ਸ਼ਰਧਾਂਜਲੀ
ਸ਼ਰਧਾਂਜਲੀ ਕਿਸੇ ਦੇ ਮਰਨ ਉਤੇ ਕਹੇ ਜਾਣ ਵਾਲੇ ਉਸਤਤੀ ਜਾਂ ਹਮਦਰਦੀ ਭਰੇ ਸ਼ਬਦਾਂ ਨੂਂ ਕਿਹਾ ਜਾਂਦਾ ਹੈ| ਭਾਰਤੀ ਸਮਾਜ ਵਿੱਚ ਮੌਤ ਉਪਰੰਤ ਸਮਾਜਿਕ ਰੀਤੀ-ਰਿਵਾਜਾਂ ਤੇ ਧਾਰਮਿਕ ਆਸਥਾਵਾਂ ਮੁਤਾਬਕ ਮਨੁੱਖ ਦੀਆਂ ਅੰਤਿਮ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਸਹਿਜ/ਅਖੰਡ ਪਾਠ ਜਾਂ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਜਾਂਦਾ ਹੈ। ਉਪਰੰਤ ਰਸਮ ਪਗੜੀ ਜਾਂ ਸ਼ਰਧਾਂਜਲੀਆਂ ਦਾ ਦੌਰ ਸ਼ੁਰੂ ਹੁੰਦਾ ਹੈ ਜਿਸ ਵਿੱਚ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਸ਼ਰਧਾਂਜਲੀ ਦੇਣ ਵਾਲਾ ਕੋਈ ਮੰਤਰੀ, ਕਿਸੇ ਰਾਜਨੀਤਕ ਪਾਰਟੀ ਦਾ ਨੇਤਾ ਜਾਂ ਪ੍ਰਧਾਨ ਜਾਂ ਸਮਾਜ ਸੇਵੀ ਜਾਂ ਕੋਈ ਹੋਰ ਆਦਮੀ ਹੋ ਸਕਦਾ ਹੈ। ਕਈ ਵਾਰ ਸਮੇਂ ਦੀ ਘਾਟ ਕਾਰਨ ਜਾਂ ਬੁਲਾਰਿਆਂ ਦੀ ਬਹੁਤਾਤ ਕਾਰਨ ਪ੍ਰਬੰਧਕ ਸਾਰਿਆਂ ਨੂੰ ਸਮਾਂ ਨਹੀਂ ਦੇ ਸਕਦੇ ਤਾਂ ਉਹ ਇਨ੍ਹਾਂ ਤੋਂ ਮੁਆਫੀ ਮੰਗ ਲੈਂਦੇ ਹਨ। ਬਹੁਗਿਣਤੀ ਲੋਕ ਅਜਿਹੇ ਮੌਕਿਆਂ ’ਤੇ ਦੋ ਮਿੰਟ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨ ਨੂੰ ਸਰਬ ਉੱਤਮ ਮੰਨਦੇ ਹਨ।