੀ ਤੇ ਓਪਰੇ ਹਮਲਾਵਰਾਂ ਤੇ ਹਾਕਮਾਂ ਨਾਲ ਵਾਹ ਪਿਆ। ਪੰਜਾਬੀ ਉਨ੍ਹਾਂ ਦੀ ਓਪਰੀ ਤੇ ਗੈਰ-ਪੰਜਾਬੀ ਬੋਲੀ ਤੋਂ ਵੀ ਨਹੀਂ ਘਬਰਾਏ, ਸਗੋਂ ਉਨ੍ਹਾਂ ਨਾਲ ਸਿੱਧਾ ਮੱਥਾ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਬੋਲੀ ਨਾਲ ਵੀ ਦੋ-ਚਾਰ ਹੁੰਦੇ ਰਹੇ ਹਨ। ਉਨ੍ਹਾਂ ਵੱਲੋਂ ਵਰਤੇ ਜਾਂਦੇ ਆਮ ਸ਼ਬਦਾਂ ਨੂੰ ਆਪਣੇ ਸ਼ਬਦਾਂ ਨਾਲ ਮੇਲਿਆ ਤੇ ਨਵੇਂ ਸਮਾਸ ਘੜ ਲਏ ਜਿਸ ਵਿੱਚ ਇੱਕ ਸ਼ਬਦ ਆਪਣੀ ਬੋਲਚਾਲ ਦੀ ਭਾਸ਼ਾ ਦਾ ਅਤੇ ਦੂਸਰਾ ਬੇਗਾਨੀ ਭਾਸ਼ਾ ਦਾ ਸ਼ਬਦ ਜੋੜ ਲਿਆ ਜਿਸ ਨਾਲ ਦੋਹਾਂ ਵਿਪਰੀਤ ਧਿਰਾਂ ਦਾ ਆਪਸੀ ਸੰਚਾਰ ਵੀ ਵਧਿਆ ਤੇ ਇਕ-ਦੂਜੇ ਪ੍ਰਤੀ ਸੂਝ-ਸਮਝ ਵੀ ਵਿਕਸਿਤ ਹੋਈ। ਇਹ ਪੰਜਾਬੀ ਭਾਸ਼ਾ ਤੇ ਪੰਜਾਬੀਆਂ ਦਾ ਮਹੱਤਵਪੂਰਨ ਇਤਿਹਾਸਕ ਤੇ ਭਾਸ਼ਾਈ ਪੱਖ ਹੈ। ਆਓ ਅਜਿਹੇ ਸਮਾਸਾਂ ਨੂੰ ਨਿਹਾਰੀਏ। ਸਭ ਤੋਂ ਪਹਿਲਾਂ ਰੰਗਾਂ ਨਾਲ ਸਬੰਧਤ ਸਮਾਸ ਲੈਂਦੇ ਹਾਂ ਜਿਨ੍ਹਾਂ ਵਿੱਚ ਇੱਕ ਸ਼ਬਦ ਪੰਜਾਬੀ ਤੇ ਦੂਸਰਾ ਫਾਰਸੀ ਦਾ ਹੈ। ਜਿਵੇਂ:- ਲਾਲ ਸੁਰਖ, ਚਿੱਟਾ ਸਫੈਦ, ਨੀਲਾ ਅਸਮਾਨੀ, ਕਾਲਾ ਸਿਆਹ, ਪੀਲਾ ਜ਼ਰਦ ਆਦਿ। ਇਸ ਤੋਂ ਬਾਅਦ ਆਮ ਜੀਵਨ ਨਾਲ ਸਬੰਧਤ ਸ਼ਬਦਾਂ ਦੇ ਸਮਾਸ ਵੇਖੋ: ਰਾਹੀ- ਪਾਂਧੀ, ਬਾਲ-ਬੱਚੇ, ਬੁੱਢੇ-ਠੇਰੇ, ਨਾਂਹ-ਨੁੱਕਰ, ਸਲਾਹ-ਮਸ਼ਵਰਾ, ਸਿਫਤ-ਸਲਾਹ, ਚਸ਼ਮਦੀਦ, ਸਬਰ-ਸੰਤੋਖ, ਦਵਾ-ਦਾਰੂ, ਬਚਿਆ-ਖੁਚਿਆ, ਰਹਿੰਦ-ਖੂੰਹਦ, ਕੰਮ-ਧੰਦਾ, ਕੰਮਕਾਰ, ਅੰਗ-ਸਾਕ, ਅੰਗਲੀ-ਸੰਗਲੀ, ਲਹਿਰ-ਬਹਿਰ ਆਦਿ ਅਨੇਕ ਸਮਾਸ ਹਨ, ਜਿਨ੍ਹਾਂ ਵਿੱਚ ਫਾਰਸੀ ਤੋਂ ਇਲਾਵਾ ਆਰੀਅਨ ਭਾਸ਼ਾਵਾਂ ਦੇ ਸ਼ਬਦ ਵੀ ਹਨ, ਜਿਨ੍ਹਾਂ ਬਾਰੇ ਵਿਸਥਾਰ ਨਹੀਂ ਦਿੱਤਾ ਜਾ ਸਕਦਾ। ਦੂਸਰੀ ਧਿਆਨ ਯੋਗ ਗੱਲ ਇਹ ਹੈ ਕਿ ਮੁਹਾਰਵਿਆਂ, ਕਹਾਵਤਾਂ ਵਾਂਗ ਸਮਾਸਾਂ ਦਾ ਵੀ ਕਈ ਥਾਂ ਉਚਾਰਨ ਬਦਲ ਗਿਆ। ਮਿਸਾਲ ਵਜੋਂ ਤੁਰਕੀ ਵਿੱਚ ਪਿਤਾ ਨੂੰ ਮਾਤਾ ਕਿਹਾ ਜਾਂਦਾ ਹੈ, ਜਿਸ ਨਾਲ ਮਾਤਾ-ਪਿਤਾ ਸਮਾਸ ਸਿਰਜਿਆ ਗਿਆ, ਜਿਸ ਦਾ ਉਚਾਰਨ ਵਿਗੜ ਕੇ ਅਤਾ-ਪਤਾ ਹੋ ਗਿਆ ਤੇ ਅਰਥ ਵੀ ਬਦਲ ਗਏ। ਇਸੇ ਤਰ੍ਹਾਂ ਫਾਰਸੀ ਤੇ ਅੰਗਰੇਜ਼ੀ ਸ਼ਾਇਰੀ ਵਿੱਚ ਹੰਝੂਆਂ ਨੂੰ ਮੋਤੀ (Pearl) ਨਾਲ ਉਪਮਾ ਦਿੱਤੀ ਗਈ ਹੈ ਜਿਵੇਂ:- ‘‘ਹੰਝੂਆਂ ਨੂੰ ਕੇਵਲ ਹੰਝੂ ਰਹਿਣ ਦਿਓ, ਕਹਿ ਕੇ ਮੋਤੀ ਨਾ ਇਨ੍ਹਾਂ ਦੀ ਕੀਮਤ ਘਟਾਈ ਜਾਵੇ’’, ਫਲਸਰੂਪ, ਪਰਲ ਤੇ ਹੰਝੂ ਦਾ ਸਮਾਸ ਹੋਂਦ ਵਿੱਚ ਆਇਆ ਪਰ ਉਚਾਰਨ ਪੱਖੋਂ ਮੁਸ਼ਕਲ ਹੋਣ ਕਰਕੇ ਪਰਲ ਸ਼ਬਦ ਦਾ ਦੁਹਰਾਓ ਹੋ ਗਿਆ ਤੇ ਇਸ ਦੇ ਅਰਥ ਵੀ ਬਦਲ ਗਏ। ਜਿਵੇਂ:- ਉਹ ਪਰਲ-ਧਰਲ ਹੰਝੂ ਵਹਾ ਰਿਹਾ ਸੀ।