‘ਸਾਂਝ’ (ਕੁੱਤਾ ਤੇ ਆਦਮੀ) ਗੁਰਦਿਆਲ ਸਿੰਘ ਦੀ ਲਿਖੀ ਇੱਕ ਪੰਜਾਬੀ ਕਹਾਣੀ ਹੈ।‘ਸਾਂਝ' ਕਹਾਣੀ ਵਿੱਚ ਜੈਕੁਰ ਆਪਣੀ ਵੱਡੀ ਬਹੂ ਦਾ ਸ਼ਹਿਰ ਪਤਾ ਲੈਣ ਆਈ ਸੀ, ਉਥੇ ਉਹ ਬੰਤੂ ਨੂੰ ਮਿਲਦੀ ਹੈ ਤੇ ਉਹਨਾਂ ਦੀ ਆਪਸੀ ਗੱਲਬਾਤ ਹੁੰਦੀ ਹੈ।ਜੈਕੁਰ ਵਾਪਸ ਜਾਣ ਲਈ ਕਹਿੰਦੀ ਹੈ, ਪਰ ਹਨੇਰਾ ਹੋਣ ਕਾਰਨ ਬੰਤੂ ਉਹ ਨੂੰ ਜਾਣ ਤੋਂ ਰੋਕਦਾ ਹੈ ਤੇ ਆਪਣੇ ਨਾਲ ਜਾਣ ਲਈ ਕਹਿੰਦਾ ਹੈ।ਪਹਿਲਾਂ ਉਸਨੂੰ ਬੰਤੂ ਦੇ ਨਾਲ ਜਾਣ ਤੋਂ ਡਰ ਲੱਗਦਾ ਹੈ, ਫਿਰ ਉਹਨੂੰ ਉਸਦੇ ਬੁੱਢੇ ਹੋਣ ਦਾ ਖਿਆਲ ਆਉਂਦਾ ਹੈ। ਉਹਨੂੰ ਉਸਦੀ ਜੁਆਨੀ ਦਾ ਚਿਹਰਾ ਯਾਦ ਆਇਆ। ਜੈਕੁਰ ਨੂੰ ਉਸੇ ਵੇਲੇ ਕੰਬਨੀ ਛਿੜ ਪਈ। ਤੇ ਉਹ ਬੰਤੂ ਵੱਲ ਝਾਕਣ ਲੱਗ ਪਈ। ਉਹਨਾਂ ਨੇ ਆਪਸ ਵਿੱਚ ਆਪਣੇ ਪਰਿਵਾਰ ਦੀ ਗੱਲ ਕੀਤੀ, ਤਾਂ ਬੰਤੂ ਨੇ ਦੁੱਖੀ ਹੋ ਕੇ ਲੰਮਾ ਹਉਕਾ ਭਰਿਆ ਤੇ ਉੱਤਰ ਦਿੱਤਾ, ‘ਹੁਣ ਤਾਂ ਜੈਕੁਰੇ... ਬੱਸ ਪੁੱਛ ਕੁ-ਨਾ !’ ਜੈਕਰ ਨੇ ਦਿਲਾਸਾ ਦਿੱਤਾ, ‘ਕੋਈ ਨ੍ਹੀਂ ਐਨਾ ਦਿਲ ਨ੍ਹੀ ਛੱਡੀ ਦਾ ਹੁੰਦਾ। ਘਰ-ਘਰ ਏਹੋ ਹਲ ਐ-ਕਬੀਲਦਾਰੀ ਜੋ ਹੋਈ, ਇਹ ਤਾਂ ਜੰਜਾਲ ਐ।’ ਫਿਰ ਉਹ ਆਪਣੇ ਬਾਰੇ ਕਹਿੰਦਾ ਹੈ ਕਿ ਇਹ ਉਮਰ ਉਸਦੇ ਧੱਕੇ ਖਾਣ ਦੀ ਨਹੀਂ ਹੈ। ਦਸ ਵਰੇ੍ਹ ਹੋ ਗਏ ਜਦੋਂ ਦੇ ਉਹਨੇ ਜੈਦਾਤ ਦੀ ਵੰਡ ਕੀਤੀ ਹੈ, ਉਹਦੇ ਪੁੱਤਰ ਉਸ ਤੋਂ ਮੂੰਹ ਹੀ ਫੇਰ ਗਏ ਹਨ। ਨੂੰਹਾਂ ਵੀ ਚੰਦਰੀਆਂ ਆਈਆਂ ਹਨ, ਜਿਹੜੀਆਂ ਉਸਨੂੰ ਵੇਲੇ ਸਿਰ ਰੋਟੀ ਵੀ ਨਹੀਂ ਦਿੰਦੀਆਂ। ਇਹ ਸੁਣ ਕੇ ਜੈਕੁਰ ਬੰਤੂ ਨੂੰ ਕਹਿੰਦੀ ਹੈ ਕਿ, ‘ਕੋਈ ਨ੍ਹੀਂ, ਐਨਾਂ ਨ੍ਹੀ ਉਦਰੀ-ਦਾ। ਮੇਰੇ ਵਰਗਿਆਂ-ਕੰਨੀਂ ਵੇਖ ਜਿਹੜੇ ਦਰ-ਦਰ ਰੁਲਦੇ ਫਿਰਦੇ ਐ।... ਇੱਕ ਤਾਂ ਰੱਬ ਨੇ ਸਾਰੀ ਉਮਰ ਨ੍ਹੀਂ ਸੁਣੀ, ਉਤੋਂ ਭਤੀਜਿਆਂ ਦੇ ਬਾਰ ਰੁਲਣਾ ਪੈ ਗਿਆ, ਭਾਈਆਂ ਦੀ ਹੋਰ ਗੱਲ ਹੁੰਦੀ ਐ।ਜੀਉ-ਜੀ ਦੁੱਖੀ ਐ, ਅਕੇ, ਨਾਨਕ ਦੁਖੀਆ ਸਭ ਸੰਸਾਰ।ਕਿਸੇ ਦੇ ਕੋਈ ਵੱਸ ਐ ਫੇਰ। ਆਵਦਾ ਬੀਜਿਆ ਵੱਢਣੈ।’ ਜੈਕੁਰ ਬੋਲਦੀ ਗਈ, ਉਵੇਂ ਬੰਤੂ ਦੇ ਮਨ ਨੂੰ ਧਰਵਾਸ ਤਸੱਲੀ ਹੁੰਦੀ ਹੈ। ਉਹੋ ਜਿਹੀ ਤਸੱਲੀ ਉਹਨੂੰ ਹੋਣ ਲੱਗ ਪਈ, ਇੱਕ ਪੱਖੋਂ ਉਸ ਨਾਲੋਂ ਵੀ ਵਧੇਰੇ, ਕਿਉਂਕਿ ਜੈਕੁਰ ਨਾਲ ਉਹਦੀ ਡੂੰਘੀ ਸਾਂਝ ਵੀ ਸੀ। ਆਪਸ ਵਿੱਚ ਗੱਲਾਂ ਕਰਦੇ ਉਹ ਤੁਰੀ ਜਾਂਦੇ ਸਨ। ਜੈਕੁਰ ਵੀ ਨਿਝੱਕ ਉਹਦੇ ਪਿੱਛੇ ਤੁਰੀ ਜਾਂਦੀ ਸੀ। ਬੰਤੂ ਨੇ ਫਿਰ ਕਿਹਾ, ‘ਜੈਕੁਰ ਆਹ ‘ਆਪਣਾ’ ਖੇਤ ਐ।’ ਕਿੳਂਕਿ ਉਸਦਾ ਇੱਕ ਵਾਰ ਉਹਨੂੰ ਖੜੋ ਕੇ ਵੇਖਣ ਨੂੰ ਦਿਲ ਸੀ। “ਐਤਕੀ ਪੰਜ ਸਾਢੇ ਪੰਜ ਘਮਾਂ ਬੀਜਿਐ-ਹੋ-ਓ...ਸਾਹਮਣੀ ਟਾਹਲੀ ਆਲੇ ਮੱਥੇ ਤਾਈਂ।” ਜੈਕੁਰ ਇੱਕਦਮ ਰੁੱਕ ਗਈ। ਉਹਦੇ ਸਾਹ ਚੜ ਆਇਆ ਤੇ ਦਿਲ ਜ਼ੋਰ ਨਾਲ ਧੜਕਣ ਲੱਗ ਪਿਆ। ਕਿੳਂਕਿ ਬੰਤੂ ਨੇ ਜਿਹੜੀ ਟਾਹਲੀ ਵੱਲ ਸੈਨਤ ਕੀਤੀ ਸੀ, ਉੱਥੇ ਤੀਹ ਵਰ੍ਹੇ ਪਹਿਲਾਂ ਬੰਤੂ ਨੇ ਉਹਨੂੰ ਘੇਰਿਆ ਸੀ ਤੇ ਨਿਝੱਕ ਹੋ ਕੇ ਜੈਕੁਰ ਦੀ ਬਾਂਹ ਫੜੀ ਸੀ। ਇਹ ਯਾਦ ਕਰਕੇ ਜੈਕੁਰ ਕੰਬ ਗਈ। ਬੰਤੂ ਕਹਿੰਦਾ ਸੀ ਕਿ, ‘ਜੈਕੁਰ ਜਿੱਦੇ ਦੀ ਤੇਰੀ ਭਰਜਾਈ ਮਰੀ ਐ, ਉਦੇ ਦਾ ਐਂ ਲੱਗਦੈ ਬਈ ਐਵੇਂ ਸਾਹ ਈ ਵਰੋਲਦੇ ਫਿਰਦੇ ਐ...ਮਰੀਏ ਤਾਂ ਖਹਿੜਾ ਛੁੱਟੇ।’ ਇਹ ਸੁਣ ਕੇ ਜੈਕੁਰ ਬੋਲੀ ‘ਵੇ ਅਜੇ ਕਾਹਨੂੰ ਸੁੱਖਾਂ ਸੁਖਦੈਂ ਮਰਨ ਦੀਆਂ। ਪੋਤਿਆਂ ਦੇ ਵਿਆਹ ਵੇਖ ਕੇ ਜਾਈਂ, ਨਾਲੇ ਪੜੋਤਿਆਂ ਦਾ ਹੱਥ ਸਿੜ੍ਹੀ ਨੂੰ ਲੱਗੇ ਬਿਨਾਂ ਤਾਂ ਗਤ ਨ੍ਹੀਂ ਹੁੰਦੀ ਬੰਦੇ ਦੀ।’ ਇਹ ਸੁਣ ਕੇ ਬੰਤੂ ਦਾ ਮਨ ਇੱਕੋ ਵੇਲੇ ਜਿਵੇਂ ਮਰਨ ਨੂੰ ਕਰਦਾ ਸੀ ਤੇ ਜੀਉਣ ਦਾ ਵੀ। ਇਹ ਸੁਣ ਕੇ ਬੰਤੂ ਹੋਰ ਦੁੱਖੀ ਹੋਇਆ ਤੇ ਉਸ ਕਿਹਾ ਕਿ ਕੁੱਤੇ ਆਂਗੂੰ ਆਥਣ-ਉਗਣ ਸਾਰੇ ਟੱਬਰ ਤੋਂ ਦੂਰ-ਦੂਰ ਕਰਾਈਦੀਐ। ਹੱਸ ਕੇ ਕੋਈ ਟੁੱਕ ਦੀ ਬੁਰਕੀ ਨ੍ਹੀ ਫੜੌਂਦਾ। ਇਹ ਗੱਲ ਜੈਕੁਰ ਨੂੰ ਬੰਤੂ ਦੀ ਗੱਲ ਸੱਚ ਜਾਪੀ। ਉਹਦੇ ਮਨ ਵਿੱਚ ਬੰਤੂ ਨਾਲ ਉਹੀ ਸਾਂਝ ਜਾਗ ਪਈ, ਜੋ ਅੱਜ ਤੋਂ ਤੀਹ ਵਰ੍ਹੇ ਪਹਿਲਾਂ ਸੀ। ਜਦੋਂ ਉਹ ਦੋਵੇਂ ਇੱਕੋ ਜਿਹੇ ਜੁਆਨ ਹੁੰਦੇ ਸਨ। ਅੱਜ ਵੀ ਦੋਏਂ ਇੱਕ ਜਿਹੇ ਸਨ-ਦੂਜਿਆ ਦੇ ਹੱਥਾਂ ਵੱਲ ਝਾਕਣ ਜੋਗੇ। ਜੈਕੁਰ ਵੀ ਵੀਹ ਵਰ੍ਹੇ ਕਿਸੇ ਬਾਲ ਨੂੰ ਤਰਸਦੀ ਰਹੀ ਤੇ ਬਾਅਦ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਹ ਕਦੇ ਸਹੁਰੇ ਰਹਿੰਦੀ ਤੇ ਕਦੀ ਪੇਕੇ ਘਰ।ਬਾਅਦ ਵਿੱਚ ਉਸਦੀ ਸਾਰੀ ਆਸ ਹੀ ਟੁੱਟ ਗਈ ਸੀ। ਬੰਤੂ ਹੋਰ ਦੁੱਖੀ ਹੋ ਕੇ ਬੋਲਿਆ, ‘ਜੈਕੁਰੇ ਆਹ ਕੋਈ ਜੂਨ ਐ। ਜਦੋਂ ਮਰਿਆਂ ਪਿੱਛੋਂ ਕੋਈ ਚੇਤੇ ਕਰਨ ਵਾਲਾ ਵੀ ਨਾ ਹੋਵੇ, ਤਾਂ ਉਹ ਮੌਤ ਵੀ ਕਾਹਦੀ ਐ।...ਕੱਲੇ ਤੇ ਨਕਦਰੇ ਬੰਦੇ ਦੀ ਤਾਂ ਮੌਤ ਵੀ ਧਿਰਮ ਐ।’ ਬੰਤੂ ਬੋਲਦਾ ਜਾਂਦਾ ਸੀ, ਪਰ ਜੈਕੁਰ ਦਾ ਧਿਆਨ ਉਹਦੀਆਂ ਗੱਲਾਂ ਵਿੱਚ ਨਹੀਂ ਸੀ। ਜੈਕੁਰ ਨੂੰ ਉਸਦੀ ਹਾਲਤ ਤੇ ਸਰੀਰ ਦੇਖ ਕੇ ਤਰਸ ਆਇਆ। ਇਹ ਦੇਖ ਕੇ ਜੈਕੁਰ ਨੇ ਕਿਹਾ, ‘ਚੰਗਾ ਮੈਂ ਬਾਹਰਲੀ ਫਿਰਨੀ ਚਲਦੀ ਐ।’ ਫਿਰ ਬੰਤੂ ਨੂੰ ਕਿਹਾ ਕਿ ‘ਉਹ ਬਹੁਤਾ ਨਾ ਉਦਰਿਆ ਕਰੇ। ਜਿਹੜੇ ਚਾਰ ਦਿਹਾੜੇ ਹੋਰ ਜੀਉਣੇ ਹੱਸ ਕੇ ਕੱਟੀਏ, ਰੀਂ-ਰੀਂ ਕੀਤੀਆਂ ਕਿਹੜਾ ਕਿਸੇ ਨੇ ਆਪਾਂ ਨੂੰ ਹੁਣ ਪਲੰਘਾਂ ਤੇ ਬਠਾ ਦੇਣੈ।’ ਇਹ ਸੁਣ ਕੇ ਬੰਤੂ ਨੇ ਕਿਹਾ- ‘ਇਹ ਗੱਲ ਤਾਂ ਤੇਰੀ ਠੀਕ ਐ। ਸੱਤ ਐ। ਚੱਲੋ, ਜੋ ਹੈ ਠੀਕ ਐ।’ ਕਹਿੰਦਾ ਬੰਤੂ ਵੀ ਫਿਰਨੀ ਦੇ ਦੂਜੇ ਪਾਸੇ ਮੁੜ ਪਿਆ।

ਹਵਾਲਾ

ਸੋਧੋ
ਡਾ. ਤਰਸੇਮ ਸਿੰਘ, “ ਗੁਰਦਿਆਲ ਸਿੰਘ ਸੰਦਰਭ ਕੋਸ਼”, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ