ਸਰਦਾਰ ਧੰਨਾ ਸਿੰਘ ਬਹਿਬਲਪੁਰ ਭਾਰਤ ਦੀ ਆਜ਼ਾਦੀ ਲਈ ਚੱਲੀ ਬੱਬਰ ਅਕਾਲੀ ਲਹਿਰ ਦਾ ਉਹ ਸਿਰਲੱਥ ਸੂਰਮਾ ਹੈ, ਜਿਸ ਨੇ ਅੰਗਰੇਜ਼ਾਂ ਦੇ ਪਿੱਠੂਆਂ ਤੋਂ ਛੁੱਟ ਕਈ ਅੰਗਰੇਜ਼ਾਂ ਨੂੰ ਵੀ ਮਾਰ ਮੁਕਾਇਆ ਤੇ ਅਖ਼ੀਰ 32 ਕੁ ਵਰ੍ਹਿਆਂ ਦੀ ਉਮਰ ਵਿੱਚ ਸ਼ਹੀਦ ਹੋ ਗਿਆ। ਧੰਨਾ ਸਿੰਘ ਬਹਿਬਲਪੁਰ ਦਲੇਰ ਤੇ ਉੱਚ ਸ਼ਖ਼ਸੀਅਤ ਦਾ ਮਾਲਕ ਸੀ। ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਹਿਬਲਪੁਰ ਵਿੱਚ ਇੰਦਰ ਸਿੰਘ ਦੇ ਗ੍ਰਹਿ ਵਿਖੇ 1891 ਨੂੰ ਹੋਇਆ। ਉਨ੍ਹਾਂ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮੁੱਢਲੀ ਸਿੱਖਿਆ ਹਾਸਲ ਕੀਤੀ ਅਤੇ ਗੁਰਬਾਣੀ ਦਾ ਚੰਗਾ ਗਿਆਨ ਪ੍ਰਾਪਤ ਕਰ ਲਿਆ। ਧੰਨਾ ਸਿੰਘ ਅੰਗਰੇਜ਼ ਸਰਕਾਰ ਦੁਆਰਾ ਸਿੱਖਾਂ ਨਾਲ ਕੀਤੀ ਜਾਂਦੀ ਬਦਸਲੂਕੀ ਤੇ ਅੱਤਿਆਚਾਰਾਂ ਕਾਰਨ ਅੰਗਰੇਜ਼ ਹਕੂਮਤ ਨਾਲ ਨਫ਼ਰਤ ਕਰਨ ਲੱਗਾ। 1919 ਨੂੰ ਵਿਸਾਖੀ ਵਾਲੇ ਦਿਨ ਜਦੋਂ ਜਲ੍ਹਿਆਂ ਵਾਲਾ ਬਾਗ਼ ਅੰਮ੍ਰ੍ਰਿਤਸਰ ਵਿੱਚ ਅੰਗਰੇਜ਼ਾਂ ਨੇ ਨਿਹੱਥੇ ਲੋਕਾਂ ’ਤੇ ਅੱਤਿਆਚਾਰ ਕੀਤੇ ਤਾਂ ਧੰਨਾ ਸਿੰਘ ਦਾ ਮਨ ਕੁਰਲਾ ਉੱਠਿਆ। ਉਸ ਨੇ ਘਰ-ਬਾਰ ਛੱਡ ਕੇ ਅੰਗਰੇਜ਼ਾਂ ਕੋਲੋਂ ਬਦਲਾ ਲੈਣ ਦੀ ਠਾਣ ਲਈ। ਇਨ੍ਹਾਂ ਦਿਨਾਂ ਵਿੱਚ ਹੀ ਅਕਾਲੀ ਲਹਿਰ ਸ਼ੁਰੂ ਹੋ ਗਈ ਤੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਮੋਰਚੇ ਲੱਗਣ ਲੱਗ ਪਏ। ਧੰਨਾ ਸਿੰਘ ਵੀ ਅਕਾਲੀ ਜਥੇ ਵਿੱਚ ਸ਼ਾਮਲ ਹੋ ਗਿਆ। ਉਸ ਨੂੰ ਆਪਣੇ ਪਿੰਡ ਦੇ ਅਕਾਲੀ ਜਥੇ ਦਾ 1922 ਵਿੱਚ ਜਥੇਦਾਰ ਥਾਪਿਆ ਗਿਆ। ਉਹ ਨਿਸ਼ਾਨੇਬਾਜ਼ੀ ਵਿੱਚ ਨਿਪੁੰਨ, ਦਲੇਰ, ਝੋਲੀ-ਚੁੱਕਾਂ ਦਾ ਦੁਸ਼ਮਣ ਤੇ ਗ਼ਰੀਬਾਂ ਦਾ ਹਮਾਇਤੀ ਸੀ। ਧੰਨਾ ਸਿੰਘ ਨੇ ਹੁਸ਼ਿਆਰਪੁਰ ਖੇਤਰ ਵਿੱਚ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਮਾਰਚ 1921 ਨੂੰ ਹੁਸ਼ਿਆਰਪੁਰ ਵਿੱਚ ਸਿੱਖ ਵਿੱਦਿਅਕ ਕਾਨਫ਼ਰੰਸ ਸਮੇਂ ਕੁਝ ਗਰਮ ਖ਼ਿਆਲੀ ਸਿੱਖ ਆਗੂਆਂ ਨੇ ਖ਼ੂਨ ਦਾ ਬਦਲਾ ਖ਼ੂਨ ਨਾਲ ਲੈਣ ਦਾ ਫ਼ੈਸਲਾ ਕੀਤਾ। ਉਸ ਸਮੇਂ ਧੰਨਾ ਸਿੰਘ ਆਪਣੇ ਪਿੰਡ ਬਹਿਬਲਪੁਰ ਵਿੱਚ ਹੀ ਸੀ। ਇਸ ਕਾਨਫਰੰਸ ਦੀ ਸੂਹ ਲੱਗਦਿਆਂ ਹੀ ਉਸ ਨੇ ਉਨ੍ਹਾਂ ਸਿੱਖ ਆਗੂਆਂ ਨਾਲ ਸੰਪਰਕ ਕਾਇਮ ਕੀਤਾ। ਬੱਬਰ ਅਕਾਲੀ ਜਥੇ ਦੇ ਸਰਗਰਮ ਆਗੂ ਜਥੇਦਾਰ ਕਿਸ਼ਨ ਸਿੰਘ ਗੜਗੱਜ ਤੇ ਕਰਮ ਸਿੰਘ ਝਿੰਗੜ ਆਦਿ ਥਾਂ-ਥਾਂ ਦੀਵਾਨ ਕਰ ਕੇ ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰ ਰਹੇ ਸਨ। ਧੰਨਾ ਸਿੰਘ ਵੀ ਇਸ ਲਹਿਰ ਦੀ ਪ੍ਰਚਾਰ ਮੁਹਿੰਮ ਵਿੱਚ ਰੁੱਝ ਗਿਆ। ਉਨ੍ਹਾਂ ਦੀਆਂ ਖ਼ਤਰਨਾਕ ਸਰਗਰਮੀਆਂ ਦੀ ਸੂਹ ਲੱਗਦਿਆਂ ਹੀ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ। ਉਸ ਸਮੇਂ ਤਕ ਧੰਨਾ ਸਿੰਘ ਚੱਕਰਵਰਤੀ ਜਥੇ ਦਾ ਆਗੂ ਬਣ ਕੇ ਗੁਪਤ ਸਰਗਰਮੀਆਂ ਵਿੱਚ ਜੁਟ ਗਿਆ ਅਤੇ ਅਸਲਾ ਇਕੱਠਾ ਕਰਨ ਤੇ ਹਥਿਆਰ ਚਲਾਉਣ ਦੀ ਜਾਚ ਸਿਖਾਉਣ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ। ਦਸੰਬਰ 1922 ਦੇ ਅਖ਼ੀਰਲੇ ਦਿਨਾਂ ਵਿੱਚ ਜੱਸੋਵਾਲ ਵਿੱਚ ਬੱਬਰਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਅੰਗਰੇਜ਼ ਸਰਕਾਰ ਦੇ ਝੋਲੀ ਚੁੱਕਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ। ਅੰਦੋਲਨ ਵਿੱਚ ਹਰੇਕ ਦੇ ਜ਼ਿੰਮੇ ਵੱਖੋ-ਵੱਖਰੇ ਕੰਮ ਆਏ। ਧੰਨਾ ਸਿੰਘ ਨੂੰ ਝੋਲੀ ਚੁੱਕਾਂ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ। ਇਹ ਫ਼ੈਸਲਾ ਲਿਆ ਗਿਆ ਕਿ ਜਿੰਨੇ ਝੋਲੀ ਚੁੱਕ ਮਾਰੇ ਜਾਂਦੇ ਹਨ, ਉਨ੍ਹਾਂ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਤਿੰਨ ਬੱਬਰ ਆਪਣੇ ਸਿਰ ’ਤੇ ਲੈਣ ਤਾਂ ਕਿ ਕਤਲਾਂ ਦੇ ਸਾਰੇ ਕੇਸ ਉਨ੍ਹਾਂ ਸਿਰ ਹੀ ਬਣਨ। ਇਹ ਔਖਾ ਕੰਮ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਬਹਿਬਲਪੁਰ ਤੇ ਉਦੈ ਸਿੰਘ ਨੇ ਆਪਣੇ ਜ਼ਿੰਮੇ ਲਿਆ। ਅੰਗਰੇਜ਼ਾਂ ਦੇ ਕਿਸੇ ਵੀ ਪਿੱਠੂ ਦੇ ਕਤਲ ਤੋਂ ਬਾਅਦ ਅਖ਼ਬਾਰ ਵਿੱਚ ਇਨ੍ਹਾਂ ਤਿੰਨਾਂ ਦਾ ਨਾਂ ਛਾਪ ਦਿੱਤਾ ਜਾਂਦਾ ਸੀ। ਧੰਨਾ ਸਿੰਘ ਨੇ ਐਲਾਨ ਕਰ ਦਿੱਤਾ ਕਿ ਉਹ ਜੀਊਂਦਿਆਂ ਪੁਲੀਸ ਦੇ ਹੱਥ ਨਹੀਂ ਆਏਗਾ। ਧੰਨਾ ਸਿੰਘ ਅਨੇਕਾਂ ਝੋਲੀ ਚੁੱਕਾਂ ਦਾ ਸੁਧਾਰ ਕਰਨ ਪਿੱਛੋਂ ਸ਼ਹੀਦ ਹੋਇਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਿਆਨ ਦੇ ਰਹਿਣ ਵਾਲੇ ਜੁਆਲਾ ਸਿੰਘ ਨੇ ਵਿਸ਼ਵਾਸਘਾਤ ਕਰ ਕੇ ਧੰਨਾ ਸਿੰਘ ਨੂੰ ਗ੍ਰਿਫ਼ਤਾਰ ਕਰਾਇਆ। ਜੁਆਲਾ ਸਿੰਘ ਸਰਕਾਰ ਦਾ ਟਾਊਟ ਸੀ ਪਰ ਉੱਪਰੋਂ ਬੱਬਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਸੀ। ਜੁਆਲਾ ਸਿੰਘ ਨੇ ਪਹਿਲਾਂ ਬੱਬਰ ਦਲੀਪਾ ਧਾਮੀਆਂ ਨੂੰ ਧੋਖੇ ਨਾਲ ਫੜਵਾ ਦਿੱਤਾ। ਦਲੀਪੇ ਦਾ ਪਤਾ ਕਰਨ ਲਈ ਧੰਨਾ ਸਿੰਘ 24 ਅਕਤੂਬਰ 1923 ਨੂੰ ਜੁਆਲਾ ਸਿੰਘ ਨੂੰ ਮਿਲਿਆ। ਜੁਆਲਾ ਸਿੰਘ ਉਸ ਨੂੰ ਮੰਨਣਹਾਣੇ ਪਿੰਡ ਲੈ ਗਿਆ ਤੇ ਉੱਥੇ ਆਪਣੇ ਰਿਸ਼ਤੇਦਾਰ ਕਰਮ ਸਿੰਘ ਦੀ ਹਵੇਲੀ ਸਵਾ ਦਿੱਤਾ। ਉਧਰ, ਪੁਲੀਸ ਨੂੰ ਖ਼ਬਰ ਦੇ ਦਿੱਤੀ ਤੇ 25 ਅਕਤੂਬਰ ਦੀ ਰਾਤ ਨੂੰ ਪੁਲੀਸ ਆ ਗਈ। ਪੁਲੀਸ ਨੇ ਧੰਨਾ ਸਿੰਘ ਨੂੰ ਫੜਨ ਦਾ ਹੌਂਸਲਾ ਨਾ ਕੀਤਾ ਤੇ ਪਹਿਲਾਂ ਉਸ ਦੇ ਪਿਸਤੌਲ ਨੂੰ ਚੁਕਾ ਲਿਆ। ਫਿਰ ਅੱਠ-ਦਸ ਪੁਲੀਸ ਵਾਲੇ ਇੱਕੋ ਵੇਲੇ ਉਸ ਦੇ ਮੰਜੇ ’ਤੇ ਡਿੱਗ ਪਏ ਤੇ ਉਸ ਨੂੰ ਕਾਬੂ ਕਰ ਲਿਆ। ਪੁਲੀਸ ਕਪਤਾਨ ਹੌਰਟਨ ਨੇ ਧੰਨਾ ਸਿੰਘ ਨੂੰ ਮਿਹਣਾ ਮਾਰਦਿਆਂ ਕਿਹਾ, ‘‘ਤੂੰ ਤਾਂ ਜੀਊਂਦੇ ਨਾ ਫੜੇ ਜਾਣ ਦਾ ਐਲਾਨ ਕੀਤਾ ਸੀ, ਹੁਣ ਦੱਸ ਤੇਰਾ ਐਲਾਨ ਕਿਧਰ ਗਿਆ।’’ ਧੰਨਾ ਸਿੰਘ ਨੇ ਜਦੋਂ ਅੱਖਾਂ ਕੱਢ ਕੇ ਪੁਲੀਸ ਕਪਤਾਨ ਵੱਲ ਵੇਖਿਆ ਤਾਂ ਉਹ ਘਬਰਾ ਗਿਆ। ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਰੁਮਾਲ ਨਾਲ ਧੰਨਾ ਸਿੰਘ ਦੀਆਂ ਅੱਖਾਂ ਬੰਨ੍ਹ ਦਿਓ। ਧੰਨਾ ਸਿੰਘ ਨੇ ਉਸ ਨੂੰ ਕਿਹਾ, ‘‘ਮੈਂ ਇੰਨੇ ਸਿਪਾਹੀਆਂ ਦੀ ਪਕੜ ਵਿੱਚ ਹਾਂ, ਜੇ ਤੇਰੇ ਵਿੱਚ ਹਿੰਮਤ ਹੈ ਤਾਂ ਖ਼ੁਦ ਮੈਨੂੰ ਹੱਥ ਲਾ ਕੇ ਦਿਖਾ।’’ ਜਦੋਂ ਹੌਰਟਨ ਰੁਮਾਲ ਲੈ ਕੇ ਧੰਨਾ ਸਿੰਘ ਦੀਆਂ ਅੱਖਾਂ ਬੰਨ੍ਹਣ ਆਇਆ ਤਾਂ ਉਸ ਨਾਲ ਇੱਕ ਹੋਰ ਅੰਗਰੇਜ਼ ਅਫ਼ਸਰ ਜੈਨਕਿਨਜ਼ ਵੀ ਸੀ। ਜਦੋਂ ਉਸ ਦੀਆਂ ਅੱਖਾਂ ’ਤੇ ਰੁਮਾਲ ਬੰਨ੍ਹਿਆ ਜਾ ਰਿਹਾ ਸੀ ਤਾਂ ਧੰਨਾ ਸਿੰਘ ਨੇ ਜ਼ੋਰ ਦੀ ਆਪਣੀ ਕੁਹਣੀ ਆਪਣੀ ਵੱਖੀ ਵਿੱਚ ਮਾਰੀ। ਉੱਥੇ ਇੱਕ ਬੰਬ ਬੰਨ੍ਹਿਆ ਹੋਇਆ ਸੀ, ਜੋ ਫਟ ਗਿਆ। ਧੰਨਾ ਸਿੰਘ ਦਾ ਅੱਧਾ ਸਰੀਰ ਪੁਰਜ਼ੇ-ਪੁਰਜ਼ੇ ਹੋ ਕੇ ਦੂਰ ਤਕ ਜਾ ਡਿੱਗਾ ਤੇ ਪੰਜ-ਸੱਤ ਸਿਪਾਹੀ ਵੀ ਮੌਕੇ ’ਤੇ ਢੇਰ ਹੋ ਗਏ ਅਤੇ ਜੋ ਜ਼ਖ਼ਮੀ ਹੋਏ, ਉਹ ਵੀ ਬਾਅਦ ਵਿੱਚ ਮਰ ਗਏ। ਇਨ੍ਹਾਂ ਵਿੱਚ ਹੌਰਟਨ ਵੀ ਸ਼ਾਮਲ ਸੀ, ਜੋ ਹਸਪਤਾਲ ਜਾ ਕੇ ਮਰਿਆ। ਧੰਨਾ ਸਿੰਘ ਨੇ ਆਪਣਾ ਪ੍ਰਣ ਆਪਣੇ ਸੁਆਸਾਂ ਨਾਲ ਨਿਭਾਇਆ। ਇਸ ਘਟਨਾ ਦੀ ਸਾਰੇ ਪੰਜਾਬ ਵਿੱਚ ਚਰਚਾ ਹੋਈ। ਧੰਨਾ ਸਿੰਘ ਨੇ ਮਰਦੇ ਮਰਦੇ ਵੀ ਅੱਠ-ਨੌਂ ਦੁਸ਼ਮਣਾਂ ਦਾ ਖ਼ਾਤਮਾ ਕਰ ਕੇ ਬੱਬਰ ਲਹਿਰ ਦੀ ਚੜ੍ਹਤ ਨੂੰ ਕਾਇਮ ਰੱਖਿਆ। ਇਤਿਹਾਸ ਵਿੱਚ ਅਜਿਹੇ ਸਿਰਲੱਥ ਯੋਧਿਆਂ ਦਾ ਨਾਂ ਸਦਾ ਧਰੁਵ ਤਾਰੇ ਵਾਂਗ ਚਮਕਦਾ ਰਹੇਗਾ।