ਸਹਿਜ਼ਾਦੀ ਰਘਬੀਰ ਕੌਰ ਸੋਢੀ

ਸ਼ਹਿਜ਼ਾਦੀ ਰਘਬੀਰ ਕੌਰ ਸੋਢੀ ਅੰਗਰੇਜਾਂ ਦੇ ਹੀ ਇੱਕ ਝੋਲੀ ਚੁੱਕ ਬਾਬਾ ਸੁਖਦੇਵ ਸਿੰਘ ਸੋਢੀ ਦੀ ਹੋਣਹਾਰ ਬੇਟੀ ਸੀ। ਉਸਦਾ ਜਨਮ 1897 ਈਸਵੀ ਨੂੰ ਹੋਇਆ। ਉਹ ਆਪਣੇ ਪਿਤਾ ਦੀ ਸੋਚ ਤੋਂ ਉਲਟ ਗਦਰੀਆਂ ਦਾ ਸਾਥ ਦਿੰਦੀ ਸੀ। ਉਸਦਾ ਦਾ ਭਰਾ ਸੁਦਰਸ਼ਨ ਵੀ ਗਦਰੀਆਂ ਦੀ ਲੁਕਵੀਂ ਮਦਦ ਕਰਦਾ ਸੀ।

ਰਘਬੀਰ ਕੌਰ ਸੋਢੀ ਦਾ ਆਜ਼ਾਦੀ ਵਿੱਚ ਰੋਲ

ਸੋਧੋ

19 ਫਰਵਰੀ 1915 ਨੂੰ ਅਣਵੰਡੇ ਪੰਜਾਬ ਵਿੱਚ ਅੰਗਰੇਜਾਂ ਦੀ ਹਕੂਮਤ ਦੇ ਜਬਰ-ਜ਼ੁਲਮ ਦੇ ਖਿਲਾਫ਼ ਸ਼ੁਰੂ ਹੋਣ ਵਾਲਾ ਗਦਰ ਗਦਾਰਾਂ ਦੀਆਂ ਗਦਾਰੀਆਂ ਕਾਰਨ ਬੁਰੀ ਤਰਾਂ ਫੇਲ ਹੋ ਜਾਣ ਤੋਂ ਬਾਅਦ ਬਹੁਤ ਸਾਰੇ ਗਦਰੀਆਂ ਨੂੰ ਜਾਂ ਤਾਂ ਫੜ ਲਿਆ ਗਿਆ ਜਾਂ ਸ਼ਹੀਦ ਕਰ ਦਿੱਤਾ ਗਿਆ। ਬਹੁਤ ਸਾਰੇ ਗਦਰੀ ਰੂਪੋਸ਼ ਹੋ ਕੇ ਜੰਗਲਾਂ ਜਾਂ ਵਿਦੇਸ਼ਾਂ ਵਿੱਚ ਲੁਕ ਛਿਪ ਕੇ ਦੁਬਾਰਾ ਗਦਰ ਸ਼ੁਰੂ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੇ। ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਦੋ ਸਾਥੀ ਸਰਦਾਰ ਹਰਨਾਮ ਸਿੰਘ ਟੁੰਡੀਲਾਟ ਅਤੇ ਸਰਦਾਰ ਜਗਤ ਸਿੰਘ ਸੁਰ ਸਿੰਘ ਨੇ ਵੀ 26ਫਰਵਰੀ 1915 ਨੂੰ ਹਕੂਮਤ ਤੋਂ ਲੁਕਦੇ ਛਿਪਦੇ ਪਿਸ਼ੌਰ ਛਾਉਣੀ ਤੋਂ 5 ਮੀਲ ਦੂਰ ਪਿੰਡ ਮਤਨੀ ਦੇ ਇੱਕ ਸਿੱਖ ਰਾਈਸਜਾਦੇ ਸਰਦਾਰ ਧੰਨਾ ਸਿੰਘ ਦੇ ਕਿਲੇ ਨੁਮਾ ਘਰ ਵਿੱਚ ਜਾ ਸ਼ਰਨ ਲਈ।ਸਰਦਾਰ ਧੰਨਾ ਸਿੰਘ ਗਦਰੀਆਂ ਦੀ ਬਹੁਤ ਮਦਦ ਕਰਦੇ ਸਨ। ਇਹ ਤਿੰਨੋਂ ਗਦਰੀ ਇੱਥੋਂ ਰੂਸ ਜਾਂ ਕਾਬੁਲ ਜਾਣਾ ਚਾਹੁੰਦੇ ਸਨ, ਪਰ ਰਾਤ ਨੂੰ ਜਦ ਦੋਵੇਂ ਗਦਰੀ ਸੌਂ ਗਏ ਤਾਂ ਕਰਤਾਰ ਸਿੰਘ ਸਰਾਭਾ ਉਠ ਕੇ ਕਿਲੇ ਦੇ ਬਾਹਰ ਬਣੇ ਬਾਗ ਵਿਚ ਜਾ ਬੈਠਾ। ਉਹ ਕੁਝ ਸੋਚ ਰਿਹਾ ਸੀ। ਉਹ ਪੈੱਨ ਨਾਲ ਇੱਕ ਨੋਟ ਬੁੱਕ ਉੱਪਰ ਕੁਛ ਲਿਖਣ ਲੱਗਾ। ਲਿਖਣ ਤੋਂ ਬਾਅਦ ਉਸਨੇ ਵਾਪਿਸ ਆ ਕੇ ਆਪਣੇ ਦੋਵੇ ਗਦਰੀ ਸਾਥੀਆਂ ਨੂੰ ਕਿਹਾ ਕੇ ਅਸੀਂ ਹੁਣ ਰੂਸ ਜਾਂ ਕਾਬੁਲ ਨਹੀਂ ਜਾਣਾ। ਹੁਣ ਅਸੀਂ ਵਾਪਿਸ ਪੰਜਾਬ ਜਾ ਕੇ ਆਪਣੇ ਗਦਰੀ ਸਾਥੀਆਂ ਨੂੰ ਜੇਲਾਂ ਤੋੜ ਕੇ ਆਜ਼ਾਦ ਕਰਵਾਵਾਂਗੇ। ਯਾਦ ਰਹੇ ਕੇ ਸਰਾਭਾ ਦੇਸ ਭਗਤ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਸੀ। 27 ਫਰਵਰੀ 1915 ਨੂੰ ਉਹ ਤਿੰਨੇ ਗਦਰੀ ਵਾਪਿਸ ਪੰਜਾਬ ਆ ਗਏ। ਜਦ ਇਹ ਤਿੰਨੇ ਗਦਰੀ ਜ਼ਿਲਾ ਸਰਗੋਧਾ ਦੇ ਚੱਕ ਨੰ. 5, ਰਸਾਲਾ ਨੰ.22 ਸਰਕਾਰੀ ਗਰਾਸ ਫਾਰਮ ਦੇ ਮਾਲਿਕ ਰਸਾਲਦਾਰ ਗੰਡਾ ਸਿੰਘ ਕੋਲ ਉਸਦੇ ਪਿੰਡ ਭੱਲੋਵਾਲ ਵਿੱਚ ਅਸਲਾ ਹਾਸਿਲ ਕਰਨ ਲਈ ਗਏ ਤਾਂ ਉਸਨੇ ਧੋਖੇ ਨਾਲ ਇਹਨਾਂ ਨੂੰ 1 ਮਾਰਚ 1915 ਨੂੰ ਗ੍ਰਿਫਤਾਰ ਕਰਵਾ ਦਿੱਤਾ। ਯਾਦ ਰਹੇ ਕੇ ਗੰਡਾ ਸਿੰਘ ਦੇ ਅਰਦਲੀ ਬੂੜ ਸਿੰਘ ਦੀ ਉਹਨਾਂ ਨਾਲ ਸਾਂਝ ਸੀ, ਇਸ ਲਈ ਗੰਡਾ ਸਿੰਘ ਨੇ ਅੰਗਰੇਜਾਂ ਦੇ ਖਿਲਾਫ਼ ਅਸਲਾ ਦੇਣ ਦਾ ਵਿਸ਼ਵਾਸ਼ ਦੁਆਇਆ ਸੀ। ਬੂੜ ਸਿੰਘ ਗਦਰੀਆ ਦਾ ਮਦਦਗਾਰ ਸੀ, ਪਰ ਉਸਨੂੰ ਰਸਾਲਦਾਰ ਗੰਡਾ ਸਿੰਘ ਦੇ ਦਿਲ ਵਿਚਲੀ ਖੋਟ ਦਾ ਉੱਕਾ ਈ ਪਤਾ ਨਹੀਂ ਸੀ।

ਸਰਾਭੇ ਦੀ ਸ਼ਹੀਦੀ ਦਾ ਬਦਲਾ ਲੈਣਾ

ਸੋਧੋ

ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਦੋਵੇਂ ਸਾਥੀਆਂ ਉੱਤੇ ਸਰਕਾਰ ਖਿਲਾਫ਼ ਬਗਾਵਤ ਅਤੇ ਕਤਲੇਆਮ ਕਰਨ ਦਾ ਕੇਸ ਚਲਾਇਆ ਗਿਆ। ਇਸ ਕੇਸ ਵਿੱਚ ਇਹਨਾਂ ਤਿੰਨਾ ਗਦਰੀਆਂ ਨੂੰ ਫਾਂਸੀ ਦੀ ਸਜ਼ਾ ਹੋਈ। 18 ਨਵੰਬਰ 1915 ਨੂੰ ਜਿਸ ਦਿਨ ਇਹਨਾ ਤਿੰਨਾ ਗਦਰੀਆਂ ਨੇ ਦੇਸ ਦੀ ਖਾਤਰ ਫਾਂਸੀ ਦਾ ਰੱਸਾ ਚੁੰਮਿਆ ਠੀਕ ਉਸੇ ਦਿਨ ਉਸੇ ਦਿਨ ਹੀ 18 ਨਵੰਬਰ 1915 ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਦਿੱਤੀ ਗਈ ਫਾਂਸੀ ਦੀ ਖ਼ਬਰ ਸੁਣ ਕੇ ਸ਼ਹਿਜ਼ਾਦੀ ਰਘਬੀਰ ਕੌਰ ਸੋਢੀ ਨੇ ਰਸਾਲਦਾਰ ਗੰਡਾ ਸਿੰਘ ਨੂੰ ਉਸਦੇ ਪਿੰਡ ਭੱਲੋਵਾਲ ਵਿੱਚ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਆਪ ਵੀ ਗੋਲੀ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਈ। ਬਾਬਾ ਸੁਖਦੇਵ ਸਿੰਘ ਸੋਢੀ ਨੇ ਜਿਸ ਦਿਨ ਇੱਕ ਗਦਰੀ ਡਾ. ਮਥਰਾ ਸਿੰਘ ਨੂੰ ਧੋਖੇ ਨਾਲ ਕਾਬੁਲ ਤੋਂ ਗ੍ਰਿਫਤਾਰ ਕਰਵਾ ਕੇ ਗਦਾਰੀ ਦਾ ਮੈਡਲ ਹਾਸਿਲ ਕੀਤਾ ਸੀ ਅਤੇ ਠੀਕ ਉਸੇ ਦਿਨ ਉਸਦੀ ਹੋਣਹਾਰ ਬੇਟੀ ਨੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਇੱਕ ਗਦਾਰ ਰਸਾਲਦਾਰ ਗੰਡਾ ਸਿੰਘ (ਕਰਤਾਰ ਸਿੰਘ ਸਰਾਭਾ ਨੂੰ ਗ੍ਰਿਫਤਾਰ ਕਰਵਾਉਣ ਵਾਲਾ)ਨੂੰ ਮਾਰ ਕੇ ਦੇਸ਼ ਪ੍ਰਤੀ ਆਪਣੀ ਵਫਾਦਾਰੀ ਬਖੂਬੀ ਨਿਭਾਹੀ ਸੀ ਅਤੇ ਸੋਢੀ ਵੰਸ਼ ਉੱਪਰ ਬਾਬਾ ਸੁਖਦੇਵ ਸਿੰਘ ਦੁਆਰਾ ਲਗਾਇਆ ਗਿਆ ਦਾਗ ਧੋਣ ਦੀ ਕੋਸ਼ਿਸ਼ ਕੀਤੀ ਸੀ। ਸ਼ਹਿਜ਼ਾਦੀ ਰਘਬੀਰ ਕੌਰ ਸੋਢੀ ਆਪਣੇ ਪਿਤਾ ਜੀ ਦੀ ਬਹੁਤ ਸੇਵਾ ਅਤੇ ਸਤਿਕਾਰ ਕਰਦੀ ਸੀ, ਕਿਓਂਕਿ ਬਚਪਨ ਵਿੱਚ ਹੋਈ ਉਸਦੀ ਮਾਂ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਨੇ ਹੀ ਉਸਦਾ ਪਾਲਣ-ਪੋਸ਼ਣ ਕੀਤਾ ਸੀ, ਪਰ ਬਾਬਾ ਸੁਖਦੇਵ ਸਿੰਘ ਸੋਢੀ ਦੇ ਗਦਰੀਆਂ ਵਿਰੋਧੀ ਕੰਮਾਂ ਅਤੇ ਅੰਗਰੇਜਾਂ ਪੱਖੀ ਹੋਣ ਕਰਕੇ ਸ਼ਹਿਜ਼ਾਦੀ ਸੋਢੀ ਰਘਬੀਰ ਕੌਰ ਦੇ ਵਿਚਾਰ ਆਪਣੇ ਪਿਤਾ ਨਾਲ ਨਹੀਂ ਮਿਲਦੇ ਸਨ, ਕਿਓਕਿ ਉਹ ਸੋਚਦੀ ਸੀ ਕਿ ਉਹਨਾਂ ਦੀ ਸੰਤਾਨ ਸਿੱਖ ਗੁਰੂਆਂ ਦੀ ਵੰਸ਼ ਵਿੱਚੋਂ ਹੈ।