ਸ਼ਹੀਦਾਂ ਦੀ ਮਿਸਲ

(ਸ਼ਹੀਦਾਂ ਮਿਸਲ ਤੋਂ ਮੋੜਿਆ ਗਿਆ)

ਇਸ ਮਿਸਲ ਦਾ ਨਾਂ 'ਬਾਬਾ ਦੀਪ ਸਿੰਘ ਸ਼ਹੀਦ' ਦੇ ਨਾਂ 'ਤੇ ਪਿਆ। ਬਾਬਾ ਦੀਪ ਸਿੰਘ ਦਾ ਬਚਪਨ ਦਾ ਨਾਂ ਦੀਪਾ ਸੀ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੁਵਿੰਡ ਵਿਖੇ ਭਾਈ ਭਗਤੂ ਜੀ ਦੇ ਗ੍ਰਹਿ ਵਿਖੇ 1682 ਵਿੱਚ ਪੈਦਾ ਹੋਏ। ਉਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਅਤੇ ਦੀਪ ਸਿੰਘ ਬਣੇਂ। ਆਪਣੇ ਮਾਤਾ ਪਿਤਾ ਦੀ ਆਗਿਆ ਨਾਲ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਕਾਫੀ ਚਿਰ ਰਹਿੰਦੇ ਰਹੇ ਅਤੇ ਉਥੇ ਰਹਿ ਕੇ ਗੁਰਮੁਖੀ ਸਿੱਖੀ ਅਤੇ ਕਾਫੀ ਗੁਰਬਾਣੀ ਜ਼ੁਬਾਨੀ ਕੰਠ ਕਰ ਲਈ। ਉਹ ਬੜਾ ਖ਼ੁਸ਼ਖ਼ਤ ਲਿਖਦੇ ਸਨ। ਭਾਈ ਮਨੀ ਸਿੰਘ ਕੋਲੋਂ ਬਾਬਾ ਦੀਪ ਸਿੰਘ ਨੇ ਗੁਰੂ ਗਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਸਹੀ ਉਚਾਰਨ ਸਿੱਖਿਆ। 20-22 ਸਾਲ ਦੀ ਉਮਰ ਤੱਕ ਬਾਬਾ ਦੀਪ ਸਿੰਘ ਨਾ ਸਿਰਫ਼ ਸਿੱਖ ਇਤਿਹਾਸ ਦੇ ਸਕਾਲਰ ਬਣ ਗਏ ਸਗੋਂ ਯੁੱਧ ਕਲਾ ਵਿੱਚ ਵੀ ਨਿਪੁੰਣ ਹੋ ਗਏ।

ਜਲਦੀ ਹੀ ਬਾਬਾ ਦੀਪ ਸਿੰਘ ਸਾਬੋ ਕੀ ਤਲਵੰਡੀ ਜੋ ਕਿ ਜ਼ਿਲ੍ਹਾ ਬਠਿੰਡਾ ਵਿੱਚ ਹੈ, ਵਿਖੇ ਪਹੁੰਚ ਗਏ। ਇਸ ਅਸਥਾਨ ਨੂੰ ਅੱਜਕਲ੍ਹ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਗੁਰੂ ਜੀ ਦੱਖਣ ਵੱਲ ਰਵਾਨਾ ਹੋ ਗਏ ਅਤੇ ਜਾਣ ਤੋਂ ਪਹਿਲਾਂ ਦੀਪ ਸਿੰਘ ਦੀ ਡਿਊਟੀ ਲਾਈ ਕਿ ਉਹ ਭਾਈ ਮਨੀ ਸਿੰਘ ਦੀ ਸਹਾਇਤਾ ਕਰਨ ਜੋ ਕਿ ਗੁਰੂ ਗਰੰਥ ਸਾਹਿਬ ਦੀਆਂ ਕਾਪੀਆਂ ਤਿਆਰ ਕਰ-ਕਰ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ। ਦੀਪ ਸਿੰਘ ਇੱਥੇ ਦਮਦਮਾ ਸਾਹਿਬ ਵਿਖੇ ਹੀ ਰਹਿਣ ਲੱਗ ਪਏ। ਦਮਦਮਾ ਸਾਹਿਬ ਸਿੱਖ ਫ਼ਿਲਾਸਫ਼ੀ ਦਾ ਕੇਂਦਰ ਬਣ ਗਿਆ ਸੀ। ਬੜੇ ਯੋਜਨਾਬੱਧ ਤਰੀਕੇ ਨਾਲ ਦੀਪ ਸਿੰਘ ਜੀ ਨੇ ਮਾਲਵੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਵੱਖ-ਵੱਖ ਮੌਕਿਆਂ 'ਤੇ ਜਦੋਂ ਕਿਸੇ ਮੁਗ਼ਲ ਅਫ਼ਸਰ ਵੱਲੋਂ ਲੋਕਾਂ 'ਤੇ ਜ਼ੁਲਮ ਕਰਨ ਦੀਆਂ ਸ਼ਕਾਇਤਾਂ ਮਿਲਦੀਆਂ ਤਾਂ ਬਾਬਾ ਦੀਪ ਸਿੰਘ ਆਪਣੇ ਨਾਲ ਬਹਾਦਰ ਸਿੱਖ ਨੌਜੁਆਨਾਂ ਦਾ ਜਥਾ ਲੈ ਕੇ ਜ਼ਾਲਮਾਂ ਨੂੰ ਕੀਤੇ ਦੀ ਸਜ਼ਾ ਵੀ ਦਿੰਦੇ। 1709 ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਜੀ ਵੱਲੋਂ ਜ਼ਾਲਮ ਹਾਕਮਾਂ ਨੂੰ ਸਜ਼ਾ ਦੇਣ ਦੇ ਮਿਸ਼ਨ 'ਤੇ ਪੰਜਾਬ ਪਹੁੰਚੇ ਤਾਂ ਬਾਬਾ ਦੀਪ ਸਿੰਘ ਆਪਣੇ ਜਥੇ ਨੂੰ ਲੈ ਕੇ ਬਾਬਾ ਬੰਦਾ ਸਿੰਘ ਦੀ ਮਦਦ ਲਈ ਪਹੁੰਚੇ। ਬੰਦਾ ਸਿੰਘ ਬਹਾਦਰ ਨੇ ਸਢੌਰਾ 'ਤੇ ਹਮਲਾ ਕੀਤਾ ਕਿਉਂਕਿ ਇੱਥੋਂ ਦੇ ਮੁਗ਼ਲ ਹਾਕਮ ਉਸਮਾਨ ਖ਼ਾਨ ਨੇ ਪੀਰ (ਸਈਅਦ) ਬੁੱਧੂ ਸ਼ਾਹ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਭੰਗਾਨੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਦੀ ਮਦਦ ਕਰਨ ਲਈ ਕਤਲ ਕਰ ਦਿੱਤਾ ਸੀ। ਬੰਦਾ ਸਿੰਘ ਬਹਾਦਰ ਅਤੇ ਬਾਬਾ ਦੀਪ ਸਿੰਘ ਨੇ ਸਢੌਰਾ ਵਿੱਚ ਬਣੀ ਗੜ੍ਹੀ ਜਿਥੇ ਉਸਮਾਨ ਖ਼ਾਨ ਦੇ ਲੜਾਕੂ ਇਕੱਠੇ ਹੋਏ ਸਨ, ਨੂੰ ਘੇਰ ਲਿਆ ਅਤੇ ਸਭ ਦਾ ਮੁਕੰਮਲ ਤੌਰ 'ਤੇ ਸਫ਼ਾਇਆ ਕਰ ਦਿੱਤਾ। ਕਿਸੇ ਇੱਕ ਨੂੰ ਵੀ ਬਚ ਕੇ ਨਾ ਨਿਕਲਣ ਦਿੱਤਾ। ਬਾਬਾ ਦੀਪ ਸਿੰਘ ਦੇ ਸਮੇਂ ਤੱਕ ਸ਼ਹੀਦਾਂ ਮਿਸਲ ਦਾ ਹੈਡਕੁਆਰਟਰ ਤਲਵੰਡੀ ਸਾਬੋ ਹੀ ਰਿਹਾ। 1757 ਵਿੱਚ ਅਹਿਮਦ ਸ਼ਾਹ ਦੁੱਰਾਨੀ ਦੇ ਕਮਾਂਡਰ-ਇਨ-ਚੀਫ਼ ਜਹਾਨ ਖ਼ਾਨ ਨੇ ਜੋ ਕਿ ਪੰਜਾਬ ਦੇ ਗਵਰਨਰ ਤੈਮੂਰ ਸ਼ਾਹ (ਸਪੁੱਤਰ ਅਹਿਮਦ ਸ਼ਾਹ ਦੁੱਰਾਨੀ) ਦਾ ਡਿਪਟੀ ਵੀ ਸੀ, ਨੇ ਪੰਜਾਬ 'ਤੇ ਹਮਲਾ ਕੀਤਾ, ਰਾਮ ਰੌਣੀ ਦਾ ਕਿਲ੍ਹਾ ਢਾਹ-ਢੇਰੀ ਕੀਤਾ, ਅੰਮ੍ਰਿਤਸਰ 'ਤੇ ਕਬਜ਼ਾ ਕਰ ਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਕੂੜੇ-ਕਰਕਟ ਨਾਲ ਭਰਵਾ ਦਿੱਤਾ। ਦਰਬਾਰ ਸਾਹਿਬ ਦੀ ਸੁਰੱਖਿਆ ਲਈ ਸ਼ਹੀਦ ਮਿਸਲ ਵੱਲੋਂ ਤਾਇਨਾਤ ਜਥੇਦਾਰ ਗੁਰਬਖ਼ਸ਼ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ। ਜਦੋਂ ਇਹ ਖ਼ਬਰ ਬਾਬਾ ਦੀਪ ਸਿੰਘ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਆਪਣੇ ਜਥੇ ਨਾਲ ਅੰਮ੍ਰਿਤਸਰ ਵੱਲ ਚਾਲੇ ਪਾਏ ਅਤੇ ਪ੍ਰਣ ਕੀਤਾ ਕਿ ਉਹ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦੇਣਗੇ। ਰਸਤੇ ਵਿੱਚ ਬਹੁਤ ਸਾਰੇ ਸਿੱਖ ਇਸ ਜਥੇ ਵਿੱਚ ਸ਼ਾਮਲ ਹੁੰਦੇ ਚਲੇ ਗਏ ਤੇ ਤਰਨਤਾਰਨ ਪਹੁੰਚਣ ਤੱਕ ਇਸ ਜਥੇ ਦੀ ਗਿਣਤੀ 5000 ਤੋਂ ਵੀ ਵੱਧ ਹੋ ਗਈ ਸੀ। ਜਹਾਨ ਖ਼ਾਨ ਦੀਆਂ 20,000 ਫੌਜਾਂ ਨਾਲ ਲੜਦੇ ਹੋਏ ਬਾਬਾ ਦੀਪ ਸਿੰਘ ਦੇ ਨਜ਼ਦੀਕੀ ਸਾਥੀ ਭਾਈ ਦਿਆਲ ਸਿੰਘ ਨੇ ਆਪਣੇ 500 ਸਾਥੀਆਂ ਨਾਲ ਜਹਾਨ ਖ਼ਾਨ 'ਤੇ ਇੰਨਾ ਜ਼ਬਰਦਸਤ ਹੱਲਾ ਬੋਲਿਆ ਕਿ ਉਹ ਵੈਰੀ ਦੀਆਂ ਸਫ਼ਾਂ ਨੂੰ ਚੀਰਦਾ ਹੋਇਆ ਜਹਾਨ ਖ਼ਾਨ ਦਾ ਸਿਰ ਕਲਮ ਕਰਦਾ ਹੋਇਆ ਨਿਕਲ ਗਿਆ। ਜੇਤੂ ਫੌਜ ਰਾਮਸਰ ਵਿਖੇ ਇਕੱਠੀ ਹੋਣੀ ਸ਼ੁਰੂ ਹੋਈ ਪਰ ਇਸ ਦੌਰਾਨ ਜਨਰਲ ਅਤਾਈ ਖ਼ਾਨ ਦੀ ਅਗਵਾਈ ਵਿੱਚ ਇੱਕ ਵੱਡੀ ਫੌਜ ਮੌਕੇ 'ਤੇ ਪਹੁੰਚ ਗਈ। ਬਾਬਾ ਦੀਪ ਸਿੰਘ ਨੇ ਇਸ ਫੌਜ 'ਤੇ ਹੱਲਾ ਬੋਲਿਆ ਪਰ ਬਾਬਾ ਦੀਪ ਸਿੰਘ 11 ਨਵੰਬਰ 1757 ਨੂੰ ਸ਼ਹੀਦ ਹੋ ਗਏ। ਬਾਬਾ ਜੀ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਮੁਗ਼ਲ ਜਨਰਲ ਅੱਮਾਨ ਖ਼ਾਨ ਨੂੰ ਆਪਣੇ ਖੰਡੇ ਦੇ ਵਾਰ ਨਾਲ ਮੈਦਾਨ ਵਿੱਚ ਢੇਰੀ ਕਰ ਦਿੱਤਾ ਅਤੇ ਉਸ ਦੇ ਸੈਂਕੜੇ ਫੌਜੀਆਂ ਨੂੰ ਹਲਾਕ ਕਰ ਦਿੱਤਾ।

ਬਾਬਾ ਦੀਪ ਸਿੰਘ ਦੀ ਸ਼ਹਾਦਤ ਉਪਰੰਤ ਸ਼ਹੀਦਾਂ ਮਿਸਲ ਦਾ ਨਵਾਂ ਜਥੇਦਾਰ ਕਰਮ ਸਿੰਘ ਨਿਯੁਕਤ ਹੋਇਆ। ਉਹ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦਾ ਰਹਿਣ ਵਾਲਾ ਸੰਧੂ ਜੱਟ ਸੀ। 1763 ਵਿੱਚ ਸਿੱਖਾਂ ਨੇ ਰਲ ਕੇ ਸਰਹਿੰਦ ਫ਼ਤਿਹ ਕਰ ਲਿਆ ਸੀ। ਇਸ ਲੜਾਈ ਵਿੱਚ ਕਰਮ ਸਿੰਘ ਵੀ ਲੜਿਆ। ਉਸ ਤੋਂ ਬਾਅਦ ਸ਼ਹੀਦ ਮਿਸਲ ਨੇ ਅੰਬਾਲਾ ਜ਼ਿਲ੍ਹੇ ਦੇ ਕਈ ਪਰਗਨਿਆਂ ਜਿਵੇਂ ਕਿ ਕੇਸਰੀ, ਸ਼ਹਿਜ਼ਾਦਪੁਰ, ਸ਼ਾਹਬਾਦ, ਸਮਾਨਾ, ਸਢੌਰਾ, ਮੁਲਾਨਾ 'ਤੇ ਕਬਜ਼ਾ ਕਰ ਲਿਆ। ਸਰਦਾਰ ਕਰਮ ਸਿੰਘ ਬਹੁਤਾ ਸਮਾਂ ਤਲਵੰਡੀ ਸਾਬੋ ਵਿਖੇ ਹੀ ਰਿਹਾ, ਭਾਵੇਂ ਸ਼ਹਿਜ਼ਾਦਪੁਰ ਨੂੰ ਜਿੱਤਣ ਉਪਰੰਤ ਉਸ ਨੇ ਇਸ ਨੂੰ ਆਪਣਾ ਨਵਾਂ ਹੈਡਕੁਆਰਟਰ ਬਣਾ ਦਿੱਤਾ ਸੀ। 1773 ਵਿੱਚ ਕਰਮ ਸਿੰਘ ਅਪਰ-ਗੰਗਾ ਦੋਆਬ ਦੇ ਇਲਾਕਿਆਂ ਤੱਕ ਜਾ ਪਹੁੰਚਿਆ ਜੋ ਕਿ ਸਰਦਾਰ ਜ਼ਾਬਿਤਾ ਖ਼ਾਨ ਰੋਹਿਲਾ ਦੇ ਕਬਜ਼ੇ ਵਿੱਚ ਸਨ। ਉਸ ਨੇ ਸਹਾਰਨਪੁਰ ਦੇ ਕਈ ਪਿੰਡਾਂ ਨੂੰ ਵੀ ਲੁੱਟ ਲਿਆ। 1784 ਵਿੱਚ ਕਰਮ ਸਿੰਘ ਦੀ ਮੌਤ ਹੋਈ। ਕਰਮ ਸਿੰਘ ਦਾ ਵੱਡਾ ਲੜਕਾ ਗੁਲਾਬ ਸਿੰਘ ਮਿਸਲ ਦਾ ਨਵਾਂ ਸਰਦਾਰ ਬਣਿਆਂ। ਗੁਲਾਬ ਸਿੰਘ ਦੀ 1844 ਵਿੱਚ ਮੌਤ ਹੋ ਗਈ ਤੇ ਉਸ ਦਾ ਸਪੁੱਤਰ ਸ਼ਿਵ ਕਿਰਪਾਲ ਸਿੰਘ ਪਰਿਵਾਰਕ ਐਸਟੇਟ ਦਾ ਮਾਲਕ ਬਣਿਆਂ। ਉਸ ਸਮੇਂ ਤੱਕ ਸਤਲੁੱਜ ਪਾਰ ਦੀਆਂ ਸਿੱਖ ਰਿਆਸਤਾਂ ਬਰਤਾਨਵੀਂ ਹਕੂਮਤ ਦੀ ਸੁਰੱਖਿਆ ਅਧੀਨ ਆ ਚੁੱਕੀਆਂ ਸਨ। ਅੰਗਰੇਜ਼ਾਂ ਨੇ ਇਨ੍ਹਾਂ ਸਰਦਾਰਾਂ ਦੇ ਇਲਾਕੇ ਹੌਲੀ-ਹੌਲੀ ਹਥਿਆ ਲਏ ਤੇ ਇਨ੍ਹਾਂ ਨੂੰ ਜਾਗੀਰਾਂ ਦੇ ਦਿੱਤੀਆਂ ਜੋ ਪੁਸ਼ਤ-ਦਰ-ਪੁਸ਼ਤ ਘਟਦੀਆਂ ਚਲੀਆਂ ਗਈਆਂ। ਅੱਜ ਤੋਂ 50 ਸਾਲ ਪਹਿਲਾਂ ਕਈ ਜਾਗੀਰਦਾਰ ਡੇਢ ਜਾਂ ਦੋ ਰੁਪਏ ਮਹੀਨਾ ਦੀ ਜਾਗੀਰ ਦੇ ਮਾਲਕ ਹੀ ਰਹਿ ਗਏ ਸਨ।

ਹਵਾਲੇ

ਸੋਧੋ